Saturday, 19 July 2014

ਉਦੋਂ ਦਿਨ ਹੋਰ ਹੁੰਦੇ ਸੀ - ਹਰਜਿੰਦਰ ਬੱਲ

ਉਹ ਹੱਥਾਂ 'ਤੇ ਉਠਾਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ।
ਮੇਰੇ ਹੀ ਗੀਤ ਗਾਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ।

ਤੇਰੇ ਹੀ ਕਹਿਣ 'ਤੇ ਜਦ ਤੋੜਦੇ ਸੀ ਅੰਬਰੋਂ ਤਾਰੇ,
ਅਸੀਂ ਤੇਰੇ ਕਹਾਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ।

ਰਸੇ ਫਲ ਤੋੜਨਾ ਸਾਡਾ ਮਨਾ ਹੈ ਪਰ ਇਨਾਂ ਤੋਂ ਜਦ,
ਅਸੀਂ ਤੋਤੇ ਉਡਾਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ।

ਕਿ ਹੁਣ ਤਾਂ ਰਾਤ ਭਰ ਸੋਚਾਂ ਤੋਂ ਨਹੀਂ ਖਹਿੜਾ ਛੁਡਾ ਹੁੰਦਾ,
ਤੇਰੇ ਜਦ ਖਾਬ ਆਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ।

ਮਨਾ ਹੈ ਬਾਗ ਵਿਚ ਫਿਰਨਾ ਅਸਾਡਾ ਪਰ ਅਸੀਂ ਇਸਨੂੰ,
ਜਦੋਂ ਹੱਥੀਂ ਲਗਾਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ।

ਝਮੇਲੇ ਜ਼ਿੰਦਗੀ ਦੇ ਮੁਸਕਰਾਹਟਾਂ ਖਾ ਗਏ ਨੇ ਸਭ,
ਅਸੀਂ ਜਦ ਮੁਸਕਰਾਉਂਦੇ ਸੀ, ਉਦੋਂ ਦਿਨ ਹੋਰ ਹੁੰਦੇ ਸੀ

No comments:

Post a Comment