ਕਾਵਿ-ਮਹਿਫ਼ਲ - ਸਰਬਜੀਤ ਕਰੀਮਪੁਰੀ
ਭੁੱਲਿਆ ਭਾਵੇਂ ਉਹ ਸਿਰਨਾਵਾਂ |
ਦਿਲ ਨੇ ਰੱਖੀਆਂ ਫਿਰ ਵੀ ਥਾਵਾਂ |
ਮਿਹਨਤ ਬਾਝੋਂ ਰੰਗ ਨਈਂ ਚੜ੍ਹਨਾ,
ਕਰ ਲੈ ਭਾਵੇਂ ਲੱਖ ਦੁਆਵਾਂ |
ਮੌਤ ਨੇ ਇਕ ਦਿਨ ਆ ਕੇ ਰਹਿਣਾ,
ਸੱਚ ਤੋਂ ਤੈਨੂੰ ਕਿੰਝ ਬਚਾਵਾਂ |
ਤੈਨੂੰ ਤੱਤੀ 'ਵਾ ਨਾ ਲੱਗੇ,
ਤੇਰੀ ਖ਼ਾਤਰ ਮੈਂ ਮਰ ਜਾਵਾਂ |
ਸੁਪਨੇ ਵਿਚ ਉਹ ਫਿਰ ਹੈ ਆਇਆ,
ਅੱਧੀ ਰਾਤੀਂ ਮੈਂ ਕੁਰਲਾਵਾਂ |
ਐਸਾ ਉਹ ਪਰਦੇਸੀ ਹੋਇਆ,
ਭੁਲਿਆ ਹੈ ਸਭ ਘਰ ਦੀਆਂ ਰਾਹਵਾਂ |
ਸ਼ਹਿਰ ਤੇਰੇ ਵਿਚ ਦੂਰ ਦੁਰਾਡੇ,
ਲੱਭਣ ਨਾ ਰੁੱਖਾਂ ਦੀਆਂ ਛਾਵਾਂ |
ਘੁੱਗੀਆਂ ਜੇਕਰ ਚੁੱਪ ਹੀ ਰਹੀਆਂ,
ਆਂਡੇ ਪੀ ਜਾਣੇ ਨੇ ਕਾਵਾਂ |
ਸਧਰਾਂ ਹੋਈਆਂ ਲੀਰਾਂ-ਲੀਰਾਂ,
ਹਾਸੇ ਮੁੱਖ 'ਤੇ ਕਿੰਝ ਸਜਾਵਾਂ |
ਪੁੱਤਾਂ ਤੋਂ ਤਾਂ ਵਾਰੀ ਜਾਵਣ,
ਧੀਆਂ ਨੂੰ ਕਿਉਂ ਕੋਸਣ ਮਾਵਾਂ |
No comments:
Post a Comment