ਰੱਖ ਚੇਤੇ ਵਕ਼ਤ ਜੁਦਾਈਆਂ ਦਾ - ਸੁਰਜੀਤ ਗਿੱਲ ਘੋਲੀਆ [ਮੋਗਾ]
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,
ਉੱਡ ਉਚਾ ਅੰਬਰੀਂ ਲਖ ਵਾਰੀਂ ,
ਧਰਤੀ ਤੇ ਡਿੱਗਣੋਂ ਵੀ ਡਰਿਆ ਕਰ ,
ਤੇਰੀ ਖੁਸ਼ੀ ਮੁਬਾਰਕ ਤੈਨੂੰ ਹੈ ,
ਸਮਾਂ ਦੁਖ ਦਾ ਵੀ ਚੇਤੇ ਕਰਿਆ ਕਰ ,
ਹਰ ਵਸਲੋੰ ਬਾਅਦ ਵਿਛੋੜਾ ਹੈ
ਬੜਾ ਦਰਦ ਇਹ ਗਲਾਂ ਭੁਲਾਈਆਂ ਦਾ ।
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,,।
ਆਇਆ ਜੱਗ ਤੇ ਲੈਕੇ ਲਖ ਖੁਸ਼ੀਆਂ ,
ਹਰ ਪਾਸੇ ਰੰਗ ਗੁਲਜ਼ਾਰਾਂ ਨੇ ,
ਪੱਤਝੜ ਦੀ ਵਾਰੀ ਵੀ ਆਉਂਦੀ ,
ਸਦਾ ਬਾਗੀਂ ਨਹੀਂ ਬਹਾਰਾਂ ਨੇ ,
ਘੜੀ ਮਾਤਮ ਦੀ ਵੀ ਆ ਜਾਂਦੀ ,
ਜਦੋਂ ਲੰਘਜੇ ਵਕ਼ਤ ਵਧਾਈਆਂ ਦਾ ।
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,,।
ਜਿਥੇ ਸੁਖ ਹੈ ਓਥੇ ਦੁਖ ਵੀ ਹੈ ,
ਏਹੇ ਇੱਕੋ ਮਾਂ ਦੇ ਜਾਏ ਨੇ ,
ਜੋ ਸਮ ਕਰ ਜਾਣੇ ਦੋਨਾ ਨੂੰ ,
ਉਸ ਭੇਦ ਜੀਵਨ ਦੇ ਪਾਏ ਨੇ ,
ਮੰਨ ਗਲ ਇੱਕ ਓੜਕ ਸਚ ਦੀ ਤੂੰ ,
ਖਹਿੜਾ ਛੱਡ ਦੇ ਤੂੰ ਮਨਆਈਆਂ ਦਾ ,
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,,।
ਸੂਈ ਵਕ਼ਤ ਦੀ ਕਦੇ ਵੀ ਰੁਕਦੀ ਨਹੀਂ
ਚਾਹੇ ਦੁਖ ਹੋਵੇ ਚਾਹੇ ਸੁਖ ਹੋਵੇ ,
ਘੋਲੀਆ ਰੱਬ ਦੀ ਰਜ਼ਾ ਚ ਰਾਜ਼ੀ ਜੋ ,
ਸਦਾ ਉਸਦਾ ਉੱਜਲ ਮੁਖ ਹੋਵੇ ,
ਘਰ ਰੱਬ ਦੇ ਜੈ ਜੈ ਕਾਰ ਓਹਦੀ .
ਬਣੇ ਭਾਗੀ ਓਹ ਸਭ ਵਡਿਆਈਆਂ ਦਾ ।
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ॥
No comments:
Post a Comment