ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ
ਅਜੀਤ ਸਿੰਘ ਖੜਗ ਗਿਆਨੀ (ਟਿਪਟਨ ਇੰਗਲੈਂਡ)
ਚਿੱਟੇ ਚੋਲੇ ਪਾਂਦੇ ਬਾਬੇ, ਕਾਲੇ ਕਰਮ ਕਮਾਂਦੇ ਬਾਬੇ (ਅਖੌਤੀ)।
ਮਾਇਆ ਨੂੰ ਜੋ ਕਹਿੰਦੇ ਨਾਗਣ, ਸੁੰਦਰ ਡੇਰੇ ਬਣਾਉਂਦੇ ਬਾਬੇ।
ਦੂੱਧਾਧਾਰੀ ਨੇ ਜੋ ਅਖਵਾਂਦੇ, ਪਿਸਤਾ ਬਕਰੇ ਖਾਂਦੇ ਬਾਬੇ।
ਚਾਕੂ ਚੋਰਾਂ ਤੇ ਗੁੰਡਿਆਂ ਤੋਂ, ਹਰ ਸੇਵਾ ਕਰਵਾਂਦੇ ਬਾਬੇ।
ਰਿਸ਼ਵਤਖੋਰ ਸਮਗਲਰ ਵੱਡੇ, ਸੇਵਕ ਮੁਖੀ ਬਣਾਂਦੇ ਬਾਬੇ।
ਸੁੰਦਰ ਅਲ੍ਹੜ ਮੁਟਿਆਰਾਂ ਤੋਂ, ਆਪਣੇ ਚਰਨ ਘੁਟਾਂਦੇ ਬਾਬੇ।
ਜਾਦੂ ਟੂਣੇ ਦੇ ਚੱਕਰ ਵਿਚ, ਲੋਕਾਂ ਨੂੰ ਪਾਂਦੇ ਬਾਬੇ।
ਭੋਲੇ ਭਾਲੇ ਹਰ ਬੰਦੇ ਨੂੰ, ਜਾਲ ਵਿੱਚ ਰੋਜ਼ ਫਸਾਂਦੇ ਬਾਬੇ।
ਨਸ਼ਿਆਂ ਤੇ ਲਾ ਮੁੰਡੇ ਕੁੜੀਆਂ, ਚੰਦ ਨੇ ਰੋਜ਼ ਚੜਾਂਦੇ ਬਾਬੇ।
ਸੇਠ ਜਾਂ ਲੀਡਰਾਂ ਦੇ ਘਰ, ਆਪਣਾ ਡੇਰਾ ਲਾਂਦੇ ਬਾਬੇ।
ਕਹਿੰਦੇ ਨੇ ਜੋ ਕਰੋ ਸ਼ਾਂਤੀ, ਦੰਗੇ ਉਹ ਕਰਵਾਂਦੇ ਬਾਬੇ।
ਆਪਣੇ ਇੱਕ ਇਸ਼ਾਰੇ ਉੱਤੇ, ਲੀਡਰ ਕਈ ਨਚਾਂਦੇ ਬਾਬੇ।
ਕਿਸੇ ਦੇਸ਼ ਦੇ ਸ਼ਹਿਜ਼ਾਦੇ ਵਾਂਙੂ, ਆਪਣੇ ਤਾਈ ਸਜਾਂਦੇ ਬਾਬੇ।
ਖਾ ਹਲਵਾ ਪੂਰੀ ਮੁਰਗਾ ਮੱਛੀ, ਰਾਤੀ ਰੰਗ ਰਲੀਆਂ ਮਨਾਂਦੇ ਬਾਬੇ।
ਜ਼ਰੀ ਦੀ ਜੁਤੀ ਹਾਰ-ਨੌ ਲੱਖਾ, ਇਹ ਤਿਆਗੀ ਨੇ ਪਾਂਦੇ ਬਾਬੇ
ਬਦਫੈਲੀ ਤੇ ਲੁੱਟ ਮਚਾਈ ਭਾਵੇਂ, ਫਿਰ ਵੀ ਨੇ ਅਖਵਾਂਦੇ ਬਾਬੇ (ਅਖੌਤੀ)
No comments:
Post a Comment