ਮੈਂ ਹਾਂ ਪੰਜਾਬ ਬੋਲਦਾ - ਸੰਤ ਰਾਮ ਉਦਾਸੀ
ਮੈਂ ਹਾਂ ਪੰਜਾਬ ਬੋਲਦਾ ,
ਸੁਚੀਆਂ ਦਾੜ੍ਹੀਆਂ ਦੇ ਨਾਂ
ਪੀਡੀਆਂ ਗੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਆਪਣੇ ਧੀ ਪੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਮਾਂ ਦੀਆਂ ਦੋ ਵਗਦੀਆਂ
ਮੇਰੇ ਪੰਜ ਧਾਰਾ ਵਗੇ
ਏਨੇ ਦੁਧਾਂ ਦੇ ਹੁੰਦਿਆਂ
ਕਿਓਂ ਵਿਲਕਦੀ ਮਮਤਾ ਲੱਗੇ ?
ਕਾਂਜੀ ਦੇ ਬੱਦਲਾਂ ਦੇ ਨਾਂ
ਬਦਲੀਆਂ ਰੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਵਾਰਿਸ, ਮੋਹਨ , ਕਾਦਰ , ਧਨੀ
ਸਤਿਲੁਜ ਝਨਾਂ ਨੂੰ ਮੇਲਦੇ
ਖੇਡਦੇ ਗੀਟੇ ਰਹੇ
ਕਿਓਂ ਨਾਲ ਸਿਰੀਆਂ ਖੇਲਦੇ ?
ਗੁੰਦਵਿਆਂ ਜਿਸਮਾਂ ਦੇ ਨਾਂ
ਫੁੱਟਦੀਆਂ ਮੁਛਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਮੇਰੇ ਪੁਤਰੋ ਸੌਂ ਜਾਓ
ਹੁਣ ਨਾਲ ਮੌਜ ਦੇ
ਪਹਿਰੇ ਖੜੂਗਾਂ ਮੈਂ
ਭਾਵੇਂ ਹਵਾਲੇ ਫੌਜ ਦੇ
ਹੰਭੀਆਂ ਅਦਾਲਤਾਂ ਦੇ ਨਾਂ
ਨਾਰਦ ਦੀਆਂ ਘਤਿੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਬਹਿ ਕੇ ਪਰ੍ਹਾ ਵਿਚ ਸੁਣ ਲਵੋ
ਵੱਡਿਓ ਨਵਾਬੀਓ!
ਤਲ਼ੀਆਂ ਤੇ ਸਿਰ ਕਿੱਦਾਂ ਟਿਕੇ ,
ਦੱਸਿਓ ਪੰਜਾਬੀਓ
ਹੀਰ ਦੀ ਚੂਰੀ ਦੇ ਨਾਂ
ਕੈਦੋਂ ਦੀ ਲੂਤੀ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਸੂਚੀਆਂ ਦਾੜ੍ਹੀਆਂ ਦੇ ਨਾਂ
ਪੀਡੀਆਂ ਗੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ
ਹਾਂ !
ਮੈਂ ਹਾਂ ਪੰਜਾਬ ਬੋਲਦਾ
No comments:
Post a Comment