ਜਦ ਹੋਸ਼ ਆਈ - ਜੁਗਰਾਜ ਸਿੰਘ
ਜਦ ਹੋਸ਼ ਆਈ ਸਭ ਕੁਝ ਲੁਟਾ ਚੁੱਕੇ ਸੀ
ਧੀਆਂ ਪੁੱਤ ਤਬਾਹੀ ਵੱਲ ਨੂੰ ਪਾ ਚੁੱਕੇ ਸੀ!
ਕੁਝ ਦੇ ਲਾਲਚ ਨੇ ਸਾਰੀ ਕੌਮ ਗੁਲਾਮ ਕਰੀ
ਇੱਜ਼ਤ ਸ਼ੋਹਰਤ ਤਖਤਾਂ ਨੂੰ ਗਵਾ ਚੁੱਕੇ ਸੀ!
ਨਾਨਕ ਨੂੰ ਪਾਗਲ ਸਨਕੀ ਆਖ ਦਿੱਤਾ
ਤੇ ਅਸੀਂ ਦਾਅਵਤ ਭਾਗੋ ਦੀ ਖਾ ਚੁੱਕੇ ਸੀ!
ਸਿਵਿਆਂ ਦੀ ਖਾਕ ਚੋ ਲੱਭੇ ਹੱਡ ਚੁੰਮੀ ਗਏ
ਮੋਏ ਪੁੱਤਰਾਂ ਲਈ ਹੰਝੂ ਬੜੇ ਵਹਾ ਚੁੱਕੇ ਸੀ!
ਦਿਲ ਪੱਥਰ ਕਰਲੇ ਪੱਥਰਾਂ ਦੇ ਘਰਾਂ ਅੰਦਰ
ਮੋਹ ਨਾਲ ਲਥਪਥ ਕੁੱਲੀਆਂ ਢਾਹ ਚੁੱਕੇ ਸੀ!
ਕਈ ਦਫ਼ਾ ਡਰ ਗਏ ਅਸੀਂ ਅਸਲੀਅਤ ਤੋਂ
ਸੱਚ ਨੂੰ ਖੁਦ ਤੋਂ ਹੀ ਅਸੀ ਲੁਕਾ ਚੁੱਕੇ ਸੀ!
ਵਰਿਆਂ ਤੱਕ ਕੌਮੀ ਘਰ ਲਈ ਲੜਦੇ ਰਹੇ
ਤੇ ਫਿਰ ਆਖਰ ਨੂੰ ਪਰਦੇਸੀਂ ਜਾ ਚੁੱਕੇ ਸੀ!
No comments:
Post a Comment