ਮਾਂ ਦੀ ਗੋਦ - ਹੀਰਾ ਸਿੰਘ ਦਰਦ 1929
Maa Di Godh - Heera Singh Dard
ਵਾਹ ਮੂਰਤ ਸੁੰਦਰ,
ਕੈਸੀ ਤੁੱਧ ਬਣਾਈ ।
ਗੋਦ ਪਿਆਰੀ ਮਾਂ ਦੀ ਜਿਸ ਨੇ,
ਮੈਨੂੰ ਯਾਦ ਕਰਾਈ ।
ਜਿਹੜੀ ਥਾਂ ਸੀ ਸੁਖ ਦਾ ਸੋਮਾ,
ਜਿੱਥੇ ਦੁਖ ਸਭ ਭੁਲਦੇ ।
ਮਿਠੀ ਨੀਂਦ ਬੇ-ਫ਼ਿਕਰੀ ਵਾਲੀ,
ਜਿੱਥੇ ਮੈਂ ਸੀ ਪਾਈ ।
ਕੀ ਆਖਾਂ, ਸੀ ਜੱਨਤ ਓਹੀ,
ਯਾਂ ਸੀ ਸੁਰਗ ਪੰਘੂੜਾ ।
ਸੁਖ ਦੀ ਨੀਂਦ ਉਜੇਹੀ ਮੈਨੂੰ,
ਫੇਰ ਨਾ ਕਿਧਰੇ ਆਈ ।
ਨਾ ਫੁਲਾਂ ਦੀ ਸੇਜਾ ਕੋਮਲ,
ਨਾ ਮਖਮਲੀ ਵਿਛੌਣੇ,
ਉਸਦੇ ਤੁਲ ਨਾ ਲਭੀ ਜਗ ਵਿਚ,
ਵਸਤੂ ਕੋਈ ਸੁਖਦਾਈ ।
ਇਹ ਦੌਲਤ, ਇਹ ਮਹਿਲ ਮਾੜੀਆਂ,
ਇਹ ਵਿਦਿਆ ਇਹ ਅਹੁਦੇ ।
ਇਕ ਉਸ ਮਿਠੀ ਲੋਰੀ ਉਤੋਂ,
ਵਾਰ ਸੁੱਟਾਂ ਪੱਤਸ਼ਾਹੀ ।
ਇਹ ਫਲ ਮੇਵੇ, ਇਹ ਸਭ ਖਾਣੇ,
ਉਸ ਦੇ ਤੁਲ ਨਾ ਪੁਜਨ ।
ਲਾਡ ਨਾਲ ਜੋ ਖਾਧੀ ਮੈਂ ਸੀ,
ਗੋਦੀ ਵਿਚ ਗਰਾਹੀ ।
ਆਹ ! ਉਹ ਸਾਰੇ ਸੁਖ ਦੇ ਸੁਫਨੇ,
ਆ ਗਏ ਮੁੜ ਕੇ ਚੇਤੇ ।
ਮਾਨੋ ਮੁੜ ਮੈਂ ਬਾਲਕ ਬਣਕੇ,
ਮਾਂ ਵਲ ਕੀਤੀ ਧਾਈ ।
ਉਸੇ ਗੋਦ ਵਿਚ ਜਾ ਮੈਂ ਬੈਠਾ,
ਮਾਂ ਮਾਂ ਮੂੰਹ ਥੀਂ ਆਖਾਂ ।
ਘਟਾ ਪਿਆਰ ਦੀ ਉਮਡ ਸੀਨਿਓਂ,
ਮਾਂ-ਅੱਖਾਂ ਵਿਚ ਆਈ ।
ਭੁਲ ਗਈ ਸਾਰੀ ਮੈਨੂੰ ਚਿੰਤਾ,
ਭੁਲ ਗਈ ਸਾਰੀ ਦੁਨੀਆਂ ।
ਉਪਰੋਂ ਸਾਵਣ ਵਸਣ ਲਗ ਪਿਆ,
ਮੈਂ ਸੁਖ-ਪੀਂਘ ਚੜ੍ਹਾਈ ।
ਵਾਹ ! ਕਿਸਮਤ ਇਹ ਸੁਖ-ਬੈਕੁੰਠੀ,
ਪਲਕ ਨਾ ਲੈਣਾ ਮਿਲਿਆ ।
ਝਟ ਕਿਸੇ ਨੇ ਆ ਕੇ ਮੇਰੀ,
ਵੀਣੀ ਪਕੜ ਹਿਲਾਈ ।
ਮੂਰਤ ਈਹੋ ਧਰੀ ਅਗੇ ਸੀ,
ਮੈਂ ਕੁਰਸੀ ਤੇ ਬੈਠਾ ।
ਅੱਖਾਂ ਨੇ ਸੀ ਯਾਦ ਕਿਸੇ ਵਿਚ,
ਛਮ ਛਮ ਛਹਿਬਰ ਲਾਈ ।
ਅਜ ਮੈਥੋਂ ਜੋ ਖੁਸ ਚੁਕੀ ਹੈ,
ਜਗ ਵਿਚ ਕਿਤੋਂ ਨਾ ਲਭਦੀ ।
ਉਸ ਬੈਕੁੰਠੀ-ਗੋਦੀ ਦੀ ਮੈਂ,
ਅਜ ਕਦਰ ਹੈ ਪਾਈ ।
ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ ।
ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ । ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ ।
ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।
ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ
No comments:
Post a Comment