Friday, 27 February 2015

ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ - Debi Makhsoospuri

ਵਿਦੇਸ਼ਾਂ 'ਚ ਰਹਿੰਦੇ ਹੋਏ ਵਤਨੀ ਭਰਾਉ,
ਮਿੱਟਦੀ ਹੈ ਜਾਂਦੀ ਪਹਿਚਾਣ ਬਚਾਉਂ,

ਹਰ ਗੱਲੋਂ ਕਰ ਕਰ ਕੇ ਨਕਲਾਂ ਪਰਾਈਆਂ,
ਖੁੱਦ ਚੰਗੀਆਂ ਭੱਲੀਆਂ ਨੇ ਸ਼ੱਕਲਾਂ ਗਵਾਈਆ
ਪੂਰਬ ਨੂੰ ਪੱਛਮ 'ਚ ਕਿਆ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਨਹੀਂ ਸਕਦਾ ਹੋ ਕਹਿਦੇ ਜੋ ਦੇਸ਼ ਹੁੰਦਾ,
ਜਿਸ ਦੇਸ਼ ਰਹੀਏ ਓਹੀ ਭੇਸ ਹੁੰਦਾ,
ਪਰ ਆਪਣੀ ਤਾਂ ਹਰ ਚੀਜ਼ ਹੈ ਦੰਦੀਆਂ ਵੱਡਦੀ,
ਹੋਰਾਂ ਦੀ ਕੈਸੀ ਵੀ ਹੈ ਚੰਗੀ ਲੱਗਦੀ,
ਢੱਕੇ ਨਾ ਬੱਦਨ ਉਹ ਕਾਹਦਾ ਪਹਿਰਾਵਾ,
ਨੰਗੀਆਂ ਪੁੱਛਾਕਾਂ ਨੇ ਦਿੱਤਾ ਛੱਲਾਵਾ,
ਖੁਦ ਨਾਲ ਖੁਦ ਤੋਂ ਦਗਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਰੁਜ਼ਗਾਰਾਂ ਖਾਤਿਰ ਹੀ ਪਰਦੇਸੀ ਆਈਏ,
ਪਰ ਸਾਨੂੰ ਇਹ ਹੱਕ ਨਹੀਂ ਪਛੋਕੜ ਭੁਲਾਈਏ,
ਪੈਸੇ ਵੱਲੋਂ ਕਿੰਨੇ ਸੌਖੇ ਹੋ ਜਾਈਏ,
ਪਰ ਵਿਗੜਨ ਤੋਂ ਨਸਲਾਂ ਤੇ ਹੋਦ ਬਚਾਈਏ,
ਸਭਿਅਤਾ ਤੇ ਅਦਬੋਂ ਅਦਾਬ ਨਾ ਭੁੱਲੋ,
ਮਿਸਟਰ ਤਾਂ ਸਿੱਖੋ ਜਨਾਬ ਨਾ ਭੁੱਲੋ,
ਰੀਸਾਂ ਤੇ ਨਕਲਾਂ ਨਾਲ ਕੁੱਝ ਨਹੀਂਓ ਹੋਣਾ,
ਭੁੱਲ ਆਪਣੀ ਔਕਾਤ ਕੀ ਖੋਣ ਖੋਣਾਂ,
ਆਪਣੇ ਮਹਾਨ ਇਤਹਾਸ ਨੂੰ ਵਾਚੋਂ,
ਚਾਹੀਦਾ ਖੁਦ ਆਪਣੇ ਤੇ ਮਾਣ ਹੋਣਾ,
ਪਰ ਆਪਣਾ ਆਪਾਂ ਭੁੱਲਾ ਹੋ ਰਿਹਾ ਏ,

ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,
ਪਿਆਰੀ ਮਾਂ ਬੋਲੀ ਜੁਬਾਨ ਦਾ ਮਸਲਾ,
ਸਮਝੋਂ ਤਾਂ ਇਜ਼ਤ ਤੇ ਆਨ ਦਾ ਮਸਲਾ,
ਸੌਹ ਖਾਂ ਕੇ, ਆਪਣੀ ਕਹੋ ਗੱਲ ਦਿਲ ਦੀ,
ਕਿਤੇ ਮਾਂ ਬੋਲੀ ਜਹੀ ਮਿਠਾਸ ਹੈ ਮਿਲਦੀ ?
ਕੁੱਝ ਸੋਚੋ ਇੰਨੀ ਕੜ੍ਹੀ ਤੇ ਨਾ ਘੋਲੋ,
ਆਪਸ ਦੇ ਵਿੱਚ ਤਾਂ ਅਗਰੇਜ਼ੀ ਨਾ ਬੋਲੋ,

ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀ,
ਆਪਣੀ ਜੇ ਮਾਂ ਨੂੰ ਅਸੀਂ ਮਾਂ ਨਹੀਂ ਕਹਿੰਦੇ,
ਦੱਸੋ ਫਿਰ ਯਾਰੋ ਕਿਸੇ ਦੀ ਕੀ ਲੱਗੀ,
ਮਾਂ ਪੁੱਤ 'ਚ ਕਿਉਂ ਫਾਸਲਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਜਾਣੇ ਨਾ ਕੁੱਝ ਦੂਜੀ ਪੀੜ੍ਹੀ ਕੋਈ ਵੱਸ ਨਾ,
ਮਾਂ ਪਿਉ ਦਾ ਫਰਜ਼ ਹੈ ਉਹਨਾਂ ਨੂੰ ਦੱਸਣਾ,
ਕੀ ਦੱਸਣਾ ??????????????????
ਦੱਸੋਂ, ਅਸੀਂ ਕੌਣ ਕਿੱਥੋਂ ਹਾਂ ਆਏ, 
ਵਤਨ ਗਰ੍ਹਾਂ ਕਿਹੜੇ,ਕੀਨ੍ਹਾਂ ਦੇ ਜਾਏ,
ਬਣੀ ਫਿਰਦੇ ਜੋ ਮਾਇਕਲ ਜੈਕਸਨ, 
ਉਨ੍ਹਾਂ ਨੂੰ ਦੱਸੋ ਸਰਾਭੇ ਭਗਤ ਕਾਹਤੋਂ ਫਾਸੀ ਸੀ ਲੱਗੇ,
ਕਿਉਂ ਦਿੱਲੀ ਜਾ ਕੇ ਸੀ ਸਿਰ ਕਿਸੇ ਦਿੱਤਾ,
ਕਿਉਂ ਕਿਸੇ ਬਾਲਕ ਸੀ ਕੰਧੀ ਚਿਣਾਏ,
ਕੀ ਸਾਡਾ ਆਦਰਸ਼ ਕੀ ਇਸ਼ਕ ਪੱਕਾ,
ਕਿਥੇ ਹੈ ਕਾਂਸ਼ੀ ਅੰਮ੍ਰਿਤਸਰ ਤੇ ਮੱਕਾ,
ਹੈ ਮਤਲਬ ਉਨ੍ਹਾਂ ਥਾਂਵਾ ਤੇ ਜਾਣ ਕੀ,
ਤਸਬ੍ਹੀ, ਜਨੇਉਂ ਤੇ ਕਿਰਪਾਨ ਦਾ ਕੀ,
ਨਾ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਜੇ ਪਹਿਲੀ ਪੀੜ੍ਹੀ ਹੈ ਦੂਜੀ ਨੂੰ ਦੱਸਦੀ,
ਤਾਂ ਆਪਣੀ ਹੋਦ ਹੈ ਕਾਇਮ ਰਹਿ ਸਕਦੀ,
ਜੇ ਅਸੀਂ ਆਪਣੀਆਂ ਐਸ਼ਾਂ ਵਿੱਚ ਮਸਤ ਰਹਿਣਾ,
ਤਾਂ ਬੱਚਿਆਂ ਤੇ ਬੁਰਾ ਅਸਰ ਪੈਣਾ ਹੀ ਪੈਣਾ,
ਜੇ ਮਾਂ ਪਿਉਂ ਨੇ ਡੇਰੇ ਕਲੱਬਾਂ 'ਚ ਲਾਉਂਣੇ,
ਤਾਂ ਜੈਸੀ ਕੋਕੋ ਬੱਚੇ ਵੀ ਵੈਸੇ ਹੀ ਹੋਣੇ,
ਡਿੱਠਾ ਏ ਕੁੱਝ ਕਈ ਜਗ੍ਹਾਂ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਜੇ ਰਹੇ ਬੱਚੇ ਵਿਰਸੇ ਜੁਬਾਨ ਤੋਂ ਵਾਂਝੇ,
ਤਾਂ ਹੋ ਜਾਉਂਗੇ ਆਪਣੀ ਪਛਾਣ ਤੋਂ ਵਾਂਝੇ,
ਕੌਮ ਦੁਨੀਆਂ ਦੇ ਨਕਸ਼ੇ ਤੋਂ ਲਹਿ ਜਾਏਗੀ,
ਜੋ ਗੁਰੂਆਂ, ਪੀਰਾਂ , ਪਗਬਰਾਂ ਨਵਾਜ਼ੀ,
ਕਿਤਾਬਾਂ ਕਲੰਡਰਾਂ ਤੇ ਹੀ ਰਹਿ ਜਾਏਗੀ,
ਕਾਲੇ ਨਹੀਂ ਰਹਿਣਾ ਹੋ ਸਕਣਾ ਨਹੀਂ ਬੱਗੇ,
ਪਿੱਛਾ ਗਵਾਉਂਣਾ ਤੇ ਪਹੁਚਣਾਂ ਨਹੀਂ ਅੱਗੇ,
ਸਿੰਘ, ਰਾਮ, ਅਲੀ ਬਣ ਬੀਤੀ ਗੱਲ ਜਾਣੇ,
ਸਾਰੇ ਹੈਰੀ, ਟੈਰੀ, ਗਹਿਰੀ, ਵਿੱਚ ਬਦਲ ਜਾਣੇ,

ਵਾਸਤਾ ਈ **ਦੇਬੀ** ਦਾ ਕੁੱਝ ਰਹਿਮ ਖਾਵੋਂ,
ਨਾ ਆਉਂਦੀਆਂ ਨਸਲਾਂ ਦੇ ਮੁਜ਼ਰਮ ਕਹਾਵੋ,
ਨਹੀਂ ਤਾਂ ਤੀਜੀ ਪੀੜ੍ਹੀ ਹੋਉ ਖ਼ਤਮ ਕਹਾਣੀ,
ਕੌਮ ਸੂਰਜ ਵਰਗੀ ਡੁੱਬ ਪੱਛਮ 'ਚ ਜਾਣੀ,
**ਮਖ਼ਸੂਸਪੁਰੀ** ਇਹ ਬੁਰਾ ਹੋ ਰਿਹਾ ਏ,
ਹਰ ਦਿਲ ਨੂੰ ਖ਼ਤਰਾ ਜਿਹਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

Monday, 23 February 2015

ਹਾਲ ਬਜੁਰਗਾਂ ਦਾ - ਜਗਜੀਤ ਸਿੰਘ "ਪਿਆਸਾ"

ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |
ਸਾਂਭਣ ਨੂੰ ਉਂਝ ਫਿਰਦੇ , ਸਾਰੇ ਮਾਲ ਬਜੁਰਗਾਂ ਦਾ। 

ਚੰਗੀ ਗੱਲ ਜੇ ਆਖਣ , ਕਹਿੰਦੇ ਰੌਲਾ ਪਾਉਂਦੇ ਐ |
ਅਨਪੜ੍ਹ ਹੋਕੇ ,ਪੜ੍ਹਿਆਂ ਲਿਖਿਆਂ , ਨੂੰ ਸਮਝਾਉਂਦੇ ਐ |
ਔਖਾ ਹੋਇਆ ਰੱਖਣਾ , ਜਰਾ ਖਿਆਲ ਬਜੁਰਗਾਂ ਦਾ 
ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |

ਕਿਹੜੇ ਹਾਲ ਚ ਰਹਿੰਦੇ ,ਕਿੱਦਾਂ ਵਕਤ ਲੰਘਾਉਂਦੇ ਨੇ |
ਰੂਹ ਉਹਨਾਂ ਦੀ ਸੌਖੀ ਐ , ਜਾਂ ਦਰਦ ਹੰਢਾਉਂਦੇ ਨੇ |
ਹਰਦਮ ਪਿਆ ਕੂਕੇ , ਸਿਰ ਤੇ ਕਾਲ ਬਜੁਰਗਾਂ ਦਾ 
ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |

ਮਨਾਂ ਚ ਲੋਭ ਵਸਾਕੇ , ਮੂਹਰੇ ਲਾਇਆ ਗਰਜਾਂ ਨੂੰ |
ਜੁੰਮੇਵਾਰੀਆਂ ਭੁੱਲ ਗਏ , ਨਾਲੇ ਭੁੱਲ ਗਏ ਫਰਜਾਂ ਨੂੰ |
ਸਮਝਣ ਲੱਗ ਪਏ ਬੋਝ ਤੇ ਮੰਦੜਾ ਹਾਲ ਬਜੁਰਗਾਂ ਦਾ 
ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |

ਵੱਡੇਆਂ ਦਾ ਜੇ ਮਾਣ ਤੁਸੀਂ , ਕਰਨਾ ਛੱਡ ਜਾਵੋਗੇ |
ਆਉਣ ਵਾਲੀਆਂ ਪੀੜ੍ਹੀਆਂ ਤੋਂ, ਕਿਵੇਂ ਮਾਣ ਕਰਾਵੋਗੇ | 
"ਪਿਆਸੇ" ਦਿੱਤਾ ਵਿਰਸਾ , ਲਵੋ ਸੰਭਾਲ ਬਜੁਰਗਾਂ ਦਾ। 
ਸਾਂਭਣ ਨੂੰ ਉਂਝ ਫਿਰਦੇ , ਸਾਰੇ ਮਾਲ ਬਜੁਰਗਾਂ ਦਾ।
ਨਜ਼ਮ "ਕਚਹਿਰੀ"
ਮੂਲ ਲੇਖਕ : ਕੈਲਾਸ਼ ਗੌਤਮ ਇਲਾਹਾਬਾਦੀ 

ਪੰਜਾਬੀ ਰੂਪ : ਤਰਲੋਕ "ਜੱਜ" 


ਘਰੇ ਬੈਠ ਕੇ ਡਾਂਟ ਬੀਵੀ ਦੀ ਖਾਵੀਂ
ਜਿਵੇਂ ਮਰਜ਼ੀ ਆਪਣੀ ਗ੍ਰਹਿਸਤੀ ਚਲਾਵੀਂ |

ਕਿਤੇ ਜਾ ਕੇ ਜੰਗਲ 'ਚ ਧੂਣੀ ਰਮਾਵੀਂ
ਮਗਰ ਮੇਰੇ ਬੇਟੇ ਕਚਹਿਰੀ ਨਾ ਜਾਵੀਂ | 

ਕਦੇ ਭੁੱਲ ਕੇ ਵੀ ਨਾ ਅਖੀਆਂ ਉਠਾਵੀਂ
ਨਾਂ ਅਖੀਆਂ ਉਠਾਵੀਂ ਨਾ ਗਰਦਨ ਫਸਾਵੀਂ 

ਕਚਹਿਰੀ ਇਹ ਮੇਰੀ ਜਾਂ ਤੇਰੀ ਨਹੀਂ ਹੈ 
ਕਿਤੇ ਵੀ ਕੋਈ ਰਿਸ਼ਤੇਦਾਰੀ ਨਹੀਂ ਹੈ 

ਅਹ੍ਲ੍ਮ੍ਦ ਦੇ ਨਾਲ ਮੇਰੀ ਯਾਰੀ ਨਹੀਂ ਹੈ 
ਕਚਹਿਰੀ ਕਿਸੇ ਨੂੰ ਪਿਆਰੀ ਨਹੀਂ ਹੈ 

ਕਚਹਿਰੀ ਦੀ ਮਹਿਮਾ ਨਿਰਾਲੀ ਹੈ ਬੇਟੇ 
ਕਚਹਿਰੀ ਵਕੀਲਾਂ ਦੀ ਥਾਲੀ ਹੈ ਬੇਟੇ 

ਪੁਲਿਸ ਵਾਲਿਆਂ ਦੀ ਇਹ ਸਾਲੀ ਹੈ ਬੇਟੇ
ਖ਼ਰੀ ਪੈਰਵੀ ਹੁਣ ਦਲਾਲੀ ਹੈ ਬੇਟੇ 

ਕਚਹਿਰੀ ਤੇ ਗੁੰਡਿਆਂ ਦੀ ਖੇਤੀ ਹੈ ਬੇਟਾ 
ਉਹਨਾਂ ਨੂੰ ਇਥੋਂ ਜਿੰਦਗੀ ਦਿੰਦੀ ਹੈ ਬੇਟਾ 

ਸ਼ਰੇਆਮ ਕਾਤਿਲ ਪਏ ਘੁੰਮਦੇ ਨੇ
ਸਿਪਾਹੀ ਦਰੋਗੇ ਕਦਮ ਚੁੰਮਦੇ ਨੇ 

ਕਚਹਿਰੀ 'ਚ ਸਚ ਦੀ ਬੜੀ ਦੁਰਦਸ਼ਾ ਹੈ 
ਭਲਾ ਆਦਮੀ ਕਿਸ ਤਰਾਂ ਫਸ ਗਿਆ ਹੈ 

ਨਿਰੇ ਝੂਠ ਦੀ ਹੀ ਕਮਾਈ ਹੈ ਬੇਟਾ
ਨਿਰੇ ਝੂਠ ਦਾ ਰੇਟ ਹਾਈ ਹੈ ਬੇਟਾ

ਕਚਹਿਰੀ ਚ ਮਰਿਆ ਕਚਹਿਰੀ ਤੋਂ ਭੱਜੇ
ਕਚਹਿਰੀ 'ਚ ਸੌਂਵੇ ਕਚਹਿਰੀ 'ਚ ਜਾਗੇ 

ਮਰੀ ਜਾ ਰਿਹਾ ਹੈ ਗਵਾਹੀ 'ਚ ਇੱਦਾਂ 
ਕਿ ਤਾਂਬੇ ਦਾ ਹਾਂਡਾ ਸੁਰਾਹੀ 'ਚ ਜਿੱਦਾਂ 

ਲਗਾਓਂਦੇ ਬੁਝਾਓਂਦੇ ਸਿਖਾਓਂਦੇ ਮਿਲਣਗੇ 
ਤਲੀ ਤੇ ਸਰ੍ਹੋਂ ’ ਵੀ ਜਮਾਓਂਦੇ ਮਿਲਣਗੇ


ਕਚਹਿਰੀ ਤੇ ਬੇਵਾ ਦਾ ਤਨ ਵੇਖਦੀ ਹੈ
ਕਿ ਕਿਥੋਂ ਖੁਲ੍ਹਣਗੇ ਬਟਨ ਵੇਖਦੀ ਹੈ 

ਕਚਹਿਰੀ ਸ਼ਰੀਫਾਂ ਦੀ ਖਾਤਿਰ ਨਹੀਂ ਹੈ 
ਉਸੇ ਦੀ ਕਸਮ ਲੈ ਜੋ ਹਾਜ਼ਿਰ ਨਹੀਂ ਹੈ 

ਸਵਖਤੇ ਘਰਾਂ ਤੋਂ ਬੁਲਾਓਂਦੀ ਕਚਹਿਰੀ
ਬੁਲਾ ਕੇ ਹੈ ਦਿਨ ਭਰ ਰੁਲਾਓਂਦੀ ਕਚਹਿਰੀ

ਮੁਕਦਮੇ ਦੀ ਫਾਇਲ ਦਬਾਓਂਦੀ ਕਚਹਿਰੀ
ਹਮੇਸ਼ਾ ਨਵਾਂ ਗੁਲ ਖਿਲਾਓਂਦੀ ਕਚਹਿਰੀ

ਕਚਹਿਰੀ ਦਾ ਪਾਣੀ ਜਹਿਰ ਨਾਲ ਭਰਿਆ 
ਕਚਹਿਰੀ ਦੇ ਨਲ ਤੇ ਮੁਵੱਕਿਲ ਹੈ ਮਰਿਆ 

ਕਚਹਿਰੀ ਦਾ ਪਾਣੀ ਕਚਹਿਰੀ ਦਾ ਦਾਣਾ
ਨਾ ਲੱਗ ਜਾਵੇ ਤੈਨੂੰ ਤੂ ਬਚਣਾ ਬਚਾਣਾ 

ਚਾਹੇ ਹੋਰ ਕੋਈ ਮੁਸੀਬਤ ਬੁਲਾਓਣਾ 
ਕਚਹਿਰੀ ਦੀ ਨੌਬਤ ਨਾ ਘਰ ਵਿਚ ਲਿਆਓਣਾ 

ਘਰੇ ਬੈਠ ਕੇ ਡਾਂਟ ਬੀਵੀ ਦੀ ਖਾਵੀਂ |
ਜਿਵੇਂ ਮਰਜ਼ੀ ਆਪਣੀ ਗ੍ਰਹਿਸਤੀ ਚਲਾਵੀਂ |

ਕਿਤੇ ਜਾ ਕੇ ਜੰਗਲ 'ਚ ਧੂਣੀ ਰਮਾਵੀਂ
ਮਗਰ ਮੇਰੇ ਬੇਟੇ ਕਚਹਿਰੀ ਨਾ ਜਾਵੀਂ | 

ਜਨਾਬ ਦਵਿੰਦਰ ਜੋਹਲ ਦਾ ਜ਼ਰੂਰੀ ਦਰੁਸਤੀਆਂ ਲਈ ਧੰਨਵਾਦ

Saturday, 21 February 2015

|| ਮਾਂ ਬੋਲੀ ||ਹਬੀਬ ਜਾਲਿਬ ||

ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ ।

ਗ਼ੈਰਾਂ ਕਰੋਧ ਦੀ ਉਹ ਅੱਗ ਬਾਲੀ ।
ਸੀਨੇ ਹੋ ਗਏ ਪਿਆਰ ਤੋਂ ਖ਼ਾਲੀ ।

ਪੁੱਤਰਾਂ ਨੂੰ ਤੂੰ ਲੱਗੇਂ ਗਾਲੀ ।
ਤੈਨੂੰ ਬੋਲਣ ਤੋਂ ਸ਼ਰਮਾਵਣ ।
ਗ਼ੈਰਾਂ ਐਸੀ 'ਵਾ ਵਗਾਈ,
ਪੁੱਤਰਾਂ ਤੇਰੀ ਚਾਦਰ ਲਾਹੀ ।


ਇਨ੍ਹਾਂ ਕੋਲ ਜ਼ਮੀਨਾਂ ਵੀ ਨੇ,
ਇਨ੍ਹਾਂ ਹੱਥ ਸੰਗੀਨਾਂ ਵੀ ਨੇ ।
ਦੌਲਤ ਬੈਂਕ ਮਸ਼ੀਨਾਂ ਵੀ ਨੇ ।
ਨਾ ਇਹ ਤੇਰੇ ਨਾ ਇਹ ਮੇਰੇ,
ਇਹ ਲੋਕੀਂ ਯੂਸੁਫ਼ ਦੇ ਭਾਈ ।

ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ || 


|| ਯੂਸੁਫ਼ ਦੇ ਦਸ ਮਤਰੇਏ ਭਾਈਆਂ
ਨੇ ਉਸਨੂੰ ਈਰਖਾ ਵਸ ਹੋ ਕੇ ਬਹੁਤ
ਤਸੀਹੇ ਦਿੱਤੇ ਸਨ ||

Friday, 20 February 2015

ਮਾਂ- ਬੋਲੀ ਪੰਜਾਬੀ - ਬਲਵਿੰਦਰ ਸਿੰਘ ਮੋਹੀ

21 ਫਰਵਰੀ ਦਾ ਦਿਨ ਸਮੁੱਚੇ ਸੰਸਾਰ ਵਿੱਚ 'ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਦੁਨੀਆ ਦੇ ਹਰ ਖਿੱਤੇ ਦੇ ਲੋਕਾਂ ਵੱਲੋਂ ਆਪੋ ਆਪਣੀ ਮਾਤ-ਭਾਸ਼ਾ ਦੀ ਭਾਸ਼ਾਈ ਵਿਲੱਖਣਤਾ ਨੂੰ ਬਰਕਰਾਰ ਰੱਖਣਾ ਹੈ। 
ਸੋ ਸਾਨੂੰ ਵੀ ਆਪਣੀ ਮਾਂ-ਬੋਲੀ ਪੰਜਾਬੀ ਤੇ ਫਖ਼ਰ ਹੋਣਾ ਚਾਹੀਦਾ ਹੈ। 
ਆਉ ਕੁਲ ਦੁਨੀਆ ਵਿੱਚ ਵਸਦੇ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਇਸ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਯੋਗ ਉਪਰਾਲੇ ਕਰੀਏ। 
ਆਪਣੇ ਬੱਚਿਆਂ ਨੂੰ ਦੁਨੀਆਂ ਦੀ ਹਰ ਭਾਸ਼ਾ ਸਿੱਖਣ ਦਾ ਮੌਕਾ ਦਿੰਦੇ ਹੋਏ ਆਪਣੀ ਮਾਂ-ਬੋਲੀ ਪੰਜਾਬੀ ਨਾਲ ਹਮੇਸ਼ਾਂ ਲਈ ਜੋੜਕੇ ਰੱਖਣ ਦਾ ਪ੍ਰਣ ਲਈਏ, ਤਾਂ ਜੋ ਉਹ ਸਾਡੇ ਅਮੀਰ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਕਿਉਂਕਿ ਆਪਣੀ ਬੋਲੀ ਤੋਂ ਟੁੱਟਿਆ ਮਨੁੱਖ ਆਪਣੇ ਸੱਭਿਆਚਾਰ ਤੋਂ ਵੀ ਕੋਹਾਂ ਦੂਰ ਹੋ ਜਾਂਦਾ ਹੈ। ਜਿਸ ਨੂੰ ਵਾਪਸ ਲਿਆਉਣਾ ਸੰਭਵ ਨਹੀਂ ਹੁੰਦਾ।

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਆਪਣਾ ਦੇਸ਼ ਤੇ ਬੋਲੀ ਹੁੰਦੇ ਜਾਨੋ ਵੱਧ ਪਿਆਰੇ,
ਲ਼ੋਕ-ਗੀਤ ਖੁਸ਼ਬੋਆਂ ਵੰਡਣ ਮਹਿਕਾਂ ਦੇ ਵਣਜਾਰੇ,
ਮਹਿਕ ਏਸਦੀ ਬੋਲਾਂ ਵਿੱਚੋਂ ਕਦੇ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਘੁੱਗੂ ਘੋੜੇ ਪਾਉਣੇ ਜੀਹਨੇ ਆਪ ਸਿਖਾਏ ਸੀ,
ਫੱਟੀ ਤੇ ਜਦ ਗਾਚੀ ਦੇ ਨਾਲ ਪੋਚੇ ਲਾਏ ਸੀ,
ਪਏ ਪੂਰਨੇ ਦਿਲ ਤੇ ਜਿਹੜੇ ਤੁਸੀਂ ਮਿਟਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਗੁਰੂਆਂ ਪੀਰਾਂ ਤੇ ਭਗਤਾਂ ਨੇ ਇਸਦੀ ਕਦਰ ਪਛਾਣੀ,
ਏਸੇ ਵਿੱਚ ਹੀ ਲਿਖੀ ਹੋਈ ਹੈ ਚਾਨਣ ਵੰਡਦੀ ਬਾਣੀ,
ਛੱਡ ਕੇ ਇਸਨੂੰ ਆਪਣੇ ਮੱਥੇ ਕਾਲਖ ਲਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਵਿੱਚ ਵਿਦੇਸ਼ਾਂ ਦੇ ਵੀ ਹੋਇਆ ਉੱਚਾ ਰੁਤਬਾ ਇਸਦਾ,
ਖੈਰ ਪੰਜਾਬੀ ਦੀ ਹੈ ਮੰਗਦਾ ਔਹ ਸ਼ਰਫ ਵੀ ਦਿਸਦਾ,
ਮਨ-ਮੰਦਰ ਵਿੱਚ ਬਲਦਾ ਇਹ ਚਿਰਾਗ਼ ਬੁਝਾਇਉ ਨਾ
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਸ਼ਾਇਰਾਂ ਅਤੇ ਅਦੀਬਾਂ ਨੇ ਹੈ ਇਸਦੀ ਸ਼ਾਨ ਵਧਾਈ,
ਏਹਦੇ ਸਦਕੇ ਕੁਲ ਦੁਨੀਆਂ ਦੇ ਵਿੱਚ ਪਛਾਣ ਬਣਾਈ,
ਛੱਡ ਕੇ ਇਹਨੂੰ ‘ਮੋਹੀ’ ਆਪਣਾ ਮੂਲ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਮਾਂ-ਬੋਲੀ ਪੰਜਾਬੀ - ਗੁਰਮਿੰਦਰ ਸਿਧੂ

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜੇ 'ਤੇ 
ਮਾਂ-ਬੋਲੀ ਪੰਜਾਬੀ ਦੇ ਪੁੱਤਾਂ-ਧੀਆਂ ਦੇ ਨਾਂ:

ਇਕ ਖਬਰ ਮੇਰੇ ਦਿਲ ਦੇ ਅੰਦਰ, ਛੁਰੀਆਂ ਵਾਂਗੂੰ ਲਹਿ ਗਈ, 
' ਮਿਟ ਜਾਣੀ ਪੰਜਾਬੀ ਬੋਲੀ ', ਰਾਜ਼ ' ਯੂਨੈਸਕੋ ' ਕਹਿ ਗਈ

ਜਾਗੋ ਵੇ ਪੰਜਾਬੀਓ ! ਫਿਰ ਇਹ ਵੇਲਾ ਹੱਥ ਨੀ ਆਉਣਾ
ਮੁੱਕ ਜਾਂਦੀ ਉਹ ਕੌਮ, ਕਿ ਜਿਸਦੀ 'ਬੋਲੀ' ਕਬਰੀਂ ਪੈ ਗਈ।

ਮਿਸ਼ਰੀ ਵਰਗੀ ਬੋਲੀ ਸਾਡੀ, ਦੁੱਧ-ਮੱਖਣਾਂ ਦੀ ਪਾਲ਼ੀ
ਢੋਲੇ-ਟੱਪੇ ਗਹਿਣੇ ਇਸਦੇ , ਲੋਰੀਆਂ-ਘੋੜੀਆਂ ਵਾਲ਼ੀ 
ਕਿਉਂ ਪੰਜਾਬੀ ਪੁੱਤੋ ! ਇਹਨੂੰ ਵਰਤ ਕੇ ਹੀਣੇ ਹੁੰਦੇ ?
ਗੁਰੂਆਂ ਅਤੇ ਫਕੀਰਾਂ ਜਿਹੜੀ ਰੂਹ ਦੇ ਤਖਤ ਬਿਠਾਲੀ।

ਜਿਸ ਬੋਲੀ ਵਿੱਚ ਦਰਦ ਸੁਣਾਏ, ਜਿਸ ਵਿੱਚ ਹੱਸੇ ਹਾਸੇ
ਜਿਸ ਵਿੱਚ ਮਾਂ ਤੋਂ ਰੋਟੀ ਮੰਗੀ ਜਿਸ ਵਿੱਚ ਖਾਬ ਤਰਾਸ਼ੇ
ਸਾਂਭ ਪੰਜਾਬੀ-ਬੋਲੀ ਦੇ ਉਹ ਮੋਤੀਆਂ ਵਰਗੇ ਅੱਖਰ
ਇਕ ਵਾਰੀ ਜੇ ਮਿਟ ਗਏ, ਫਿਰ ਨਹੀਂ ਲੱਭਣੇ ਲਾਲ ਗਵਾਚੇ।

ਅੱਧੀ ਰਾਤ ਪਹਿਰ ਦੇ ਤੜਕੇ, ਕੀ ਕਨਸੋਆਂ ਆਈਆਂ
ਮਾਂ-ਬੋਲੀ ਅੱਜ ਗਲੀਆਂ ਅੰਦਰ ਦਿੰਦੀ ਫਿਰੇ ਦੁਹਾਈਆਂ
ਜਿਸ ਬੱਚੜੇ ਨੂੰ ਲਾਡ-ਲਡਾ ਮੈਂ ਜੱਗ ਬਰੋਬਰ ਕੀਤਾ
ਘਰ ’ਚੋਂ ਕੱਢਣ ਵੇਲੇ ਉਸਨੂੰ ਰਤਾ ਨਾ ਲਾਜਾਂ ਆਈਆਂ।

ਜੋ ਨਾ ਥੱਕਦੇ ਨਾ ਰੁਕਦੇ ਨੇ, ਉਹ ਸ਼ਾਹ-ਅਸਵਾਰ ਹੁੰਦੇ ਨੇ
ਜੋ ਮਾਂ ਦੇ ਪੈਰੀਂ ਝੁਕਦੇ ਨੇ, ਉੱਚੇ ਕਿਰਦਾਰ ਹੁੰਦੇ ਨੇ
ਜੋ ਮਾਂ-ਬੋਲੀ 'ਤੇ ਕਰਦੇ ਮਾਣ, ਉਹ ਇਤਿਹਾਸ ਲਿਖ ਜਾਂਦੇ
ਜੋ ਮਾਂ-ਬੋਲੀ ਨੂੰ ਭੁੱਲ ਜਾਂਦੇ, ਨਿਰੇ ਗੱਦਾਰ ਹੁੰਦੇ ਨੇ।
ਕੋਟਾਨ ਕੋਟ ਸ਼ੁਕਰਾਨਾ - ਬਿਕਰਮਜੀਤ ਸਿੰਘ "ਜੀਤ"

ਕੋਟਾਨ ਕੋਟ ਸ਼ੁਕਰਾਨਾ ਤੇਰਾ, ਹੇ ਪਰਮ ਪਿਤਾ ਮੇਰੇ ਸਾਈਂ
ਕਿਰਪਾ ਦਰਿਸ਼ਟੀ ਸਦਾ ਤੂੰ ਰੱਖੀ, ਪਲ ਪਲ ਰਿਹਾ ਸਹਾਈ

ਅੜਚਨ ਸੰਕਟ ਤੇ ਦੁੱਖਾਂ ਤੋਂ, ਸਾਨੂੰ ਹਰਦਮ ਲਿਆ ਬਚਾਏ
ਬੇਅੰਤ ਖੁਸ਼ੀਆਂ ਤੇ ਸੁੱਖ ਸਾਧਨ, ਸਾਡੀ ਝੋਲੀ ਦੇ ਵਿੱਚ ਪਾਏ

ਹੈ ਤੇਰੇ ਆਸਰੇ ਇਹ ਜੀਵਨ ਗੱਡੀ, ਜਿੰਵ ਭਾਵੇ ਤਿਵੇਂ ਚਲਾਈਂ
ਰਹੀਏ ਰਜ਼ਾ ਤੇਰੀ ਦੇ ਅੰਦਰ, ਸਦ ਕਰੀਂ ਤੂੰ ਮਿਹਰ ਗੁਸਾਈਂ

ਕਦੇ ਨ੍ਹਾਂ ਛੁੱਟੇ ਤੇਰਾ ਪੱਲਾ, ਤੇਰੇ ਦਾਸਨ ਦਾਸ ਹੋ ਰਹੀਏ
ਰੁਝੀਏ ਸੇਵਾ ਭਗਤੀ ਅੰਦਰ, ਨਾਮ ਸ੍ਵਾਸ ਸ੍ਵਾਸ ਤੇਰਾ ਕਹੀਏ

ਗੁਰਮੁਖਾਂ ਦਾ ਮੇਲ ਕਰਾਵੀਂ, ਸਦ ਗੁਰਮੱਤ ਮਾਰਗ ਚਲੀਏ
ਸਫ਼ਲਾ ਹੋਵੇ ਜਨਮ ਅਸਾਡਾ, ਵਿੱਚ ਸਾਧ ਸੰਗਤ ਦੇ ਰਲੀਏ

ਮੰਗਦੈ "ਜੀਤ" ਦਾਨ ਇਹ ਤੈਥੋਂ, ਕਰੀਂ ਕਿਰਪਾ ਮੇਰੇ ਦਾਤਾ
ਬਖਸ਼ ਕੇ ਭੁੱਲਾਂ ਮੇਰੇ ਪ੍ਰੀਤਮ, ਸਾਨੂੰ ਦੇਈਂ ਸੁਮੱਤ ਵਿਧਾਤਾ 

Thursday, 19 February 2015

 ਨੱਥਾ ਸਿੰਘ ਸਰਦਾਰ - ਸਵਿੰਦਰ ਸਿੰਘ ਚਾਹਲ

ਮਰਦਮਸ਼ੁਮਾਰੀ ਕਰਦਾ ਜਦੋਂ ਮੈਂ ਗਲੀ ’ਚੋਂ ਲੰਘਿਆ
ਨਿੱਕੇ ਜਿਹੇ ਛੱਤੜੇ ’ਚ ਕੋਈ ਖੰਘਿਆ
ਝਾਤ ਮਾਰ ਜਦੋਂ ਮੈਂ ਅੰਦਰ ਲੰਘਿਆ
ਉਹਨੇ ਮੇਰੇ ਕੋਲੋਂ ਸੀ ਪਾਣੀ ਮੰਗਿਆ

ਨਿੱਕੀ ਜਈ ਤੌੜੀ, ਗਲਾਸ, ਬਾਲਟੀ ਤੇ ਛਾਬਾ ਸੀ,
ਅਲ੍ਹਾਣੀ ਜਈ ਮੰਜ਼ੀ ਤੇ ਇੱਕ ਅੱਸੀ ਸਾਲਾ ਬਾਬਾ ਸੀ,

ਤੌੜੀ ਚੌਂ ਪਾਣੀ ਮੈਂ ਗਲਾਸ "ਚ ਪਾ ਲਿਆ
ਫੜ ਕੇ ਗਲਾਸ ਬਾਬੇ ਮੂੰਹ ਨੂੰ ਲਾ ਲਿਆ ।

ਪਛਾਣਿਆ ਨੀ ਸ਼ੇਰਾ ਕੇੜਾ ਤੁੰ ਭਾਈ ਉਏ
ਕਿੱਥੇ ਨੇ ਘਰ ਕੇੜੇ ਪਿੰਡ ਦਾ ਗਰਾਈਂ ਉਏ ।

ਮੈਂ ਕਿਆ ਬਜੁਰਗੋ ਤੁਹਾਡੇ ਪਿੰਡ "ਚ ਮਾਸਟਰ ਸਰਕਾਰੀ ਆਂ,
ਲਾਈ ਮੇਰੀ ਡਿਊਟੀ ਕਰਦਾ ਮਰਦਮ -ਸ਼ੁਮਾਰੀ ਆ ।

ਤੁਹਡਾ ਮੈਂ ਘਰ-ਬਾਰ ਵੇਖਣਾ. ਕਿੰਨੇ ਹੋ ਮੈਂਬਰ ਸਾਰਾ ਪਰਿਵਾਰ ਵੇਖਣਾ ।
ਸੁਣਕੇ ਮੱਧਮ ਅੱਖਾਂ ਚੋਂ ਪਾਣੀ ਆ ਗਿਆ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ,

ਹੋਸਲਾ ਜਿਹਾ ਕਰ ਫਿਰ ਬਾਬਾ ਬੋਲਿਆ, 
ਜ਼ਿੰਦਗੀ ਫਿਰ ਉਹਨੇ ਰਾਜ਼ ਖੋਲਿਆ ।
ਚਾਰ ਪੁੱਤ - ਪੰਜ ਪੋਤੇ ਵੱਡਾ ਪਰਿਵਾਰ ਸ , 
ਕਿਸੇ ਵੇਲੇ ਸ਼ੇਰਾ ਮੈਂ ਨੱਥਾ ਸਿੰਘ ਸਰਦਾਰ ਸੀ ।

ਮਿੱਟੀ ਨਾਲ ਮਿੱਟੀ ਹੋ ਕਰੀਆਂ ਕਮਾਈਆਂ ਉਏ, 
ਪੈਰਾਂ ਵਿੱਚ ਵੇਖ ਸ਼ੇਰਾ ਪਈਆਂ ਬਿਆਈਆਂ ਉਏ ।

ਕੰਮ ਕਰ - ਕਰ ਹੱਥਾਂ ਦੀਆਂ ਮਿਟੀਆਂ ਲਕੀਰਾਂ ਉਏ , 
ਪੁੱਤ-ਪੋਤੇ ਲਈ ਬਣਾ ਦਿੱਤੀਆਂ ਜ਼ਗੀਰਾਂ ਉਏ ।

ਗੋਡੇ-ਮੋਡੇ ਫਿਰ ਮੇਰੇ ਦੇ ਗਏ ਜਵਾਬ ਸੀ, 
ਪੁੱਤ ਮੇਰੇ ਕਰਨ ਲੱਗੇ ੳਦੋਂ ਫਿਰ ਹਿਸਾਬ ਸੀ ।

ਖੇਤ ਘਰ-ਵਾਰ ਸਾਰਿਆਂ ਦਾ ਹਿੱਸਾ ਪੈ ਗਿਆ 
ਤੇਰਾ ਇਹ ਬਾਬਾ ਸ਼ੇਰਾ ਅਣ-ਵੰਡਿਆ ਹੀ ਰਹਿ ਗਿਆ ।

ਜੀਵਣ - ਸਾਥਣ ਵੀ ਮੇਰੀ ਛੱਡ ਅੱਧ ਵਿਚਕਾਰ ਗਈ,
ਥੋੜਾ ਚਿਰ ਹੋਇਆ ਕਾਕਾ ਸਵਰਗ ਸੁਧਾਰ ਗਈ,

ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ ਚ ਬੈਂਦੇ ਨੇ 
ਸਾਡੇ ਬੁੜੇ ਨੇ ਕੇ ਕੀਤਾ ਅੱਜ ਲੋਕਾਂ ਕੋਲ ਕਹਿੰਦੇ ਨੇ ।

ਕੋਠੀਆਂ ਚੋਂ ਨਿੱਕਲ ਮੰਜਾ ਵਾਗਲ "ਚ ਡਹਿ ਗਿਆ,
ਨੱਥਾ ਸਿੰਘ ਸਰਦਾਰ ਉਏ ਹੁਣ ਨੱਥਾ ਬੁੜ੍ਹਾ ਰਹਿ ਗਿਆ ।

ਲੋਕਾਂ ਲੱਜੋਂ ਡਰਦਿਆਂ ਇੱਕ ਦੂਜੇ ਦੀ ਗੱਲ ਮੰਨ ਲਈ,
ਮਹੀਨਾ - ਮਹੀਨਾ ਸਾਂਭਣ ਦੀ ਚਾਂਰਾ ਨੇ ਵਾਰੀ ਵੰਡ ਲਈ ।

ਤੀਹ ਤੇ ਇਕੱਤੀ ਦਿਨਾਂ ਸ਼ੇਰਾ ਫਿਰ ਪੰਗਾ ਪੈ ਗਿਆ,
ਮਾਰਚ- ਮਈ ਵਾਲੇ ਕਹਿੰਦੇ ਬੁੜ੍ਹਾ ਇੱਕ ਦਿਨ ਵੱਧ ਰਹਿ ਗਿਆ ।

ਜਾ ਇੱਕ ਗੱਲ ਕੰਨੀ ਪਾ ਦੇ ਤੂੰ ਅਪਣੀ ਸਰਕਾਰ ਦੇ
ਹਰ ਬਾਜ਼ੀ ਦੇ ਜੇਤੂ ਹੁੰਦੇ ਜੇਹੜੇ ਔਲਾਦ ਦੇ ਹੱਥੋ ਹਾਰਦੇ ।

ਤੁਸੀ ਕਹਿੰਦੇ ਹੋ ਤਰੱਕੀ ਅੱਜ ਕਰਲੀ ਪਰ ਕਿਉਂ ਇੱਕ ਗੱਲ ਭੁੱਲਦੇ ਹੋ,
ਉਹ ਤੱਰਕੀਆਂ ਨੇ ਕਾਅਦੀਆ ਲੋਕੋ , ਜਿੱਥੇ ਬਾਗਵਾਨ ਰੁਲਦੇ ਆ ।

ਮੈਨੂੰ ਮਾਫ਼ ਕਰੀਂ ਮੇਰੇ ਪੁੱਤਰਾ ਉਏ ਮੈਂ ਤਾਂ ਜਜਬਾਤੀ ਹੋ ਗਿਆ,
ਤੂੰ ਭਰਨੇ ਸੀ ਫ਼ਾਰਮ ਦੇ ਖਾਨੇ ਮੈਂ ਦੁੱਖ ਅਪਣੇ ਹੀ ਰੋ ਗਿਆ ।
ਇੱਕ ਮਾਦਾ ਭਰੂਣ ਦੀ:  ਬਗਾਵਤ - ਰਘਬੀਰ ਸਿੰਘ ਤੀਰ

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ
ਧੀ ਰਾਣੀ ਮੁੜ ਬਣ ਕੇ ਤੇਰੀ, ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........  

ਕਿਉਂ ਪੁੱਤਰ ਤੈਨੂੰ ਪਿਆਰੇ ਲੱਗਦੇ? ਧੀਆਂ ਪੱਥਰ ਭਾਰੇ ਲੱਗਦੇ?
ਪੁੱਤਰ-ਧੀ ਦਾ ਫ਼ਰਕ ਨਾ ਕੋਈ,ਧੀ ਜੰਮਣ ਦਾ ਹਿਰਖ਼ ਨਾ ਕੋਈ।
ਦੇ ਕੇ ਹੋਕਾ ਜੱਗ ਵਿੱਚ ਸਾਰੇ, ਜੱਗ ਨੂੰ ਇਹ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........  
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਜੱਗ ਵੇਖਣ ਦੀ ਰੀਝ ਸੀ ਮੇਰੀ।ਆਸਮਾਨ ‘ਤੇ ਨੀਝ ਸੀ ਮੇਰੀ।
ਕਲਪਨਾ-ਚਾਵਲਾ ਬਣ ਮੈਂ ਅੰਮੀਏਂ, ਧਰਤ ਦਾ ਗੇੜਾ ਲਾਵਾਂਗੀ।
ਪੂਰੀ ਗਈ ਰੀਝ ਜਦ ਮੇਰੀ, ਤੇਰਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........  
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਤੂੰ ਵੀ ਔਰਤ ਮੈਂ ਵੀ ਔਰਤ, ਫਿਰ ਕਿਉਂ ਨਫ਼ਰਤ ਮੈਨੂੰ ਕਰਦੀ?
ਮੇਰੇ ਜਨਮ ‘ਤੇ ਫਿਰ ਕਿਉਂ ਮਾਏਂ ਲੰਮੇ ਲੰਮੇ ਹੌਕੇ ਭਰਦੀ?
ਤੇਰੇ ਏਦਾਂ ਕਰਨ ‘ਤੇ ਅੰਮੀਏ ਮੈਂ ਤਾਂ ਬਾਜ ਨਾ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਦਿਲ ਚਾਹਿਆ ਦੁਰਕਾਰ ਲੈ ਅੰਮੀਏ


ਕਿਉਂ ਐਵੇਂ ਤੂੰ ਜ਼ਿੱਦ ਪਈ ਕਰਦੀ, ਮੇਰੇ ਵਾਂਗੂੰ ਤਿਲ ਤਿਲ ਮਰਦੀ?
ਧਰਤੀ ਔਰਤ ਜਣਨ ਹਾਰੀਆਂ, ਏਸੇ ਲਈ ਗੁਰਾਂ ਸਤਿਕਾਰੀਆਂ।
ਲੈ ਕੇ ਚਾਨਣ ਵਿਦਿਆ ਵਾਲਾ ਕੁਲ਼੍ਹ ਦਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.......... 
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਐ! ਦੁਨੀਆਂ ਦੇ ਗਾਫ਼ਿਲ ਲੋਕੋ ਕੱਲ੍ਹ ਬਾਰੇ ਵੀ ਕੁਝ ਤਾਂ ਸੋਚੋ।
ਧਰਤ ‘ਚੋਂ ਜੇਕਰ ਮੁੱਕ ਗਿਆ ਪਾਣੀ, ਕੁੱਖਾਂ ਵਿੱਚੋਂ ਜੇ ਧੀ-ਧਿਆਣੀ।
ਕਿੱਦਾਂ ਪੁਤ ਵਿਆਹਵੋਗੇ, ਕਿਹਨੂੰ ਨਹੁੰ ਬਣਾਵੋਗੇ?
ਕਿਉਂ ਸਮਝ ਨਹੀਂ ਤੈਨੂੰ ਪੈਂਦੀ, ਦੱਸ ਤੂੰ ਸਿੱਖਿਆਂ ਕਿਉਂ ਨਹੀਂ ਲੈਂਦੀ?
ਜੱਗ ਤੇ ਰੌਲਾ ਪਾ ਕੇ ਮੈ ਵੀ ਵਾਰ ਵਾਰ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ 
ਧੀ ਰਾਣੀ ਮੁੜ ਬਣ ਕੇ ਤੇਰੀ, ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........
ਦਿਲ ਚਾਹਿਆ ਦੁਰਕਾਰ ਲੈ ਅੰਮੀਏ

Tuesday, 17 February 2015

ਨਿਤ ਸੁਫ਼ਨੇ ਵਿਚ - ਰਾਕੇਸ਼ ਤੇਜਪਾਲ 'ਜਾਨੀ' 

ਨਿਤ ਸੁਫ਼ਨੇ ਵਿਚ ਆ ਜਾਂਦਾ ਏਂ
ਸੁੱਤੀ ਰਮਜ਼ ਜਗਾ ਜਾਂਦਾ ੲੇ

ਸੁੱਤੀ ਰਮਜ਼ ਜਗਾ ਜਾਂਦਾ ੲੇ
ਨੈਣਾਂ ਨੂੰ ਕੰਮ ਲਾ ਜਾਂਦਾ ੲੇਂ

ਨੈਣਾਂ ਨੂੰ ਕੰਮ ਲਾ ਜਾਂਦਾ ੲੇਂ
ਅੱਲ੍ਹੇ ਜਖ਼ਮ ਦੁਖਾ ਜਾਂਦਾ ੲੇ

ਅੱਲ੍ਹੇ ਜਖ਼ਮ ਦੁਖਾ ਜਾਂਦਾ ੲੇਂ
ਲੂਣ ਗ਼ਮਾਂ ਦੇ ਲਾ ਜਾਂਦਾ ੲੇਂ

ਲੂਣ ਗ਼ਮਾਂ ਦੇ ਲਾ ਜਾਂਦਾ ੲੇਂ
ਦਿਲ ਦੇ ਦਰਦ ਵਧਾ ਜਾਂਦਾ ੲੇਂ

ਦਿਲ ਦੇ ਦਰਦ ਵਧਾ ਜਾਂਦਾ ੲੇਂ
ਯਾਦਾਂ ਪੱਲੇ ਪਾ ਜਾਂਦਾ ੲੇਂ

ਯਾਦਾਂ ਪੱਲੇ ਪਾ ਜਾਂਦਾ ੲੇਂ
ਹਿਜਰ ਜਣੇਪੇ ਲਾ ਜਾਂਦਾ ੲੇਂ

ਹਿਜਰ ਜਣੇਪੇ ਲਾ ਜਾਂਦਾ ੲੇਂ
ਪੀੜ ਪਰਾਗੇ ਪਾ ਜਾਂਦਾ ੲੇਂ

ਪੀੜ ਪਰਾਗੇ ਪਾ ਜਾਂਦਾ ੲੇਂ
ਨੱਪੇ ਨੀਰ ਵਗਾ ਜਾਂਦਾ ੲੇਂ

ਨੱਪੇ ਨੀਰ ਵਗਾ ਜਾਂਦਾ ੲੇਂ
ਮੂੰਹੋਂ ਚੀਸ ਕਢਾ ਜਾਂਦਾ ੲੇੇਂ

ਮੂੰਹੋਂ ਚੀਸ ਕਢਾ ਜਾਂਦਾ ੲੇੇਂ
ਜੰਡ ਹੇਠ ਵਢਵਾ ਜਾਂਦਾ ਏ

ਜੰਡ ਹੇਠ ਵਢਵਾ ਜਾਂਦਾ ੲੇਂ
'ਜਾਨੀ' ਜਾਨ ਮੁਕਾ ਜਾਂਦਾ ੲੇਂ

'ਜਾਨੀ' ਜਾਨ ਮੁਕਾ ਜਾਂਦਾ ੲੇਂ
ਨਿਤ ਸੁਫ਼ਨੇ ਵਿਚ ਆ ਜਾਂਦਾ ਏਂ

ਗ਼ਜ਼ਲ - ਧਨਵੰਤ ਸਿੰਘ ਗੁਰਾਇਆ

ਜਿਸਦਾ ਮਾਲਕ ਉਸਦੇ ਵੱਲੇ।
ਕਿਉ ਨਾ ਉਹ ਆਕੜ ਕੇ ਚੱਲੇ।

ਜੇ ਕੋਈ ਪੁੱਛੇ ਹਾਲ ਮੇਰਾ
ਮੈਂ ਆਖਾਂਗਾ ਬੱਲੇ ਬੱਲੇ।

ਲੱਖ-ਕਰੋੜਾਂ ਮੈਥੋਂ ਉੱਤੇ
ਲੱਖ-ਕਰੋੜਾਂ ਮੈਥੋਂ ਥੱਲੇ।

ਮਨ ਦਾ ਮਾਲਕ ਸਭ ਤੋਂ ਉੱਤੇ
ਬਾਕੀ ਸਾਰੇ ਥੱਲੇ ਥੱਲੇ।

ਜਗਦਾ ਹੈ ਜੋ ਹੋਰਾਂ ਦੇ ਲਈ
ਲੋ ਨਾ ਹੁੰਦੀ ਉਸਦੇ ਥੱਲੇ।

ਮੇਰੀ ਦੁਨੀਆਂ ਵਿਚ ਆ ਜਾਵੋ
ਕਿਉ ਰਹਿੰਦੇ ਓ ਕੱਲੇ ਕੱਲੇ।

ਜਿੰਨੀਆਂ ਚਾਹੇਂ , ਭਰ ਪੰਡਾਂ
ਕੁਝ ਨੀਂ ਪੈਣਾ ਆਖ਼ਿਰ ਪੱਲੇ।

ਨਾਲ ਕਜੂੰਸੀ ਬੰਦਾ ਜੋੜੇ
ਰਾਮ ਡੁਲਾਵੇ ਇੱਕੋ ਹੱਲੇ।

Monday, 16 February 2015

ਮਾਂ ਬੋਲੀ - ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ

ਉੱਠ ਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ
ਸਾਡੀ ਜਿੰਦ ਨਿਮਾਣੀ ਕੂਕਦੀ ਅਸੀਂ ਰੁਲ ਗਏ ਵਿੱਚ ਪ੍ਰਦੇਸ

ਸਾਡਾ ਹਰ ਦਮ ਜੀਉ ਕੁਰਲਾਂਵਦਾ ਸਾਡੀ ਨੀਰ ਵਗਾਏ ਅੱਖ
ਅਸੀਂ ਜਿਉਂਦੀ ਜਾਨੇ ਮਰ ਗਏ ਸਾਡਾ ਮਾਧੋ ਹੋਇਆ ਵੱਖ

ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ
ਸਾਡੇ ਅੰਦਰ ਬੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ

ਅਸਾਂ ਸ਼ੌਹ ਗਮਾਂ ਵਿੱਚ ਡੁੱਬਦੇ ਸਾਡੀ ਰੁੜ੍ਹ ਗਈ ਨਾਵ ਪਤਵਾਰ
ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ

ਅਸਾਂ ਨੈਣਾਂ ਦੇ ਖੂਹ ਗੇੜਕੇ ਕੀਤੀ ਵੱਤਰ ਦਿਲ ਦੀ ਭੋਂ
ਇਹ ਬੰਜਰ ਰਹੀ ਨਿਮਾਨੜੀ ਸਾਨੂੰ ਸੱਜਣ ਤੇਰੀ ਸੌਂਹ

ਅਸਾਂ ਉੱਤੋਂ ਸ਼ਾਂਤ ਹਾਂ ਜਾਪਦੇ ਸਾਡੇ ਅੰਦਰ ਲੱਗੀ ਜੰਗ
ਸਾਨੂੰ ਚੁੱਪ ਚੁਪੀਤਾ ਵੇਖਕੇ ਪਏ ਆਖਣ ਲੋਕ ਮਲੰਗ

ਅਸਾਂ ਖੁੱਭੇ ਗੰਮ ਦੇ ਖੋਭੜੇ ਸਾਡੇ ਲੰਬੇ ਹੋ ਗਏ ਕੇਸ
ਪਾ ਤਾਣੇ ਬਾਣੇ ਸੋਚ ਦੇ ਅਸੀਂ ਬੁਣਦੇ ਰਹਿੰਦੇ ਖੇਸ

ਹੁਣ ਛੇਤੀਂ ਬਹੁੜੀਂ ਬੁੱਲ੍ਹਿਆ ਸਾਡੀ ਸੂਲੀ ਟੰਗੀ ਜਾਨ
ਤੈਨੂੰ ਵਾਸਤਾ ਏ ਸ਼ਾਹ ਇਨਾਇਤ ਦਾ ਨਾ ਤੋੜੀਂ ਸਾਡਾ ਮਾਣ

ਅਸੀਂ ਪੈਰੀਂ ਪਾ ਲਏ ਘੁੰਗਰੂ ਸਾਡੀ ਪਾਵੇ ਜਿੰਦ ਧਮਾਲ
ਸਾਡੀ ਜਾਨ ਲਬਾਂ ਤੇ ਅੱਪੜੀ ਹੁਣ ਛੇਤੀਂ ਮੁੱਖ ਵਖਾਲ

ਸਾਡੇ ਸਿਰ ਤੇ ਸੂਰਜ ਹਾੜ੍ਹ ਦਾ ਸਾਡੇ ਅੰਦਰ ਸੀਤ ਸਿਆਲ
ਬਣ ਛਾਂ ਹੁਣ ਚੇਤਰ ਰੁੱਖ ਦੀ ਸਾਡੇ ਅੰਦਰ ਭਾਂਬੜ ਬਾਲ

ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਇੱਕ ਲੂੰਅ
ਅਸਾਂ ਖੁਦ ਨੂੰ ਭੁੱਲੇ ਸਾਵਲਾ ਅਸਾਂ ਹਰ ਪਲ ਜਪਿਆ ਤੂੰ

ਸਾਨੂੰ ਚਿੰਤਾ ਚਿਖਾ ਚਿੜ੍ਹਾਂਵਦੀ ਸਾਡੇ ਤਿੜਕਣ ਲੱਗੇ ਹੱਡ
ਫੜ ਲੇਖਾਂ ਬਰਛੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ

ਅਸਾਂ ਧੁਰ ਤੋਂ ਦੁੱਖੜੇ ਝਾਗਦੇ ਸਾਡੇ ਲੇਖੀਂ ਲਿਖਿਆ ਸੋਗ
ਸਾਡੀ ਵਾਟ ਲਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ

ਸਾਡੇ ਵਿਹੜੇ ਫੂਹੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ
ਇਹ ਔਕੜ ਸਾਡੀ ਟਾਲ ਦੇ ਤੇਰਾ ਜੀਵੇ ਸ਼ਹਿਰ ਕਸੂਰ

ਆਹ ਵੇਖ ਸੁਖਨ ਦਿਆ ਵਾਰਿਸਾ ਤੇਰੇ ਜੰਡਿਆਲੇ ਦੀ ਖੈਰ
ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ

ਅੱਜ ਹੀਰ ਤੇਰੀ ਪਈ ਸਹਿਕਦੀ ਅੱਜ ਕੈਦੋ ਚੜ੍ਹਿਆ ਰੰਗ
ਅੱਜ ਤਖਤ ਹਜ਼ਾਰੇ ਢਹਿ ਗਏ ਅੱਜ ਉੱਜੜਿਆ ਤੇਰਾ ਝੰਗ

ਅੱਜ ਬੇਲੇ ਹੋ ਗਏ ਸੁੰਨੜੇ ਅੱਜ ਸੁੱਕਿਆ ਵੇਖ ਝਨਾਅ
ਅੱਜ ਫਿਰ ਨਾ ਉੱਜੜਦਾ ਰਾਂਝੜੇ ਅੱਜ ਖੇੜੇ ਕਰਦੇ ਚਾਅ

ਅੱਜ ਟੁੱਟੀ ਵੰਝਲੀ ਪ੍ਰੀਤ ਦੀ ਅੱਜ ਮੁੱਕੇ ਸੁਖ ਦੇ ਗੀਤ
ਬਣ ਯੋਗੀ ਦਰ ਦਰ ਟੋਲ੍ਹਿਆ ਸਾਨੂੰ ਕੋਈ ਨਾ ਮਿਲਿਆ ਮੀਤ

ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ
ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ

ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸੀਂ ਵੇਲੇ ਦੇ ਸੁਕਰਾਤ
ਅਸੀਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜੱਗ ਤੋਂ ਵੱਖਰੀ ਬਾਤ

ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ
ਜਿੰਦ ਹਿਜਰ ਕਰੀਰੇ ਫਸ ਕੇ ਅੱਜ ਹੋ ਗਈ ਲੀਰੋ ਲੀਰ

ਸਾਨੂੰ ਜੋਬਣ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ
ਕਿਸ ਖੋਹਿਆ ਸਾਡਾ ਜੋਬਣਾਂ ਸਾਨੂੰ ਕੇਹਾ ਲੱਗਾ ਰੋਗ

ਅਸਾਂ ਪੀੜ੍ਹਾਂ ਦਾ ਵੰਝ ਪਾ ਲਿਆ ਸਾਨੂੰ ਦੁੱਖਾਂ ਚਾੜ੍ਹੀ ਪਾਣ
ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੂੰਬੇ ਉਡਦੇ ਜਾਣ

ਅਸੀਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ
ਅਸਾਂ ਮਰਣ ਦਿਹਾੜ ਉਡੀਕਦੇ ਸਾਡੀ ਵਧਦੀ ਜਾਵੇ ਸੌੜ

ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕਹਿਰੀ ਛਾਂ
ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੂਸੇ ਧਰਤੀ ਮਾਂ

ਸਾਡੀ ਉੱਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਇੱਕ ਝਾਤ
ਸਾਡੇ ਸਿਰ ਤੋਂ ਅੰਨ੍ਹੀ ਰਾਤ ਨੂੰ ਹੁਣ ਕਰ ਸਾਂਈਆਂ ਸ਼ਬਰਾਤ

ਹੁਣ ਆ ਬਾਹੂ ਸੁਲਤਾਨਿਆ ਸਾਨੂੰ ਦਰਦਾਂ ਲਿਆ ਲਿਤਾੜ
ਅੱਜ ਤੋੜ ਜੰਜੀਰੀ ਦੁੱਖ ਦੀ ਅੱਜ ਹੂ ਦਾ ਨਾਅਰਾ ਮਾਰ

ਸਾਨੂੰ 'ਅਲਫ' ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ 'ਬੇ' ਦੀ ਲੋੜ
ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ

ਇੱਥੇ ਤਿੜਦੇ ਸਭ ਇਮਾਨ ਤੇ ਇੱਥੇ ਉਡਦੀ ਇਸ਼ਕ ਦੀ ਧੂੜ
ਜੋ ਇਸ਼ਕ ਸਲਾਮਤ ਮੰਗਦਾ ਫੜ ਉਸਨੂੰ ਲੈਂਦੇ ਨੂੜ

ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵਧਦੀ ਜਾਵੇ ਪਿਆਸ
ਬਣ ਬੱਦਲ ਸਾਵਣ ਵਾਅ ਦਾ ਸਾਡੀ ਪੂਰੀ ਕਰਦੇ ਆਸ

ਅਸਾਂ ਆਪਣੀ ਕਬਰੇ ਆਪ ਹੀ ਲਏ ਲਹੂ ਦੇ ਦੀਵੇ ਬਾਲ
ਅਸਾਂ ਬੇ-ਗੁਰਿਆਂ ਦੇ ਸ਼ਹਿਰ ਵਿੱਚ ਇਹ ਕੀਤਾ ਨਵਾਂ ਕਮਾਲ

ਆ ਸਾਂਈਂ ਦਮੜੀ ਸ਼ਾਹ ਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ
ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਵਿੱਚ ਉੱਠਦੀ ਹੂਕ

ਸਾਨੂੰ ਗੁੜ੍ਹਤੀ ਦੇ ਦੇ ਸੁਖਨ ਦੀ ਸਾਡੀ ਕਰਦੇ ਸਾਫ ਜ਼ਬਾਨ
ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ

ਅਸਾਂ ਰਾਤੀਂ ਉੱਠ ਉੱਠ ਪਿਟਦੇ ਸਾਡੇ ਪਈ ਕਾਲਜੇ ਸੋਜ
ਅਸਾਂ ਛਮ ਛਮ ਰੋਂਦੇ ਪਿਆਰਿਆ ਸਾਨੂੰ ਹਰਦਮ ਤੇਰੀ ਖੋਜ

ਅਸਾਂ ਮੁਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ੍ਹ
ਅਸਾਂ ਰਹਿ ਗਏ ਕੱਲ ਮੁਕੱਲੜੇ ਸਾਡਾ ਵੈਰੀ ਹੋਇਆ ਕੁਲ

ਸਾਡੇ ਨੈਣੀਂ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ
ਹਰ ਰਾਤੀਂ ਛਵੀਆਂ ਮਾਰਦੇ ਸਾਨੂੰ ਲੇਫ ਸਰ੍ਹਾਣੇ ਖੇਸ

ਆ ਕੋਟ ਮਿਠਣ ਦਿਆ ਵਾਲੀਆ ਲੈ ਝਬਦੇ ਸਾਡੀ ਸਾਰ
ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ ਥੀਂ ਹੋਇਆ ਪਾਰ

ਸਾਨੂੰ ਚੜ੍ਹਿਆ ਤੱਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ
ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਿਚੋੜ

ਅਸਾਂ ਆਪਣੇ ਹੀ ਗਲ਼ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ
ਸਾਡੀ ਆ ਕਿਸਮਤ ਨੂੰ ਚੁੰਬੜੀ ਇੱਕ ਭੁਖਾਂ ਮਾਰੀ ਡੈਣ

ਇਹਨੂੰ ਕੀਲੋ ਮੰਤਰ ਫੂਕ ਕੇ ਇਹਨੂੰ ਕੱਢੋ ਦੇਸੋਂ ਦੂਰ
ਇਹ ਪਿਛਲ ਪੈਰੀਂ ਔਂਤਰੀ ਇੱਥੇ ਬਣ ਬਣ ਬੈ ਹੂਰ

ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫਰਤ ਕੀਤਾ ਜ਼ੋਰ
ਕਰ ਤੱਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ

ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚਲ ਚਲ ਹਫ ਗਏ ਸਾਹ
ਨਿੱਤ ਫੰਧੇ ਬੁਣ ਬੁਣ ਸੁਖਨ ਦੇ ਅਸਾਂ ਖੁਦ ਨੂੰ ਦੇਂਦੇ ਫਾਹ

ਸਾਨੂੰ ਵੇਲਾ 'ਪੱਛ' ਲਗਾਂਵਦਾ ਉੱਤੋਂ ਘੜੀਆਂ ਪਾਵਣ ਲੂਣ
ਦਿਨ ਰਾਤਾਂ ਮੱਛ ਮੜੀਲੜੇ ਸਾਨੂੰ ਗਮ ਦੀ ਦਲਦਲ ਧੂਹਣ

ਸਾਨੂੰ ਲੜਦੇ ਠੂੰਹੇਂ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ
ਸਾਨੂੰ 'ਕੂੜੇ' ਕੂੜਾ ਆਖਦੇ ਕੀ ਦਈਏ ਅਸਾਂ ਦਲੀਲ

ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ
ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ

ਲੈ ਫੈਜ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ
ਤੂੰ ਨਫਰਤਾਂ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ

ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆਂ ਅਤਿ ਪਿਆਰ
ਪਾ ਸੱਚ ਦੀ ਛਾਨਣੀ ਪਾਪ 'ਚੋਂ ਤੂੰ ਲੀਤਾ ਪੁੰਨ ਨਿਤਾਰ

ਤੇਰਾ ਵਸੇ ਗੁਰੂ ਦੁਆਰੜਾ ਤੇਰਾ ਉੱਚਾ ਹੋਵੇ ਨਾਂ
ਦਿਨ ਰਾਤੀਂ ਸੀਸਾਂ ਦੇਂਵਦੀ ਤੈਨੂੰ ਨਾਨਕ ਬੋਲੀ ਮਾਂ

ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ
ਅਸਾਂ ਟੁਰ ਪਏ ਤੇਰੀ ਰਾਹ ਤੇ ਅਸਾਂ ਨੱਪੀ ਤੇਰੀ ਪੈੜ

ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ
ਤੂੰ ਮਾਂ ਬੋਲੀ ਦਾ ਬੂਟੜਾ ਲਿਆ ਲਹੂ ਆਪਣੇ ਨਾਲ ਪਾਲ

ਤੂੰ ਭੁੰਨੇ ਪੀੜ ਪਰਾਗੜੇ ਤੂੰ ਪੀਤੀ ਘੋਲ ਰਸਾਉਂਤ
ਤੇਰਾ ਲਿਖਿਆ ਗਾਹ ਨਾ ਕੱਢਦੇ ਕਈ ਸੁਰ ਦੇ ਸ਼ਾਹ ਕਲਾਉਂਤ

ਪਾ ਛਾਪਾਂ ਛੱਲੇ ਪੈਂਖੜਾਂ ਲਾ ਟਿੱਕਾ ਨੱਥ ਪੰਜੇਬ
ਤੂੰ ਵਰਤ ਕੇ ਲਫਜ਼ ਅਨੋਖੜੇ ਭਰੀ ਮਾਂ ਬੋਲੀ ਦੀ ਜੇਬ

ਤੁਸਾਂ ਸੱਭ ਸੁਚੱਜੇ ਸੁੱਚੜੇ ਰਲ ਪੇਸ਼ ਕਰੋ ਫਰਿਆਦ
ਰੱਬ ਮਾਂ ਬੋਲੀ ਦਾ ਉੱਜੜਿਆ ਘਰ ਫੇਰ ਕਰੇ ਆਬਾਦ

ਚਲ ਛੱਡ ਨਦੀਮੇ ਕਾਦਰੀ ਹੁਣ ਕਰ ਦੇ ਪੁਰ ਕਲਾਮ
ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜੱਗ ਤੇ ਰਹਿਣਾ ਨਾਮ
**
('ਇੰਨਟਰਨੈਟ ਦੇ ਮਾਧਿਅਮ ਤੋਂ ਪਰਾਪਤ'  ਸ਼ਾਹਮੁਖੀ ਪੰਜਾਬੀ ਤੋਂ ਗੁਰਮੁਖੀ ਵਿੱਚ ਰੂਪਕਾਰ ਪ੍ਰਵੀਨ ਸਿੰਘ)

Thursday, 12 February 2015

 ਮਾਵਾਂ ਠੰਡੀਆਂ ਛਾਵਾਂ - ਸੰਤ ਰਾਮ ਉਦਾਸੀ

ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ
ਮਾਵਾਂ ਠੰਡੀਆਂ ਛਾਵਾਂ, ਮੌਜ ਭਰਾਵਾਂ ਨਾਲ

ਅਸੀਂ ਰੱਜ ਰੱਜ ਖੇਡੇ, ਛਾਵੇਂ ਵਿਹੜੇ ਬਾਬਲ ਦੇ
ਰੱਬਾ ਵੇ ਯੁੱਗ-ਯੁੱਗ ਵਸਣ ਖੇੜੇ ਬਾਬਲ ਦੇ

ਬਾਬਲ ਤੇਰੇ ਖਤ, ਬਹਾਰਾਂ ਆਵਣ ਵੇ
ਕੁੜੀਆਂ ਚਿੜੀਆਂ, ਡਾਰਾਂ, ਉੱਡ-ਉੱਡ ਜਾਵਣ ਵੇ

ਟਿੱਬਿਆਂ ਵਿਚੋਂ ਪਿਆ ਭੁੱਲੇਖਾ ਚੀਰੇ ਦਾ
ਅੜੀਓਂ ਝੱਟ ਪਛਾਤਾ ਘੋੜਾ ਵੀਰੇ ਦਾ

ਜਿਉਂ ਪੁੰਨਿਆਂ ਦਾ ਚੰਨ ਕਾਲੀਆਂ ਰੈਣਾਂ ਨੂੰ
ਮਸਾਂ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ

ਖੱਬਰੇ ਅੱਜ ਕਿ ਕੱਲ, ਤੈਂ ਅਸੀਂ ਵਿਆਹੁਣੀਆਂ
ਝਿੜਕੀਂ ਨਾ ਵੇ ਵੀਰਾ ਅਸੀਂ ਪਰਾਹੁਣੀਆਂ

ਯਾਦ ਤੇਰੀ ਵਿਚ ਵੀਰਾ, ਕਾਗ ਉਡਾਵਾਂ ਵੇਂ,
ਤੂੰ ਲੈ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ ਵੇ
ਖਾਹ-ਮਖਾਹ - ਰਾਜਿੰਦਰ ਸਿੰਘ 

ਜਿਸਨੂੰ ਕਿਹਾ ਸੀ 
ਓਸਨੇ ਸਮਝ ਲਿਆ 
ਤੂੰ ਕਾਸਤੋਂ ਰੁੱਸ ਗਿਆ 
ਐਵੇਂ ਖਾਹ-ਮਖਾਹ 

ਕੁਝ ਗੱਲਾਂ 
ਬਿਨਾਂ ਬੋਲੇ ਹੀ ਕਰ ਲਈਦੀਆਂ ਨੇ 
ਤੂੰ ਕੀ ਸੋਚਿਆ 
ਮੈਂ ਬੱਸ ਚੁੱਪ ਹੀ ਰਿਹਾ 
ਐਵੇਂ ਖਾਹ-ਮਖਾਹ 

ਮੈਂ ਚੁੱਪ ਰਹਿ ਕੇ ਵੀ ਕਹਿ ਦਿੱਤਾ 
ਓਸਨੇ ਨਾਂ ਸੁਣ ਕੇ ਵੀ ਸਮਝ ਲਈ 
ਗੱਲ ਵਿਚਲੀ ਰਮਜ ਜਹੀ
ਪਰ ਤੂੰ ਕਾਸਤੋਂ ਰੁੱਸ ਗਿਆ 
ਐਵੇਂ ਖਾਹ-ਮਖਾਹ 

ਐਡੀ ਛੋਟੀ ਗੱਲ ਲਈ 
ਆਪਾਂ ਲੜ ਨਹੀ ਸਕਦੇ 
ਪਰ ਤੂੰ ਕਿਓਂ ਸੋਚਿਆ 
ਆਪਾਂ ਕੁਝ ਕਰ ਨਹੀ ਸਕਦੇ 
ਮੰਨਦਾਂ ਦਿਲਾਂ ਦੇ ਫੱਟ ਭਰ ਨਹੀ ਸਕਦੇ 
ਪਰ ਹੋਰ ਨੀ ਖਾਵਾਂਗੇ 
ਐਵੇਂ ਖਾਹ-ਮਖਾਹ

ਜੇ ਓਹ ਸਾਡੀ ਚੁੱਪ ਨਾਲ ਡਰਦਾ ਹੈ 
ਤਾਂ ਸਾਨੂੰ ਬੋਲਣ ਦੀ ਕੋਈ ਲੋੜ ਨਹੀ 
ਗੱਲ ਵਧੀ ਤਾਂ ਵੇਖਾਗੇ 
ਫਿਰ ਕਿਹੜਾ ਸਾਡੀਆਂ ਬਾਹਾਂ ਵਿਚ ਜੋਰ ਨਹੀ 
ਤੂੰ ਕਿਓਂ ਔਖਾ ਹੋ ਬਹਿ ਗਿਆਂ 
ਐਵੇਂ ਖਾਹ-ਮਖਾਹ 

ਦੁੱਖ ਸੁੱਖ ਰੋਣਾਂ ਹੱਸਣਾ
ਜਿੰਦਗੀ ਦਾ ਹਿੱਸਾ ਨੇ 
ਓਹੀ ਗਾਲਾਂ ਕੱਢਦੇ ਵੇਖੇ
ਜਿਹੜੇ ਕਰਦੇ ਸੀ ਕਦੇ ਵਾਹ ਵਾਹ 
ਤੂੰ ਦਿਲ ਤੇ ਨਾ ਲਾ 
ਐਵੇਂ ਖਾਹ-ਮਖਾਹ

ਜਿਸਨੂੰ ਕਹਿਣਾ ਚਾਹ ਰਿਹਾ ਸੀ 
ਓਸਨੇ ਸਮਝ ਲਿਆ 
ਤੂੰ ਕਾਸਤੋਂ ਰੁੱਸ ਗਿਆ 
ਐਵੇਂ ਖਾਹ-ਮਖਾਹ 


ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਮੇਰੇ ਬੇਸ਼ਰਮਾਂ ਦੇ ਦੇਸ ਵਿੱਚ ਹੋਈ ਗੈਰਤ ਤਾਰੋ ਤਾਰ
ਇੱਥੇ ਘਰ ਘਰ ਲਾਸ਼ਾਂ ਵੱਸਦੀਆਂ ਕਰਕੇ ਖੂਬ ਸਿਗਾਰ

ਕੋਈ ਸੜ੍ਹਕੇ ਤੁਰਦੀ ਜਾਂਵਦੀ ਮਹਿਫੂਜ਼ ਰਹੀ ਨਾ ਨਾਰ
ਹਰ ਲੰਡਾ ਬੁੱਚਾ ਉੱਠਦਾ ਕਰਦਾ ਇੱਜ਼ਤਾਂ ‘ਤੇ ਵਾਰ

ਖੜ੍ਹੀ ਕੂਕ ਦੁਹਾਈ ਪਾਂਵਦੀ ਕੋਈ ਅਬਲਾ ਵਿੱਚ ਬਜ਼ਾਰ
ਕੋਲੋਂ ਅੱਖ ਮੀਟ ਕੇ ਲੰਘਦੇ ਬਣੀ ਕਾਇਰਤਾ ਕਿਰਦਾਰ

ਕੋਈ ਆਣ ਗਲਾਵਿਓਂ ਨੱਪਦਾ ਕੋਈ ਲੀੜੇ ਦਏ ਉਤਾਰ
ਸਿਰ ਸੁੱਟ ਕੇ ਸਹਿੰਦੇ ਜਾਂਵਦੇ ਸਭ ਵੱਡ ਬਣੇ ਸਿਰਦਾਰ

ਕੋਈ ਹੇਕਾਂ ਲਾ ਲੱਕ ਮਿਣਦਾ ਕਰ ਧੀਆਂ ਭੈਣ ਖੁਆਰ
ਇਉਂ ਝੂਮ ਕੇ ਉਸਨੂੰ ਗਾਂਵਦੇ ਜਿਵ ਚੁੰਨੀਆਂ ਦਾ ਜਾਰ

ਨਸਲਾਂ ਜੋ ਰਹੇ ਉਜਾੜਦੇ ਸਿਰ ਦੀ ਰੋਲਣ ਦਸਤਾਰ
ਮੁੜ੍ਹ ਅੱਗੇ ਜਾ ਕੇ ਨਿਂਵਦੇ ਕਿਹੜੀ ਪਈ ਵੱਗਦੀ ਮਾਰ

ਚੰਦ ਦਮੜੇ ਬਸ ਟਪਕਾਂਵਦੇ ਜਿਹਨਾਂ ਮੂੰਹਾਂ ਤੋਂ ਲਾਰ
ਹੱਥ ਦੇ ਉਨ੍ਹਾਂ ਦੇ ਬੇੜੀਆਂ ਕਿਉਂ ਡੁੱਬਦੇ ਵਿੱਚ ਮੰਝਾਰ

ਕਿਉਂ ਬੀ ਨੂੰ ਦਾਗ ਲਾਂਵਦੇ ਕਰ ਕੇ ਗਿੱਦੜਾਂ ਦੀ ਕਾਰ 
ਕੰਵਲ ਉੱਠੋ ਜਾਗੋ ਸੁੱਤਿਓ ਅੱਜ ਅਣਖ ਰਹੀ ਵੰਗਾਰ

ਪੰਜਾਬੀ ਬੋਲੋ ਪੰਜਾਬੀ ਟੋਲੋ 

ਪੰਜਾਬੀ ਬੋਲੋ ਪੰਜਾਬੀ ਟੋਲੋ 
ਪੰਜਾਬੀ ਪੜੋ ਪੰਜਾਬੀ ਗੁੜੋ 

ਪੰਜਾਬੀ ਸਿੱਖੋ ਪੰਜਾਬੀ ਲਿਖੋ 
ਪੰਜਾਬੀ ਖਾਉ ਪੰਜਾਬੀ ਪਾਉ 

ਪੰਜਾਬੀ ਜੀਓ ਪੰਜਾਬੀ ਪੀਓ 
ਪੰਜਾਬੀ ਕਹੋ ਪੰਜਾਬੀ ਰਹੋ 

ਪੰਜਾਬੀ ਬਾਤ ਪੰਜਾਬੀ ਝਾਤ 
ਪੰਜਾਬੀ ਰੰਗ ਪੰਜਾਬੀ ਢੰਗ 

ਪੰਜਾਬੀ ਮਨ ਪੰਜਾਬੀ ਤਨ 
ਪੰਜਾਬੀ ਮਾਣ ਪੰਜਾਬੀ ਸ਼ਾਨ 

ਪੰਜਾਬੀ ਸੱਚ ਪੰਜਾਬੀ ਮਤ 
ਪੰਜਾਬੀ ਜਗ ਪੰਜਾਬੀ ਰੱਬ 

ਪੰਜਾਬੀ ਸੁਣੋ ਪੰਜਾਬੀ ਗੁਣੋ 
ਪੰਜਾਬੀ ਅਕਲ ਪੰਜਾਬੀ ਸ਼ਕਲ 

ਪੰਜਾਬੀ ਚਾਲ ਪੰਜਾਬੀ ਢਾਲ 
ਪੰਜਾਬੀ ਮਾਂ ਪੰਜਾਬੀ ਛਾਂ 

ਪੰਜਾਬੀ ਬਾਪ ਪੰਜਾਬੀ ਸਾਕ 
ਪੰਜਾਬੀ ਏਕ ਪੰਜਾਬੀ ਟੇਕ 

ਪੰਜਾਬੀ ਗੀਤ ਪੰਜਾਬੀ ਸੰਗੀਤ 
- ਬਲਬੀਰ ਸਿੰਘ  ਜੱਸੀ ਖਾਲਸਾ 

Saturday, 7 February 2015

ਗ਼ਜ਼ਲ - ਸੁਖਦਰਸ਼ਨ ਧਾਲੀਵਾਲ

ਕਰੀਂ ਨਾ ਸੋਗ ਮੇਰੇ ਜਾਣ ਦਾ ਤੂੰ ਬਸ ਦੁਆ ਦੇਵੀਂ
ਤੂੰ ਕਰਕੇ ਯਾਦ ਕੋਈ ਪਲ ਸੁਹਾਵਾ ਮੁਸਕੁਰਾ ਦੇਵੀਂ

ਜੇ ਮੈਂ ਤੈਨੂੰ ਮਿਲੇ ਬਿਨ ਹੀ ਅਚਾਨਕ ਤੁਰ ਗਿਆ ਏਥੋਂ
ਨਾ ਅਥਰੂ ਡੋਲ੍ਹ ਮੇਰੀ ਕਬਰ ਤੇ ਮੈਨੂੰ ਸਜ਼ਾ ਦੇਵੀਂ

ਤੜਪਦਾ ਮਰ ਗਿਆ ਜੇ ਮੈਂ ਤੇਰੇ ਰਾਹਾਂ 'ਚ ਤਿਰਹਾਇਆ
ਤੂੰ ਰਖ ਕੇ ਗੋਦ ਵਿਚ ਸਿਰ ਮੇਰਾ ਤੇਹ ਮੇਰੀ ਬੁਝਾ ਦੇਵੀਂ

ਮਿਲੇਗਾ ਚੈਨ ਮੇਰੀ ਰੂਹ ਨੂੰ, ਮਿਲ ਜਾਏਗੀ ਮੁਕਤੀ
ਤੂੰ ਛੁਹ ਕੇ ਰਾਖ਼ ਮੇਰੀ ਯਾਦ ਵਿਚ ਦੀਵਾ ਜਗਾ ਦੇਵੀਂ

ਜੇ ਕੋਈ ਖ਼ਤ ਮੇਰਾ ਤੈਨੂੰ ਰੁਲਾਏ ਯਾਦ ਵਿਚ ਮੇਰੀ
ਭੁਲਾ ਕੇ ਸ਼ਬਦ ਸਾਰੇ ਇਸ ਦੇ ਤੂੰ ਇਹਨੂੰ ਜਲਾ ਦੇਵੀਂ

ਜੇ ਕੋਈ ਅਣਕਹੀ ਗੱਲ ਰਹਿ ਗਈ ਹੋਵੇ ਤੇਰੇ ਦਿਲ ਵਿਚ
ਉਹਦੇ ਅਹਿਸਾਸ ਨੂੰ ਚੁੰਮ ਕੇ, ਬਣਾ ਤਿਤਲੀ ਉਡਾ ਦੇਵੀਂ

ਅਨਾਦੀ ਸਾਂਝ ਦੇ ਅਨੁਭਵ ਚੋਂ ਜੇ ਕੋਈ ਚੁਭਨ ਜਾਗੀ
ਤਾਂ ਦੇ ਲੋਰੀ ਰੁਹਾਨੀ ਵਲਵਲੇ ਦੀ ਤੂੰ ਸੁਲਾ ਦੇਵੀਂ

ਜੇ ਕੋਈ ਪਿਆਰ ਦਾ ਜੋਗੀ ਤੇਰੇ ਦਰ ਆ ਗਿਆ ਕਿਧਰੇ
ਸਮਝਕੇ ਅਕਸ ਮੇਰਾ, ਮੁਸਕੁਰਾਕੇ ਖ਼ੈਰ ਪਾ ਦੇਵੀਂ
ਮੁੱਦਤਾਂ ਦੇ ਪਿੱਛੋਂ - ਰਣਜੀਤ ਕਿੰਗਰਾ

ਮੁੱਦਤਾਂ ਦੇ ਪਿੱਛੋਂ ਪਿੰਡ ਆ ਕੇ ਘਰ ਖੋਲ੍ਹਿਆ,
ਮਾਪਿਆਂ ਨੂੰ ਚੇਤੇ ਕਰ ਕਰ ਦਰ ਖੋਲ੍ਹਿਆ,
ਕੰਧਾਂ ਵੱਲ ਤੱਕ ਕੇ ਉਦਾਸ ਜਿਹਾ ਹੋਈ ਜਾਵਾਂ।
ਬੇਬੇ ਦੇ ਸੰਦੂਕ ਵੱਲ, ਵੇਖ ਵੇਖ ਰੋਈ ਜਾਵਾਂ।

ਖੋਲ੍ਹੀ ਜਾਂ ਰਸੋਈ ਪਈ ਚਾਟੀ ਤੇ ਮਧਾਣੀ ਸੀ,
ਚੁੱਲਾ ਅਤੇ ਚੁਰ ਕੋਈ ਦੱਸਦੇ ਕਹਾਣੀ ਸੀ,
ਚਿਤ ਕਰੇ ਬੇਬੇ ਦੀ ਪਕਾਈ ਹੋਈ ਰੋਟੀ ਖਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ। 

ਬਾਹਰਲੀ ਕੰਧੋਲੀ ਉਤੇ ਉਵੇਂ ਮੋਰ ਘੁੱਗੀਆਂ,
ਪਿਛਲੀ ਸਵਾਤ ਵਿਚ ਸੀਤੇ ਦੀਆਂ ਗੁੱਡੀਆਂ,
ਗੁੱਡੀਆਂ ਪਟੋਲਿਆਂ ਨੂੰ ਚੁੱਕ ਚੁੱਕ ਟੋਹੀ ਜਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ।

ਇਕ ਖੂੰਜੇ ਹਲ਼ ਟੰਗੀ ਕੰਧ 'ਤੇ ਪੰਜਾਲੀ਼ ਸੀ,
ਪਿੱਛੇ ਪੜਛੱਤੀ ਉਤੇ ਡਾਂਗ ਸੰਮਾਂ ਵਾਲ਼ੀ ਸੀ,
ਦਿਲ ਵਿਚੋਂ ਉਠਦੀ ਮੈਂ ਚੀਸ ਨੂੰ ਲੁਕੋਈ ਜਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ। 

ਰੱਬ ਬੰਦੇ ਨੂੰ - ਸਿਰਦਾਰ ਦਰਸ਼ਨ ਸਿੰਘ ਅਵਾਰਾ’

ਓ ਜੂਨਾਂ ‘ਚੋਂ ਉਤਮ ਨੂਰ ਬੰਦੇ !
ਮੇਰੀ ਅੰਸ਼ ਤੇ ਨਾਂ ਤੇ ਮਸ਼ਹੂਰ ਬੰਦੇ !
ਓ ਮਜ਼ਹਬ ਦੀ ਮਸਤੀ ‘ਚ ਮਸਰੂਰ ਬੰਦੇ !
ਓ ਹੋਣੀ ਤੇ ‘ਕਿਸਮਤ’ ਤੋਂ ਮਜ਼ਬੂਰ ਬੰਦੇ !

                                               ਤੂੰ ਅਜ ਹੋਰ ਦਾ ਹੋਰ ਹੀ ਬਣ ਗਿਆ ਏਂ,
                                                     ਤੈਨੂੰ ਕੀ ਬਣਾਇਆ ਸੀ ? ਕੀ ਬਣ ਗਿਆ ਏਂ ?

ਤੇਰੇ ਜ਼ਿੰਮੇ ਲਾਈ ਸੀ ‘ਸੱਚ’ ਦੀ ਹਿਮਾਇਤ।
ਮੁਥਾਜੀ ਤੋਂ ਘਿਰਣਾ, ਗੁਲਾਮੀ ਤੋਂ ਨਫਰਤ।
ਦੁਖੀ ਵਾਸਤੇ ਦਰਦ, ਹੰਝੂ ਤੇ ਖਿਦਮਤ।
ਤੇਰੇ ਕੋਲ ਸੀ ਅਮਨ, ਜਗ ਦੀ ਅਮਾਨਤ।

                                                      ਸੈਂ ਹੋਣੀ ਦਾ ਕਾਦਰ, ਤੇ ਕਿਸਮਤ ਦਾ ਸੁਆਮੀ’
                                              ਲਿਖੀ ਨਹੀਂ ਸੀ ਤੇਨੂੰ ਕਿਸੇ ਦੀ ਗੁਲਾਮੀ।

ਤੂੰ ਬਣ ਬੈਠੋਂ ਚਿੰਨ੍ਹਾਂ ਤੇ ਰੀਤਾ ਦਾ ਕੈਦੀ।
ਕਿਤਾਬਾਂ ਤੇ ਮੰਦਰਾਂ ਮਸੀਤਾਂ ਦਾ ਕੈਦੀ।
ਕਰਾਮਾਤ, ਟੂਣੇ, ਤਵੀਤਾਂ ਦਾ ਕੈਦੀ।
ਨਾ ਬਣਿਉਂ ਮੁਹੱਬਤਾਂ ਪ੍ਰੀਤਾਂ ਦਾ ਕੈਦੀ।

                                                ਦਿਮਾਗੀ ਜ਼ੰਜ਼ੀਰਾਂ ਕਿਆਸੀ ਇਹ ਕੜੀਆਂ,
                                                  ਤੂੰ ਆਪੇ ਬਣਾਈਆਂ ਨੇ ਮੈਂ ਤੇ ਨਹੀਂ ਘੜੀਆਂ।

ਤੇਰੇ ਹੱਥ ‘ਚ’ ਮਾਲਾ ਤੇ ਸੀਨੇ ‘ਚ’ ਸਾੜੇ।
ਤਿਲਕ ਤੇਰੇ ਮੱਥੇ ਤੇ ਹੱਥੀਂ ਕੁਹਾੜੇ।
ਮਾਰਾ ਨਾਮ ਲੈ ਲੈ ਤੂੰ ਪਾਏ ਪੁਆੜੇ।
ਕਈ ਦਿਲ ਤਰੋੜੇ, ਤੇ ਕਈ ਘਰ ਉਜਾੜੇ।

                                                   ਤੇਰੀ ਪਿੱਠ ਤੇ ਮੁਫਤੀ, ਹਮਾਇਤੀ ਤੇ ਕਾਜ਼ੀ।
                                              ਜੋ ‘ਕਾਤਿਲ’ ਤੋਂ ਤੈਨੂੰ ਬਣਾ ਦੇਣ ਗਾਜ਼ੀ।

ਤੂੰ ਛੁਰੀਆਂ ਚਲਾਨਾਂ, ਮੇਰਾ ਨਾਮ ਲੈ ਕੇ।
ਤੂੰ ਵੰਡੀਆਂ ਪਵਾਨਾ, ਮੇਰਾ ਨਾਮ ਲੈ ਕੇ।
ਤੂੰ ਲੜਨਾ ਲੜਾਨਾ, ਮੇਰਾ ਨਾਮ ਲੈ ਕੇ।
ਦਿਲਾਂ ਨੂੰ ਦੁਖਾਨਾ ਮੇਰਾ ਨਾਮ ਲੈ ਕੇ।

                                            ਮੇਰੇ ਪੁੱਤਰਾਂ ਨਾਲ ਠੱਗੀਆਂ, ਬਹਾਨੇ।
                                            ਮੇਰੇ ਨਾਲ ਗੰਢਨਾ ਏਂ, ਆ ਕੇ ਯਰਾਨੇ।

ਤੂੰ ਕਰਨਾ ਏਂ ਠੱਗੀਆਂ, ਪਵਾਨਾ ਏਂ ਡਾਕੇ।
ਕਮਾਨਾ ਏਂ ਵੱਢੀਆਂ, ਖਵਾ ਕੇ ਤੇ ਖਾ ਕੇ।
ਗਰੀਬਾਂ ਦੀ ਰੱਤ ਚੋ ਕੇ, ਉਸ ਵਿਚ ਨਹਾ ਕੇ।
ਮੇਰੇ ਅੱਗੇ ਧਰਨੈਂ, ਚੜਾਵੇ ਲਿਆ ਕੇ।

                                                          ਕੜਾਹ ਤੇ ਮੈਂ ਡੁਲ ਜਾਂਵਾਂ ਲੋਲਾ ਨਹੀਂ ਹਾਂ।
                                                      ਤੂੰ ਭੁਲਨਾਂ ਏ, ਮੈਂ ਏਨਾ ਭੋਲਾ ਨਹੀਂ ਹਾਂ।

ਕਦੇ ਕੋਈ ਰੋਂਦਾ ਹਸਾਇਆ ਈ! ਦਸ ਖਾਂ?
ਕਦੇ ਕੋਈ ਡਹਿੰਦਾ ਉਠਾਇਆ ਈ! ਦਸ ਖਾਂ?
ਕਦੋ ਕੋਈ ਰੁੜ੍ਹਦਾ ਬਚਾਇਆ ਈ! ਦਸ ਖਾਂ?
ਕਦੇ ਕੋਈ ਰੁਠਾ ਮਨਾਇਆਂ ਈ! ਦਸ ਖਾਂ?

                                                  ਜੇ ਹੱਥੀਂ ਨਹੀਂ ਫੱਟ, ਕਿਸੇ ਦਾ ਤੂੰ ਸੀਤਾ,
                                                      ਨਿਰੀ ਮਾਲਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ।

ਸਿਰਦਾਰ ਦਰਸ਼ਨ ਸਿੰਘ ਅਵਾਰਾ’ (1906) ਦੀ ਕਵਿਤਾ ‘ ਰੱਬ ਬੰਦੇ ਨੂੰ ’ ਵਿਚੋਂ ਕੁੱਝ ਵੰਨਗੀਆਂ
ਰੱਬ ਦੀ ਪਹਿਚਾਣ - ਗੁਰਮੀਤ ਸਿੰਘ ਬਰਸਾਲ

ਜੇਕਰ ਜੱਗ ਨੂੰ ਤੂੰ ਰੱਬ ਦੀ ਸੰਤਾਨ ਕਹਿਨਾ ਏਂ ।
ਕਾਹਤੋਂ ਬੰਦਿਆ ਫਿਰ ਨਫਰਤਾਂ ਦਾ ਨਾਮ ਲੈਨਾ ਏਂ ।।

ਹੁੰਦਾ ਧਰਮ ਤਾ ਇੱਕੋ ਹੀ ਹੈ ਸਾਰੀ ਲੁਕਾਈ ਦਾ,
ਫਿਰ ਕਿਓਂ ਜਾਤ, ਨਸਲ, ਵਰਗ, ਮਜਹਬ ਥ੍ਹਾਮ ਲੈਨਾ ਏ ।।

ਖੁਦਾ ਨੂੰ ਆਖਕੇ ਅਕਬਰ ਉਸੇ ਦੇ ਨਾਮ ਦੇ ਥੱਲੇ,
ਉਸੇ ਦੇ ਬੱਚਿਆਂ ਦਾ ਕਰ ਦਿਓ ਕਤਲਿਆਮ ਕਹਿਨਾ ਏਂ ।।

ਉਹ ਤਾਂ ਇੱਕ ਹੀ ਸ਼ਕਤੀ ਜੀਹਨੇ ਬ੍ਰਹਿਮੰਡ ਰਚਿਆ ਹੈ,
ਜਿਸਨੂੰ ਗੌਡ, ਅੱਲਾ, ਰੱਬ ਤੇ ਭਗਵਾਨ ਕਹਿਨਾ ਏਂ ।।

ਭਾਵੇਂ ਜੀ ਰਿਹੈਂ ਵੱਖ ਵੱਖ ਮਗਰ ਵਿੱਚ ਜਾਨ ਇੱਕੋ ਹੈ,
ਖਲਕਤ ਜੋੜਕੇ ਸਾਰੀ ਇੱਕੋ ਇਨਸਾਨ ਰਹਿਨਾ ਏਂ ।।

ਜਿਵੇਂ ਰੱਬ ਇੱਕੋ ਹੈ ਤਿਵੇਂ ਵਿੱਚ ਆਤਮਾ ਇੱਕੋ,
ਜਿਸਨੂੰ ਅਗਿਆਨਤਾ ਰਾਹੀਂ ਤੂੰ ਵੱਖਰੀ ਜਾਣ ਲੈਨਾ ਏ।।

ਇੱਕੋ ਊਰਜਾ ਖਿੰਡਦੀ ਤੇ ਆਖਿਰ ਇੱਕ ਹੋ ਜਾਂਦੀ,
ਦਿਮਾਗੋਂ ਸੋਚਦਾਂ ਜਦ ਵੀ ਇਹਨੂੰ ਵਿਗਿਆਨ ਕਹਿਨਾ ਏਂ।।

ਜਦ ਤੂੰ ਪਿਆਰ ਦੀ ਭਾਸ਼ਾ ਤੋਂ ਕਿਧਰੇ ਦੂਰ ਹੋ ਜਾਨਾ,
ਛੱਡਕੇ ਧਰਮ ਨੂੰ ਮਜਹਬਾਂ ਦਾ ਬੁਰਕਾ ਤਾਣ ਲੈਨਾ ਏਂ ।।

ਆਪਣੀ ਸੋਚ ਦੇ ਤੁੰ ਵੱਖੋ ਵੱਖਰੇ ਰੱਬ ਘੜ ਘੜਕੇ,
ਆਪਣੇ ਰੱਬ ਨੂੰ ਅਸਲੀ ਤੇ ਵੱਡਾ ਠਾਣ ਲੈਨਾ ਏਂ ।।

ਜਿਹੜੇ ਰਸਤਿਓਂ ਬੰਦੇ ਤੋਂ ਬੰਦਾ ਦੂਰ ਹੁੰਦਾ ਹੈ,
ਉਹਨੂੰ ਧਰਮ ਦਾ ਰਸਤਾ ਤੂੰ ਕਿੰਝ ਪਰਵਾਨ ਲੈਨਾ ਏਂ ।।

ਖੁਦਾ ਮਹਿਸੂਸ ਕਰਨਾ ਹੈ ਤਾਂ ਸਿੱਖ ਬੋਲੀ ਮੁਹੱਬਤ ਦੀ,
ਮੰਤਰ ਜੁਗਤੀਆਂ ਕਾਰਣ ਹੀ ਤੂੰ ਪਰੇਸ਼ਾਨ ਰਹਿਨਾ ਏਂ ।।

ਖੁਦਾ ਨੂੰ ਲੱਭਣੇ ਜਾਂ ਪੂਜਣੇ ਦੀ ਲੋੜ ਰਹਿਣੀ ਨਹੀਂ,
ਅਗਰ ਤੂੰ ਬੰਦਿਆਂ ਵਿੱਚ ਵਸ ਰਿਹਾ ਪਹਿਚਾਣ ਲੈਨਾ ਏਂ ।।

Friday, 6 February 2015


ਜਦ ਹੋਸ਼ ਆਈ ‪ - ਜੁਗਰਾਜ ਸਿੰਘ‬

ਜਦ ਹੋਸ਼ ਆਈ ਸਭ ਕੁਝ ਲੁਟਾ ਚੁੱਕੇ ਸੀ
ਧੀਆਂ ਪੁੱਤ ਤਬਾਹੀ ਵੱਲ ਨੂੰ ਪਾ ਚੁੱਕੇ ਸੀ!

ਕੁਝ ਦੇ ਲਾਲਚ ਨੇ ਸਾਰੀ ਕੌਮ ਗੁਲਾਮ ਕਰੀ
ਇੱਜ਼ਤ ਸ਼ੋਹਰਤ ਤਖਤਾਂ ਨੂੰ ਗਵਾ ਚੁੱਕੇ ਸੀ!

ਨਾਨਕ ਨੂੰ ਪਾਗਲ ਸਨਕੀ ਆਖ ਦਿੱਤਾ
ਤੇ ਅਸੀਂ ਦਾਅਵਤ ਭਾਗੋ ਦੀ ਖਾ ਚੁੱਕੇ ਸੀ!

ਸਿਵਿਆਂ ਦੀ ਖਾਕ ਚੋ ਲੱਭੇ ਹੱਡ ਚੁੰਮੀ ਗਏ
ਮੋਏ ਪੁੱਤਰਾਂ ਲਈ ਹੰਝੂ ਬੜੇ ਵਹਾ ਚੁੱਕੇ ਸੀ!

ਦਿਲ ਪੱਥਰ ਕਰਲੇ ਪੱਥਰਾਂ ਦੇ ਘਰਾਂ ਅੰਦਰ
ਮੋਹ ਨਾਲ ਲਥਪਥ ਕੁੱਲੀਆਂ ਢਾਹ ਚੁੱਕੇ ਸੀ!

ਕਈ ਦਫ਼ਾ ਡਰ ਗਏ ਅਸੀਂ ਅਸਲੀਅਤ ਤੋਂ 
ਸੱਚ ਨੂੰ ਖੁਦ ਤੋਂ ਹੀ ਅਸੀ ਲੁਕਾ ਚੁੱਕੇ ਸੀ!

ਵਰਿਆਂ ਤੱਕ ਕੌਮੀ ਘਰ ਲਈ ਲੜਦੇ ਰਹੇ
ਤੇ ਫਿਰ ਆਖਰ ਨੂੰ ਪਰਦੇਸੀਂ ਜਾ ਚੁੱਕੇ ਸੀ!