Monday, 18 July 2016

ਰਾਜਦੀਪ ਸਿੰਘ ਤੂਰ

ਬਣਿਆ ਫਿਰਦੈ ਜਿਹੜਾ ਲੰਬੜਦਾਰ ਪੰਜਾਬੀ ਦਾ।
ਤਾਂ ਮੰਨੀਏ ਜੇ ਬਣ ਜਾਏ ਪਹਿਰੇਦਾਰ ਪੰਜਾਬੀ ਦਾ।

ਬੜੀ ਕਮਾਈ ਕੀਤੀ ਕਈਆਂ ਇਸ ਦੇ ਨਾ ਉੱਤੋਂ,
ਕੋਈ ਨਾ ਬਣਿਆ ਮਨ ਤੋਂ ਸੱਚਾ ਯਾਰ ਪੰਜਾਬੀ ਦਾ।

ਇਸ ਦੇ ਪੁੱਤਰ ਖ਼ੁਦ ਹੀ ਜਦ ਭੁੱਲ ਬੈਠੇ ਨੇ ਇਸਨੂੰ,
ਕੌਣ ਕਰੂਗਾ ਦੱਸੋ ਫਿਰ ਸਤਿਕਾਰ ਪੰਜਾਬੀ ਦਾ।

ਨਾਨਕ, ਬੁੱਲ੍ਹੇ, ਵਾਰਿਸ, ਹਾਸ਼ਿਮ ਜਿਹੜਾ ਰਚਿਆ ਸੀ,
ਕਿਵੇਂ ਭੁੱਲਾਵਾਂ ਦਿਲ ਵਿੱਚੋਂ ਉਹ ਸੰਸਾਰ ਪੰਜਾਬੀ ਦਾ।

ਗੁਰਬਾਣੀ ਨੂੰ ਇਕ ਵਾਰੀ ਤੂੰ ਪੜ੍ਹ ਤਾਂ ਮਨ ਲਾ ਕੇ,
ਸਿੱਧਾ ਰੱਬ ਸੰਗ ਜੋੜੇ ਤੈਨੂੰ ਤਾਰ ਪੰਜਾਬੀ ਦਾ।

ਨੂਰਪੁਰੀ, ਸ਼ਿਵ ਵਰਗੇ ਹਨ ਸਭ ਮਾਣ ਪੰਜਾਬੀ ਦੇ,
ਜਿਨ੍ਹਾਂ ਹੋਰ ਵੀ ਭਰਿਆ ਹੈ ਭੰਡਾਰ ਪੰਜਾਬੀ ਦਾ।

ਜਿਸਦੇ ਹਰ ਇਕ ਸਾਹ ਵਿੱਚੋਂ ਇਸਦੀ ਹੀ ਖ਼ੁਸ਼ਬੂ ਆਵੇ,
ਓਹੀ ਪੁੱਤ ਕਹਾਉਣ ਦਾ ਹੈ ਹੱਕਦਾਰ ਪੰਜਾਬੀ ਦਾ।

ਹੇ ਰੱਬ ਸੱਚਿਆ ਤੇਰੇ ਅੱਗੇ ਅਰਜ਼ ਗੁਜ਼ਾਰੇ 'ਤੂਰ'।
ਖਿੜ੍ਹਿਆ ਰਹੇ ਹਮੇਸ਼ਾਂ ਹੀ ਗ਼ੁਲਜ਼ਾਰ ਪੰਜਾਬੀ ਦਾ।

No comments:

Post a Comment