ਜਦੋਂ ਮਾਰੋ ਝਿੜਕ ਗਰੀਬਾਂ ਨੂੰ - ਸੁਰਜੀਤ ਗਿੱਲ ਘੋਲੀਆ ਕਲਾਂ [ਮੋਗਾ]
ਜਦੋਂ ਮਾਰੋ ਝਿੜਕ ਗਰੀਬਾਂ ਨੂੰ ,ਅਸੀਂ ਦੇਈਏ ਦੋਸ਼ ਨਸੀਬਾਂ ਨੂੰ ,
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,
ਸਾਡਾ ਹਰ ਸੁਪਨਾ ਸਾਂਝਾ ਸੀ ,ਹੁਣ ਤੇਰੇ ਸੁਪਨੇ ਕਿਓਂ ਵਖ ਹੋਗੇ ,
ਸਾਡੇ ਹੰਝੂ ਵੀ ਗਏ ਬੇਗਾਨੇ ਹੋ ,ਬੇਅਰਥ ਹੀ ਪਲਕਾਂ ਰਾਹੀਂ ਚੋਗੇ ,
ਤੈਨੂੰ ਮੂੰਹੋਂ ਮਾੜਾ ਅਸੀਂ ਕਹੀਏ ਸਾਡੇ ਨਹੀਂ ਇਹ ਵੱਸ ਸੱਜਣਾ ।
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,
ਜੋ ਵਕ਼ਤ ਤੇਰੇ ਸੰਗ ਬੀਤਿਆ ਏ ਓਹ ਜਿੰਦਗੀ ਦਾ ਸੋਹਨਾ ਸਪਨਾ ਹੈ
ਓਹੋ ਵਕ਼ਤ ਨਹੀਂ ਕੋਈ ਖੋਹ ਸਕਦਾ ਓਹ ਹਰ ਪਲ ਮੇਰਾ ਆਪਣਾ ਹੈ ,
ਅਸੀਂ ਔਖੇ ਸੌਖੇ ਜਿਓਂ ਲੈਣਾ ,ਤੂੰ ਤਾਂ ਖੁਸ਼ੀਆਂ ਵਿਚ ਹੱਸ ਸੱਜਣਾ ,
ਸਾਡਾ ਦੋਸ਼ ਤਾਂ ਦਿੰਦਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,
ਅਸੀਂ ਚੰਨ ਚਾਨਣੀਆਂ ਰਾਤਾਂ ਵਿਚ ਪਾਈਆਂ ਸੀ ਬਾਤਾਂ ਪਿਆਰ ਦੀਆਂ ,
ਅਸੀਂ ਰੱਜ ਰਜ ਗਲਾਂ ਕਰਦੇ ਸੀ ਜਿੰਦਗੀ ਦੀ ਖਿੜੀ ਬਹਾਰ ਦੀਆਂ ,
ਇਹ ਕੈਸੀ ਰੁੱਤ ਬਹਾਰ ਆਈ ਸਾਡੇ ਬਾਗ ਦੇ ਝੜਗੇ ਪੱਤ ਸੱਜਣਾ ,
ਸਾਡਾ ਦੋਸ਼ ਤਾਂ ਦਿਦਾ ਦੱਸ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,
ਕਿਥੇ ਓਹੋ ਕਸਮਾਂ ਵਾਅਦੇ ਨੇ ਜਿੰਨਾਂ ਤੇ ਫੁੱਲ ਚੜਾਉਣੇ ਸੀ ,
ਬਣ ਜੀਵਨ ਸਾਥੀ ਜਿੰਦਗੀ ਵਿਚ ਉਮਰਾਂ ਦੇ ਸਾਥ ਨਿਭਾਉਣੇ ਸੀ ,
ਜੇ ਹੈ ਜੇਰਾ ਤਾਂ ਆ ਪੜਲੈ ਮੈਂ ਸਾਂਭੇ ਸਭ ਤੇਰੇ ਖਤ ਸੱਜਣਾ ,
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,
ਸਾਡੇ ਕੀਤੇ ਕੌਲ ਕਰਾਰਾਂ ਦੇ ਚੰਨ ਤਾਰੇ ਬਣੇ ਗਵਾਹ ਸੋਹਣਿਆਂ,
ਤੂੰ ਮੁਨਕਰ ਹੋਕੇ ਕੌਲਾਂ ਤੋਂ ਨਾਂ ਪਿਆਰ ਨੂੰ ਲੀਕਾਂ ਲਾ ਸੋਹਣਿਆਂ ,
ਅਸੀਂ ਜ਼ਿਦਗੀ ਤੇਰੇ ਲੜ ਲਾਈ ਤੈਨੂੰ ਆਪਣਾ ਜਾਣਕੇ ਬਸ ਸੱਜਣਾ ।
ਜਦੋਂ ਮਾਰੋ ਝਿੜਕ ਗਰੀਬਾਂ ਨੂੰ ,ਅਸੀਂ ਦੇਈਏ ਦੋਸ਼ ਨਸੀਬਾਂ ਨੂੰ ,॥।
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ ,ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ॥।
No comments:
Post a Comment