ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ - ਪਰਮਜੀਤ ਕੌਰ ਸਰਹਿੰਦ
ਪਾ ਫੇਰਾ ਪ੍ਰਦੇਸਣੇ, ਨੀ ਤੀਆਂ ਆਈਆਂ,
ਕਾਹਦੀਆਂ ਤੀਆਂ, ਜੇ ਪੇਕੇ ਨਾ ਧੀਆਂ ਆਈਆਂ।
ਪਿੱਪਲ ਬਰੋਟੇ ’ਡੀਕਦੇ, ਆ ਪੀਂਘਾਂ ਪਾਵੋ,
ਜਿਨ੍ਹ ਬੀਹੀਆਂ ਤੁਸੀਂ ਖੇਡੀਆਂ, ਆ ਰੌਣਕ ਲਾਵੋ।
ਛੁੱਟੀਆਂ ਲੈ ਲਉ ਚਾਰ ਦਿਨ, ਭਾਵੇਂ ਬਿਨ ਤਨਖਾਹੀਆਂ,
ਕਾਹਦੀਆਂ ਤੀਆਂ, ਜੇ ਪੇਕੇ ਨਾ ਧੀਆਂ ਆਈਆਂ…।
ਘੱਲੋ ਸੁਨੇਹੇ ਸਖੀਆਂ ਨੂੰ, ਉਹ ਵੀ ਆ ਜਾਵਣ,
ਮਾਂ ਦੇ ਹੱਥ ਦੇ ਪੱਕੇ ਪੂੜੇ, ਖੀਰਾਂ ਖਾਵਣ।
ਕਦੇ ’ਕੱਠੀਆਂ ਹੋ ਕੇ ਬੈਠੋ ਨੀਂ, ਅੰਮੜੀ ਦੀਆਂ ਜਾਈਆਂ,
ਕਾਹਦੀਆਂ ਤੀਆਂ, ਜੇ ਪੇਕੇ ਨਾ ਧੀਆਂ ਆਈਆਂ…।
ਆ ਜਾਓ ਨੀਂ ਕਮਲੀਓ, ਨਾ ਐਦਾਂ ਮੋਹ ਤੋੜੋ।
ਬੀਤੇ ਵੇਲਿਆਂ ਨੂੰ ਜ਼ਰਾ ਕੁ ਅੱਜ ਨਾਲ ਜੋੜੋ।
ਜਦੋਂ ਸਹੁਰੇ ਜਾਂਦੀਆਂ ਰੋਂਦੀਆਂ ਸੀ, ਦੇ-ਦੇ ਕੇ ਦੁਹਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।
ਤੀਆਂ ਨੂੰ ਲੈਣ ਜੇ ਆ ਜਾਂਦਾ ਸੀ, ਕੋਈ ਪ੍ਰਾਉਣਾ,
ਤੁਸੀਂ ਗਾਲ੍ਹਾਂ ਦੇਂਦੀਆਂ ‘ਆ ਗਿਆ ਦਾਦੇ ਮੰਗਾਉਣਾ।
ਉਹ ਦਿਨ ਚੇਤੇ ਕਰਕੇ ਨੇ, ਅੱਖੀਆਂ ਭਰ ਆਈਆਂ।
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।
ਦੋ ਦਿਨ ਸੋਫੇ ਛੱਡ ਕੇ, ਪੀੜ੍ਹੇ ’ਤੇ ਬਹਿ ਜਾਇਓ,
ਖੇਤੀ ਘੁੰਮਿਓਂ ਅੜੀਓ ਨੀ ਸ਼ਾਪਿੰਗ ਭੁਲਾਇਓ
ਛੱਡ ਡਰੰਮ ਦੋਧੀ ਦਾ, ਤੱਕੋ ਮੱਝੀਆਂ ਗਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।
ਤੂੜੀ ਵਿਚ ਦੱਬੇ ਅੰਬ ਵੀ, ਅਸੀਂ ਕੱਢ ਲਿਆਈਏ,
ਮੰਜੇ ਸੂਤ ਤੇ ਵਾਣ ਦੇ, ਵਿਹੜੇ ਵਿਚ ਡਾਹੀਏ।
ਕੱਢ ਸੰਦੂਕ ’ਚੋਂ ਬੇਬੇ ਨੇ, ਦਰੀਆਂ ਫੜਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।
ਦਿਨ-ਬ-ਦਿਨ ਨੀ ਚੰਦਰੀਓ, ਤੁਸੀਂ ਘਟਦੀਆਂ ਜਾਓ,
ਮੁੱਕ ਜਾਣ ਤੋਂ ਪਹਿਲਾਂ ਪਰ ਕਦੇ ਤੀਆਂ ਮਨਾਓ।
ਲੱਭਦੇ ਫਿਰਾਂਗੇ ਧੀਆਂ ਨੂੰ ਅਸੀਂ ਵਾਂਗ ਸ਼ੁਦਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।
ਤੁਸੀਂ ਨਹੀਂ ਆਉਂਦੀਆਂ ਵੀਰ ਵਹੁਟੀਆਂ ਵੀ ਮੁੱਕ ਚੱਲੀਆਂ,
ਕਿਤੇ ਮੁੱਕ ਨਾ ਜਾਣ ਓਦਰ ਕੇ ਅੰਬੀਆਂ ਤੇ ਛੱਲੀਆਂ।
ਬਿਨ ਧੀਆਂ ਨਾ ਘਰਾਂ ਵਿਚ ਕਿਸੇ ਬਰਕਤਾਂ ਪਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।
No comments:
Post a Comment