Friday, 23 August 2013

ਗੀਤ ਸਾਉਣ ਦਾ ਮਹੀਨਾ - ਗੁਰਦੀਪ ਸਿੰਘ ਭੰਮਰਾ


ਗੀਤ ਸਾਉਣ ਦਾ ਮਹੀਨਾ - ਗੁਰਦੀਪ ਸਿੰਘ ਭੰਮਰਾ

ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।ਸਾਉਣ ਦਾ ਮਹੀਨਾ ਠੰਢੀ ਪੌਣ ਦਾ ਮਹੀਨਾ। 
ਕਾਲੀਆਂ ਘਟਾਵਾਂ ਨੂੰ ਬੁਲਾਉਣ ਦਾ ਮਹੀਨਾ।ਤੀਆਂ ਦੇ ਬਹਾਨੇ ਪੇਕੇ ਆਉਣ ਦਾ ਮਹੀਨਾ। 
ਪਿਪਲਾਂ ਦੇ ਉਤੇ ਪੀਘਾਂ ਪਾਉਣ ਦਾ ਮਹੀਨਾ।ਸਧਰਾਂ ਤੋਂ ਤਰਲੇ ਕਰਾਉਣ ਦਾ ਮਹੀਨਾ।
ਭਿੱਜ ਭਿੱਜ ਮਾਹੀ ਨੂੰ ਵਿਖਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।

ਸਾਉਣ ਦਾ ਮਹੀਨਾ ਹੈ ਸਤਾਉਣ ਦਾ ਮਹੀਨਾਲਾਰਿਆਂ ‘ਚ ਰਖ ਕੇ ਲੰਘਾਉਣ ਦਾ ਮਹੀਨਾ। 
ਕਿਤੇ ਰੁਸੇ ਮਾਹੀ ਨੂੰ ਮਨਾਉਣ ਦਾ ਮਹੀਨਾ।ਵੰਗਾਂ ਵਿੱਚ ਰੀਝਾਂ ਨੂੰ ਸਜਾਉਣ ਦਾ ਮਹੀਨਾ। 
ਛਣ ਛਣ ਵੰਗਾਂ ਛਣਕਾਉਣ ਦਾ ਮਹੀਨਾ।ਨੱਚ ਨੱਚ ਧਰਤੀ ਹਿਲਾਉਣ ਦਾ ਮਹੀਨਾ। 
ਗਿੱਧੇ ਵਿੱਚ ਧਮਕਾਂ ਨੂੰ ਪਾਉਣ ਦਾ ਮਹੀਨਾ।ਰੁਸੀਆਂ ਦਰਾਣੀ ਮਨਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ   
ਰੁਸ ਰੁਸ ਬੈਠ ਕੇ ਵਿਖਾਉਣ  ਦਾ ਮਹੀਨਾਮਾਹੀ ਲਈ ਰੁਸੀ ਨੂੰ ਮਨਾਉਣ ਦਾ ਮਹੀਨਾ 
ਅੰਬਰੀ ਘਟਾਵਾਂ ਦਿਲ ਲਾਉਣ ਦਾ ਮਹੀਨਾਖਾਣ ਦਾ ਮਹੀਨਾ ਤੇ ਖੁਆਉਣ ਦਾ ਮਹੀਨਾ 
ਖੀਰਾਂ ਨਾਲ ਮਾਲ੍ਹ ਪੂੜੇ ਪਾਉਣ ਦਾ ਮਹੀਨਾਗਿਠ ਗਿੱਠ ਚਾਵਾਂ ਨੂੰ ਬੁਲਾਉਣ ਦਾ ਮਹੀਨਾ 
ਖੁਸ਼ੀਆਂ ਤੇ ਚਾਵਾਂ ਤੇ ਮਨਾਉਣ ਦਾ ਮਹੀਨਾਸਜ ਸੱਜ ਮਾਹੀ ਨੂੰ ਵਿਖਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।  
ਐਵੇਂ ਨਹੀਂ ਫੋਨ ਨੂੰ ਘੁਮਾਉਣ ਦਾ ਮਹੀਨਾ।ਲਾਰਿਆਂ ਬਹਾਨਿਆਂ ਨੂੰ ਲਾਉਣ ਦਾ ਮਹੀਨਾ। 
ਫੋਨ ਉਤੇ ਮਾਹੀ ਤਰਸਾਉਣ ਦਾ ਮਹੀਨਾ।ਮਾਹੀ ਕੋਲੋਂ ਮਿੰਨਤਾਂ ਕਢਾਉਣ ਦਾ ਮਹੀਨਾ। 
ਕਿਤੇ  ਰੋਂਦੇ ਦਿਲ ਨੂੰ ਵਰਾਉਣ ਦਾ ਮਹੀਨਾ।ਕਣੀਆਂ ਚ’ ਅੱਥਰੂ ਰਲਾਉਣ ਦਾ ਮਹੀਨਾ 
ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।

ਚੱਲ ਦਿਲਾ ਚਲ ਚੱਲ - ਬਲਜੀਤ ਸੈਣੀ

ਚੱਲ ਦਿਲਾ ਚਲ ਚੱਲ - ਬਲਜੀਤ ਸੈਣੀ 


ਚੱਲ ਦਿਲਾ ਚਲ ਚੱਲ ਚੱਲੀਏ,ਜਿਥੇ 
ਹੋਰ ਮਿਲੇ ਨਾ ਕੋਈ ..... 
ਮੰਦਾ ਬੋਲ ਪਵੇ ਨਾ ਕੰਨੀ , 
ਨਾ ਕੋਈ ਕਨਸੋਈ .....

ਚੱਲ ਦਿਲਾ ਚੱਲ ਚੱਲੀਏ, ਜਿਥੇ
ਠੰਡੀਆਂ ਵਗਣ ਹਵਾਵਾਂ ....
ਬੇਸ਼ੱਕ ਦੁਨੀਆਂ ਛਡ ਦੇਵੇ ,
ਪਰ ਨਾਲ ਤੁਰੇ ਪਰਛਾਵਾਂ ....

ਚੱਲ ਦਿਲਾ ਚੱਲ ਚੱਲੀਏ ,ਜਿਥੇ
ਗਿਆਨ ਦੇ ਦੀਵੇ ਬਲਦੇ ,
ਚਾਨਣ ਚਾਰ -ਚੁਫੇਰੇ ਹੋਵੇ ,
'ਨ੍ਹੇਰੇ ਰਹਿਣ ਨਾ ਛ੍ਲਦੇ .....

ਚੱਲ ਦਿਲਾ ਚੱਲ ਚੱਲੀਏ ,ਜਿਥੇ
ਮਹਿਕਣ ਚਾਰ ਦਿਸ਼ਾਵਾਂ ,
ਕੋਲੇ ਦਿਲ ਦਾ ਮਹਿਰਮ ਹੋਵੇ ,
ਜਿਸਨੂੰ ਦਰਦ ਸੁਣਾਵਾਂ ....

ਚੱਲ ਦਿਲਾ ਚੱਲ ਚੱਲੀਏ ,ਜਿਥੇ
ਸਾਰੇ ਮਿੱਠਾ ਬੋਲਣ.....
ਸੱਚੇ ਬੰਦੇ ਸੂਲੀ ਉੱਤੇ ,
ਚੜ੍ਹਕੇ ਵੀ ਨਾ ਡੋਲਣ ....

ਚੱਲ ਦਿਲਾ ਚੱਲ ਚੱਲੀਏ,ਜਿਥੇ
ਲੋਕ ਕਦੀ ਨਾ ਹਰਦੇ....
ਹੋ ਜਾਂਦੇ ਨੇ ਪਾਰ ਓਹ ,ਭਾਵੇਂ
ਕੱਚਿਆਂ ਤੇ ਹੀ ਤਰਦੇ .....

ਚੱਲ ਦਿਲਾ ਚੱਲ ਚੱਲੀਏ,ਜਿਥੇ
ਯਾਦ ਕੋਈ ਨਾ ਆਵੇ ....
ਨਾ ਕੋਈ ਹਾਸੇ -ਖੇੜੇ ਲੁੱਟੇ ,
ਨਾ ਕੋਈ ਫੇਰ ਰੁਆਵੇ ....

ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ - ਹਰਕੋਮਲ ਬਰਿਆਰ

ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ - ਹਰਕੋਮਲ ਬਰਿਆਰ


ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ
ਸੁੱਖਾਂ ਦਾ ਸਿਰਨਾਵਾਂ ਹੁੰਦੀਆਂ,

ਜਿੱਥੇ ਮੋਹ ਤੇ ਮਮਤਾ ਵਸਦੇ
ਉਸ ਥਾਂ ਦਾ ਸਿਰਨਾਵਾਂ ਹੁੰਦੀਆਂ,

ਪੁੱਤਰ ਸਮਝਣ ਮਹਿਲ ਮੁਨਾਰਾ
ਧੀਆਂ ਕਹਿਣ ਸਰਾਵਾਂ ਹੁੰਦੀਆਂ,

ਫੁੱਲਾਂ ਵਿੱਚ ਜੋ ਮਹਿਕਾਂ ਭਰਸਣ
ਇਹ ਉਹ ਸੁਖਦ ਹਵਾਵਾਂ ਹੁੰਦੀਆਂ,

ਜਦ ਦੁੱਖਾਂ ਦਾ ਸੂਰਜ ਲੂਹੇ
ਇਹ ਘਨਘੋਰ ਘਟਾਵਾਂ ਹੁੰਦੀਆਂ,

ਇਸ ਸਾਏ ਦੇ ਜਾਣ ਤੋਂ ਮਗਰੋਂ
ਚਾਰੇ ਤਰਫ਼ ਖਿਜ਼ਾਵਾਂ ਹੁੰਦੀਆਂ,

ਪੁੱਤਰ ਭਾਵੇਂ ਹੋਣ ਕਪੁੱਤਰ
ਮਾਵਾਂ ਕੋਲ ਦੁਆਵਾਂ ਹੁੰਦੀਆਂ

Tuesday, 20 August 2013

ਅੱਜ ਆਖਾਂ ਵਾਰਿਸ ਸ਼ਾਹ ਨੂੰ - ਅੰਮ੍ਰਿਤਾ ਪ੍ਰੀਤਮ

ਅੱਜ ਆਖਾਂ ਵਾਰਿਸ ਸ਼ਾਹ ਨੂੰ  - ਅੰਮ੍ਰਿਤਾ ਪ੍ਰੀਤਮ


ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ !

ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆ ਤੈਨੁੰ ਵਰਿਸ ਸ਼ਾਹ ਨੂੰ ਕਹਿਣ :

ਵੇ ਦਰਦ-ਮੰਦਾ ਦਿਆ ਦਰਦੀਆ ! ਉੱਠ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿਤੀ ਜ਼ਹਿਰ ਰਲਾ
ਤੇ ਉਨ੍ਹਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਇਸ ਜ਼ਰਖੇਜ ਜ਼ਮੀਨ ਦੇ ਲੂੰ ਲੂੰ ਫ਼ੁੱਟਿਆ ਜ਼ਹਿਰ
ਗਿਠ ਗਿਠ ਚੜੀਆਂ ਲਾਲੀਆਂ ਤੇ ਫ਼ੁਟ ਫ਼ੁਟ ਚੜਿਆ ਕਹਿਰ

ਵਿਹੁ ਵਿਲਸੀ ਵਾ ਫ਼ਿਰ ਵਣ ਵਣ ਲੱਗੀ ਜਾ
ਓਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗਵਾਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ

ਲਾਗਾਂ ਕੀਲੇ ਲੋਕ-ਮੂੰਹ ਬਸ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ

ਗਲਿਓਂ ਟੁਟੇ ਗੀਤ ਫ਼ਿਰ ਤ੍ਰੱਕਲਿਓਂ ਟੁਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰਖੜੇ ਘੂਕਰ ਬੰਦ

ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ
ਸਣੇ ਡਾਲੀਆਂ ਪੀਂਘ ਅੱਜ ਪਿਪਲਾਂ ਦਿੱਤੀ ਤੋੜ

ਜਿਥੇ ਵੱਜਦੀ ਸੀ ਫ਼ੂਕ ਪਿਆਰ ਦੀ ਵੇ ਓਹ ਵੰਝਲੀ ਗਈ ਗਵਾਚ
ਰਾਂਝੇ ਦੇ ਸਭ ਵੀਰ ਅੱਜ ਭੁਲ ਗਏ ਓਹਦੀ ਜਾਚ

ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿਥੋ ਲਿਆਈਏ ਲੱਭ ਕੇ ਵਰਸ ਸ਼ਾਹ ਇੱਕ ਹੋਰ

ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ ! 

ਦਿਲ ਦਰਿਆ ਸਮੁੰਦਰੋਂ ਡੂੰਘੇ - ਮਲਕੀਅਤ "ਸੁਹਲ"

ਦਿਲ ਦਰਿਆ ਸਮੁੰਦਰੋਂ ਡੂੰਘੇ - ਮਲਕੀਅਤ "ਸੁਹਲ"


ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।

ਦਿਲ ਦਰਿਆ ਸਮੁਂਦਰੋਂ ਡੂੰਘੇ ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ। 

ਸੋਹਣੀ ਤੋਂ ਵੀ ਸੋਹਣੀ ਸੂਰਤ , 
ਮੇਰੇ ਦਿਲ ਨੂੰ ਭਾਉਂਦੀ ਨਹੀਂ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।

ਪਰਿੰਦਿਆਂ ਵਰਗੀ ਜ਼ਿੰਦ ਨਿਮਾਣੀ,
ਖੰਭ ਜਿਦ੍ਹੇ ਅੱਜ ਟੁੱਟੇ ਨੇ ।
ਸੁਪਨੇ ਚਕਨਾ-ਚੂਰ ਹੋਏ ਜੋ ,
ਮੌਤ ਕੁਲਹਿਣੀ ਲੁੱਟੇ ਨੇ ।
ਇਹ ਵੀ ਕਰਦੇ ਗੱਲ ਸਿਆਣੇ ,
ਰਿਸ਼ਤੇ ਕੂੜ ਨਿੱਖੁਟੇ ਨੇ ।
ਬਿਰਹੋਂ ਦੇ ਇਕ ਫ਼ੋੜੇ ਵਰਗੇ ,
ਜ਼ਖ਼ਮ ਕਿਉਂ ਫਿਰ ਫ਼ੁੱਟੇ ਨੇ ।

ਵਿਛੜ ਗਈ ਜੋ ਕੂੰਜ ਡਾਰ ਤੋਂ,
ਗੀਤ ਖ਼ੁਸ਼ੀ ਦੇ ਗਾਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ।

ਚੀਕ - ਚਿਹਾੜਾ ਪਾ ਕੇ ਲੋਕੀਂ,
ਘਰ ਮੇਰੇ ਚੋਂ ਤੁਰ ਗਏ ਨੇ ।
ਆਸਾਂ ਦੇ ਜੋ ਮਹਿਲ ਉਸਾਰੇ ,
ਰੇਤਾ ਬਣ ਕੇ ਖੁਰ ਗਏ ਨੇ।
ਮੇਰੇ ਚਿਹਰੇ ਦੇ ਲਿਸ਼ਕਾਰੇ ,
ਗ਼ਮ ਤੇਰੇ ਵਿਚ ਝੁਰ ਗਏ ਨੇ ।
ਤੇਰੇ ਮੇਰੇ ਪਿਆਰ ਦੇ ਲਡੂ ,
ਹੱਥਾਂ ਵਿਚ ਹੀ ਭੁਰ ਗਏ ਨੇ।

ਹੁਣ "ਕੁਲਵੰਤੀ ਰੁੱਤ ਬਸੰਤੀ"
ਬਣਕੇ ਸ਼ਗਨ ਮਨਾਉਂਦੀ ਨਹੀ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ ।

ਪਰਛਾਂਵੇਂ 'ਚੋਂ ਵੀ ਢੂੰਡ ਰਿਹਾ ਹਾਂ ,
ਤੇਰੇ ਵਰਗੀ ਮੂਰਤ ਕੋਈ ।
ਚੰਨ ਚਾਨਣੀ ਚੋਂ ਨਾ ਲਭੀ ,
ਤੈਥੋਂ ਸੋਹਣੀ ਸੂਰਤ ਕੋਈ ।
ਮੌਤ ਖਿੱਚ ਕੇ ਲੈ ਗਈ ਤੈਨੂੰ ,
ਉਸ ਨੂੰ ਹਊ ਜਰੂਰਤ ਕੋਈ ।
ਸ਼ਾਇਦ ਤੇਰੇ ਦਿਲ ਦੇ ਅੰਦਰ ,
ਚੜ੍ਹ ਗਈ ਹੋਏ ਗ਼ਰੂਰਤ ਕੋਈ ।

ਵਿਹੜੇ ਆਏ ਜੀ ਆਇਆਂ ਨੂੰ,
ਕੋਈ ਤੇਰੇ ਵਾਂਗ ਬੁਲਾਉਂਦੀ ਨਹੀ।
ਕੀ ਗ਼ੁਸਤਾਖ਼ੀ ਹੋ ਗਈ ਮੈਥੋਂ ,
ਸਮਝ ਕੋਈ ਵੀ ਆਉਂਦੀ ਨਹੀ।

ਜੇ ਤੂੰ ਹੋ ਗਈਏਂ ਪਰਦੇਸਣ,
ਪਰ ਤੂੰ ਦਿਲ ਤੋਂ ਦੂਰ ਨਹੀ ।
ਲੱਖਾਂ ਹੂਰਾਂ ਇਸ ਦੁਨੀਆਂ 'ਤੇ ,
ਤੇਰੇ ਜਿਹੀ ਕੋਈ ਹੂਰ ਨਹੀ। 
ਪੀ ਲੈਂਦਾ ਹਾਂ ਘੁੱਟ ਗ਼ਮਾ ਦੇ ,
ਆਉਂਦਾ ਕਿਉਂ ਸਰੂਰ ਨਹੀ ।
ਦਿਲ ਵਿਚ ਰਹਿੰਦਾ ਸਦਾ ਹਨੇਰਾ,
ਤੇਰੇ ਜਿਹਾ ਕੋਈ ਨੂਰ ਨਹੀ ।

"ਸੁਹਲ" ਦਿਲ ਦੀ ਪੂਰਨਮਾਸ਼ੀ ,
ਮੱਸਿਆ ਤੋਂ ਘਬਰਾਉਂਦੀ ਨਹੀ।
ਦਰਦ ਭਰੀ ਜਿੰਦਗਾਨੀ ਜਾਗੇ ,
ਮੈਂ ਸੌਂ 'ਜਾਂ ਉਹ ਸਉਂਦੀ ਨਹੀ।

ਦਰਦ ਕਿਦ੍ਹੇ ਨਾਲ ਕਰੀਏ ਸਾਂਝੇ ,
ਸਮਝ ਕੋਈ ਵੀ ਆਉਂਦੀ ਨਹੀ ।

Monday, 19 August 2013

ਦੁਨੀਆਂ ਇਉਂ ਖੁਸ਼ ਹੈ - ਹਰਦਮ ਸਿੰਘ ਮਾਨ

ਦੁਨੀਆਂ ਇਉਂ ਖੁਸ਼ ਹੈ - ਹਰਦਮ ਸਿੰਘ ਮਾਨ

ਕਾਲਖ਼ ਸੰਗ ਨਹਾਓ ਦੁਨੀਆਂ ਇਉਂ ਖੁਸ਼ ਹੈ।
ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।

ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ।
'ਨੇਤਾ ਜੀ' ਅਖਵਾਓ ਦੁਨੀਆਂ ਇਉਂ ਖੁਸ਼ ਹੈ।

ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ
ਪੂਜਾ ਪਾਠ ਕਰਾਓ ਦੁਨੀਆਂ ਇਉਂ ਖੁਸ਼ ਹੈ।

ਸੱਚ, ਈਮਾਨ ਦਾ ਪੱਲਾ ਛੱਡੋ, ਸੁਖ ਮਾਣੋ!
ਕੂੜ ਦੇ ਸੋਹਲੇ ਗਾਓ ਦੁਨੀਆਂ ਇਉਂ ਖੁਸ਼ ਹੈ।

ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ
ਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।

ਚਿਹਰੇ ਉਤੇ ਨੂਰ ਹਮੇਸ਼ਾ ਝਲਕੇਗਾ
ਭਗਵਾਂ ਭੇਸ ਬਣਾਓ ਦੁਨੀਆਂ ਇਉਂ ਖੁਸ਼ ਹੈ।

ਤੋਲ-ਤੁਕਾਂਤ ਮਿਲਾ ਕੇ, ਲਿਖ ਕੇ ਸਤਰਾਂ ਚਾਰ
'ਮਾਨ' ਕਵੀ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।

Thursday, 15 August 2013

ਦੋਹੇ - ਪੰਜਾਬ ਦੀ ਵੰਡ ਬਾਰੇ - ਡ: ਲੋਕ ਰਾਜ

ਦੋਹੇ - ਪੰਜਾਬ ਦੀ ਵੰਡ ਬਾਰੇ  - ਡ: ਲੋਕ ਰਾਜ 


ਕਿਸਨੇ ਵੇਹੜਾ ਵੰਡਿਆ, ਕਿਸ ਨੇ ਵਾਹੀ ਲੀਕ 
ਬਹਿ ਕੰਡਿਆਲੀ ਤਾਰ ਤੇ, ਕਰਦਾ ਕੌਣ ਉਡੀਕ 

ਲੋਭ ਦੇ ਭੁੱਖੇ ਚੌਧਰੀ, ਧਰਮ ਦਾ ਲੈ ਕੇ ਨਾਂ 
ਓਸੇ ਰੁਖ ਨੂੰ ਛਾਂਗਿਆ, ਮਾਣੀ ਜਿਸ ਦੀ ਛਾਂ 

ਕਦੇ ਨਾ ਬਹਿ ਕੇ ਸੋਚਿਆ, ਕੀ ਅੱਲਾਹ ਕੀ ਰਾਮ 
ਕਿਸ ਤੋਂ ਹੋਏ ਆਜ਼ਾਦ ਸਾਂ, ਕਿਸ ਦੇ ਬਣੇ ਗੁਲਾਮ 

ਤੈਨੂੰ ਗੈਰਾਂ ਵੰਡਿਆ, ਧਾਰ ਕੇ ਮਜ਼ਹਬੀ ਭੇਖ 
ਤੂੰ ਬੈਠਾ ਘਰ ਫੂਕ ਕੇ, ਰਿਹਾ ਤਮਾਸ਼ਾ ਦੇਖ 

ਉਠ ਦੁੱਲੇ ਦੇ ਵਾਰਸਾ ਉਠ ਆਪਣਾ ਦੇਸ਼ ਬਚਾ 
ਨਾਨਕ ਅਤੇ ਫਰੀਦ ਦੇ, ਵਿਚ ਨਾ ਵਿੱਥਾਂ ਪਾ 

Tuesday, 13 August 2013

ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ - ਸਿਰਦਾਰ ਕਪੂਰ ਸਿੰਘ

ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ -  ਸਿਰਦਾਰ ਕਪੂਰ ਸਿੰਘ 


ਸ਼੍ਰੋਮਣੀ ਹਮਾਰੀ ਰਹੇ,
ਸੇਵਾ ਚੰਦਾ ਜਾਰੀ ਰਹੇ
ਸ਼ੰਘ ਨਾਲ ਯਾਰੀ ਰਹੇ
... ਥੱਲੇ ਆਰੀਆ ਸਮਾਜ ਕੇ
ਝੂਲਤੇ ਨਿਸ਼ਾਨ ਰਹੇ,
 ਪੰਥ ਮਹਾਰਾਜ ਕੇ

ਸਿੱਖੀ ਕੀ ਨਾ ਬਾਤ ਚਲੈ
ਪੰਥ ਕੀ ਗਾਥ ਚਲੈ
ਲੂਟ ਦੋਨੋਂ ਹਾਥ ਚਲੈ
ਸੰਗ ਸਾਜ ਬਾਜ ਕੇ
ਝੂਲਤੇ ਨਿਸ਼ਾਨ ਰਹੇ, 
ਪੰਥ ਮਹਾਰਾਜ ਕੇ

ਅਕਲ ਕੀ ਨਾ ਗੱਲ ਕਹੈ
ਇੱਕੋ 'ਕਾਲੀ ਦਲ ਰਹੈ
ਨਿੱਤ ਤਰਥੱਲ ਰਹੈ
ਜਿੰਦਾਬਾਦ ਗਾਜ ਕੇ
ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ

ਝੰਡੀ ਵਾਲੀ ਕਾਰ ਰਹੈ
ਫੂਲਨ ਕੇ ਹਾਰ ਰਹੈ
ਗੋਲਕੇਂ ਭਰਪੂਰ ਕਰੈ
ਸਿੱਖ ਭਾਜ ਭਾਜ ਕੇ
ਝੂਲਤੇ ਨਿਸ਼ਾਨ ਰਹੇ, 
ਪੰਥ ਮਹਾਰਾਜ ਕੇ

ਪੰਥ ਕੇ ਦਰਦ ਹਿੱਤ
ਬੁੱਧੀ ਕੀ ਜੋ ਸੇਧ ਦੇਵੈ
ਨਿਕਟ ਨਾ ਆਣ ਪਾਵੈ
ਰਾਜ ਭਾਗ ਕਾਜ ਕੇ
ਝੂਲਤੇ ਨਿਸ਼ਾਨ ਰਹੇ, 
ਪੰਥ ਮਹਾਰਾਜ ਕੇ

ਇਹ ਕਵਿਤਾ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਹੈ,
ਜੋ ਪਹਿਲੀ ਵਾਰ 1974 'ਚ ਪ੍ਰਕਾਸ਼ਿਤ ਹੋਈ ਸੀ

Monday, 12 August 2013

ਸਿਲਾ - ਸਤਨਾਮ ਸਿੰਘ ਬੋਪਾਰਾਏ

ਸਿਲਾ - ਸਤਨਾਮ ਸਿੰਘ ਬੋਪਾਰਾਏ 


ਹਰ ਹਾਲ ਵਿੱਚ ਚੜਦੀ ਕਲਾ,
ਮੰਗਦਾ ਹੈ ਸਿੱਖ ਸਭਦਾ ਭਲਾ ॥

ਦੁਸ਼ਮਣਾ ਤੇ ਰਹਿਮ ਦੀ..
 ਬਾਨੀ ਚੋਂ ਸਿਖੀ ਹੈ ਕਲਾ ॥

ਕਾਤਿਲ ਨੂੰ ਪਾਠ ਸਿਖਾਉਣ ਲਈ,
ਧਨੀ ਤੇਗ ਦਾ ਲਏ ਸਰ ਕਟਾ॥

ਆਪਣਾ, ਨਾ ਬੇਗਾਨਾ ਕੋਈ,
ਨਾ ਵੈਰ, ਤੇ ਨਾ ਕੋਈ ਗਿਲਾ ॥

ਤੱਤੀ ਤਵੀ ਤੇ ਬੈਠ ਕੇ,
ਤੇਰਾ ਕੀਯਾ ਮੀਠਾ ਲਗਾ॥

ਇਸ ਕੌਮ ਦੀ ਰੱਖਿਆ ਲਈ,
ਪ੍ਰਗਟਿਓ ਮਰਦ ਅਗੰਮੜਾ॥

ਸਰ ਰੱਖ ਤਲੀ ਤੇ ਦੀਪ ਸਿੰਘ,
ਪਾਵੇ ਵੈਰੀਆਂ ਨੂੰ ਭਾਝੜਾਂ॥

ਪਰ ਸੋਚਦਾ ਹਾਂ ਬਲਿਦਾਨਾਂ ਦਾ,
ਕੀ ਕੌਮ ਨੂੰ ਮਿਲਿਆ ਸਿਲਾ ॥

Sunday, 11 August 2013

ਇਕਰਾਰ - ਕੇਹਰ ਸ਼ਰੀਫ਼

ਇਕਰਾਰ - ਕੇਹਰ ਸ਼ਰੀਫ਼


ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ।
ਪੱਕਾ ਲਿਆ ਹੈ ਧਾਰ, ਜ਼ਮਾਨਾ ਬਦਲਾਂਗੇ।

ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ
ਜੇਰਾ ਸਾਡਾ ਯਾਰ, ਜ਼ਮਾਨਾ ਬਦਲਾਂਗੇ ।

ਜਿੱਤੀਏ ਭਾਵੇਂ ਨਾ ਜਿੱਤੀਏ, ਕੋਈ ਫਿਕਰ ਨਹੀਂ
ਮੰਨਣੀ ਨਹੀਉਂ ਹਾਰ, ਜ਼ਮਾਨਾ ਬਦਲਾਂਗੇ।

ਬਿਨ ਲੜਿਆਂ ਮਰ ਜਾਣਾ ਇਹ ਵੀ ਠੀਕ ਨਹੀਂ
ਕਰਕੇ ਹੱਥ ਦੋ-ਚਾਰ, ਜ਼ਮਾਨਾ ਬਦਲਾਂਗੇ।

ਜਿੱਤ ਜਾਂਦੇ ਨੇ ਚੋਰ ਤੇ ਲੋਕੀ ਹਰ ਜਾਂਦੇ
ਕਿਉਂ ਹੋਵੇ ਹਰ ਵਾਰ, ਜ਼ਮਾਨਾ ਬਦਲਾਂਗੇ।

ਕੋਈ ਕੁੱਝ ਵੀ ਸੋਚੇ ਅਸੀਂ ਤਾਂ ਹੋਵਾਂਗੇ
ਸਮਿਆਂ 'ਤੇ ਅਸਵਾਰ ਜ਼ਮਾਨਾ ਬਦਲਾਂਗੇ ।

ਰੰਗ ਨਸਲ ਦੇ ਸਾਰੇ ਪਾੜੇ ਮੁੱਕ ਜਾਣੇ
ਬਦਲੂ ਜਗਤ ਨੁਹਾਰ, ਜ਼ਮਾਨਾ ਬਦਲਾਂਗੇ । 

ਚਾਨਣਾਂ ਦੇ ਸੰਗ ਯਾਰੀ ਉੱਡਣਾ ਸਿੱਖ ਲਿਆ
'ਨੇਰੇ ਕਰਨ ਖੁਆਰ, ਜ਼ਮਾਨਾ ਬਦਲਾਂਗੇ।

ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ
ਬੰਨ੍ਹਣੀ ਪਊ ਕਤਾਰ, ਜ਼ਮਾਨਾ ਬਦਲਾਂਗੇ ।

Friday, 9 August 2013

ਯਾਦਾਂ ਦੇ ਪਰਛਾਵੇਂ - ਜਤਿੰਦਰ ਲਸਾੜਾ


ਯਾਦਾਂ ਦੇ ਪਰਛਾਵੇਂ - ਜਤਿੰਦਰ ਲਸਾੜਾ


ਯਾਦਾਂ ਦੇ ਪਰਛਾਵੇਂ, ਉਮਰਾਂ ਢਲ਼ ਗਈਆਂ
ਕਿੰਨੀਆਂ ਰੁੱਤਾਂ ਆ ਕੇ ਰੰਗ ਬਦਲ ਗਈਆਂ 

ਜਨਮ-ਮਰਨ ਦਾ ਚੱਕਰ, ਚੱਕਰ ਲਾਉਂਦਾ ਹੈ,
ਕੁਝ ਤੁਰੀਆਂ ਕੁਝ ਨਵੀਆਂ ਰੂਹਾਂ ਰਲ਼ ਗਈਆਂ

ਸ਼ੁਭ-ਘੜੀਆਂ ਦੀ ਹੋਠਾਂ 'ਤੇ ਮੁਸਕਾਨ ਤਰੇ,
ਦੁਰ-ਘਟਨਾਵਾਂ, ਮੱਥੇ, ਪੀੜਾਂ ਮਲ਼ ਗਈਆਂ

ਕਿੰਨੀਆਂ ਰੀਝਾਂ ਮੋਈਆਂ ਦਿਲ ਦੀ ਸਰਦਲ 'ਤੇ,
ਕਿੰਨੀਆਂ ਰੀਝਾਂ ਫਿਰ ਤੋਂ ਨਵੀਆਂ ਪਲ਼ ਗਈਆਂ

ਉੱਧੜ ਜਾਣੈ, ਬੁਣਿਆ ਜਾਲ਼ ਸੁਆਸਾਂ ਦਾ,
ਜੀਵਨ ਤੰਦਾਂ ਅਜ ਗਈਆਂ ਕਿ ਕਲ ਗਈਆਂ 

Wednesday, 7 August 2013

ਪੰਜਾਬ, ਸੋਨੇ ਦੀ ਚਿੜੀ? - ਕਮਲ ਕੰਗ

ਪੰਜਾਬ, ਸੋਨੇ ਦੀ ਚਿੜੀ? - ਕਮਲ ਕੰਗ


ਜਿੱਥੇ ਹਰ ਹਫ਼ਤੇ ਜੱਟ ਮਰਦਾ ਏ, 
ਜਿੱਥੇ ਧੀਆਂ ਤੋਂ ਜੱਗ ਡਰਦਾ ਏ, 
ਜਿਹਦਾ ਅੱਗਾ ਦਿਸਦਾ ਖ਼ਤਰੇ ਵਿੱਚ,
ਜਿਹਦੀ ਕੌਮ ਵਿੱਚ ਰਹਿੰਦੀ ਸਦਾ ਜੰਗ ਹੈ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਜਿੱਥੇ ਹਾਸੇ ਥੋੜੇ ਚਿਰ ਲਈ ਤੇ, ਹਾਏ ਰੋਣੇ ਬਹੁਤਾ ਵਸਦੇ ਨੇ
ਜਿੱਥੇ ਲੋਕ ਸਦਾ ਹੀ ਦੁੱਖਾਂ ’ਚੇ, ਪਰ ਭਾਵੇਂ ਰਹਿੰਦੇ ਹੱਸਦੇ ਨੇ
ਭੁੱਲ ਜਾਨੇਂ ਆਂ ਇਹ ਅਸੀਂ ਕਿਵੇਂ, 
ਸਾਡੀ ਧਰਤੀ ਤਾਂ ਪਈ ਏ ਦੁੱਖਾਂ ’ਚੇ ਘਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਸਕਿਆਂ ਭਰਾਵਾਂ ਜਿਹੇ ਲੋਕਾਂ ਨੂੰ, ਘਰ ਦੇ ਹੀ ਵੈਰੀ ਨੇ ਬਣਾ ਛੱਡਦੇ
ਚੌਧਰਾਂ ਦੀ ਖ਼ਾਤਰ ਜੋ ਆਪਣੇ, ਹੁਕਮਾਂ ਤੇ ਕਤਲ ਕਰਾ ਛੱਡਦੇ
ਵੋਟਾਂ ਪਿੱਛੇ ਵੇਚਦੇ ਜ਼ਮੀਰ ਜੋ,
ਦੁਨੀਆ ’ਚ ਉਨ੍ਹਾਂ ਦੀ ਹੈ ਚਰਚਾ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਜਿੱਥੇ ਰੋਕਣ ਵਾਲੇ ਨਸਿ਼ਆਂ ਨੂੰ, ਖੁਦ ਲੋਕਾਂ ਦੇ ਵਿੱਚ ਵੰਡਦੇ ਨੇ
ਜਿੱਥੇ ਲੋਕਾਂ ਲਈ ਬੋਲਣ ਵਾਲੇ ਨੂੰ, ਖੁਦ ਲੋਕੀਂ ਹੀ ਆ ਭੰਡਦੇ ਨੇ
ਕੁੱਤੀ ਚੋਰਾਂ ਦੇ ਨਾਲ ਰਲ਼ੀ ਹੋਈ, 
ਤਾਂ ਹੀ ਲੋਟੂਆਂ ਦੀ ਢਾਣੀ ਪਈ ਏ ਖਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਜਿੱਥੇ ਅਣਜੰਮੀਆਂ ਦੇ ਕਤਲਾਂ ਨੂੰ, ਮਾਵਾਂ ਹੀ ਹੱਥੀਂ ਕਰਦੀਆਂ ਨੇ
ਜਿੱਥੇ ਫਸਲਾਂ ਹੀ ਫਲ਼ ਦੇਣੇ ਤੋਂ, ਖੁਦ ਆਪੇ ਹੀ ਹਾਏ ਡਰਦੀਆਂ ਨੇ
ਇਹ ਚਿੜੀ ਤਾਂ ਉਦੋਂ ਹੀ ਮਰ ਗਈ ਸੀ,
ਜਦੋਂ ਵੰਡ ਦੀ ਕਟਾਰ ਸਾਡੇ ਸੀਨੇ ਸੀ ਫਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਜਿੱਥੇ ਮਾਂ ਬੋਲੀ ਦੇ ਨਾਂ ਤੇ ਹੀ, ਲੱਖਾਂ ਪਏ ਲੁੱਟੀ ਜਾਂਦੇ ਨੇ
ਜਿੱਥੇ ਧਰਮਾਂ ਦੇ ਵੀ ਨਾਂ ਤੇ ਹੀ, ਲੱਖਾਂ ਪਏ ਵਿਹਲੇ ਖਾਂਦੇ ਨੇ
ਇਨਸਾਨ ਕੋਈ ਟਾਂਵਾਂ ਦੀਹਦਾ ਏ,
ਪਈ ਸੁੱਚੀਆਂ ਮੁਹੱਬਤਾਂ ਦੀ ਕੰਧ ਹੈ ਤਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਜਿਸ ਅੱਖ ਨੂੰ ਚੰਗਾ ਦਿਸਦਾ ਏ, ਉਹਨੂੰ ਮਾੜਾ ਵੀ ਤਾਂ ਦਿਸਦਾ ਹਊ
ਜਦ ਖੂਨ ਪੰਜਾਬ ’ਚ ਡੁੱਲ੍ਹਦਾ ਏ, ਲਹੂ ਉਸ ਅੱਖ ‘ਚੋਂ ਵੀ ਰਿਸਦਾ ਹਊ
ਜਾਂ ਪੱਟੀ ਬੰਨ੍ਹ ਅਸੀਂ ਬਾਗ ਬਾਗ, 
ਪਏ ਕੂਕਣ ਭਾਵੇਂ ਹੋਵੇ ਉਹ ਝਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

ਜਿੱਥੇ ਹਰ ਇੱਕ ਵਾਸੀ ਚਾਹੁੰਦਾ ਏ, ਅਸੀਂ ਜਾਈਏ ਕਿਸੇ ਵਿਦੇਸ਼ ਤਾਈਂ
ਇਹ ਚਿੜੀ ਸੋਨੇ ਦੀ ਉਨ੍ਹਾਂ ਤਾਈਂ, ਦੱਸੋ ਰਾਸ ਕਿਉਂ ਬਈ ਨਹੀਂ ਆਈ
ਕਈ ਸੱਤ ਸਮੁੰਦਰ ਤਰ ਜਾਂਦੇ, 
ਕਈ ਮੌਤ ਦੀ ਬੁੱਕਲ ਵਿੱਚ ਜਾਂਦੇ ਆ ਘਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?

Tuesday, 6 August 2013

ਗ਼ਜ਼ਲ - ਬਲਜੀਤ ਸੈਣੀ

ਗ਼ਜ਼ਲ - ਬਲਜੀਤ ਸੈਣੀ 

ਸੁਫ਼ਨਾ ਬਣ ਕੇ ਨੈਣਾਂ ਦੇ ਵਿਚ ਆਇਆ ਕਰ |
ਅੱਥਰੂ ਬਣ ਕੇ ਐਵੇਂ ਨਾ ਤਰਸਾਇਆ ਕਰ |

ਮੇਰੇ ਕਾਲੇ ਰਾਹਾਂ ਨੂੰ ਰੁਸ਼ਨਾਉਣ ਲਈ ,
ਚੰਨ ਨਹੀਂ ਤਾਂ ਜੁਗਨੂੰ ਹੀ ਬਣ ਜਾਇਆ ਕਰ |

ਘਰ ਦਾ ਭੇਤੀ ਕਹਿੰਦੇ ਲੰਕਾ ਢਾਹ ਦਿੰਦਾ ,
ਹਰ ਇਕ ਨੂੰ ਨਾ ਦਿਲ ਦਾ ਹਾਲ ਸੁਣਾਇਆ ਕਰ |

ਸਾਹਾਂ ਵਾਲੀ ਡੋਰ ਸਲਾਮਤ ਰੱਖਣ ਲਈ ,
ਰੋਜ਼ ਨਵਾਂ ਇਕ ਲਾਰਾ ਦਿਲ ਨੂੰ ਲਾਇਆ ਕਰ |

ਚਿਹਰੇ ਉੱਤੇ ਰੱਖਿਆ ਕਰ ਮੁਸਕਾਨ ਸਦਾ ,
ਦਿਲ ਦੇ ਅੰਦਰ ਅਪਣੇ ਦਰਦ ਛੁਪਾਇਆ ਕਰ |

ਰਾਤ ਗਵਾਇਆ ਸੁਫ਼ਨਾ ਜਿਹੜਾ ਅੱਖਾਂ ਨੇ ,
ਦਿਨ ਚੜ੍ਹਦੇ ਨਾ ਉਸਨੂੰ ਲੱਭਣ ਜਾਇਆ ਕਰ |

ਯਾਦਾਂ ਵਿਚ ਤਾਂ ਆ ਭਾਵੇਂ ਤੂੰ ਜੀ ਸਦਕੇ ,
ਖ਼ਾਬਾਂ ਵਿਚ ਵੀ ਸੱਜਣਾ ਆਇਆ ਜਾਇਆ ਕਰ ।

Monday, 5 August 2013

ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ - ਦੀਪਕ ਜੈਤੋਈ

ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ - ਦੀਪਕ ਜੈਤੋਈ


ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ
ਤੇਰੀਆਂ ਕਰਮਾਂ ਵਾਲੀਆਂ ਅੱਖਾਂ
ਅੱਖਾਂ ਅੱਖਾਂ ’ਚ ਹੋ ਗਿਆ ਵਾਅਦਾ
ਫ਼ੇਰ ਹੋਈਆਂ ਸੁਖਾਲੀਆਂ ਅੱਖਾਂ

ਕਿਸ ਤਰ੍ਹਾਂ ਟਲਦਾ ਦਿਲ ਮੁਹੱਬਤ ਤੋਂ
ਜਦ ਨਹੀਂ ਟਲੀਆਂ; ਟਾਲੀਆਂ ਅੱਖਾਂ
ਪੂੰਝੀਆਂ ਅੱਖਾਂ ਜਿਸ ਦੀਆਂ ਭੀ ਮੈਂ
ਉਸ ਨੇ ਮੈਨੂੰ ਵਿਖਾਲੀਆਂ ਅੱਖਾਂ

ਜ਼ਖ਼ਮ ਅਣਗਿਣਤ ਖਾ ਗਿਆ ਇਹ ਦਿਲ
ਕੇਰਾਂ ਲੜੀਆਂ; ਦੁਨਾਲੀਆਂ ਅੱਖਾਂ
ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਭੀ
ਰਾਹ ਵਿੱਚ ਮੈ ਵਿਛਾਲੀਆਂ ਅੱਖਾਂ

ਖੋਟ ਕੋਈ ਜ਼ਰੂਰ ਸੀ ਦਿਲ ਵਿੱਚ
ਯਾਰ ਨੇ ਤਾਂ ਚੁਰਾ ਲੀਆਂ ਅੱਖਾਂ
ਵੀਰ੍ਹ ਕੇ ਮੈਥੋਂ ਹੋ ਗਈਆਂ ਬਾਗ਼ੀ
ਮੈਂ ਬਥੇਰਾ ਸੰਭਾਲੀਆਂ ਅੱਖਾਂ

ਜਾਣ ਵਾਲੇ ਮੈਂ ਤੇਰੇ ਗ਼ਮ ਅੰਦਰ
ਗੰਗਾ ਯਮੁਨਾ ਬਣਾ ਲੀਆਂ ਅੱਖਾਂ
ਉਫ਼ ! ਬੁਢਾਪੇ ’ਚ ਹੋ ਗਈਆਂ ਬੇ-ਨੂਰ
ਕਿਸ ਜਵਾਨੀ ਨੇ ਖਾ ਲੀਆਂ ਅੱਖਾਂ

ਕੀ ਕਮਾਇਆ ਤੂੰ ਇਸ਼ਕ ’ਚੋਂ "ਦੀਪਕ"
ਐਵੇਂ ਰੋ ਰੋ ਕੇ ਗਾਲੀਆਂ ਅੱਖਾਂ.....