ਨਵੇਂ ਸਾਲ ਦਿਆ ਸੂਰਜਾ - ਬੰਤ ਸਿੰਘ ‘ਫੂਲਪੁਰੀ
ਨਵੇਂ ਸਾਲ ਦਿਆ ਸੂਰਜਾ, ਘਰ-ਘਰ ਨੂੰ ਰੁਸ਼ਨਾ।
ਵੱਸਦੀਆਂ ਰਹਿਣ ਵਤਨ ਦੀਆਂ ਜੂਹਾਂ, ਐਸੀ ਮਹਿਕ ਖਿੰਡਾ।
ਨਵੇਂ ਸਾਲ ਦਿਆ ਸੂਰਜਾ, ਘਰ-ਘਰ ਨੂੰ ਰੁਸ਼ਨਾ।
ਮੈਥੋਂ ਨਹੀਂ ਸਹਾਰੇ ਜਾਂਦੇ, ਅੱਖੋਂ ਅੱਥਰੂ ਕਿਰਦੇ।
ਬੰਦੇ ਵੇਖ ਬੰਦੇ ਦੇ ਕਿਵੇਂ, ਦੁਸ਼ਮਣ ਹੋਏ ਫਿਰਦੇ।
ਕੀਹਦੇ ਲਈ ਇਹ ਬੰਬ ਮਿਜ਼ਾਈਲਾਂ, ਪਰਮਾਣੂ ਰਹੇ ਬਣਾ।
ਨਵੇਂ ਸਾਲ ਦਿਆ ਸੂਰਜਾ, ਘਰ-ਘਰ ਨੂੰ ਰੁਸ਼ਨਾ।
ਅਕਲਾਂ ਵਾਲੇ ਇਲਮਾਂ ਵਾਲੇ, ਹਰਦਮ ਵਿਉਂਤ ਬਣਾਉਂਦੇ।
ਤੈਨੂੰ ਮੈਨੂੰ ਹਰ ਇੱਕ ਨੂੰ ਇਹ, ਮੁੱਠੀ ’ਚ ਕਰਨਾ ਚਾਹੁੰਦੇ।
ਤੰੂ ਮਜ਼੍ਹਬਾਂ ਦਿਆ ਰਾਖਿਆਂ ਤਾਈਂ, ਕੁਝ ਨਾ ਕੁਝ ਸਮਝਾ।
ਨਵੇਂ ਸਾਲ ਦਿਆ ਸੂਰਜਾ, ਘਰ-ਘਰ ਨੂੰ ਰੁਸ਼ਨਾ।
ਪਹਿਲਾਂ ਵਾਲਾ ਸਤਿਕਾਰ ਰਵੇ, ਵਿੱਚ ਪਿੰਡਾਂ ਤੇ ਸ਼ਹਿਰਾਂ।
ਉੱਠ ਸਵੇਰੇ ਮੌਲਾ ਕੋਲੋਂ, ਇਹੋ ਮੰਗਦੇ ਖ਼ੈਰਾਂ।
ਕਿਸੇ ਘਰੇ ਨਾ ਪੈਣ ਕੀਰਨੇ, ਐਸੀ ਕਰੀਂ ਦੁਆ।
ਨਵੇਂ ਸਾਲ ਦਿਆ ਸੂਰਜਾ, ਘਰ-ਘਰ ਨੂੰ ਰੁਸ਼ਨਾ।
ਏਧਰ ਉੱਧਰ ਆਵਣ ਜਾਵਣ, ਮਾਂ-ਪੁੱਤ ਪੰਜ ਦਰਿਆਵਾਂ ਦੇ।
ਹੁਣ ਤਕ ਜੋ ਰਹੇ ਤਰਸਦੇ, ਚਾਅ ਸੀ ਭੈਣ ਭਰਾਵਾਂ ਦੇ।
ਬੰਤ ‘ਫੂਲਪੁਰੀ’ ਅੰਮ੍ਰਿਤਸਰ ਤੇ ਲਾਹੌਰ ਦੀ, ਦੂਰੀ ਦੇਈਂ ਮਿਟਾ।
ਨਵੇਂ ਸਾਲ ਦਿਆ ਸੂਰਜਾ, ਘਰ-ਘਰ ਨੂੰ ਰੁਸ਼ਨਾ।
No comments:
Post a Comment