ਗ਼ਜ਼ਲ - ਸੁਖਦਰਸ਼ਨ ਧਾਲੀਵਾਲ
ਕਰੀਂ ਨਾ ਸੋਗ ਮੇਰੇ ਜਾਣ ਦਾ ਤੂੰ ਬਸ ਦੁਆ ਦੇਵੀਂ
ਤੂੰ ਕਰਕੇ ਯਾਦ ਕੋਈ ਪਲ ਸੁਹਾਵਾ ਮੁਸਕੁਰਾ ਦੇਵੀਂ
ਜੇ ਮੈਂ ਤੈਨੂੰ ਮਿਲੇ ਬਿਨ ਹੀ ਅਚਾਨਕ ਤੁਰ ਗਿਆ ਏਥੋਂ
ਨਾ ਅਥਰੂ ਡੋਲ੍ਹ ਮੇਰੀ ਕਬਰ ਤੇ ਮੈਨੂੰ ਸਜ਼ਾ ਦੇਵੀਂ
ਤੜਪਦਾ ਮਰ ਗਿਆ ਜੇ ਮੈਂ ਤੇਰੇ ਰਾਹਾਂ 'ਚ ਤਿਰਹਾਇਆ
ਤੂੰ ਰਖ ਕੇ ਗੋਦ ਵਿਚ ਸਿਰ ਮੇਰਾ ਤੇਹ ਮੇਰੀ ਬੁਝਾ ਦੇਵੀਂ
ਮਿਲੇਗਾ ਚੈਨ ਮੇਰੀ ਰੂਹ ਨੂੰ, ਮਿਲ ਜਾਏਗੀ ਮੁਕਤੀ
ਤੂੰ ਛੁਹ ਕੇ ਰਾਖ਼ ਮੇਰੀ ਯਾਦ ਵਿਚ ਦੀਵਾ ਜਗਾ ਦੇਵੀਂ
ਜੇ ਕੋਈ ਖ਼ਤ ਮੇਰਾ ਤੈਨੂੰ ਰੁਲਾਏ ਯਾਦ ਵਿਚ ਮੇਰੀ
ਭੁਲਾ ਕੇ ਸ਼ਬਦ ਸਾਰੇ ਇਸ ਦੇ ਤੂੰ ਇਹਨੂੰ ਜਲਾ ਦੇਵੀਂ
ਜੇ ਕੋਈ ਅਣਕਹੀ ਗੱਲ ਰਹਿ ਗਈ ਹੋਵੇ ਤੇਰੇ ਦਿਲ ਵਿਚ
ਉਹਦੇ ਅਹਿਸਾਸ ਨੂੰ ਚੁੰਮ ਕੇ, ਬਣਾ ਤਿਤਲੀ ਉਡਾ ਦੇਵੀਂ
ਅਨਾਦੀ ਸਾਂਝ ਦੇ ਅਨੁਭਵ ਚੋਂ ਜੇ ਕੋਈ ਚੁਭਨ ਜਾਗੀ
ਤਾਂ ਦੇ ਲੋਰੀ ਰੁਹਾਨੀ ਵਲਵਲੇ ਦੀ ਤੂੰ ਸੁਲਾ ਦੇਵੀਂ
ਜੇ ਕੋਈ ਪਿਆਰ ਦਾ ਜੋਗੀ ਤੇਰੇ ਦਰ ਆ ਗਿਆ ਕਿਧਰੇ
ਸਮਝਕੇ ਅਕਸ ਮੇਰਾ, ਮੁਸਕੁਰਾਕੇ ਖ਼ੈਰ ਪਾ ਦੇਵੀਂ
No comments:
Post a Comment