ਮਾਂ ਬੋਲੀ - ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ
ਉੱਠ ਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ
ਸਾਡੀ ਜਿੰਦ ਨਿਮਾਣੀ ਕੂਕਦੀ ਅਸੀਂ ਰੁਲ ਗਏ ਵਿੱਚ ਪ੍ਰਦੇਸ
ਸਾਡਾ ਹਰ ਦਮ ਜੀਉ ਕੁਰਲਾਂਵਦਾ ਸਾਡੀ ਨੀਰ ਵਗਾਏ ਅੱਖ
ਅਸੀਂ ਜਿਉਂਦੀ ਜਾਨੇ ਮਰ ਗਏ ਸਾਡਾ ਮਾਧੋ ਹੋਇਆ ਵੱਖ
ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ
ਸਾਡੇ ਅੰਦਰ ਬੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ
ਅਸਾਂ ਸ਼ੌਹ ਗਮਾਂ ਵਿੱਚ ਡੁੱਬਦੇ ਸਾਡੀ ਰੁੜ੍ਹ ਗਈ ਨਾਵ ਪਤਵਾਰ
ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ
ਅਸਾਂ ਨੈਣਾਂ ਦੇ ਖੂਹ ਗੇੜਕੇ ਕੀਤੀ ਵੱਤਰ ਦਿਲ ਦੀ ਭੋਂ
ਇਹ ਬੰਜਰ ਰਹੀ ਨਿਮਾਨੜੀ ਸਾਨੂੰ ਸੱਜਣ ਤੇਰੀ ਸੌਂਹ
ਅਸਾਂ ਉੱਤੋਂ ਸ਼ਾਂਤ ਹਾਂ ਜਾਪਦੇ ਸਾਡੇ ਅੰਦਰ ਲੱਗੀ ਜੰਗ
ਸਾਨੂੰ ਚੁੱਪ ਚੁਪੀਤਾ ਵੇਖਕੇ ਪਏ ਆਖਣ ਲੋਕ ਮਲੰਗ
ਅਸਾਂ ਖੁੱਭੇ ਗੰਮ ਦੇ ਖੋਭੜੇ ਸਾਡੇ ਲੰਬੇ ਹੋ ਗਏ ਕੇਸ
ਪਾ ਤਾਣੇ ਬਾਣੇ ਸੋਚ ਦੇ ਅਸੀਂ ਬੁਣਦੇ ਰਹਿੰਦੇ ਖੇਸ
ਹੁਣ ਛੇਤੀਂ ਬਹੁੜੀਂ ਬੁੱਲ੍ਹਿਆ ਸਾਡੀ ਸੂਲੀ ਟੰਗੀ ਜਾਨ
ਤੈਨੂੰ ਵਾਸਤਾ ਏ ਸ਼ਾਹ ਇਨਾਇਤ ਦਾ ਨਾ ਤੋੜੀਂ ਸਾਡਾ ਮਾਣ
ਅਸੀਂ ਪੈਰੀਂ ਪਾ ਲਏ ਘੁੰਗਰੂ ਸਾਡੀ ਪਾਵੇ ਜਿੰਦ ਧਮਾਲ
ਸਾਡੀ ਜਾਨ ਲਬਾਂ ਤੇ ਅੱਪੜੀ ਹੁਣ ਛੇਤੀਂ ਮੁੱਖ ਵਖਾਲ
ਸਾਡੇ ਸਿਰ ਤੇ ਸੂਰਜ ਹਾੜ੍ਹ ਦਾ ਸਾਡੇ ਅੰਦਰ ਸੀਤ ਸਿਆਲ
ਬਣ ਛਾਂ ਹੁਣ ਚੇਤਰ ਰੁੱਖ ਦੀ ਸਾਡੇ ਅੰਦਰ ਭਾਂਬੜ ਬਾਲ
ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਇੱਕ ਲੂੰਅ
ਅਸਾਂ ਖੁਦ ਨੂੰ ਭੁੱਲੇ ਸਾਵਲਾ ਅਸਾਂ ਹਰ ਪਲ ਜਪਿਆ ਤੂੰ
ਸਾਨੂੰ ਚਿੰਤਾ ਚਿਖਾ ਚਿੜ੍ਹਾਂਵਦੀ ਸਾਡੇ ਤਿੜਕਣ ਲੱਗੇ ਹੱਡ
ਫੜ ਲੇਖਾਂ ਬਰਛੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ
ਅਸਾਂ ਧੁਰ ਤੋਂ ਦੁੱਖੜੇ ਝਾਗਦੇ ਸਾਡੇ ਲੇਖੀਂ ਲਿਖਿਆ ਸੋਗ
ਸਾਡੀ ਵਾਟ ਲਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ
ਸਾਡੇ ਵਿਹੜੇ ਫੂਹੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ
ਇਹ ਔਕੜ ਸਾਡੀ ਟਾਲ ਦੇ ਤੇਰਾ ਜੀਵੇ ਸ਼ਹਿਰ ਕਸੂਰ
ਆਹ ਵੇਖ ਸੁਖਨ ਦਿਆ ਵਾਰਿਸਾ ਤੇਰੇ ਜੰਡਿਆਲੇ ਦੀ ਖੈਰ
ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ
ਅੱਜ ਹੀਰ ਤੇਰੀ ਪਈ ਸਹਿਕਦੀ ਅੱਜ ਕੈਦੋ ਚੜ੍ਹਿਆ ਰੰਗ
ਅੱਜ ਤਖਤ ਹਜ਼ਾਰੇ ਢਹਿ ਗਏ ਅੱਜ ਉੱਜੜਿਆ ਤੇਰਾ ਝੰਗ
ਅੱਜ ਬੇਲੇ ਹੋ ਗਏ ਸੁੰਨੜੇ ਅੱਜ ਸੁੱਕਿਆ ਵੇਖ ਝਨਾਅ
ਅੱਜ ਫਿਰ ਨਾ ਉੱਜੜਦਾ ਰਾਂਝੜੇ ਅੱਜ ਖੇੜੇ ਕਰਦੇ ਚਾਅ
ਅੱਜ ਟੁੱਟੀ ਵੰਝਲੀ ਪ੍ਰੀਤ ਦੀ ਅੱਜ ਮੁੱਕੇ ਸੁਖ ਦੇ ਗੀਤ
ਬਣ ਯੋਗੀ ਦਰ ਦਰ ਟੋਲ੍ਹਿਆ ਸਾਨੂੰ ਕੋਈ ਨਾ ਮਿਲਿਆ ਮੀਤ
ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ
ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ
ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸੀਂ ਵੇਲੇ ਦੇ ਸੁਕਰਾਤ
ਅਸੀਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜੱਗ ਤੋਂ ਵੱਖਰੀ ਬਾਤ
ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ
ਜਿੰਦ ਹਿਜਰ ਕਰੀਰੇ ਫਸ ਕੇ ਅੱਜ ਹੋ ਗਈ ਲੀਰੋ ਲੀਰ
ਸਾਨੂੰ ਜੋਬਣ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ
ਕਿਸ ਖੋਹਿਆ ਸਾਡਾ ਜੋਬਣਾਂ ਸਾਨੂੰ ਕੇਹਾ ਲੱਗਾ ਰੋਗ
ਅਸਾਂ ਪੀੜ੍ਹਾਂ ਦਾ ਵੰਝ ਪਾ ਲਿਆ ਸਾਨੂੰ ਦੁੱਖਾਂ ਚਾੜ੍ਹੀ ਪਾਣ
ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੂੰਬੇ ਉਡਦੇ ਜਾਣ
ਅਸੀਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ
ਅਸਾਂ ਮਰਣ ਦਿਹਾੜ ਉਡੀਕਦੇ ਸਾਡੀ ਵਧਦੀ ਜਾਵੇ ਸੌੜ
ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕਹਿਰੀ ਛਾਂ
ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੂਸੇ ਧਰਤੀ ਮਾਂ
ਸਾਡੀ ਉੱਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਇੱਕ ਝਾਤ
ਸਾਡੇ ਸਿਰ ਤੋਂ ਅੰਨ੍ਹੀ ਰਾਤ ਨੂੰ ਹੁਣ ਕਰ ਸਾਂਈਆਂ ਸ਼ਬਰਾਤ
ਹੁਣ ਆ ਬਾਹੂ ਸੁਲਤਾਨਿਆ ਸਾਨੂੰ ਦਰਦਾਂ ਲਿਆ ਲਿਤਾੜ
ਅੱਜ ਤੋੜ ਜੰਜੀਰੀ ਦੁੱਖ ਦੀ ਅੱਜ ਹੂ ਦਾ ਨਾਅਰਾ ਮਾਰ
ਸਾਨੂੰ 'ਅਲਫ' ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ 'ਬੇ' ਦੀ ਲੋੜ
ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ
ਇੱਥੇ ਤਿੜਦੇ ਸਭ ਇਮਾਨ ਤੇ ਇੱਥੇ ਉਡਦੀ ਇਸ਼ਕ ਦੀ ਧੂੜ
ਜੋ ਇਸ਼ਕ ਸਲਾਮਤ ਮੰਗਦਾ ਫੜ ਉਸਨੂੰ ਲੈਂਦੇ ਨੂੜ
ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵਧਦੀ ਜਾਵੇ ਪਿਆਸ
ਬਣ ਬੱਦਲ ਸਾਵਣ ਵਾਅ ਦਾ ਸਾਡੀ ਪੂਰੀ ਕਰਦੇ ਆਸ
ਅਸਾਂ ਆਪਣੀ ਕਬਰੇ ਆਪ ਹੀ ਲਏ ਲਹੂ ਦੇ ਦੀਵੇ ਬਾਲ
ਅਸਾਂ ਬੇ-ਗੁਰਿਆਂ ਦੇ ਸ਼ਹਿਰ ਵਿੱਚ ਇਹ ਕੀਤਾ ਨਵਾਂ ਕਮਾਲ
ਆ ਸਾਂਈਂ ਦਮੜੀ ਸ਼ਾਹ ਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ
ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਵਿੱਚ ਉੱਠਦੀ ਹੂਕ
ਸਾਨੂੰ ਗੁੜ੍ਹਤੀ ਦੇ ਦੇ ਸੁਖਨ ਦੀ ਸਾਡੀ ਕਰਦੇ ਸਾਫ ਜ਼ਬਾਨ
ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ
ਅਸਾਂ ਰਾਤੀਂ ਉੱਠ ਉੱਠ ਪਿਟਦੇ ਸਾਡੇ ਪਈ ਕਾਲਜੇ ਸੋਜ
ਅਸਾਂ ਛਮ ਛਮ ਰੋਂਦੇ ਪਿਆਰਿਆ ਸਾਨੂੰ ਹਰਦਮ ਤੇਰੀ ਖੋਜ
ਅਸਾਂ ਮੁਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ੍ਹ
ਅਸਾਂ ਰਹਿ ਗਏ ਕੱਲ ਮੁਕੱਲੜੇ ਸਾਡਾ ਵੈਰੀ ਹੋਇਆ ਕੁਲ
ਸਾਡੇ ਨੈਣੀਂ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ
ਹਰ ਰਾਤੀਂ ਛਵੀਆਂ ਮਾਰਦੇ ਸਾਨੂੰ ਲੇਫ ਸਰ੍ਹਾਣੇ ਖੇਸ
ਆ ਕੋਟ ਮਿਠਣ ਦਿਆ ਵਾਲੀਆ ਲੈ ਝਬਦੇ ਸਾਡੀ ਸਾਰ
ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ ਥੀਂ ਹੋਇਆ ਪਾਰ
ਸਾਨੂੰ ਚੜ੍ਹਿਆ ਤੱਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ
ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਿਚੋੜ
ਅਸਾਂ ਆਪਣੇ ਹੀ ਗਲ਼ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ
ਸਾਡੀ ਆ ਕਿਸਮਤ ਨੂੰ ਚੁੰਬੜੀ ਇੱਕ ਭੁਖਾਂ ਮਾਰੀ ਡੈਣ
ਇਹਨੂੰ ਕੀਲੋ ਮੰਤਰ ਫੂਕ ਕੇ ਇਹਨੂੰ ਕੱਢੋ ਦੇਸੋਂ ਦੂਰ
ਇਹ ਪਿਛਲ ਪੈਰੀਂ ਔਂਤਰੀ ਇੱਥੇ ਬਣ ਬਣ ਬੈ ਹੂਰ
ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫਰਤ ਕੀਤਾ ਜ਼ੋਰ
ਕਰ ਤੱਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ
ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚਲ ਚਲ ਹਫ ਗਏ ਸਾਹ
ਨਿੱਤ ਫੰਧੇ ਬੁਣ ਬੁਣ ਸੁਖਨ ਦੇ ਅਸਾਂ ਖੁਦ ਨੂੰ ਦੇਂਦੇ ਫਾਹ
ਸਾਨੂੰ ਵੇਲਾ 'ਪੱਛ' ਲਗਾਂਵਦਾ ਉੱਤੋਂ ਘੜੀਆਂ ਪਾਵਣ ਲੂਣ
ਦਿਨ ਰਾਤਾਂ ਮੱਛ ਮੜੀਲੜੇ ਸਾਨੂੰ ਗਮ ਦੀ ਦਲਦਲ ਧੂਹਣ
ਸਾਨੂੰ ਲੜਦੇ ਠੂੰਹੇਂ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ
ਸਾਨੂੰ 'ਕੂੜੇ' ਕੂੜਾ ਆਖਦੇ ਕੀ ਦਈਏ ਅਸਾਂ ਦਲੀਲ
ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ
ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ
ਲੈ ਫੈਜ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ
ਤੂੰ ਨਫਰਤਾਂ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ
ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆਂ ਅਤਿ ਪਿਆਰ
ਪਾ ਸੱਚ ਦੀ ਛਾਨਣੀ ਪਾਪ 'ਚੋਂ ਤੂੰ ਲੀਤਾ ਪੁੰਨ ਨਿਤਾਰ
ਤੇਰਾ ਵਸੇ ਗੁਰੂ ਦੁਆਰੜਾ ਤੇਰਾ ਉੱਚਾ ਹੋਵੇ ਨਾਂ
ਦਿਨ ਰਾਤੀਂ ਸੀਸਾਂ ਦੇਂਵਦੀ ਤੈਨੂੰ ਨਾਨਕ ਬੋਲੀ ਮਾਂ
ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ
ਅਸਾਂ ਟੁਰ ਪਏ ਤੇਰੀ ਰਾਹ ਤੇ ਅਸਾਂ ਨੱਪੀ ਤੇਰੀ ਪੈੜ
ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ
ਤੂੰ ਮਾਂ ਬੋਲੀ ਦਾ ਬੂਟੜਾ ਲਿਆ ਲਹੂ ਆਪਣੇ ਨਾਲ ਪਾਲ
ਤੂੰ ਭੁੰਨੇ ਪੀੜ ਪਰਾਗੜੇ ਤੂੰ ਪੀਤੀ ਘੋਲ ਰਸਾਉਂਤ
ਤੇਰਾ ਲਿਖਿਆ ਗਾਹ ਨਾ ਕੱਢਦੇ ਕਈ ਸੁਰ ਦੇ ਸ਼ਾਹ ਕਲਾਉਂਤ
ਪਾ ਛਾਪਾਂ ਛੱਲੇ ਪੈਂਖੜਾਂ ਲਾ ਟਿੱਕਾ ਨੱਥ ਪੰਜੇਬ
ਤੂੰ ਵਰਤ ਕੇ ਲਫਜ਼ ਅਨੋਖੜੇ ਭਰੀ ਮਾਂ ਬੋਲੀ ਦੀ ਜੇਬ
ਤੁਸਾਂ ਸੱਭ ਸੁਚੱਜੇ ਸੁੱਚੜੇ ਰਲ ਪੇਸ਼ ਕਰੋ ਫਰਿਆਦ
ਰੱਬ ਮਾਂ ਬੋਲੀ ਦਾ ਉੱਜੜਿਆ ਘਰ ਫੇਰ ਕਰੇ ਆਬਾਦ
ਚਲ ਛੱਡ ਨਦੀਮੇ ਕਾਦਰੀ ਹੁਣ ਕਰ ਦੇ ਪੁਰ ਕਲਾਮ
ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜੱਗ ਤੇ ਰਹਿਣਾ ਨਾਮ
**
('ਇੰਨਟਰਨੈਟ ਦੇ ਮਾਧਿਅਮ ਤੋਂ ਪਰਾਪਤ' ਸ਼ਾਹਮੁਖੀ ਪੰਜਾਬੀ ਤੋਂ ਗੁਰਮੁਖੀ ਵਿੱਚ ਰੂਪਕਾਰ ਪ੍ਰਵੀਨ ਸਿੰਘ)
No comments:
Post a Comment