Monday, 14 July 2014

ਕੌੜਾ ਸੱਚ - ਜਸਵਿੰਦਰ ਸਿੰਘ ਚਾਹਲ


ਮਰਦਮਸ਼ੁਮਾਰੀ ਕਰਦਾ ਜਦੋਂ ਮੈਂ ਗਲੀ ’ਚੋਂ ਲੰਘਿਆ
ਨਿੱਕੇ ਜਿਹੇ ਛੱਤੜੇ ’ਚ ਕੋਈ ਖੰਘਿਆ
ਝਾਤ ਮਾਰ ਜਦੋਂ ਮੈਂ ਅੰਦਰ ਲੰਘਿਆ
ਉਹਨੇ ਮੇਰੇ ਕੋਲੋਂ ਸੀ ਪਾਣੀ ਮੰਗਿਆ

ਨਿੱਕੀ ਜਿਹੀ ਤੌੜੀ , ਗਲਾਸ, ਬਾਟੀ ਤੇ ਛਾਬਾ ਸੀ
ਅਲ੍ਹਾਣੀ ਜਿਹੀ ਮੰਜੀ ’ਤੇ ਪਿਆ ਅੱਸੀ ਸਾਲਾ ਬਾਬਾ ਸੀ
ਤੌੜੀ ’ਚੋਂ ਪਾਣੀ ਮੈਂ ਗਿਲਾਸ ’ਚ ਪਾ ਲਿਆ
ਫੜ੍ਹ ਕੇ ਗਿਲਾਸ ਬਾਬੇ ਮੂੰਹ ਨੂੰ ਲਾ ਲਿਆ

ਪਛਾਣਿਆ ਨੀ ਸ਼ੇਰਾ! ਕਿਹੜਾ ਤੂੰ ਭਾਈ ਓਏ?
ਕਿੱਥੇ ਨੇ ਘਰ, ਕਿਹੜੇ ਪਿੰਡ ਦਾ ਗਰਾਈਂ ਓਏ?
ਬਜ਼ੁਰਗੋ! ਤੁਹਾਡੇ ਪਿੰਡ ਵਿਚ ਮਾਸਟਰ ਸਰਕਾਰੀ ਆਂ
ਲੱਗੀ ਮੇਰੀ ਡਿਊਟੀ ਕਰਦਾ ਮਰਦਮਸ਼ੁਮਾਰੀ ਆਂ

ਤੁਹਾਡਾ ਮੈਂ ਪੂਰਾ ਘਰ ਬਾਰ ਲਿਖਣਾ
ਕਿੰਨੇ ਹੋ ਮੈਂਬਰ ਸਾਰਾ ਪਰਿਵਾਰ ਲਿਖਣਾ
ਸੁਣ ਕੇ ਇਹ ਮੱਧਮ ਅੱਖਾਂ ’ਚੋਂ ਪਾਣੀ ਆ ਗਿਆ
ਜਾਂਦਾ-ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ

ਹੌਸਲਾ ਜਾ ਕਰ ਫੇਰ ਬਾਬਾ ਬੋਲਿਆ
ਜ਼ਿੰਦਗੀ ਦਾ ਫੇਰ ਉਹਨੇ ਰਾਜ਼ ਖੋਲ੍ਹਿਆ
ਚਾਰ ਪੁੱਤ, ਪੰਜ ਪੋਤੇ, ਵੱਡਾ ਪਰਿਵਾਰ ਸੀ
ਕਿਸੇ ਵੇਲੇ ਸ਼ੇਰਾ! ਮੈਂ ਵੀ ਨੱਥਾ ਸਿੰਘ ਸਰਦਾਰ ਸੀ

ਮਿੱਟੀ ਨਾਲ ਮਿੱਟੀ ਹੋ ਕੇ ਕਰੀਆਂ ਕਮਾਈਆਂ ਓਏ
ਪੈਰਾ ਵਿਚ ਦੇਖ ਸ਼ੇਰਾ ਪਾਟੀਆਂ ਬਿਆਈਆਂ ਓਏ
ਕੰਮ ਕਰ-ਕਰ ਹੱਥਾਂ ਦੀਆਂ ਮਿਟੀਆਂ ਲਕੀਰਾਂ ਓਏ
ਪੁੱਤ-ਪੋਤਿਆਂ ਲਈ ਬਣਾ ਦਿੱਤੀਆਂ ਜਗੀਰਾਂ ਓਏ

ਗੋਡੇ ਮੋਢੇ ਫੇਰ ਮੇਰੇ ਦੇ ਗਏ ਜਵਾਬ ਸੀ
ਪੁੱਤ ਮੇਰੇ ਲੱਗੇ ਉਦੋਂ ਕਰਨ ਹਿਸਾਬ ਸੀ
ਖੇਤ, ਘਰ-ਬਾਰ, ਸੰਦ-ਪੈੜਾ ਹਿੱਸਾ ਪੈ ਗਿਆ
ਤੇਰਾ ਬਾਬਾ, ਸ਼ੇਰਾ ਅਣਵੰਡਿਆ ਹੀ ਰਹਿ ਗਿਆ

ਜੀਵਨ ਸਾਥਣ ਵੀ ਮੇਰੀ ਛੱਡ ਅੱਧ ਵਿਚਕਾਰ ਗਈ
ਥੋੜ੍ਹਾ ਚਿਰ ਹੋਇਆ ਪੁੱਤ! ਸੁਰਗ ਸਿਧਾਰ ਗਈ
ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ ’ਚ ਬਹਿੰਦੇ ਨੇ
ਸਾਡੇ ਬੁੜ੍ਹੇ ਨੇ ਕੀ ਕੀਤਾ? ਅਜੇ ਲੋਕਾਂ ਕੋਲੇ ਕਹਿੰਦੇ ਨੇ

ਕੋਠੀਆਂ ’ਚੋਂ ਨਿਕਲ ਮੰਜਾ ਬਾਗਲ ’ਚ ਡਹਿ ਗਿਆ
ਨੱਥਾ ਸਿੰਘ ਸਰਦਾਰ ਹੁਣ ਨੱਥਾ ਬੁੜ੍ਹਾ ਰਹਿ ਗਿਆ
ਲੋਕ ਲੱਜੋਂ ਡਰਦਿਆਂ ਇਕ-ਦੂਜੇ ਦੀ ਗੱਲ ਮੰਨ ਲੀ
ਮਹੀਨਾ-ਮਹੀਨਾ ਸਾਂਭਣੇ ਦੀ ਚਾਰਾਂ ਨੇ ਵਾਰੀ ਬੰਨ ਲੀ

ਤੀਹ ਤੋਂ ਇਕੱਤੀ ਦਿਨਾਂ ਦਾ ਸ਼ੇਰਾ ਫੇਰ ਪੰਗਾ ਪੈ ਗਿਆ
ਮਾਰਚ-ਮਈ ਵਾਲੇ ਕਹਿੰਦੇ ਬੁੜ੍ਹਾ ਇਕ ਦਿਨ ਵੱਧ ਰਹਿ ਗਿਆ
ਜਾ ਇਕ ਗੱਲ ਕੰਨੀਂ ਪਾ ਦੇ ਆਪਣੀ ਤੂੰ ਸਰਕਾਰ ਦੇ
ਹਰ ਬਾਜ਼ੀ ਦੇ ਜੇਤੂ ਹੁੰਦੇ ਜਿਹੜੇ ਔਲਾਦ ਦੇ ਹੱਥੋਂ ਹਾਰਦੇ

ਤੁਸੀਂ ਕਹਿੰਦੇ ਹੋ ਤਰੱਕੀ ਕਰ ਲੀ ਕਿਉਂ ਇਕ ਗੱਲ ਭੁੱਲਦੇ
ਇਹ ਤਰੱਕੀਆਂ ਨੇ ਲੋਕੋ ਕਾਹਦੀਆਂ ਜਿੱਥੇ ਬਾਗਬਾਨ ਰੁਲਦੇ
ਮੈਨੂੰ ਮਾਫ ਕਰੀਂ ਮੇਰੇ ਪੁੱਤਰਾ! ਮੈਂ ਤਾਂ ਜਜ਼ਬਾਤੀ ਹੋ ਗਿਆ
ਤੂੰ ਭਰਨੇ ਸੀ ਫਾਰਮ ਦੇ ਖਾਨੇ, ਮੈਂ ਦੁਖ ਆਪਣੇ ਹੀ ਰੋ ਗਿਆ

‘ਚਾਹਲ’ ਉੱਠ ਖੜ੍ਹਾ ਬੇਵੱਸ ਹੋ ਕੇ, ਅੱਖਾਂ ’ਚੋਂ ਖਾਰਾ ਪਾਣੀ ਵਹਿ ਗਿਆ
ਪੈੱਨ ਡਿੱਗ ਪਿਆ ਹੱਥ ਵਿਚੋਂ ਮੇਰੇ, ਫਾਰਮ ਵੀ ਖਾਲੀ ਰਹਿ ਗਿਆ
ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ
ਇਹ ਮਾਲੀ ਨੇ ਓਏ ਬੂਟੇ ਲਾਉਣ ਵਾਲੇ, ਧੁੱਪੇ ਨਾ ਬਠਾਇਓ ਸੋਹਣਿਓ
ਧੁੱਪੇ ਨਾ ਬਿਠਾਇਓ ਸੋਹਣਿਓ….

No comments:

Post a Comment