ਔਰਤ - ਰਸ਼ਿਮ ਰਮਾਨੀ
ਔਰਤ ਨਹੀਂ ਜਾਣਦੀ
ਆਪਣੇ ਔਰਤ ਹੋਣ ਦਾ ਅਰਥ
ਆਪਣੇ ਔਰਤ ਹੋਣ ਦਾ ਮਹੱਤਵ।
ਸਹਿਜ ਹੁੰਦੀ ਹੈ ਔਰਤ ਆਕਾਸ਼ ਵਾਂਗ
ਪਰ ਅਣਜਾਣ ਨਹੀਂ ਹੁੰਦੀ
ਆਪਣੇ ਅੰਦਰਲੀਆਂ ਭੁੱਲ ਭੁਲੱਈਆਂ ਤੋਂ।
ਔਰਤ ਨੂੰ ਨਹੀਂ ਅਹਿਸਾਸ
ਆਪਣੇ ਔਰਤ ਹੋਣ ਦੇ ਜਾਦੂ ਦਾ
ਕਿ ਕੋਮਲ ਦੇਹੀ ਵਾਲੀ
ਹੋ ਸਕਦੀ ਚਟਾਨ ਵਾਂਗ ਮਜ਼ਬੂਤ
ਦਰਦ ਦੀਆਂ ਦੀਵਾਰਾਂ ਤੋੜ ਕੇ
ਪੁੰਗਰਦੇ ਨਵੀਂ ਨਸਲ ਦੇ ਅੰਕੁਰ
ਜੰਮਦਾ ਹੈ ਨਵਾਂ ਨਕੋਰ ਜੀਵਨ।
ਔਰਤ ਨਹੀਂ ਜਾਣਦੀ ਆਪਣੀ ਸਮਰੱਥਾ
ਪੁਰਸ਼ ਦੀ ਉਦਾਸੀ, ਥਕੇਵਾਂ, ਖਾਲੀਪਨ
ਸਭ ਕੁਝ ਚੂਸ ਲੈਂਦੀ ਅੱਖ ਪਲਕਾਰੇ ਵਿਚ।
ਔਰਤ ਨੂੰ ਆਪਣੇ ਸੁਹੱਪਨ ਦੀ ਤਾਕਤ
ਦੀ ਵੀ ਖਬਰ ਨਹੀਂ
ਰੰਗੋਲੀ ਦੇ ਰੰਗਾਂ ਨਾਲ ਉਹ ਘਰ ਹੀ ਨਹੀਂ ਸਜਾਉਂਦੀ
ਸਜਾ ਦਿੰਦੀ ਹੈ ਜੀਵਨ ਦਾ ਹਰ ਕੋਨਾ।
ਔਰਤ ਨੂੰ ਨਹੀਂ ਪਤਾ
ਕਿ ਉਸ ਦੀ ਚੁੱਪ ਕਿੰਨਾ ਕੁਝ ਬੋਲ ਦਿੰਦੀ
ਆਖਿਰ ਦੁਨੀਆਂ ਦੀ ਸਭ ਤੋਂ ਸੋਹਣੀ ਕਵਿਤਾ ਹੈ
ਔਰਤ
ਰਸ਼ਿਮ ਰਮਾਨੀ ਦੀ ਸਿੰਧੀ ਕਵਿਤਾ
(ਸਿੰਧੀ, ਹਿੰਦੀ ਤੋਂ ਅਨੁਵਾਦ: ਜ.ਜ਼.)
No comments:
Post a Comment