Saturday, 17 January 2015


ਬੇ-ਗੈਰਤ, ਬੇ-ਅਣਖੇ ਨਵਾਬ - ਨਿਮਰਬੀਰ ਸਿੰਘ 

ਬੇੜਾ ਬੈਠਿਆ ਓਦੋ ਸਰਕਾਰਾਂ ਦਾ, ਤੋੜ ਸਾਡੇ ਖਵਾਬ ਦਿੱਤੇ
ਸਾਡੀ ਪਾਕ ਪਵਿੱਤਰ ਧਰਤੀ ਦੇ ਵੰਡ ਪੰਜੇ ਆਬ ਦਿੱਤੇ

ਅਸੀਂ ਇੱਟਾਂ ਬਣ ਲੱਗਦੇ ਰਹੇ ਸਦਾ ਇਹਨਾਂ ਦੇ ਮਹਿਲਾਂ ਚ੍
ਢਾਹ ਕੇ ਅਕਾਲ ਤਖ਼ਤ ਸਾਡਾ, ਇਹਨਾਂ ਕੈਸੇ ਜਵਾਬ ਦਿੱਤੇ

ਪਹਿਲਾ ਸੰਤਾਲੀ ਫ਼ੇਰ ਚੁਰਾਸੀ, ਘਾਣ ਹਰ ਵਾਰ ਕੀਤਾ ਏ
ਬਾਲ ਕੇ ਧੂਣੇਂ ਧਰਮਾ ਦੇ, ਸਾੜ ਸੱਜਰੇ ਗੁਲਾਬ ਦਿੱਤੇ

ਬਣਾ ਕੇ ਮੁਕਾਬਲੇ ਉਹਨਾ, ਕਰਤੇ ਪਿੰਡਾਂ ਦੇ ਪਿੰਡ ਖਾਲੀ ਸੀ
ਭੈਣਾਂ ਦੇ ਵੀਰ ਖੋਹੇ ਸੀ, ਮਾਰ ਪੁੱਤ ਬੇ-ਹਿਸਾਬ ਦਿੱਤੇ

ਅਸਮਾਨ ਨੂੰ ਛੂੰਹਦੇ ਭਾਂਬੜ ਨਿੱਕਲੇ ਪੰਜਾਬ ਦੀ ਹਿੱਕ ਵਿੱਚੋਂ
ਏਸੇ ਅੱਗ ਨੇਂ ਸਾਡੇ ਵੀਰ ਵਾਂਗ ਭੁੱਜਦੇ ਕਬਾਬ ਦਿੱਤੇ

ਜਿੰਨਾਂ ਲਈ ਲੜੇ ਸੀ ਹਰ ਵਾਰ ਇੱਕ-ਮੁੱਠ ਹੋ ਕੇ
ਉਹਨਾਂ ਹੀ ਬਣਾ ਕੇ ਸਰਹੱਦਾ, ਵੰਡ ਸਾਡੇ ਪੰਜਾਬ ਦਿੱਤੇ

ਸਾਡੇ ਰਾਜੋਆਣੇਂ, ਭੁੱਲਰ ਹਾਲੇ ਤੱਕ ਜੇਲਾਂ ਚ੍ ਸੜਦੇ ਨੇਂ
ਮਾਸੂਮਾਂ ਦੇ ਕਾਤਲ ਸਰਕਾਰਾਂ ਦੇ ਜਵਾਈ ਬਣਾ ਕਸਾਬ ਦਿੱਤੇ

ਕਦੇ ਖਾੜਕੂ, ਕਦੇ ਮੁਖਬਰ, ਕਦੇ ਕਹਿ ਕੇ ਅੱਤਵਾਦੀ
ਵੇਖ ਮਾਂ ਧਰਤੀਏ ਤੇਰੇ ਪੁੱਤਰਾਂ ਨੂੰ ਇਹਨਾਂ ਕੀ ਖਿਤਾਬ ਦਿੱਤੇ

"ਨਿਮਰ ਸਿਹਾਂ" ਕਿੱਥੋਂ ਮਿਲੇ ਇਨਸਾਫ਼, ਹਰ ਥਾਂ ਵਿਤਕਰਾ ਏ
ਜਦ ਸਮੇ ਨੇਂ ਹੀ ਸਾਨੂੰ , ਬੇ-ਗੈਰਤ, ਬੇ-ਅਣਖੇ ਨਵਾਬ ਦਿੱਤੇ |

No comments:

Post a Comment