ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ - ਹਰਕੋਮਲ ਬਰਿਆਰ
ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ
ਸੁੱਖਾਂ ਦਾ ਸਿਰਨਾਵਾਂ ਹੁੰਦੀਆਂ,
ਜਿੱਥੇ ਮੋਹ ਤੇ ਮਮਤਾ ਵਸਦੇ
ਉਸ ਥਾਂ ਦਾ ਸਿਰਨਾਵਾਂ ਹੁੰਦੀਆਂ,
ਪੁੱਤਰ ਸਮਝਣ ਮਹਿਲ ਮੁਨਾਰਾ
ਧੀਆਂ ਕਹਿਣ ਸਰਾਵਾਂ ਹੁੰਦੀਆਂ,
ਫੁੱਲਾਂ ਵਿੱਚ ਜੋ ਮਹਿਕਾਂ ਭਰਸਣ
ਇਹ ਉਹ ਸੁਖਦ ਹਵਾਵਾਂ ਹੁੰਦੀਆਂ,
ਜਦ ਦੁੱਖਾਂ ਦਾ ਸੂਰਜ ਲੂਹੇ
ਇਹ ਘਨਘੋਰ ਘਟਾਵਾਂ ਹੁੰਦੀਆਂ,
ਇਸ ਸਾਏ ਦੇ ਜਾਣ ਤੋਂ ਮਗਰੋਂ
ਚਾਰੇ ਤਰਫ਼ ਖਿਜ਼ਾਵਾਂ ਹੁੰਦੀਆਂ,
ਪੁੱਤਰ ਭਾਵੇਂ ਹੋਣ ਕਪੁੱਤਰ
ਮਾਵਾਂ ਕੋਲ ਦੁਆਵਾਂ ਹੁੰਦੀਆਂ
No comments:
Post a Comment