Sunday, 11 August 2013

ਇਕਰਾਰ - ਕੇਹਰ ਸ਼ਰੀਫ਼

ਇਕਰਾਰ - ਕੇਹਰ ਸ਼ਰੀਫ਼


ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ।
ਪੱਕਾ ਲਿਆ ਹੈ ਧਾਰ, ਜ਼ਮਾਨਾ ਬਦਲਾਂਗੇ।

ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ
ਜੇਰਾ ਸਾਡਾ ਯਾਰ, ਜ਼ਮਾਨਾ ਬਦਲਾਂਗੇ ।

ਜਿੱਤੀਏ ਭਾਵੇਂ ਨਾ ਜਿੱਤੀਏ, ਕੋਈ ਫਿਕਰ ਨਹੀਂ
ਮੰਨਣੀ ਨਹੀਉਂ ਹਾਰ, ਜ਼ਮਾਨਾ ਬਦਲਾਂਗੇ।

ਬਿਨ ਲੜਿਆਂ ਮਰ ਜਾਣਾ ਇਹ ਵੀ ਠੀਕ ਨਹੀਂ
ਕਰਕੇ ਹੱਥ ਦੋ-ਚਾਰ, ਜ਼ਮਾਨਾ ਬਦਲਾਂਗੇ।

ਜਿੱਤ ਜਾਂਦੇ ਨੇ ਚੋਰ ਤੇ ਲੋਕੀ ਹਰ ਜਾਂਦੇ
ਕਿਉਂ ਹੋਵੇ ਹਰ ਵਾਰ, ਜ਼ਮਾਨਾ ਬਦਲਾਂਗੇ।

ਕੋਈ ਕੁੱਝ ਵੀ ਸੋਚੇ ਅਸੀਂ ਤਾਂ ਹੋਵਾਂਗੇ
ਸਮਿਆਂ 'ਤੇ ਅਸਵਾਰ ਜ਼ਮਾਨਾ ਬਦਲਾਂਗੇ ।

ਰੰਗ ਨਸਲ ਦੇ ਸਾਰੇ ਪਾੜੇ ਮੁੱਕ ਜਾਣੇ
ਬਦਲੂ ਜਗਤ ਨੁਹਾਰ, ਜ਼ਮਾਨਾ ਬਦਲਾਂਗੇ । 

ਚਾਨਣਾਂ ਦੇ ਸੰਗ ਯਾਰੀ ਉੱਡਣਾ ਸਿੱਖ ਲਿਆ
'ਨੇਰੇ ਕਰਨ ਖੁਆਰ, ਜ਼ਮਾਨਾ ਬਦਲਾਂਗੇ।

ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ
ਬੰਨ੍ਹਣੀ ਪਊ ਕਤਾਰ, ਜ਼ਮਾਨਾ ਬਦਲਾਂਗੇ ।

No comments:

Post a Comment