Thursday, 12 February 2015

ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਮੇਰੇ ਬੇਸ਼ਰਮਾਂ ਦੇ ਦੇਸ ਵਿੱਚ ਹੋਈ ਗੈਰਤ ਤਾਰੋ ਤਾਰ
ਇੱਥੇ ਘਰ ਘਰ ਲਾਸ਼ਾਂ ਵੱਸਦੀਆਂ ਕਰਕੇ ਖੂਬ ਸਿਗਾਰ

ਕੋਈ ਸੜ੍ਹਕੇ ਤੁਰਦੀ ਜਾਂਵਦੀ ਮਹਿਫੂਜ਼ ਰਹੀ ਨਾ ਨਾਰ
ਹਰ ਲੰਡਾ ਬੁੱਚਾ ਉੱਠਦਾ ਕਰਦਾ ਇੱਜ਼ਤਾਂ ‘ਤੇ ਵਾਰ

ਖੜ੍ਹੀ ਕੂਕ ਦੁਹਾਈ ਪਾਂਵਦੀ ਕੋਈ ਅਬਲਾ ਵਿੱਚ ਬਜ਼ਾਰ
ਕੋਲੋਂ ਅੱਖ ਮੀਟ ਕੇ ਲੰਘਦੇ ਬਣੀ ਕਾਇਰਤਾ ਕਿਰਦਾਰ

ਕੋਈ ਆਣ ਗਲਾਵਿਓਂ ਨੱਪਦਾ ਕੋਈ ਲੀੜੇ ਦਏ ਉਤਾਰ
ਸਿਰ ਸੁੱਟ ਕੇ ਸਹਿੰਦੇ ਜਾਂਵਦੇ ਸਭ ਵੱਡ ਬਣੇ ਸਿਰਦਾਰ

ਕੋਈ ਹੇਕਾਂ ਲਾ ਲੱਕ ਮਿਣਦਾ ਕਰ ਧੀਆਂ ਭੈਣ ਖੁਆਰ
ਇਉਂ ਝੂਮ ਕੇ ਉਸਨੂੰ ਗਾਂਵਦੇ ਜਿਵ ਚੁੰਨੀਆਂ ਦਾ ਜਾਰ

ਨਸਲਾਂ ਜੋ ਰਹੇ ਉਜਾੜਦੇ ਸਿਰ ਦੀ ਰੋਲਣ ਦਸਤਾਰ
ਮੁੜ੍ਹ ਅੱਗੇ ਜਾ ਕੇ ਨਿਂਵਦੇ ਕਿਹੜੀ ਪਈ ਵੱਗਦੀ ਮਾਰ

ਚੰਦ ਦਮੜੇ ਬਸ ਟਪਕਾਂਵਦੇ ਜਿਹਨਾਂ ਮੂੰਹਾਂ ਤੋਂ ਲਾਰ
ਹੱਥ ਦੇ ਉਨ੍ਹਾਂ ਦੇ ਬੇੜੀਆਂ ਕਿਉਂ ਡੁੱਬਦੇ ਵਿੱਚ ਮੰਝਾਰ

ਕਿਉਂ ਬੀ ਨੂੰ ਦਾਗ ਲਾਂਵਦੇ ਕਰ ਕੇ ਗਿੱਦੜਾਂ ਦੀ ਕਾਰ 
ਕੰਵਲ ਉੱਠੋ ਜਾਗੋ ਸੁੱਤਿਓ ਅੱਜ ਅਣਖ ਰਹੀ ਵੰਗਾਰ

No comments:

Post a Comment