ਗੀਤ - ਰੋਜ਼ੀ ਸਿੰਘ
ਰੁੱਖਾਂ ਨਾਲ ਪਿਆਰ ਦੀਆਂ ਪੀਂਘਾਂ ਆਜਾ ਪਾ ਲਈਏ,
ਪਾਣੀਆਂ ਨੂੰ ਸਾਂਭ ਲਈਏ, ਧਰਤੀ ਬਚਾ ਲਈਏ ।
ਸਾਉਣ ਦਿਆਂ ਬੱਦਲਾਂ 'ਚ ਭਿੱਜ ਲਈਏ ਹਾਣੀਆਂ,
ਮੁੱਕ ਜਾਣਾ ਲਗਦੈ, ਪੰਜਾਬ ਦਿਆਂ ਪਾਣੀਆਂ।
ਬੁੱਕਾਂ ਭਰ-ਭਰ ਕਿ ਭੜੋਲੇ ਵਿੱਚ ਪਾ ਲਈਏ,
ਪਾਣੀਆਂ ਨੂੰ ਸਾਂਭ ਲਈਏ, ਧਰਤੀ ਬਚਾ ਲਈਏ।
ਛਾਂਵਾਂ ਸਾਡੇ ਹਿੱਸੇ ਦੀਆਂ, ਹੋਰ ਕਿਸੇ ਖੜੀਆਂ,
ਸਾਡੀਆਂ ਤਾਂ ਸਧਰਾਂ ਵੀ ਧੁੱਪਾਂ ਵਿੱਚ ਸੜੀਆਂ,
ਨਿੱਕੇ ਨਿੱਕੇ ਬੁਟੇ ਚੱਲ ਵਿਹੜੇ ਵਿੱਚ ਲਾ ਲਈਏ,
ਪਾਣੀਆਂ ਨੂੰ ਸਾਂਭ ਲਈਏ, ਧਰਤੀ ਬਚਾ ਲਈਏ।
ਸਾਜਰੇ ਸਵੇਰੇ ਜਦੋਂ ਪੰਛੀ ਪਏ ਗਾਉਣਗੇ,
ਵਿਹੜੇ ਦਿਆਂ ਰੁੱਖਾਂ ਉਤੇ ਰੋਣਕਾਂ ਪਏ ਲਾਉਣਗੇ,
ਤੌੜੀ ਵਿੱਚ ਪੰਛੀਆਂ ਲਈ ਦਾਣਾ ਥੋੜਾ ਪਾ ਦਈਏ,
ਪਾਣੀਆਂ ਨੂੰ ਸਾਂਭ ਲਈਏ, ਧਰਤੀ ਬਚਾ ਲਈਏ।
ਦੁੱਖ ਸੁੱਖ ਸਾਡੇ ਰੁੱਖਾਂ ਨਾਲ ਹੀ ਨੇ ਅੜਿਆ,
ਸੜਕਾਂ ਤੇ ਜਿਨਾ ਦਾ ਉਜਾੜਾ ਬਹੁਤ ਕਰਿਆ,
ਦੁੱਖਾਂ ਨੂੰ ਭੁਲਾ ਕੇ ਸਾਰੇ ਸੁੱਖ ਝੋਲੀ ਪਾ ਲਈਏ
ਪਾਣੀਆਂ ਨੂੰ ਸਾਂਭ ਲਈਏ, ਧਰਤੀ ਬਚਾ ਲਈਏ।
ਮੁਹੱਬਤਾਂ ਨਿਭਾਉਣ ਦੀਆਂ ਕਸਮਾਂ ਪੁਗਾ ਲਈਏ,
ਰੁੱਖਾਂ ਨੂੰ ਬਚਾ ਕਿ ਸੱਚਾ ਫਰਜ਼ ਨਿਭਾਅ ਲਈਏ,
ਆਜਾ ਮੇਰਾ ਸੋਹਣਾ ਆਪਾਂ ਰੁੱਖ ਇੱਕ ਲਾ ਲਈਏ
ਪਾਣੀਆਂ ਨੂੰ ਸਾਂਭ ਲਈਏ, ਧਰਤੀ ਬਚਾ ਲਈਏ।
No comments:
Post a Comment