Monday, 5 August 2013

ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ - ਦੀਪਕ ਜੈਤੋਈ

ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ - ਦੀਪਕ ਜੈਤੋਈ


ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ
ਤੇਰੀਆਂ ਕਰਮਾਂ ਵਾਲੀਆਂ ਅੱਖਾਂ
ਅੱਖਾਂ ਅੱਖਾਂ ’ਚ ਹੋ ਗਿਆ ਵਾਅਦਾ
ਫ਼ੇਰ ਹੋਈਆਂ ਸੁਖਾਲੀਆਂ ਅੱਖਾਂ

ਕਿਸ ਤਰ੍ਹਾਂ ਟਲਦਾ ਦਿਲ ਮੁਹੱਬਤ ਤੋਂ
ਜਦ ਨਹੀਂ ਟਲੀਆਂ; ਟਾਲੀਆਂ ਅੱਖਾਂ
ਪੂੰਝੀਆਂ ਅੱਖਾਂ ਜਿਸ ਦੀਆਂ ਭੀ ਮੈਂ
ਉਸ ਨੇ ਮੈਨੂੰ ਵਿਖਾਲੀਆਂ ਅੱਖਾਂ

ਜ਼ਖ਼ਮ ਅਣਗਿਣਤ ਖਾ ਗਿਆ ਇਹ ਦਿਲ
ਕੇਰਾਂ ਲੜੀਆਂ; ਦੁਨਾਲੀਆਂ ਅੱਖਾਂ
ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਭੀ
ਰਾਹ ਵਿੱਚ ਮੈ ਵਿਛਾਲੀਆਂ ਅੱਖਾਂ

ਖੋਟ ਕੋਈ ਜ਼ਰੂਰ ਸੀ ਦਿਲ ਵਿੱਚ
ਯਾਰ ਨੇ ਤਾਂ ਚੁਰਾ ਲੀਆਂ ਅੱਖਾਂ
ਵੀਰ੍ਹ ਕੇ ਮੈਥੋਂ ਹੋ ਗਈਆਂ ਬਾਗ਼ੀ
ਮੈਂ ਬਥੇਰਾ ਸੰਭਾਲੀਆਂ ਅੱਖਾਂ

ਜਾਣ ਵਾਲੇ ਮੈਂ ਤੇਰੇ ਗ਼ਮ ਅੰਦਰ
ਗੰਗਾ ਯਮੁਨਾ ਬਣਾ ਲੀਆਂ ਅੱਖਾਂ
ਉਫ਼ ! ਬੁਢਾਪੇ ’ਚ ਹੋ ਗਈਆਂ ਬੇ-ਨੂਰ
ਕਿਸ ਜਵਾਨੀ ਨੇ ਖਾ ਲੀਆਂ ਅੱਖਾਂ

ਕੀ ਕਮਾਇਆ ਤੂੰ ਇਸ਼ਕ ’ਚੋਂ "ਦੀਪਕ"
ਐਵੇਂ ਰੋ ਰੋ ਕੇ ਗਾਲੀਆਂ ਅੱਖਾਂ.....

No comments:

Post a Comment