ਹਿੰਸਾ - ਪੂਰਨ ਕਾਉਂਕੇ
ਅਹਿੰਸਾ ਦੇ ਪੁਜਾਰੀ,
ਹਿੰਸਾ ਕੇਵਲ ਇਹੀ ਨਹੀਂ ਹੁੰਦੀ
ਕਿ ਕੋਈ ਕਿਸੇ ਦਾ ਕਤਲ ਕਰ ਦੇਵੇ,
ਖੂਨ ਵਹਾ ਦੇਵੇ,
ਨਿੱਜੀ ਸਵਾਰਥਾਂ ਲਈ
ਜਾਂ ਫਿਰ
ਦੰਗੇ ਭੜਕਾ ਦੇਵੇ।
ਹਿੰਸਾ ਤਾਂ ਇਹ ਵੀ ਹੁੰਦੀ ਹੈ
ਕਿ
ਕਿਸੇ ਨੂੰ ਬਿਨਾਂ ਕੁਝ ਕਹੇ
ਖਾਮੋਸ਼ ਅੱਤਿਆਚਾਰ ਕਰਦੇ ਰਹੀਏ
ਤੇ ਪਾਲ਼ਦੇ ਰਹੀਏ ਖਚਰੇ ਹਾਸੇ,
ਸਾਧੂਆਂ ਦੇ ਭੇਸ ਵਿਚ
ਸੱਜਣ ਠੱਗ ਹੋਣਾ ਵੀ ਤਾਂ
ਹਿੰਸਾ ਹੁੰਦੀ ਹੈ।
ਆਪਣੀ ਹੋਂਦ ਨੂੰ ਬਰਕਰਾਰ
ਰੱਖਣ ਲਈ
ਦੂਸਰਿਆਂ ਦੀ ਹੋਂਦ ਲਈ
ਬਣ ਜਾਣਾ ਖਤਰਾ
ਤੇ ਬਿਨਾਂ ਸੋਚੇ ਸਮਝੇ
ਦਾਗ ਦੇਣਾ ਕੋਈ ਵੀ ਬਿਆਨ,
ਮੁੱਕਰ ਜਾਣਾ
ਲੋੜ ਪੈਣ ਤੇ
ਇਹ ਵੀ ਤਾਂ ਹਿੰਸਾ ਹੁੰਦੀ ਹੈ।
ਸ਼ਬਦਾਂ ਦੇ ਅਰਥਾਂ ਦਾ
ਅਨਰਥ ਕਰਦਿਆਂ
ਵਕਤ ਨੂੰ ਮੋੜ ਦੇਣਾ,
ਢਾਲ ਦੇਣਾ ਕਰੂਪ ਢਾਂਚੇ ਵਿੱਚ
ਸਰਘੀ ਦੇ ਸੂਰਜ ਨੂੰ
ਲਾਲਚ ਦੀ ਸੂਲ਼ੀ 'ਤੇ
ਪੁੱਠਾ ਲਟਕਾ ਦੇਣਾ
ਇਹ ਵੀ ਤਾਂ ਹਿੰਸਾ ਹੁੰਦੀ ਹੈ।
ਅਹਿੰਸਾ ਦੀ ਮਾਲ਼ਾ ਜਪਦਿਆਂ
ਖੁੱਦਾਰੀ ਦੀ ਧਾਰ ਨੂੰ
ਖੁੰਢਾ ਕਰ ਦੇਣਾ
'ਤੇ ਹੱਥ ਤੇ ਹੱਥ ਧਰ
ਬੁਜ਼ਦਿਲੀ ਦਾ ਨਾਚ ਦੇਖਣਾ,
ਕੁਝ ਕਰ ਗੁਜ਼ਰਨ ਦੀ ਲਾਲਸਾ
ਨੂੰ ਜੜੋਂ ਪੁੱਟ ਦੇਣਾ,
ਸੂਰਜ ਦੀ ਲੋਅ ਨੂੰ
ਦੀਵਿਆਂ ਸੰਗ ਤੋਲਣਾ,
ਜੁਗਨੂੰਆਂ ਦੇ ਫਨ੍ਹਾ ਹੋਣ ਨੂੰ
ਸਿਰ ਫਿਰੀ ਸੋਚ ਗਰਦਾਨ ਦੇਣਾ
ਇਹ ਵੀ ਤਾਂ ਹਿੰਸਾ ਹੁੰਦੀ ਹੈ।
ਇਹ ਸਭ ਕੁਝ ਹੋਣ ਦੇ ਬਾਵਜੂਦ
ਜੇ ਫਿਰ ਵੀ
ਅਹਿੰਸਾ ਦਾ ਪਾਠ
ਜਬਰੀ ਯਾਦ ਕਰਵਾਇਆ ਜਾਂਦਾ ਹੈ
ਤਾਂ ਮੈਂ
ਇਸ ਨੂੰ ਯਾਦ ਕਰਨ ਤੋਂ ਮੁਨਕਰ ਹਾਂ
ਕਿਉਂਕਿ
ਅਹਿੰਸਾ ਵਿੱਚ ਵੀ ਤਾਂ ਹਿੰਸਾ ਹੁੰਦੀ ਹੈ।
No comments:
Post a Comment