ਸਮਿਆਂ ਅਸੀਂ ਬਦਲਾਂਗੇ ਤੇਰੀ ਤੋਰ - ਸੁਰਜੀਤ ਗਿੱਲ ਘੋਲੀਆ [ਮੋਗਾ]
ਵਾਹ ਵੇ ਗਲੋਟਿਆ ਮਨ ਦਿਆ ਖੋਟਿਆ,ਹੈ ਤੂੰ ਹੀ ਸਾਡਾ ਚੋਰ ,
ਸਾਡਾ ਰੰਗ ਸੀ ਚਿੱਟਾ ਬਰਫ਼ ਵਾਂਗ ,ਸਾਡਾ ਰੂਪ ਸੀ ਨਵਾਂ ਨਕੋਰ।
ਤੂੰ ਖੋਹ ਲਿਆ ਸਾਡਾ ਰੰਗ ਰੂਪ ,ਹੈ ਚੱਲ ਗਿਆ ਤੇਰਾ ਜੋਰ ,
ਜੀਵੇ ਸਾਨੂੰ ਕੱਤਣ ਵਾਲੀ ,ਨਹੀਂ ਭੋਰਾ ਦਿਲ ਦੀ ਕਮਜ਼ੋਰ।
ਅਸੀਂ ਨਹੀਂ ਸਮਿਆਂ ਤੈਥੋਂ ਹਾਰਦੇ ਭਾਵੇਂ ਕਰਲੈ ਯਤਨ ਕਰੋੜ ,
ਜੋ ਡਰ ਹਥਿਆਰ ਨੇ ਸੁੱਟਦੇ .ਓਹੋ ਹੋਵਣਗੇ ਕੋਈ ਹੋਰ।
ਸਾਨੂੰ ਗੁੜਤੀ ਲੜਕੇ ਮਰਨ ਦੀ ਅਸੀਂ ਬਦਲਾਂਗੇ ਤੇਰੀ ਤੋਰ ,
ਜੋ ਆਪ ਕਾਲ ਤੋਂ ਮੁਕਤ ਹੈ ,ਸਾਡੀ ਉਸਦੇ ਹਥ ਹੈ ਡੋਰ।
ਅਸੀਂ ਮੰਨਦੇ ਤੂੰ ਬਲਵਾਨ ਹੈਂ ,ਪਰ ਨਹੀਂ ਸਰਵ ਸ਼ਕਤੀਮਾਨ ,
ਸਾਡੇ ਸਿਰਜਨਹਾਰੇ ਨੇ ਬਖਸ਼ਿਆ ,ਸਾਨੂੰ ਵੀ ਸਵੈ ਮਾਣ।
ਅਸੀਂ ਹਾਰਨਾ ਨਹੀਂ ਜਾਣਦੇ,ਨਹੀਂ ਜਿੱਤ ਤੋਂ ਉਰੇ ਮੁਕਾਮ ,
ਜਦੋਂ ਰਾਹ ਮੰਜ਼ਿਲ ਦੇ ਪੈ ਗਏ,ਸਾਡੇ ਕਦਮ ਓਹੋ ਚੁਮੇੰਗੀ ਆਣ,
ਅਸੀਂ ਵਾਂਗ ਪਤੰਗੇ ਹਾਂ ਜਾਣਦੇ ਹੋਣਾ ਲਾਟ ਲਈ ਕੁਰਬਾਨ ,
ਅਸੀਂ ਰੁਖ ਇਤਹਾਸ ਦਾ ਮੋੜਦੇ ,ਏਹੇ ਜਾਣੇ ਕੁੱਲ ਜਹਾਨ।
ਮੁੜ ਪੈਰ ਪਿਛੇ ਨਹੀਂ ਖਿਚਦੇ ਦੇ ਦੇਈਏ ਜਿਥੇ ਜਬਾਨ ,
ਜੋ ਰਹਿੰਦੇ ਚੜਦੀ ਕਲਾ ਵਿਚ ਓਸ ਬਾਪੂ ਦੀ ਸੰਤਾਨ।
ਸਮਿਆਂ ਹੁਣ ਤਾਂ ਸਾਨੂੰ ਸਮਝ ਜਾ ਕਿਸ ਮਿੱਟੀ ਦੇ ਇਨਸਾਨ ,
ਓਹਦੇ ਜਿੱਤ ਕਦਮਾਂ ਨੂੰ ਚੁੰਮਦੀ ਹੁੰਦਾ ਜਿਸਦਾ ਲਕਸ਼ ਮਹਾਨ।
ਭਾਵੇਂ ਸਮਿਆਂ ਤੈਥੋਂ ਹਾਰ ਜਾਈਏ ਸਾਡੀ ਹੋਵੇਗੀ ਵਖਰੀ ਸ਼ਾਨ ,
ਹੋ ਜੂ ਅੰਕਿਤ ਵਿਚ ਇਤਹਾਸ ਦੇ ਜੂਝ ਮਰਾਂਗੇ ਵਿਚ ਮੈਦਾਨ,
ਘੋਲੀਆ ਆਖਰੀ ਸਾਹਾਂ ਤੱਕ ਲੜਾਂਗੇ ਅਸੀਂ ਜਿੰਦਗੀ ਦਾ ਘਮਸਾਨ ॥
No comments:
Post a Comment