Saturday, 27 July 2013

।।ਸ਼ਬਦਕੋਸ਼ ਦੇ ਬੂਹੇ ਤੇ।। - ਸੁਰਜੀਤ ਪਾਤਰ

।।ਸ਼ਬਦਕੋਸ਼ ਦੇ ਬੂਹੇ ਤੇ।। - ਸੁਰਜੀਤ ਪਾਤਰ


ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿਚ

ਓਏ ਆਉਣ ਦੇ ਕਵੀਆ, ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈਂ ਆਪਣੀ ਕਵਿਤਾ ਵਿਚ
ਡਿਕਸ਼ਨਰੀ ਵਿਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ, ਟਾਈਮਪੀਸ, ਰੇਡੀਓ, ਕਲਾਕ
ਐਕਸਰੇ, ਟੀ ਵੀ, ਵੀਡੀਓ, ਟੈਸਟ ਟਿਊਬ
ਇਹ ਤਾਂ ਤੇਰੀ ਕਵਿਤਾ ਵਿਚ ਵੀ ਆ ਗਏ

ਹਜ਼ੂਰ ਇਹ ਕੋਈ ਲਫਜ਼ ਥੋੜੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ ਇਨਹੇਲਰ ਅਕੁਏਰੀਅਮ
ਇਨਵਰਟਰ, ਡਿਸ਼, ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਆਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਂਵਾਂ ਸਮੇਤ
ਮੈਂ ਕਦੋਂ ਰੋਕਦਾਂ?

ਤੇ ਮੈ ਉਨਾਂ ਵਿਚੋਂ ਨਹੀਂ
ਜਿਹੜੇ
‘ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇਂ
ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਂਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓਂ
ਤਾਂ ਮੈਨੂੰ ਅਜੀਬ ਲਗਦਾ

ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓਂ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ?

ਓਏ ਕਵੀਆ ਕਮਲਿਆ
ਅਸੀਂ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜਦੇ ਬੋਲਦੇ ਨੇ
ਏਸੇ ਆਧਾਰ ਤੇ
ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ
ਇਹਨੂੰ ਫ੍ਰੀਕਿਊਸੀ ਕਹਿੰਦੇ ਨੇ
ਤੂੰ ਵਾਰਵਾਰਤਾ ਕਹਿ ਲੈ
ਜਾਂ ਕੋਈ ਹੋਰ ਲਫ਼ਜ਼ ਘੜ ਲੈ

ਤੇ ਜਾਹ
ਜਾ ਕੇ ਅਖ਼ਬਾਰਾਂ ਪੜ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ, ਰੋੜ ਤੇ ਖਿੱਲਾਂ ਖਾਣ ਦੀ ਥਾਂ
ਪੌਪਕੌਰਨ ਖਾਣੇ ਪਸੰਦ ਕਰਦੇ ਨੇ

ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ਚ ਚੜੇ ਫਿਰਦੇ ਨੇ

ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿਚ ਲੜ ਰਹੀ ਹੈ ਭਾਸ਼ਾ
ਜ਼ਿੰਦਗੀ ਤੇ ਮੌਤ ਦੀ ਲੜਾਈ
ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ:

ਲੰਘ ਆਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ

ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ
ਉਹ ਲੋਕ ਬਣਾਉਂਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿਚ
ਕਾਰਖਾਨਿਆਂ ਵਿਚ
ਵਰਕਸ਼ਾਪਾਂ ਵਿਚ
ਆਪਣੇ ਮਨਾਂ ਵਿਚ
ਆਤਮਾਵਾਂ ਵਿਚ
ਤੇ ਸਿਰਫ਼ ਭਾਸ਼ਾਂ ਨੂੰ ਬਚਾਇਆ
ਨਹੀਂ ਬਚਦੀ ਹੁੰਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖਿਆਲ
ਮਹਾ ਕਰੁਣਾ
ਕਿਸੇ ਮਹਾ ਲਹਿਰ ਦਾ
ਸਰਗੁਣ ਸਰੂਪ ਬਣਕੇ

ਕਵੀ ਨੂੰ ਯਾਦ ਆਏ ਉਹ ਲੋਕ
ਜਿਨਾਂ ਨੇ ਬੁਰੇ ਵਕਤਾਂ ਵਿਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦਿਆਂ
ਖੀਰ ਨੂੰ ਬਾਮਣੀ
ਮੂਲੀ ਨੂੰ ਕਰਾੜੀ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਿਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੇ ਬੁੱਲਿਆਂ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ

ਉਹ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖਾ ਨੂੰ ਕਾਠਗੜ
ਰੋਣ ਮਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮੁਆਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜਦੀ ਕਲਾ ਵਿਚ ਰਹਿੰਦੇ

ਉਹ ਜਿਹੜੇ ਖੂੰਡੇ ਨੂੰ ਕਾਨੂੰਗੋ
ਬੋਲੇ ਨੂੰ ਚੁਬਾਰੇ ਚੜਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇਕ ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ ਮੋਚਨੀ
ਸੂਈ ਨੂੰ ਜੋੜਮੇਲਣੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
ਸ਼ੇਰ ਦੇ ਕੰਨ
ਚੁੱਲੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਦੇ

ਜਿਨਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖਾ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ

ਕੜਕਦੀਆਂ ਧੁੱਪਾਂ ਵਿਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ

ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ

ਉਹ ਹਸਮੁਖ ਹਾਜ਼ਰਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ

ਉਨਾਂ ਦੀ ਟਕਸਾਲ ਸ਼ਬਦ ਦੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ
ਉਨਾਂ ਦੇ ਮੂੰਹੋਂ
ਟਾਪਣਾ ਨਵਾਂ ਨਾਮ ਸੁਣ ਕੇ
ਚੀਜ਼ਾਂ ਹੱਸ ਪੈਦੀਆਂ
ਪੈਰਾਂ ਦੀ ਧੂੜ ਬਣਾ ਲਈਆਂ ਜਿਨਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਕੇ ਕੱਖੋਂ ਹੌਲੇ ਕਰ ਦਿੱਤੇ
ਜਿਨਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ

ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ
ਬ੍ਰਹਿਮੰਡ ਤੱਕ ਫੈਲਾ ਦਿੱਤਾ

ਕਵੀ ਨੂੰ ਯਾਦ ਆਏ
ਅਭਿਧਾ ਲਕਸ਼ਣਾ ਵਿਅੰਜਨਾ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਆਪਣੀ ਭਾਸ਼ਾ ਬੋਲਦੇ

ਕਵੀ ਨੂੰ ਯਾਦ ਆਇਆ ਉਹ ਨਾਅਰਾ
ਮਾਂ ਬੋਲੀ ਜੇ ਭੁੱਲ ਜਾਊਗੇ
ਕੱਖਾਂ ਵਾਗੂੰ ਰੁਲ ਜਾਊਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ ਬੋਲੀ ਨੂੰ ਨਹੀਂ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ

ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
ਖ਼ਿਆਲ
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਆਪਣੇ ਜਾਇਆਂ ਦੇ ਸਹਾਰੇ

ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਜਾਵੇ
ਨਦਰ ਦੀ ਬਖਸੀਸ

ਥੀ ਜਾਣ ਤਨ ਮਨ ਤੇ ਸਬਰ ਹਰੇ।

No comments:

Post a Comment