Friday, 9 November 2012


ਗ਼ਜ਼ਲ - ਸਾਥੀ ਲੁਧਿਆਣਵੀ


ਆਪਣੇ ਅੰਦਰ ਝਾਤੀਆਂ ਨਾ ਮਾਰੀਆਂ
ਖੋਲ੍ਹੀਆਂ ਨਾ ਆਪਣੇ ਮਨ ਦੀਆਂ ਬਾਰੀਆਂ

ਜ਼ਿੰਦਗ਼ੀ ਦੀ ਦੌੜ ਵਧ ਗਈ ਇਸ ਕਦਰ,
ਬਹੁਤ ਵਧੀਆਂ ਮਨ ਦੀਆਂ ਦੁਸ਼ਵਾਰੀਆਂ

ਇਸ ਨਗਰ ਵਿਚ ਐਸੇ ਵੀ ਕੁਝ ਲੋਕ ਨੇ,
ਜਿਨ੍ਹਾਂ ਨੇ ਕੰਧਾਂ ਹੀ ਨੇ ਬਸ ਉਸਾਰੀਆਂ

ਜਿਹੜੇ ਘਰ ’ਚੋਂ ਲੋਕ ਮਨਫ਼ੀ ਹੋ ਗਏ,
ਖੜ੍ਹੀਆਂ ਤੱਕਣ ਕੰਧਾਂ ਕਰਮਾਂ ਮਾਰੀਆਂ

ਹੁੰਦੇ ਸੱਭੋ ਇੱਕੋ ਜਿਹੇ ਪਰਦੇਸ ਵਿਚ,
ਭੁੱਲ ਜਾਹ ਇੱਥੇ ਪਿਛਲੀਆਂ ਸਰਦਾਰੀਆਂ

ਥਲ਼ੀਂ ਰੁਲਣਾ, ਪੱਟ ਚੀਰਨਾ, ਤੜਪਣਾ,
ਹੁਣ ਨਾ ਰਹੀਆਂ ਪਹਿਲਾਂ ਜਿਹੀਆਂ ਯਾਰੀਆਂ

ਜ਼ਿੰਦਗ਼ੀ ਕੁਝ ਇਸ ਤਰ੍ਹਾਂ ਬੀਤੀ ਹੈ ਯਾਰ,
ਜਿੱਤੀਆਂ ਕੁਝ ਬਾਜ਼ੀਆਂ, ਕੁਝ ਹਾਰੀਆਂ

ਜ਼ਿੰਦਗ਼ੀ ਵਿਚ ਇਸ ਕਿਸਮ ਦੇ ਗ਼ਮ ਵੀ ਨੇ,
ਪੰਡਾਂ ਜਿਨ੍ਹਾਂ ਦੀਆਂ ਡਾਢੀਆਂ ਹੀ ਭਾਰੀਆਂ

ਛੇ ਕੁ ਫੁੱਟ ਜ਼ਮੀਨ ਦਾ ਹੱਕਦਾਰ ਹੈਂ,
ਹਰ ਤਰਫ਼ ਤੂੰ ਬਾਹਵਾਂ ਹੈਨ ਪਸਾਰੀਆਂ

ਤੇਰਿਆਂ ਕਦਮਾਂ 'ਚ "ਸਾਥੀ" ਵਿਛ ਗਿਆ,
ਤੂੰ ਆਵਾਜ਼ਾਂ ਜਦ ਵੀ ਉਸ ਨੂੰ ਮਾਰੀਆਂ

...................................................... ਸਾਥੀ ਲੁਧਿਆਣਵੀ

Acknowledgment: ude-ton-ast-hon-teek.blogspot.com

Tuesday, 6 November 2012

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲ ਮੁੱਦਈ - ਭਾਈ ਕਾਨ੍ਹ ਸਿੰਘ ਨਾਭਾ

 ਸੁਰਿੰਦਰ ਕੌਰ ਸੁਰ

  

ਭਾਈ ਕਾਨ੍ਹ ਸਿੰਘ ਨਾਭਾ ਇਕ ਸਫ਼ਲ ਪ੍ਰਸਾਸ਼ਕ, ਕੂਟਨੀਤਿਕ, ਕੋਸ਼ਕਾਰ, ਇਤਿਹਾਸਕਾਰ, ਸਿੱਖ ਆਲੋਚਕ, ਚਿੰਤਕ, ਵਿਦਵਾਨ ਅਤੇ ਗੱਦੀ-ਵਾਰਸਾਂ ਦਾ ਅਧਿਆਪਕ ਹੋਣ ਦੇ ਨਾਲ-ਨਾਲ ਇਕ ਉੱਚ ਦਰਜੇ ਦਾ ਸ਼ਿਕਾਰੀ, ਖਿਡਾਰੀ ਅਤੇ ਲਿਖਾਰੀ ਵੀ ਸੀ, ਜਿਸ ਨੇ ਢਾਈ ਦਰਜਨ ਦੇ ਕਰੀਬ ਚਰਚਿਤ ਪੁਸਤਕਾਂ ਦੀ ਰਚਨਾ ਕਰਨ ਦੇ ਨਾਲ-ਨਾਲ ਨਾਭਾ ਰਿਆਸਤ ਦੇ ਮਹਾਰਾਜੇ ਸਰਦਾਰ ਹੀਰਾ ਸਿੰਘ ਦੇ ਰਾਜ ਦੌਰਾਨ ਰਿਆਸਤ ਵਿਚ ਅਨੇਕਾਂ ਅਹਿਮ ਅਤੇ ਆਲ੍ਹਾ ਦਰਜੇ ਦੇ ਅਹੁਦਿਆਂ ‘ਤੇ ਕੰਮ ਕੀਤਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲ ਮੁੱਦਈ ਬਣ ਕੇ ਹਰ ਖ਼ੇਤਰ ਵਿਚ ਆਪਣੀ ਅਮਿੱਟ ਛਾਪ ਛੱਡੀ।
ਭਾਵੇਂ ਕਿ ਉਨ੍ਹਾਂ ਨੂੰ ਵਧੇਰੇ ਕਰਕੇ ਮਹਾਨ ਕੋਸ਼ ਦੇ ਰਚੇਤਾ ਵਜੋਂ ਜਾਂ ਵਿਵਾਦਗ੍ਰਸਤ ਪੁਸਤਕ ”ਹਮ ਹਿੰਦੂ ਨਹੀਂ” ਦੇ ਲਿਖਾਰੀ ਵਜੋਂ ਜਾਣਿਆ ਜਾਂਦਾ ਹੈ, ਪਰ ਪੰਜਾਬੀ ਕੋਸ਼ਕਾਰੀ, ਸਿੱਖ ਸਿਧਾਂਤਾਂ ਅਤੇ ਵਿਭਿੰਨ ਧਾਰਮਿਕ ਵਿਸ਼ਿਆਂ ‘ਤੇ ਲਗਾਤਾਰ/ਨਿਰੰਤਰ ਲਿਖਣ ਵਾਲੇ ਇਸ ਮਹਾਨ ਲਿਖ਼ਾਰੀ ਅਤੇ ਵਿਦਵਾਨ ਚਿੰਤਕ ਦਾ ਪ੍ਰਸਾਸ਼ਨਿਕ, ਰਾਜਸੀ, ਧਾਰਮਿਕ, ਸਾਹਿਤਕ ਅਤੇ ਕੋਸ਼ਕਾਰੀ ਦੇ ਖ਼ੇਤਰ ਵਿਚ ਅਥਾਹ ਯੋਗਦਾਨ ਹੈ, ਜਿਸ ਦੀ ਸਾਖੀ ਉਨ੍ਹਾਂ ਦੇ ਕੰਮ, ਲਿਖਤਾਂ ਅਤੇ ਪ੍ਰਸਾਸ਼ਨਿਕ ਖ਼ੇਤਰ ਵਿਚ ਉਨ੍ਹਾਂ ਦੇ ਅਹੁਦੇ ਬੋਲਦੇ ਹਨ। 
ਨਾਭਾ ਸ਼ਹਿਰ ਦਾ ਨਾਮ ਵਿਸ਼ਵ-ਪੱਧਰ ‘ਤੇ ਪ੍ਰਸਿੱਧ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ, 1861 ਨੂੰ ਮਹੰਤ ਨਰਾਇਣ ਸਿੰਘ ਦੇ ਘਰ ਹੋਇਆ ਸੀ, ਜੋ ਖੁਦ ਸਿੱਖਾਂ ਦੇ ਮਹਾਂ-ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱੁਚੇ ਰੂਪ ਵਿਚ ਯਾਦ ਕਰਨ ਅਤੇ ਕਿਸੇ ਵੀ ਸਮੇਂ ਕੋਈ ਵੀ ਸ਼ਬਦ ਸੁਣਾਉਣ ਦੀ ਯੋਗਤਾ ਰੱਖਦੇ ਸਨ।


ਉਸ ਸਮੇਂ ਦੇ ਰਿਵਾਜ ਅਤੇ ਸਥਿਤੀਆਂ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਕੋਈ ਰਸਮੀ ਸਿੱਖਿਆ ਤਾਂ ਹਾਸਲ ਨਹੀਂ ਕੀਤੀ, ਪਰ ਉਨ੍ਹਾਂ ਨੂੰ ਘਰ ਵਿਚ ਕਈ ਅਧਿਆਪਕਾਂ, ਟਿਊਟਰਾਂ ਅਤੇ ਵਿਦਵਾਨਾਂ ਨੇ ਪੜ੍ਹਾਇਆ ਅਤੇ ਨਾਲ ਹੀ ਉਨ੍ਹਾਂ ਨਿਰੋਲ ਸਿੱਖੀ ਨਾਲ ਸੰਬੰਧਤ ਡੇਰਿਆਂ ਅਤੇ ਗੁਰਧਾਮਾਂ ਤੋਂ ਵੀ ਹਿੰਦੀ, ਬ੍ਰਜ ਭਾਸ਼ਾ, ਸੰਸਕ੍ਰਿਤ, ਅਰਬੀ, ਫ਼ਾਰਸੀ, ਉਰਦੂ, ਅੰਗਰੇਜ਼ੀ, ਪੰਜਾਬੀ ਅਤੇ ਸਾਧ-ਭਾਖਾ ਸਧੁੱਕੜੀ ਸਿੱਖੀ। 
ਉਸ ਸਮੇਂ ਦੀ ਸਿੰਘ ਸਭਾ ਸੁਧਾਰਵਾਦੀ ਲਹਿਰ ਦੇ ਅਸਰ ਕਰਕੇ ਉਸਨੂੰ ਨਟ-ਨ੍ਰਿਤ ਨੂੰ ਛੱਡ ਕੇ ਸਭ ਕਲਾਵਾਂ ਸਿਖਾਈਆਂ ਗਈਆਂ ਅਤੇ ”ਚੌਦਾਂ ਵਿੱਦਿਆ ਨਿਧਾਨ” ਦੇ ਆਦਰਸ਼ਕ ਢਾਂਚੇ ਦੀ ਸਿੱਖਿਆ ਦਿੱਤੀ ਗਈ। ਸੰਸਕ੍ਰਿਤ ਦੀ ਪੜ੍ਹਾਈ ਨੇ ਉਨ੍ਹਾਂ ਨੂੰ ਚਾਰ ਵੇਦ, 6 ਵੇਦਾਂਗ, (ਸਿਖਸ਼ਾ, ਕਲਪ, ਵਿਆਕਰਣ, ਜੋਤਿਸ਼, ਛੰਦ ਅਤੇ ਨਿਰੁਕਤ), ਨਿਆਯ, ਮੀਮਾਂਸਾ, ਪੁਰਾਣ ਅਤੇ ਧਰਮ ਸਿੱਖਿਆ ਦੇ ਅਧਿਐਨ ਦੀ ਸਮਰਥਾ ਦਿੱਤੀ। 
ਸੰਸਕ੍ਰਿਤ ਸਿੱਖਿਆ ਦੇ ਧੁਰੰਤਰ ਵਿਦਵਾਨ ਬਾਵਾ ਕਲਿਆਣ ਦਾਸ ਤੋਂ ਉਨ੍ਹਾਂ ਅੱਖਰ ਬੋਧ ਹਾਸਲ ਕੀਤਾ, ਕੋਸ਼ਕਾਰੀ ਦੀ ਔਖੀ ਵਿੱਦਿਆ ਹਾਸਲ ਕੀਤੀ। ਭਾਈ ਬੀਰ ਸਿੰਘ ਜਲਾਲ ਤੋਂ ਕਾਵਿ-ਸਾਸ਼ਤਰ, ਸੰਗੀਤ, ਅਤੇ ਹੋਰ ਵਿਧਾਵਾਂ ਦੀ ਸਿੱਖਿਆ ਹਾਸਲ ਕੀਤੀ। ਉੱਘੇ ਸੰਗੀਤਕਾਰ ਮਹੰਤ ਗੱਜਾ ਸਿੰਘ ਤੋਂ ਉਨ੍ਹਾਂ ਸੰਗੀਤ ਦੀ ਸਿੱਖਿਆ ਲਈ, ਅਤੇ ਨਿਹੰਗਾਂ ਤੋਂ ਯੁੱਧ ਕਲਾਵਾਂ, ਸ਼ਿਕਾਰ, ਤਲਵਾਰਬਾਜ਼ੀ ਅਤੇ ਘੋੜ ਸਵਾਰੀ ਸਿੱਖੀ। ਉਹ ਸਿਤਾਰ, ਦਿਲਰੁਬਾ ਅਤੇ ਹੋਰ ਸੰਗੀਤਕ ਯੰਤਰਾਂ ਦੇ ਮਾਹਰ ਸਨ।


ਭਾਈ ਕਾਨ੍ਹ ਸਿੰਘ ਨਾਭਾ ਨੇ ਇਸੇ ਸਮੇਂ ਦੌਰਾਨ ਘੋੜ-ਸਵਾਰੀ ਅਤੇ ਸ਼ਾਸ਼ਤਰ ਵਿਦਿਆ ਵੀ ਹਾਸਲ ਕੀਤੀ। ਇਸੇ ਸਮੇਂ ਉਨ੍ਹਾਂ ਦਾ ਝੁਕਾਅ ਅਰਬੀ, ਫਾਰਸੀ ਅਤੇ ਉਰਦੂ ਗ੍ਰੰਥਾਂ ਵੱਲ ਹੋ ਗਿਆ ਅਤੇ ਉਨ੍ਹਾਂ ਭਗਵਾਨ ਸਿੰਘ ਦੁੱਗਾਂ ਤੋਂ ਫ਼ਾਰਸੀ ਅਤੇ ਹੋਰ ਮੁਸਲਿਮ ਪਿਛੋਕੜ ਵਾਲੀਆਂ ਭਾਸ਼ਾਵਾਂ ਦਾ ਗੂੜ੍ਹਾ ਅਤੇ ਗੰਭੀਰ ਗਿਆਨ ਪ੍ਰਾਪਤ ਕੀਤਾ, ਅਤੇ ਭਾਈ ਨੰਦ ਲਾਲ ਕ੍ਰਿਤ ਜਫ਼ਰਨਾਮਹ ਅਤੇ ਗੁਰਬਾਣੀ ਨਾਲ ਸੰਬੰਧਤ ਹੋਰ ਫ਼ਾਰਸੀ, ਅਰਬੀ ਅਤੇ ਉਰਦੂ ਰਚਨਾਵਾਂ ਦਾ ਗੰਭੀਰ, ਸੂਖਮ ਅਤੇ ਵਾਰ-ਵਾਰ ਪਾਠ ਕੀਤਾ।
ਉਨ੍ਹਾਂ ਸ਼ਾਸ਼ਤ੍ਰਾਰਥ ਦਾ ਢੰਗ ਅਤੇ ਲੋਵ ਜੋਗੀ ਅੰਗਰੇਜ਼ੀ ਵੀ ਸਿੱਖੀ। ਬਾਅਦ ਵਿਚ ਉਨ੍ਹਾਂ ਦੇ ਸ਼ਰਧਾਲੂ ਮੈਕਾਲਿਫ਼ ਦੀ ਸੰਗਤ ਅਤੇ ਯੂਰਪ ਦੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਅਤੇ ਬੋਲਣ-ਤੀਬਰਤਾ ਵਿਚ ਕਾਫ਼ੀ ਸੁਧਾਰ ਕੀਤਾ।
ਉਨ੍ਹਾਂ ਦੇ ਜੀਵਨੀਕਾਰ ਡਾ: ਸਮਸ਼ੇਰ ਸਿੰਘ ਅਸ਼ੋਕ ਅਨੁਸਾਰ 12-13 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦਾ ਵਿਆਹ ਧੂਰੇ ਪਿੰਡ ਦੇ ਇਕ ਸਰਦੇ-ਪੱੁਜਦੇ ਘਰ ਦੀ ਹੁੰਦੜਹੇਲ ਲੜਕੀ ਜੀਵਨ ਕੌਰ ਨਾਲ ਕੀਤਾ ਗਿਆ, ਕਿਉਂਕਿ ਉਨ੍ਹਾਂ ਦੀ ਬੀਮਾਰ ਮਾਂ ਜਿਊਂਦੇ ਜੀਅ ਇਹ ਚਾਅ ਪੂਰਾ ਕਰਨਾ ਚਾਹੁੰਦੀ ਸੀ, ਪਰ ਆਪਣੀ ਸੱਸ ਦੇ ਚੰਦਰੇ ਰੋਗ ਨੂੰ ਟਾਲਣ ਦੇ ਯਤਨਾਂ ਵਿਚ ਖੱਪਦੀ ਵਹੁਟੀ ਦੀ ਨਿਰਛਲ ਜਵਾਨੀ ਨੂੰ ਵੀ ਘੁਣ ਲੱਗ ਗਿਆ ਅਤੇ ਇਕ ਵਰ੍ਹੇ ਦੇ ਅੰਦਰ-ਅੰਦਰ ਨੂੰਹ-ਸੱਸ ਦੋਵੇਂ ਰੱਬ ਨੂੰ ਪਿਆਰੀਆਂ ਹੋ ਗਈਆਂ।
ਭਾਈ ਸਾਹਿਬ ਦੀ ਦੂਜੀ ਸ਼ਾਦੀ ਮੁਕਤਸਰ ਹੋਈ ਪਰ ਉਹ ਪਤਨੀ ਵੀ ਇਕ ਵਰ੍ਹੇ ਤੋਂ ਵੱਧ ਨਾ ਕੱਟ ਸਕੀ। ਛੇਤੀ ਹੀ ਉਨ੍ਹਾਂ ਦੀ ਤੀਜੀ ਸ਼ਾਦੀ ਪਿੰਡ ਰਾਮਗੜ੍ਹ ਦੇ ਸਰਦਾਰ ਹਰਨਾਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਈ, ਜੋ ਚਿਰੰਜੀਵੀ ਅਤੇ ਸਿਹਤਮੰਦ ਸਾਬਤ ਹੋਈ। ਉਹ ਨਿੱਘੇ, ਮਿੱਠਬੋਲੜੇ ਅਤੇ ਚੰਗੇ ਸੁਭਾਅ ਦੀ ਸੁਘੜ-ਸਿਆਣੀ ਔਰਤ ਸੀ, ਜਿਸ ਦੇ ਘਰ ਆਉਣ ਸਮੇਂ ਕਾਹਨ ਸਿੰਘ ਦੇ ਪਿਤਾ ਭਾਈ ਨਰੈਣ ਸਿੰਘ ਅਤੇ 2 ਛੋਟੇ ਭਰਾ ਭਾਈ ਮੀਹਾਂ ਸਿੰਘ (1870-1936) ਅਤੇ ਭਾਈ ਬਿਸ਼ਨ ਸਿੰਘ (1873-1936) ਸਨ। ਦੋਹਾਂ ਦਿਉਰਾਂ ਦੀਆਂ ਖੁਸ਼ੀਆਂ ਉਨ੍ਹਾਂ ਆਪਣੇ ਹੱਥੀਂ ਬਟੋਰੀਆਂ। 
ਭਾਈ ਕਾਨ੍ਹ ਸਿੰਘ ਨਾਭਾ ਦੇ ਘਰਾਣੇ ਬਾਰੇ ਤਤਕਾਲੀ ਮਹਾਰਾਜਾ ਹੀਰਾ ਸਿੰਘ ਨੇ ਇਕ ਹਦਾਇਤ ਜਾਰੀ ਕਰਕੇ ਨਾਭਾ ਰਿਆਸਤ ਦੇ ਲੋਕਾਂ ਨੂੰ ”ਇਸ ਆਦਰਸ਼ਕ ਪਰਿਵਾਰ” ਤੋਂ ਪ੍ਰੇਰਨਾ ਲੈਣ ਅਤੇ ਰੀਸ ਕਰਨ ਦੀ ਵੱਡਮੁੱਲੀ ਸਲਾਹ ਦਿੱਤੀ ਸੀ।
ਇੱਕ ਪ੍ਰਸਾਸ਼ਕ ਵਜੋਂ ਉਨ੍ਹਾਂ ਆਪਣਾ ਜੀਵਨ 1885 ਵਿਚ ਆਰੰਭ ਕੀਤਾ, ਜਦੋਂ ਉਨ੍ਹਾਂ ਆਪਣੀ ਰਸਮੀ ਪੜ੍ਹਾਈ ਦਾ ਪੈਂਡਾ ਖਤਮ ਕਰਕੇ 1884 ਈਸਵੀ ਵਿਚ ਲਾਹੌਰ ਤੋਂ ਘਰ ਆਉਣ ‘ਤੇ ਗੁਣ-ਪਾਰਖ਼ੂ ਮਹਾਰਾਜਾ ਹੀਰਾ ਸਿੰਘ ਤੋਂ ”ਹਾਜਿਰ ਮੁਸਾਹਿਬਾਂ” (ਮਹਾਰਾਜੇ ਦੀ ਹਜ਼ੂਰੀ ਵਿਚ ਰਹਿਣ ਵਾਲੇ ਨਿਕਟ-ਵਰਤੀ) ਦਾ ਰੁਤਬਾ ਹਾਸਲ ਕੀਤਾ। 
1885 ਵਿਚ ਰਾਵਲਪਿੰਡੀ ਵਿਖੇ ਇਕ ਦਰਬਾਰ ਵਿਚ ਭਾਰਤੀ ਵਾਇਸਰਾਏ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਬਦੁਰ ਰਹਿਮਾਨ ਦੀ ਮੌਜੂਦਗੀ ਵਿਚ ਉਨ੍ਹਾਂ ਦੀ ਮੁਲਾਕਾਤ ਉੱਘੇ ਅੰਗਰੇਜ਼ੀ ਸਿੱਖ ਇਤਿਹਾਸਕਾਰ ਸ੍ਰੀ ਮੈਕਸ ਆਰਥਰ ਮੈਕਾਲਫ਼ ਨਾਲ ਹੋਈ। ਇਹ ਮੁਲਾਕਾਤ ਦੋਹਾਂ ਵਿਚਕਾਰ ਚਿਰਸਥਾਈ ਦੋਸਤੀ ਵਿਚ ਬਦਲ ਗਈ। ਉਸ ਸਮੇਂ ਭਾਈ ਕਾਹਨ ਸਿੰਘ ਨਾਭਾ ਦੀਆਂ ਦੋ ਪੁਸਤਕਾਂ ”ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ”, ”ਰਾਜ ਧਰਮ” ਛਪ ਚੁੱਕੀਆਂ ਸਨ। 
ਮੈਕਾਲਿਫ਼ ਨੇ ਮਹਾਰਾਜੇ ਨੂੰ ਬੇਨਤੀ ਕਰਕੇ ਕਾਨ੍ਹ ਸਿੰਘ ਦੀ ਮਦਦ, ਸਹਿਯੋਗ ਅਤੇ ਅਧਿਆਪਨ ਲੈ ਕੇ ਸਿੱਖ ਧਰਮ ਬਾਰੇ ਹੋਰ ਡੂੰਘੀ ਅਤੇ ਪਕੇਰੀ ਜਾਣਕਾਰੀ ਹਾਸਲ ਕੀਤੀ, ਜਿਸ ਦਾ ਨਤੀਜਾ ਮੈਕਾਲਿਫ਼ ਦੀਆਂ ਸਿੱਖ ਇਤਿਹਾਸ ਬਾਰੇ ਲਿਖੀਆਂ ਢੇਰ ਪੁਸਤਕਾਂ ਹਨ। ਬਾਅਦ ਵਿਚ ਮਹਾਰਾਜੇ ਵਲੋਂ ਕਾਨ੍ਹ ਸਿੰਘ ਨੂੰ ਆਪਣੇ ਸਪੱੁਤਰ ਟਿੱਕਾ ਰਿਪੁਦਮਨ ਸਿੰਘ (ਭਵਿੱਖ ਦੇ ਮਹਾਰਾਜੇ) ਦਾ ਨਿਗਰਾਨ ਅਤੇ ਅਧਿਆਪਕ ਮੁਕੱਰਰ ਕਰਕੇ ਇਕ ਵੱਡੀ ਜਿੰਮੇਵਾਰੀ ਸੰਭਾਲ ਦਿੱਤੀ ਅਤੇ ਉਨ੍ਹਾਂ ਪੂਰੀ ਤਨਦੇਹੀ ਅਤੇ ਲਗਨ ਨਾਲ ਇਹ ਫਰਜ਼ ਨਿਭਾਇਆ। 
1893 ਵਿਚ ਟਿੱਕਾ/ਰਾਜ ਕੁਮਾਰ/ਸ਼ਹਿਜ਼ਾਦੇ ਰਿਪੁਦਮਨ ਸਿੰਘ ਦੀ ਮੁੱਢਲੀ ਪੜ੍ਹਾਈ ਖਤਮ ਹੋਣ ਬਾਅਦ ਮਹਾਰਾਜੇ ਨੇ ਭਾਈ ਕਾਨ੍ਹ ਸਿੰਘ ਦੀ ਸੂਝ ਅਤੇ ਸਿਆਣਪ ਤੋਂ ਪ੍ਰਸੰਨ ਹੋ ਕੇ ਪਹਿਲਾਂ ਆਪਣਾ ਨਿੱਜੀ ਸਕੱਤਰ (ਪੀ.ਏ.) ਅਤੇ ਫਿਰ ਰਾਜਧਾਨੀ ਦਾ ਨਗਰ-ਅਦਾਲਤੀ (ਜੱਜ), ਫੇਰ ਨਹਿਰ-ਨਾਜ਼ਮ (ਰੈਵਿਨਿਊ ਕੁਲੈਕਟਰ ਐਂਡ ਇਰੀਗੇਸ਼ਨ ਅਫ਼ਸਰ) ਅਤੇ ਫਿਰ ਜ਼ਿਲ੍ਹਾ ਫੁਲ ਨਾਜ਼ਿਮ (ਡਿਪਟੀ ਕਮਿਸ਼ਨਰ) ਜਿਹੇ ਵੱਡੇ ਅਹੁਦਿਆਂ ‘ਤੇ ਨਿਯੁਕਤ ਕੀਤਾ। ਉਨ੍ਹਾਂ ਦਿਨਾਂ ਵਿਚ ਇਨ੍ਹਾਂ ਆਸਾਮੀਆਂ ਦੇ ਹੱਕ/ਅਧਿਕਾਰ/ਤਾਕਤਾਂ ਅਥਾਹ ਹੁੰਦੀਆਂ ਸਨ, ਅਤੇ ਮਹਾਰਾਜੇ ਦੀ ਦਖ਼ਲਅੰਦਾਜ਼ੀ ਵੀ ਸਿਫ਼ਰ ਦੇ ਕਰੀਬ ਹੁੰਦੀ ਸੀ। ਹਾਂ, ਅਧਿਕਾਰੀਆਂ ਖ਼ਿਲਾਫ ਲੋਕ ਮਹਾਰਾਜੇ ਕੋਲ ਸਿੱਧੀ ਸ਼ਿਕਾਇਤ ਦਰਜ ਕਰ ਸਕਦੇ ਸਨ। ਪਰ, ਭਾਈ ਕਾਨ੍ਹ ਸਿੰਘ ਨੇ ਆਪਣੀ ਈਮਾਨਦਾਰੀ, ਪ੍ਰਤੀਬੱਧਤਾ ਅਤੇ ਨੇਕਨਾਮੀ ਦੇ ਸਿਰ ‘ਤੇ ਲੋਕਾਂ ਵਿਚ ਲੋਕਪ੍ਰਿਅਤਾ ਹਾਸਲ ਕੀਤੀ ਅਤੇ ਇਕ ਵੀ ਸ਼ਿਕਾਇਤ ਉਨ੍ਹਾਂ ਵਿਰੁੱਧ ਦਰਜ ਨਾ ਹੋਈ।

ਉਨ੍ਹਾਂ ਇਨ੍ਹਾਂ ਆਸਾਮੀਆਂ ‘ਤੇ 1897 ਤੱਕ ਕੰਮ ਕੀਤਾ। ਇਸੇ ਸਾਲ ਉਨ੍ਹਾਂ ਦੀ ਸੁਪ੍ਰਸਿੱਧ ਅਤੇ ਵਿਵਾਦਗ੍ਰਸਤ ਪੁਸਤਕ ”ਹਮ ਹਿੰਦੂ ਨਹੀਂ” ਛਪੀ। ਭਾਵੇਂ ਕਿ ਸਰਕਾਰੀ ਮੁਲਾਜ਼ਮਤ ਨੂੰ ਇਸ ਪੁਸਤਕ/ਮਾਮਲੇ ਤੋਂ ਵੱਖਰਾ ਰੱਖਣ ਲਈ ਉਨ੍ਹਾਂ ਆਪਣੇ ਉਪਨਾਮ ਹਰਿ-ਬ੍ਰਿਜੇਸ਼ ਦੇ ਅੰਗਰੇਜ਼ੀ ਵਿਚ ਮੁੱਢਲੇ ਅੱਖਰ ”ਐਚ.ਬੀ.” ਦੀ ਵਰਤੋਂ ਕੀਤੀ, ਪਰ ਹਿੰਦੂ ਜੱਥੇਬੰਦੀਆਂ ਵਲੋਂ ਰੌਲਾ ਪਾਉਣ ‘ਤੇ ਮਹਾਰਾਜੇ ਨੇ ਭਾਈ ਕਾਨ੍ਹ ਸਿੰਘ ਨੂੰ ਤੁਰੰਤ ਨੌਕਰੀ ਤੋਂ ਵੱਖ ਕਰ ਦਿੱਤਾ। ਪਰ, ਛੇਤੀ ਹੀ ਮਹਾਰਾਜੇ ਦਾ ਗੱੁਸਾ ਨਰਮ ਹੋ ਜਾਣ ‘ਤੇ ਉਨ੍ਹਾਂ ਨੂੰ ਮੁੜ ਨੌਕਰੀ ‘ਤੇ ਰੱਖ ਲਿਆ ਗਿਆ ਅਤੇ ਰਾਜਧਾਨੀ ਵਿਚ ਰੱਖਣ ਦੀ ਥਾਂ (ਤਾਂ ਜੋ ਲੋਕ ਫਿਰ ਨਾ ਭੜਕ ਜਾਣ) ਅੰਗਰੇਜ਼ਾਂ ਕੋਲ ਅਹਿਲਕਾਰ (ਮਹਾਰਾਜੇ ਦਾ ਨੁਮਾਇੰਦਾ) ਨਿਯੁਕਤ ਕਰ ਦਿੱਤਾ। ਉਨ੍ਹਾਂ ਮਹਾਰਾਜੇ ਬਾਰੇ ਅੰਗਰੇਜ਼ਾਂ ਦੀ ਗ਼ਲਤਫਹਿਮੀ ਦੂਰ ਕਰਕੇ ਉਸ ਦਾ ਬਹੁਤ ਫਾਇਦਾ ਕੀਤਾ ਅਤੇ ਉਸਦਾ ਰਾਜ ਵੀ ਵਾਪਸ ਦਵਾਇਆ ਸੀ। 
ਕਾਨ੍ਹ ਸਿੰਘ ਦੀ ਅੰਗਰੇਜ਼ੀ ਵਿਚ ਮੁਹਾਰਤ ਅਤੇ ਅੰਗਰੇਜ਼ ਅਫ਼ਸਰਾਂ ਨਾਲ ਨਿੱਜੀ ਦੋਸਤੀ ਅਤੇ ਉਨ੍ਹਾਂ ਦਾ ਤੇਜ਼-ਤਰਾਰ, ਮਿੱਠਬੋਲੜਾ ਅਤੇ ਠਰੰਮ੍ਹੇ ਵਾਲਾ ਹੋਣਾ ਵੀ ਉਨ੍ਹਾਂ ਦੇ ਹੱਕ ਵਿਚ ਜਾਂਦਾ ਸੀ, ਪਰ ਮਈ 1905 ਵਿਚ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਉਠਾਉਣ ਵਾਲੇ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਵਲੋਂ ਸਰਕਾਰੀ ਕਾਗਜ਼ ‘ਤੇ ਨਿੱਜੀ ਖ਼ਤ ਲਿਖਣ ‘ਤੇ ਮਹਾਰਾਜੇ ਵਲੋਂ ਲੋਕਾਂ ਦੇ ਦਬਾਓ ਹੇਠ ਆ ਕੇ ਇਕ ਵਾਰ ਫਿਰ ਨੌਕਰੀ ਤੋਂ ਵੱਖ ਕਰਨਾ ਪਿਆ। 
1907 ਵਿਚ ਉਨ੍ਹਾਂ ਨੂੰ ਮੁੜ ਨੌਕਰੀ ‘ਤੇ ਬੁਲਾ ਕੇ ਰਿਆਸਤ ਦੇ ਦਰਜੇ ਅਤੇ ਇਲਾਕੇ ਦੀ ਵਾਪਸੀ ਦੇ ਮਾਮਲਿਆਂ ਦੀ ਪੈਰਵੀ ਲਈ ਇੰਗਲੈਂਡ ਭੇਜ ਦਿੱਤਾ। 1908 ਅਤੇ 1910 ਵਿਚ ਉਹ ਮੁੜ ਇੰਗਲੈਂਡ ਗਏ, ਅਤੇ ਵਾਪਸ ਆਉਣ ‘ਤੇ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਕੋਲ ਵਕੀਲੇ ਰਿਆਸਤ ਥਾਪ ਦਿੱਤਾ ਗਿਆ ਅਤੇ ਕਾਨ੍ਹ ਸਿੰਘ ਵਲੋਂ ਅਸ਼ੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕਰਨ ‘ਤੇ ਮਹਾਰਾਜੇ ਨੇ ਉਨ੍ਹਾਂ ਨੂੰ ਮੀਰ ਮੁਨਸ਼ੀ (ਫਾਰਮ ਮਨਿਸਟਰ) ਨਿਯੁਕਤ ਕਰ ਦਿੱਤਾ। 
25 ਦਸੰਬਰ, 1911 ਵਿਚ ਮਹਾਰਾਜੇ ਦੇ ਅਚਾਨਕ ਦਿਹਾਂਤ ਬਾਅਦ ਮਹਾਰਾਜ ਰਿਪੁਦਮਨ ਸਿੰਘ ਨੇ ਭਾਈ ਕਾਨ੍ਹ ਸਿੰਘ ਨੂੰ ਕਾਨੂੰਨ ਦੇ ਮਹਿਕਮੇ ਦਾ ਵਜ਼ੀਰ ਲਗਾਇਆ, ਪਰ ਸਾਹਿਤਕ ਚੇਟਕ ਕਰਕੇ ਉਨ੍ਹਾਂ ਨੂੰ ਪੜ੍ਹਨ-ਲਿਖਣ ਦਾ ਵੇਹਲ ਰੁਝੇਵਿਆਂ ਕਰਕੇ ਨਹੀਂ ਮਿਲਦਾ ਸੀ। ਇਸ ਕਰਕੇ ਉਨ੍ਹਾਂ ਐਡੀ ਵੱਡੀ ਵਜ਼ੀਰੀ ਨੂੰ ਠੋਕਰ ਮਾਰ ਕੇ ਕਸ਼ਮੀਰ ਜਾ ਕੇ ਮਹਾਨ-ਕੋਸ਼ ਲਿਖਣ ਦਾ ਬੀੜਾ ਉਠਾ ਲਿਆ।
ਸੰਨ 1915 ਵਿਚ ਰਿਆਸਤ ਪਟਿਆਲਾ ਵਲੋਂ ਉਨ੍ਹਾਂ ਨੂੰ ਰੈਜ਼ੀਡੈਂਸੀ ਦਾ ਵਕੀਲ ਨਿਯੁਕਤ ਕੀਤਾ ਪਰ ਪਿਤਾ ਦੀ ਮੌਤ ਅਤੇ ਰਿਆਸਤ ਦੇ ਦੁਫੇੜ ਹੋਣ ‘ਤੇ ਉਨ੍ਹਾਂ ਨੂੰ ਨੌਕਰੀ ਤਿਆਗਣੀ ਪਈ। 1917 ਵਿਚ ਉਨ੍ਹਾਂ ਨੂੰ ਰਿਆਸਤ ਨਾਭਾ ਨੇ ਸਾਹਿਤਕ ਕੰਮਾਂ ਲਈ ਮਸੂਰੀ ਵਿਚ ਇਕ ਕੋਠੀ ਲੈ ਕੇ ਦਿੱਤੀ। ਅਗਲੇ ਸਾਲ 1918 ਵਿਚ ਉਨ੍ਹਾਂ ਨੂੰ ਮੁੜ ਨਾਭੇ ਸੱਦ ਕੇ ਪ੍ਰੀਵੀ ਕੌਂਸਲ ਦਾ ਨਿਆਂਇਕ ਮੈਂਬਰ ਅਤੇ ਗੋਰੀ ਸਰਕਾਰ ਦੇ ਰਾਜਸੀ ਵਿਭਾਗ ਨਾਲ ਤਾਲਮੇਲ ਰੱਖਣ ਲਈ ਵਿਸ਼ੇਸ਼ ਵਜ਼ੀਰ ਥਾਪਿਆ, ਜਿਥੇ ਉਨ੍ਹਾਂ ਲਗਾਤਾਰ ਛੇ ਸਾਲ (1923 ਤੱਕ) ਕੰਮ ਕੀਤਾ ਅਤੇ ਉਸ ਬਾਅਦ ਉਨ੍ਹਾਂ ਕਿਤੇ ਨੌਕਰੀ ਨਾ ਕੀਤੀ।
ਧਾਰਮਿਕ ਖ਼ੇਤਰ ਵਿਚ ਆਪਣੇ ਪ੍ਰਸਾਸ਼ਨਿਕ ਅਨੁਭਵ ਅਤੇ ਪ੍ਰਸਾਸ਼ਨਿਕ ਖ਼ੇਤਰ ਵਿਚ ਆਪਣੇ ਧਾਰਮਿਕ ਅਨੁਭਵ ਦਾ ਲਾਭ ਉਠਾਉਂਦਿਆਂ ਉਨ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਦੇ ਰਾਜ-ਕਾਲ ਦੌਰਾਨ, ਉਸ ਦੇ ਸੁਝਾਅ ਤੇ ਅਨੰਦ ਮੈਰਿਜ ਐਕਟ ਤਿਆਰ ਕੀਤਾ ਅਤੇ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ/ਸਟੇਟੱਸ ਪ੍ਰਦਾਨ ਕੀਤਾ। ਉਹ ਆਪਣਾ ਗਰਮੀਆਂ ਦਾ ਸਮਾਂ ਸੋਲਨ ਜਾਂ ਸ਼ਿਮਲਾ ਵਿਚ ਗੁਜ਼ਾਰਦੇ ਸਨ, ਜਿਸ ਸਮੇਂ ਦੌਰਾਨ ਉਨ੍ਹਾਂ ਦੀਆਂ ਵਧੇਰੇ ਲਿਖਤਾਂ ਦਾ ਜਨਮ ਹੋਇਆ।


ਇਕ ਮਹਾਨ ਚਿੰਤਕ ਅਤੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦਾ ਰਚਨਾ ਸੰਸਾਰ ਖੂਬ ਵਿਸ਼ਾਲ ਹੈ। ਉਨ੍ਹਾਂ ਆਪਣੇ 77 ਸਾਲ ਦੇ ਜੀਵਨ ਕਾਲ ਦੌਰਾਨ ਅਨੇਕਾਂ ਨੌਕਰੀਆਂ ਕਰਦਿਆਂ ਅਤੇ ਘਰੇਲੂ ਜਿੰਮੇਵਾਰੀਆਂ ਸੰਭਾਲਣ ਦੇ ਨਾਲ-ਨਾਲ ਖੂਬ ਸੂਖਮ, ਵਿਸ਼ਾਲ ਅਤੇ ਬਹੁਪੱਖੀ ਰਚਨਾਵਾਂ ਲਿਖੀਆਂ। ਖੋਜਾਰਥੀ ਸ਼ਮਸੇਰ ਸਿੰਘ ਅਸ਼ੋਕ ਅਤੇ ਡਾ: ਸੁਖਜੀਤ ਕੌਰ ਨੇ ਉਨ੍ਹਾਂ ਦੀਆਂ ਰਚਨਾਵਾਂ ਦੀ ਗਿਣਤੀ 31 ਦੱਸੀ ਹੈ। ਭਾਈ ਕਾਨ੍ਹ ਸਿੰਘ ਦਾ ਰਚਨਾ ਕਾਲ 1884 ਤੋਂ 1938 ਤੱਕ (54 ਸਾਲ) ਮੰਨਿਆਂ ਜਾਂਦਾ ਹੈ, ਜਿਸ ਨੂੰ ਆਮ ਕਰਕੇ ਸਹੂਲਤ ਲਈ ਤਿੰਨ ਦੌਰਾਂ ਵਿਚ ਵੰਡ ਲਿਆ ਜਾਂਦਾ ਹੈ। ਪਹਿਲੇ ਦੌਰ ਵਿਚ ਉਨ੍ਹਾਂ ”ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ”, ”ਰਾਜ ਧਰਮ” ਅਤੇ ”ਨਾਟਕ ਭਾਵਾਰਥ ਦੀਪਿਕਾ” (1888) ਲਿਖੇ। ਦੂਜੇ ਦੌਰ ਦੀ ਪਹਿਲੀ ਲਿਖਤ ਅਤਿ-ਵਿਵਾਦਗ੍ਰਸਤ ਪੁਸਤਕ ‘ਹਮ ਹਿੰਦੂ ਨਹੀਂ’ (1898) ਹੈ, ਜਦੋਂ ਕਿ ਦੂਜੀਆਂ ਅਹਿਮ ਪੁਸਤਕਾਂ ਵਿਚ ਟੀਕਾ ਜੈਮੰਤ ਅਸਮੇਧ (1896), ਗੁਰਮਤਿ ਪ੍ਰਭਾਕਰ (1898), ਗੁਰਮਤਿ ਸੁਧਾਕਰ (1899), ਗੁਰ ਗਿਰਾ ਕਸੌਟੀ (1899), ਸਮਸਯਾ ਪੂਰਤੀ, ਸੱਦ ਪਰਮਾਰਥ, ਵਿਸ਼ਨੂੰ ਪੁਰਾਣ ਟੀਕਾ (1903) ਸ਼ਰਾਬ ਨਿਸ਼ੇਧ (1907), ਪਹਾੜ ਯਾਤ੍ਰਾ, ਵਿਲਾਇਤ ਯਾਤ੍ਰਾ, ਸਫ਼ਰਨਾਮਾ ਇੰਗਲੈਂਡ, ਇਕ ਜਯੋਤਿਸ਼ ਗ੍ਰੰਥ ਅਤੇ ਇਤਿਹਾਸ ਬਾਗੜੀਆਂ ਸ਼ਾਮਲ ਹਨ। ਤੀਜੇ ਦੌਰ ਵਿਚ ਗੁਰ ਛੰਦ ਦਿਵਾਕਰ, ਗੁਰ ਸ਼ਬਦਲੰਕਾਰ, ਅਨੇਕਾਰਥ ਕੋਸ਼, ਰੂਪ ਦੀਪ ਪਿੰਗਲ, ਠੱਗ ਲੀਲ੍ਹਾ, ਉਕਤਿ ਬਿਲਾਸ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (1912-30), ਮਨ ਮੰਜਰੀ ਨਾਮ ਮਾਲਾ, ਚੰਡੀ ਦੀ ਵਾਰ ਸਟੀਕ, ਗੁਰਮਤਿ ਮਾਰਦੰਡ, ਗੁਰ ਮਹਿਮਾ ਰਤਨਾਵਲੀ, ਅਤੇ ਰਸ ਚਮਤਕਾਰ ਚੰਦ੍ਰਿਕਾ ਸ਼ਾਮਲ ਹਨ। ਭਾਵੇਂ ਕਿ ਉਨ੍ਹਾਂ ਦੁਆਰਾ ਲਿਖੀਆਂ ਅਨੇਕ ਪੁਸਤਕਾਂ ਚਰਚਾ ਵਿਚ ਰਹੀਆਂ ਹਨ, ਪਰ ਉਨਾਂ੍ਹ ਦੁਆਰਾ ਲਿਖੇ ਮਹਾਨ ਕੋਸ਼ ਨੇ ਉਨ੍ਹਾ ਨੂੰ ਸਾਹਿਤਕ ਖ਼ੇਤਰ ਵਿਚ ਅਮਰ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦੀ ਪ੍ਰਸਿੱਧ ਪੁਸਤਕ ”ਹਮ ਹਿੰਦੂ ਨਹੀਂ” ਨੇ ਉਨ੍ਹਾਂ ਨੂੰ ਕਈ ਅਦਾਲਤੀ ਮੁਕੱਦਮਿਆਂ ਵਿਚ ਹੀ ਘਸੀਟੀ ਨਹੀਂ ਰੱਖਿਆ, ਸਗੋਂ ਇਕ ਸਮੇਂ ਤੇ ਉਨ੍ਹਾਂ ਨੂੰ ਇਸ ਪੁਸਤਕ ਕਰਕੇ ਨੌਕਰੀ ਤੋਂ ਵੀ ਹੱਥ ਧੋਣੇ ਪਏ ਸਨ। ਮਹਾਨ ਕੋਸ਼ ਵਿਚ 64263 ਉਤਕ੍ਰਿਸ਼ਟੀਆਂ ਹਨ, ਅਤੇ ਇਹ ਸ਼ੁੱਧਤਾ ਕਰਕੇ ਜਾਣਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਮਹਾਨ ਕੋਸ਼ ਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਅਨੁਵਾਦ/ਉਲੱਥਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ ਉਰਫ਼ ਹਰੀ ਜੀ, ਆਪਣੇ ਪਿਤਾ ਦੇ ਛੱਡੇ ਅਧੂਰੇ ਕੰਮ ਪੂਰੇ ਕਰਨ ਲਈ ਯਤਨਸ਼ੀਲ ਹਨ, ਅਤੇ ਉਨ੍ਹਾਂ ਦੀ ਪੁਸਤਕ ”ਦਸਮ ਗ੍ਰੰਥ ਤੱਕ ਤਤਕਰਾ” ਕਾਫ਼ੀ ਪ੍ਰਸਿੱਧ ਹੈ।
ਪੰਜਾਬੀ ਦੇ ਇਹ ਮਹਾਨ ਸਪੂਤ 23 ਨਵੰਬਰ, 1938 ਨੂੰ ਨਾਭੇ ਸਕੱਤਰੇਤ ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨ ਵਾਲੇ ਦਿਨ ਸਮਾਰੋਹ ਤੋਂ ਵਾਪਸ ਆਉਣ ‘ਤੇ ਦੁਪਹਿਰ ਭੋਜ ਬਾਅਦ ਆਰਾਮ ਕਰਨ ਸਮੇਂ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ 77 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੁਆਰਾ ਲਿਖਿਆ ਮਹਾਨ ਗ੍ਰੰਥ, ਮਹਾਨ ਵਿਸ਼ਵ-ਕੋਸ਼ ”ਮਹਾਨ ਕੋਸ਼” ਪੰਜਾਬੀ ਬੋਲੀ ਦੇ ਆਸ਼ਕਾਂ ਦੇ ਦਿਲੋ ਦਿਮਾਗ ਵਿਚ ਹਮੇਸ਼ਾ ਰਹੇਗਾ।

ਸੁਰਿੰਦਰ ਕੌਰ ਸੁਰ  ਮੋਬਾਈਲ:9646715568

Monday, 5 November 2012



ਜਾਵੋ ਵੇ ਕੋਈ ਮੋੜ ਲਿਆਵੋ, ਜੀ. ਐਸ. ਪੀ. ਹਰਮਨ, ਪਾਤੜਾਂ


ਜਾਵੋ ਵੇ ਕੋਈ ਮੋੜ ਲਿਆਵੋ, ਜੀ
ਰੀਤੀ ਰਿਵਾਜ, ਮੇਰੇ ਸੱਭਿਆਚਾਰ ਨੂੰ।
ਕਿਧਰ ਗਏ ਉਹ ਬੋਹੜ ਪੁਰਾਣੇ,
ਜਿਥੇ ਕੁੜੀਆਂ ਦੀਆਂ ਡਾਰਾਂ ਪੀਂਘਾਂ ਝੂਟਦੀਆਂ।
ਕਿਧਰ ਗਏ ਉਹ ਬਾਗ-ਬਗੀਚੇ,
ਜਿਥੇ ਯਾਦ ਪ੍ਰੀਤਮ ਕਾਲੀਆਂ ਕੋਇਲਾਂ ਕੂਕਦੀਆਂ।
ਕਿਤੇ ਲੱਭਣ ਨਾ ਅੱਜ ਮੈਨੂੰ,
ਲਹਿਰੀਆ ਬੈਲ ਦਾ, ਪਰਾਂਦਾ, ਬਾਗ, ਘੱਗਰੇ ਤੇ ਫੁਲਕਾਰੀਆਂ।
ਕਿਤੇ ਲੱਭਣ ਨਾ ਅੱਜ ਮੈਨੂੰ,
ਜੋ ਅਮਰ ਨੇ ਅੱਜ ਤੱਕ ਯਾਰਾਂ ਦੀਆਂ ਯਾਰੀਆਂ।
ਗੁੱਲੀ-ਡੰਡਾ, ਲੁਕਣ-ਛੁਪਾਈ, ਫਿੰਡ-ਖੁੰਡੀ,
ਖੇਡਾਂ ਇਹ ਮੇਰੀਆਂ ਕਿਧਰ ਗਈਆਂ ਵੇ।
ਕਹਾਣੀਆਂ, ਕਿੱਸੇ, ਨਾਵਲ ਜਿਨ੍ਹਾਂ ਲਿਖੀਆਂ ਬੀੜਾਂ,
ਕਲਮਾਂ ਉਹ ਕਰਮਾਂ ਵਾਲੀਆਂ ਕਿਧਰ ਗਈਆਂ ਵੇ।
ਉਹ ਗੀਤ ਨਾ ਕੰਨੀਂ ਪੈਂਦੇ ਨੇ ਹੁਣ ਸ਼ਗਨਾਂ ਦੇ,
ਜਿਹਦੇ ਨਾਲ ਟਕੋਰਾਂ ਇਕ-ਦੂਜੇ 'ਤੇ ਹੁੰਦੀਆਂ ਸੀ।
ਨਾ ਆਸ਼ਕ ਹੁਣ ਉਹ ਦਿਸਦੇ ਨੇ,
ਜਿਹਦੇ ਸੋਹਣੇ ਤਨ 'ਤੇ ਰਾਖ ਕੰਨਾਂ ਵਿਚ ਮੁੰਦੀਆਂ ਸੀ।
ਵੇਖਣ ਨੂੰ ਦਿਲ ਕਰਦਾ ਏ ਅੱਜ,
ਮਿਰਜ਼ਾ, ਮਹੀਂਵਾਲ, ਮਜਨੂੰ, ਰਾਂਝੇ ਜਿਹੇ ਦਿਲਦਾਰ ਨੂੰ।
ਨੱਚਣ ਨੂੰ ਦਿਲ ਕਰਦਾ ਏ ਅੱਜ,
ਪਾ ਕੇ ਬੁੰਦੇ, ਡੰਡੀਆਂ, ਸੱਗੀ ਫੁੱਲ, ਪੈਡਲ ਤੇ ਰਾਣੀਹਾਰ ਨੂੰ।
ਜਾਵੋ ਵੇ ਕੋਈ ਮੋੜ ਲਿਆਵੋ,
ਰੀਤੀ ਰਿਵਾਜ ਮੇਰੇ ਸੱਭਿਆਚਾਰ ਨੂੰ।



ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ? - Jatinder Lasara


ਲਹੂ ਦਾ ਰੰਗ ਇੱਕੋ ਹੈ, ਦਿਲਾਂ ਦਾ ਪਿਆਰ ਇੱਕੋ ਹੈ ॥
ਕਿ ਸੂਰਜ ਚੰਦ 'ਤੇ ਧਰਤੀ, ਹਵਾ ਦੀ ਧਾਰ ਇੱਕੋ ਹੈ ॥
ਅਸਾਡੇ ਰੋਣ ਸਾਂਝੇ ਨੇ, ਅਸਾਡੇ ਹੰਝ ਸਾਂਝੇ ਨੇ,
ਅਸਾਡੇ ਚਾਅ ਅਤੇ ਹਾਸੇ , ਦੀ ਵੀ ਟਣਕਾਰ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਕਿ ਤਾਰ ਇੱਕੋ ਹੈ ?

ਅਸਾਡੀ ਭੁੱਖ ਸਾਂਝੀ ਹੈ, ਅਸਾਡੀ ਪਿਆਸ ਇੱਕੋ ਹੈ ॥
ਅਸਾਡੇ ਖ਼ਾਬ ਸਾਂਝੇ ਨੇ, ਅਸਾਡੀ ਆਸ ਇੱਕੋ ਹੈ ॥
ਜਦੋਂ ਕੋਈ ਠੇਸ ਲਗਦੀ ਹੈ, ਦਰਦ ਕਿਸ ਨੂੰ ਨਹੀਂ ਹੁੰਦਾ?
ਅਸਾਡੇ ਹੱਡ ਇੱਕੋ ਨੇ, ਅਸਾਡਾ ਮਾਸ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਅਹਿਸਾਸ ਇੱਕੋ ਹੈ ?

ਮਨੁਖ ਦਾ ਜਨਮ ਸਾਂਝਾ ਹੈ, ਮਨੁਖ ਦੀ ਮੌਤ ਇੱਕੋ ਹੈ ॥
ਹਰਿਕ ਅੰਦਰ ਕੋਈ ਵਸਦੀ, ਇਲਾਹੀ ਜੋਤ ਇੱਕੋ ਹੈ ॥
ਹਵਾ ਦੇ ਗੀਤ ਸਾਂਝੇ ਨੇ, ਤੇ ਜਲ-ਸੰਗੀਤ ਸਾਂਝੇ ਨੇ,
ਧੁਨੀ ਦੀ ਚਰਨ-ਸੀਮਾ ਦਾ, ਵੀ ਤੇ ਸਰੋਤ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਹਰਿਜੋਤ ਇੱਕੋ ਹੈ ?

ਵਿਸ਼ਵ ਦੀ ਹੱਦ ਸਾਂਝੀ ਹੈ, ਅਤੇ ਕਾਇਨਾਤ ਇੱਕੋ ਹੈ ॥
ਅਸਾਡੇ ਦਿਨ ਵੀ ਸਾਂਝੇ ਨੇ, ਅਸਾਡੀ ਰਾਤ ਇੱਕੋ ਹੈ ॥
ਜਦੋਂ ਫੁੱਲ ਮਹਿਕ ਵੰਡਦੇ ਨੇ, ਕਦੋਂ ਕਰ ਜ਼ਾਤ ਪੁਛਦੇ ਨੇ ?
ਅਸਾਡੀ ਧੁੱਪ-ਛਾਂ ਇੱਕੋ, ਅਤੇ ਪ੍ਰਭਾਤ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਰਬ ਜ਼ਾਤ ਇੱਕੋ ਹੈ ?

ਮੇਰਾ ਪੰਜਾਬ ਸਾਂਝਾ ਹੈ, 'ਤੇ ਭਾਰਤ ਯਾਰ ਇੱਕੋ ਹੈ ॥
ਇਹ ਸਾਰੀ ਧਰਤ ਸਾਂਝੀ ਹੈ, ਅਤੇ ਸੰਸਾਰ ਇੱਕੋ ਹੈ ॥
ਜਦੋਂ ਬਾਰਿਸ਼ ਬਰਸਦੀ ਹੈ, ਜਦੋਂ ਤਾਰੇ ਚਮਕਦੇ ਨੇ,
ਇਹ ਕੁਦਰਤ ਭੇਦ ਨਾ ਕਰਦੀ, ਸਦਾ ਵਿਵਹਾਰ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਸੰਸਾਰ ਇੱਕੋ ਹੈ ?

Saturday, 3 November 2012


ਵਗਦੀ ਏ ਰਾਵੀ... (ਕੁਝ ਬੋਲੀਆਂ ) - ਡਾ. ਲੋਕ ਰਾਜ


ਵਗਦੀ ਏ ਰਾਵੀ ਵਿਚ ਫੁੱਲ ਵੇ ਗੁਲਾਬ ਦਾ
ਡੋਬਿਆ ਸਿਆਸਤਾਂ ਨੇ ਬੇੜਾ ਵੇ ਪੰਜਾਬ ਦਾ

ਵਗਦੀ ਏ ਰਾਵੀ ਵਿਚ ਸੁੱਟੀਆਂ ਗਨੇਰੀਆਂ
ਭੁੱਲੀਆਂ ਨਾ ਯਾਦਾਂ ਓ ਲਾਹੌਰ ਕਦੇ ਤੇਰੀਆਂ

ਵਗਦੀ ਏ ਰਾਵੀ ਪਾਣੀ ਕੰਢੇ ਤੱਕ ਆ ਗਿਆ
ਚੌਧਰ ਦਾ ਭੁੱਖਾ ਲੀਕ ਵਾਘੇ ਵਾਲੀ ਪਾ ਗਿਆ

ਵਗਦੀ ਏ ਰਾਵੀ ਵਿਚ ਪਰਨਾ ਨਿਚੋੜਿਆ
ਮਜ੍ਹਬਾਂ ਨੇ ਭਾਈ ਕੋਲੋਂ ਭਾਈ ਨੂੰ ਵਿਛੋੜਿਆ

ਵਗਦੀ ਏ ਰਾਵੀ ਉੱਤੋਂ ਝੁੱਲੀਆਂ ਹਨੇਰੀਆਂ
ਛੁੱਟੀਆਂ ਲਾਹੌਰੋਂ ਅੰਬਰਸਰ ਦੀਆਂ ਫੇਰੀਆਂ

ਵਗਦੀ ਏ ਰਾਵੀ, ਪਰ ਤਰਸੇ ਚਨਾਬ ਨੂੰ
ਲੱਗੀ ਕੋਈ ਨਿਗ੍ਹਾ ਬੜੀ ਚੰਦਰੀ ਪੰਜਾਬ ਨੂੰ

ਵਗਦੀ ਏ ਰਾਵੀ ਮੇਰਾ ਚੇਤਾ ਪਿਛੇ ਭੌਂ ਗਿਆ
ਸ਼ਾਂਤੀ ਦਾ ਪੁੰਜ ਇਹਦੇ ਪਾਣੀਆਂ 'ਚ ਸੌਂ ਗਿਆ


ਸਿਫ਼ਤ-ਸਾਲਾਹ - ਸੁਖਦਰਸ਼ਨ ਧਾਲੀਵਾਲ


ਪਰਮਗੁਰੁ ਪੁਰਨੂਰ ਗੁਰੁ ਗੋਬਿੰਦ ਸਿੰਘ ।
ਰਹਿਮਤਾਂ ਭਰਪੂਰ ਗੁਰੁ ਗੋਬਿੰਦ ਸਿੰਘ ।

ਯਾਰ ਬਖ਼ਸ਼ਨਹਾਰ ਗੁਰੁ ਗੋਬਿੰਦ ਸਿੰਘ ।
ਆਪ ਕਿਰਪਾਧਾਰ ਗੁਰੁ ਗੋਬਿੰਦ ਸਿੰਘ ।

ਦਿਲਨਸ਼ੀਂ ਦਿਲਦਾਰ ਗੁਰੁ ਗੋਬਿੰਦ ਸਿੰਘ ।
ਸ਼ਹਿਨਸ਼ਾਹ ਦਾਤਾਰ ਗੁਰੁ ਗੋਬਿੰਦ ਸਿੰਘ ।

ਵਕ਼ਤ ਦੀ ਆਵਾਜ਼ ਗੁਰੁ ਗੋਬਿੰਦ ਸਿੰਘ ।
ਰੂਹ ਦੀ ਪਰਵਾਜ਼ ਗੁਰੁ ਗੋਬਿੰਦ ਸਿੰਘ ।

ਹਰਿ ਨਜ਼ਰ ਹਰਿ ਰੂਪ ਗੁਰੁ ਗੋਬਿੰਦ ਸਿੰਘ ।
ਪਾਤਸ਼ਾਹ ਆਨੂਪ ਗੁਰੁ ਗੋਬਿੰਦ ਸਿੰਘ ।

ਪਾਕ ਦਿਲ ਮਸਕੀਨ ਗੁਰੁ ਗੋਬਿੰਦ ਸਿੰਘ ।
ਮੁਸ਼ਤਹਰ ਪਰਬੀਨ ਗੁਰੁ ਗੋਬਿੰਦ ਸਿੰਘ ।

ਸਰਵਰੇ ਜਾਹਾਨ ਗੁਰੁ ਗੋਬਿੰਦ ਸਿੰਘ ।
ਰਹਿਮਦਿਲ ਰਹਮਾਨ ਗੁਰੁ ਗੋਬਿੰਦ ਸਿੰਘ ।

ਦਰਦੇ ਦਿਲ ਅਕਸੀਰ ਗੁਰੁ ਗੋਬਿੰਦ ਸਿੰਘ ।
ਰਹਨੁਮਾ ਦਿਲਗੀਰ ਗੁਰੁ ਗੋਬਿੰਦ ਸਿੰਘ ।

ਸੁੱਚੀ ਸੁੱਚੀ ਯਾਦ ਤੇਰੀ - ਦੇਵ ਥਰੀਕੇ ਵਾਲਾ 


ਸੁੱਚੀ-ਸੁੱਚੀ ਯਾਦ ਤੇਰੀ-ਦਿਲਾਂ ਦਿਆਂ ਮਹਿਰਮਾ ਵੇ ਬਣ ਗਈ ਕਲੇਜੜੇ ਨਸੂਰ।
ਮਿੱਠੀ ਮਿੱਠੀ ਪੀੜ ਧੁਖੇ, ਹੱਡੀਆਂ ਦੇ ਬਾਲਣਾਂ ’ਚ ਇਸ਼ਕੇ ਦਾ ਤਪੇ ਨਾ ਤੰਦੂਰ।

ਵੱਡਾ ਸਾਰਾ ਰੋਗ ਤਾਂ- ਨਿਆਣੀ ਜੇਹੀ ਜਿੰਦੜੀ ਨੂੰ ਬੈਠੇ ਹਾਂ ਕੁਵੇਲੜੇ ਵੇਲਾ।
ਨੈਣਾਂ ਜੋ ਕੀਤੀਆਂ, ਬੇਵੱਸ ਹੋ ਕੇ ਸਾਡੇ ਕੋਲੋਂ ਪੇਸ਼ ਨੇ ਦਿਲਾਂ ਦੇ ਗਈਆਂ ਆ।
ਹੰਝੂਆਂ ਦੇ ਵੈਦਾਂ ਕੀਤੀ ਲੱਗ ਵੇ ਟਕੋਰ ਆਉਂਦਾ ਬਿਰਹੋਂ ਦੇ ਫੱਟੀਂ ਨਾ ਅੰਗੂਰ।
ਸੁੱਚੀ-ਸੁੱਚੀ ਯਾਦ ਤੇਰੀ….

ਲੁਕ ਲੁਕ ਰੋਵੇ ਵੇ ਮੁਹੱਬਤਾਂ ਦੀ ਕੁੜੀ ਆ ਕੇ ਹਾਣੀਆਂ ਤੂੰ ਏਸ ਨੂੰ ਵਰ੍ਹਾਅ
ਉਮਰਾਂ ਦੇ ਬੁਝ ਜਾਏ-ਤਰੇਹ ਮੇਰੇ ਚੰਨਾਂ ਘੁਟ ਦੀਦ ਦੀ ਵੇ ਚਾਨਣੀ ਪਿਲਾਅ।
ਜਿੰਦ ਸਾਡੀ ਮੱਸਿਆ ਦੀ ਰਾਤ ਜਿਹੜੀ ਬਣੀ ਹੋਈ ਬਣ ਜਾਊ ਪੁੰਨਿਆ ਜ਼ਰੂਰ।
ਸੱਚੀ-ਸੁੱਚੀ ਯਾਦ......

ਆਪ ਰੁਲੇਂ ਵਿੱਚ ਪਰਦੇਸ ਦੇ ਤੂੰ ਮਹਿਰਮਾ ਵੇ, ਘਰ ਰੁਲੇ ਕੂੰਜ ਜੇਹੀ ਨਾਰ।
ਜਾਪਦੈ ਪਿਆਰੀਆਂ ਨੇ ਸਾਡੇ ਨਾਲੋਂ ਤੈਨੂੰ ਚੰਨਾ, ਚਾਂਦੀ ਦੀਆਂ ਛਿੱਲੜਾਂ ਜੋ ਚਾਰ।
ਪਿਆਰ ਸਾਹਵੇਂ ਦੱਮਾਂ ਦਾ ਕੀ ਮੁੱਲ ਹੁੰਦਾ ਲੋਭੀਆਂ ਵੇ, ਦਮਾਂ ਉੱਤੇ ਕਰੇਂ ਤੂੰ ਗਰੂਰ।
ਸੁੱਚੀ ਸੁੱਚੀ ਯਾਦ ਤੇਰੀ….

ਲੱਖਾਂ ਵੇ ਸੁਨੇਹੇ ਤੈਨੂੰ ਪੌਣਾਂ ਹੱਥ ਘੱਲੇ, ਅਸੀਂ ਰੁੱਤਾਂ ਹੱਥੀਂ ਘੱਲਿਆ ਪਿਆਰ।
ਕਾਲਿਆਂ ਵੇ ਕਾਵਾਂ ਤਾਈਂ-ਚੂਰੀਆਂ ਦੀ ਵੱਢੀਦੇ, ਅਸੀਂ ਗਏ ਸੋਹਣਿਆਂ ਵੇ ਹਾਰ।
ਨੈਣਾਂ ਦੀ ਦਹਿਲੀਜ਼ ਵਿੱਚ- ਬੈਠੀ ਵੇ ਉਡੀਕ ਊਂਘੇ, ਬੈਠ ਗਿਉਂ ‘ਦੇਵ’ ਜਾ ਕੇ ਦੂਰ।
ਸੁੱਚੀ ਸੁੱਚੀ ਯਾਦ ਤੇਰੀ…..

ਬੂਟੇ ਦੀ ਸੋਚ - ਡਾ: ਗਗਨਦੀਪ ਕੌਰ 


ਹਰੇ ਭਰੇ ਇਕ ਬੂਟੇ ਦੀ, 
ਆਓ ਸੁਣਾਵਾਂ ਬਾਤ।
ਜਦ ਉਸ ਦੇ ਦਿਲ ਅੰਦਰ, 
ਮੈਂ ਮਾਰ ਕੇ ਦੇਖੀ ਝਾਤ।

ਨੱਚੇ, ਟੱਪੇ, ਟਹਿਕਾਂ ਮਾਰੇ, 
ਫਿਰੇ ਹੱਸਦਾ, ਖਿਲ ਖਿਲਾਉਂਦਾ।
ਖੁਸ਼ੀ ਦੇ ਮਾਰੇ ਅੱਜ ਉਹ, 
ਫੁੱਲਾ ਨਾ ਸਮਾਉਂਦਾ।

ਚਿਰਾਂ ਤੋਂ ਉਡੀਕ ਸੀ ਜਿਸ ਦੀ, 
ਅੱਜ ਉਹ ਘੜੀ ਹੈ ਆਈ।
ਹਰੀਆਂ-ਹਰੀਆਂ ਕਰੂੰਬਲਾਂ ਵਿਚੋਂ, 
ਇਕ ਕਲੀ ਨਜ਼ਰ ਹੈ ਆਈ।

ਚਾਅ ਕਰੇ ਉਹ ਸਧਰਾਂ ਲਾਵੇ, 
ਸੁਪਨੇ ਕਈ ਸਜਾਉਂਦਾ।
ਬੈਠਾ-ਬੈਠਾ ਮਨ ਹੀ ਮਨ ਵਿਚ, 
ਸੋਚਾਂ ਕਈ ਦੌੜਾਉਂਦਾ।

'ਕਦੋਂ ਖਿੜੇਗੀ, ਫੁੱਲ ਬਣੇਗੀ, 
ਕਿੰਨੀ ਸੋਹਣੀ ਲੱਗੇਗੀ।
ਵਿਚ ਹਵਾ ਦੇ ਝੂਮ-ਝੂਮ ਕੇ, 
ਸਭ ਨੂੰ ਮਹਿਕਾਂ ਵੰਡੇਗੀ।

ਸੂਰਜ ਦੀਆਂ ਪਹਿਲੀਆਂ ਕਿਰਨਾਂ, 
ਜਦ ਇਸ ਉੱਪਰ ਪੈਣਗੀਆਂ।
ਅਰਸ਼ੋਂ ਉੱਤਰ ਪਰੀਆਂ ਵੀ, 
ਇਸ ਤੋਂ ਵਾਰੀ ਜਾਣਗੀਆਂ।



ਧੀਆਂ ਰੁੱਖ ਤੇ ਪਾਣੀ: ਮਲਕੀਅਤ ਸੁਹਲ


ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।

ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ । 



ਭੈਣਾਂ ਦਾ ਜੋ ਪਿਆਰ ਭੁਲਾਵੇ ,
ਕਹਿੰਦੇ ਹੈ ਮੱਤ ਮਾਰੀ ।
ਘਰ 'ਚ ਬੂਟਾ ਅੰਬੀ ਦਾ ਇਕ ,
ਫੇਰੀਂ ਨਾ ਤੂੰ ਆਰੀ ।
 ਸੱਭ ਦੀ ਕੁੱਲ ਵਧਾਵਣ ਵਾਲੀ ;
ਧੀ ਹੈ ਬਣੀ ਸੁਆਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮਾਂ ਤੋਂ ਮੰਗੇ ਪਾਣੀ । 

ਜੇ ਰੁੱਖਾਂ ਨੂੰ ਵੀ ਪਾਉਗੇ ਪਾਣੀ ,
ਸਾਡਾ ਸਾਥ ਨਿਭਾਵਣਗੇ।
ਭੁੱਲ ਕੇ ਰੁੱਖਾਂ ਤਾਈਂ ਨਾ ਵਢ੍ਹੋ ,
ਸਾਡੇ ਹੀ ਕੰਮ ਆਵਣਗੇ।
ਚਿੱਖ਼ਾ ਤੇ ਲੱਕੜ ਸਾਥ ਨਿਭਾਵੇ;
ਝੂੱਠ ਰਤਾ ਨਾ ਜਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ । 

ਪੌਣ , ਪਾਣੀ ਹੀ ਰਹਿਣ ਪਵਿਤੱਰ ,
ਇਹ ਸਾਡੀ ਜ਼ਿੰਦਗਾਨੀ।
ਵਸਦਾ ਰਹੇ ਅੰਮੜੀ ਦਾ ਵਿਹੜਾ ,
ਧੀਆਂ ਧਰਮ ਨਿਸ਼ਾਨੀ।

ਧੀ-ਪੁਤਾਂ ਵਿਚ ਫਰਕ ਨਾ ਪਾਇਉ ,
ਕਰਿਓ ਨਾ ਵੰਡ ਕਾਣੀਂ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ । 

ਆਓ! ਰਲ ਕੇ ਕਸਮਾਂ ਖਾਈਏ,
ਪਾਪ ਨਾ ਹੱਥੀਂ ਹੋਵੇ ।
ਕੋਈ ਮਰੇ ਨਾ ਰੱਬਾ , ਧੀ ਵਿਚਾਰੀ,
ਮਾਂ ਨਾ ਬਹਿ ਕੇ ਰੋਵੇ ।
ਹੁਣ ਵਾਤਾਵਰਨ ਸੁਖਾਂਵਾਂ ਕਰੀਏ ,
ਬਣ ਕੇ ਹਾਣੀ ਹਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ । 

ਅਕਲਾਂ ਵਾਲਿਓ ! ਰੱਬ ਦੇ ਬੰਦਿਉ,
ਆਸਾਂ ਨਾਲ ਸੁਆਸਾਂ ।
ਧੀਆਂ , ਰੁੱਖ ਬਚਾ ਲਉ ਪਾਣੀ ,
"ਸੁਹਲ" ਦੀਆਂ ਅਰਦਾਸਾਂ।
ਗੁਰੂਆਂ , ਪੀਰਾਂ , ਅਵਤਾਰਾਂ ਦੀ ,
ਕਹਿੰਦੀ ਹੈ ਗੁਰਬਾਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ।
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ । 

- ਮਲਕੀਅਤ "ਸੁਹਲ",  ਗੁਰਦਾਸਪੁਰ

Friday, 2 November 2012


ਮੇਰੀ ਵੀ ਇੱਕ ਮਾਂ ਹੁੰਦੀ ਸੀ - ਜਗਜੀਤ "ਪਿਆਸਾ"


ਮੇਰੀ ਵੀ ਇੱਕ ਮਾਂ ਹੁੰਦੀ ਸੀ |
ਠੰਡੀ ਮਿਠੜੀ ਛਾਂ ਹੁੰਦੀ ਸੀ |

ਗੋਦ ਉਸ ਦੀ ਦੱਸਾਂ ਕੀ ਮੈਂ ,
ਸੁਰਗਾਂ ਵਰਗੀ ਥਾਂ ਹੁੰਦੀ ਸੀ |

ਬੋਟ ਕਲੇਜੇ ਦਾ ਮੈਂ ਉਸਦਾ ,
ਓਹ ਮੇਰੀ ਜਿੰਦ ਜਾਂ ਹੁੰਦੀ ਸੀ

ਦੇਸ ਪਰਾਏ ਜਦ ਮੈਂ ਜਾਂਦਾ ,
ਰੋਜ਼ ਉਡਾਉਂਦੀ ਕਾਂ ਹੁੰਦੀ ਸੀ |

ਮੈਂ ਜੇ ਰੋਂਦਾ ਅਥਰੂ ਭਰਦੀ ,
ਹਸਦਾ ਜਦ ਖੁਸ਼ ਤਾਂ ਹੁੰਦੀ ਸੀ

ਮਮਤਾ ਦੀ ਉਹ ਮੂਰਤ "ਪਿਆਸੇ" ,
ਰੱਬ ਜਿਹਾ ਕੋਈ ਨਾਂ ਹੁੰਦੀ ਸੀ

ਬਾਬੂ ਰਜਬ ਅਲੀ - ਇੱਕ ਸਿਰਮੌਰ ਕਵੀਸ਼ਰ - ਡਾ. ਜਸਪਾਲ ਸਿੰਘ ਰਿਖੀ 


ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ 'ਤੇ ਬਹੁਤ ਮਹਾਨ ਵਿਅਕਤੀ, ਪ੍ਰਸਿੱਧ ਲੇਖਕ, ਸਾਇੰਸਦਾਨ, ਕਵੀ ਅਤੇ ਸ਼ਾਇਰ ਪੈਦਾ ਹੋਏ ਹਨ। ਬਾਬੂ ਰਜਬ ਅਲੀ ਦਾ ਨਾਂ ਕਵੀਸ਼ਰੀ ਕਲਾ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਕਲਾ ਦਿੱਤੀ ਜਿਹੜੀ ਆਧੁਨਿਕ ਸਮੇਂ ਖ਼ਤਮ ਹੁੰਦੀ ਜਾ ਰਹੀ ਹੈ। 
ਬਾਬੂ ਰਜਬ ਅਲੀ ਨੂੰ ਆਪਣੇ ਸਮੇਂ ਦਾ ਸਿਰਮੌਰ ਸ਼ਾਇਰ, ਕਵੀਸ਼ਰ ਅਤੇ ਕਲਮ ਦੇ ਧਨੀ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦਾ ਜਨਮ 10 ਅਗਸਤ 1894 ਈ. ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋ ਕੇ ਵਿੱਚ ਪਿਤਾ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੀ ਕੁੱਖੋਂ ਹੋਇਆ। ਬਾਬੂ ਜੀ ਤੋਂ ਪਹਿਲਾਂ ਧਮਾਲੀ ਖ਼ਾਂ ਦੇ ਘਰ ਕ੍ਰਮਵਾਰ ਚਾਰ ਲੜਕੀਆਂ ਭਾਗੀ, ਸਿਯਾਦੀ, ਲਾਲੀ ਅਤੇ ਰਯਾਦੀ ਨੇ ਜਨਮ ਲਿਆ। ਚਾਰ ਭੈਣਾਂ ਇਕਲੌਤੇ ਵੀਰ ਅਤੇ ਆਪਣੇ ਪਿਉ ਦੇ ਇਕਲੌਤੇ ਪੁੱਤਰ ਹੋਣ ਕਰਕੇ ਧਮਾਲੀ ਖਾਂ ਨੇ ਆਪਣੇ ਪੁੱਤਰ ਦਾ ਨਾਂ, ਰਜਬ ਅਲੀ ਖਾਂ ਰੱਖਿਆ। 
ਮਾਪਿਆਂ ਨੇ ਆਪਣੇ ਲਾਡਲੇ ਪੁੱਤਰ ਨੂੰ ਬੜੇ ਚਾਵਾਂ ਅਤੇ ਲਾਡਾਂ ਨਾਲ ਪਾਲ਼ਿਆ। ਭੈਣਾਂ ਨੇ ਵੀ ਆਪਣੇ ਇਕਲੌਤੇ ਭਰਾ ਨੂੰ ਰੱਜ ਕੇ ਪਿਆਰ ਦਿੱਤਾ। ਆਪਣੇ ਬਚਪਨ ਦੇ ਪੰਜ ਸਾਲ ਉਸਨੇ ਸਾਹੋ ਕੇ ਪਿੰਡ ਦੀਆਂ ਗਲ਼ੀਆਂ ਵਿੱਚ ਖੇਡਦਿਆਂ ਅਤੇ ਲਾਡ-ਲੋਰੀਆਂ ਵਿੱਚ ਗੁਜ਼ਾਰੇ। ਛੇਵੇਂ ਸਾਲ ਵਿੱਚ ਧਮਾਲੀ ਖਾਂ ਨੇ ਆਪਣੇ ਪੁੱਤਰ ਨੂੰ ਪੜ੍ਹਾਉਣ ਦਾ ਫੈਸਲਾ ਕਰ ਲਿਆ। ਪਿੰਡ ਸਾਹੋ ਕੇ ਤੋਂ ਡੇਢ-ਕੁ ਮੀਲ ਦੀ ਵਿੱਥ 'ਤੇ ਬੰਬੀਹਾ ਪਿੰਡ ਵਿੱਚ ਬਾਬੂ ਜੀ ਨੂੰ ਪੜ੍ਹਨ ਲਾ ਦਿੱਤਾ ਗਿਆ। ਜਿਸਦਾ ਵਰਣਨ ਉਸ ਨੇ ਆਪਣੀ ਸਵੈ-ਜੀਵਨੀ ਰੂਪੀ ਕਵਿਤਾ 'ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ' ਵਿੱਚ ਇਸ ਤਰ੍ਹਾਂ ਕੀਤਾ ਹੈ :
 ਸੋਹਣੀ ਸਾਹੋ ਪਿੰਡ ਦੀਏ ਬੀਹੇ, 
ਬਚਪਨ ਦੇ ਵਿੱਚ ਪੜ੍ਹੇ ਬੰਬੀਹੇ। 
ਚੂਰੀ ਖੁਆ ਮਾਂ ਪਾਤੇ ਰਸਤੇ,
ਚੱਕ ਲੈ ਕਲਮ ਦਵਾਤਾਂ ਬਸਤੇ।
ਸ਼ੇਰ, ਨਿਰੰਜਣ, ਮਹਿੰਗੇ ਨੇ, ਭੁੱਲਦੀਆਂ ਨਾ ਭਰਜਾਈਆਂ,
ਘੁੰਮਰਾਂ ਪਾਈਆਂ ਲਹਿੰਗੇ ਨੇ।
ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪੰਜਵੀਂ ਕਲਾਸ ਵਜ਼ੀਫ਼ੇ ਵਿੱਚ ਪਾਸ ਕਰਕੇ ਅਵੱਲ ਰਿਹਾ ਤੇ ਛੇਵੀਂ ਕਲਾਸ ਵਿੱਚ ਦਾਖ਼ਲ ਹੋ ਗਿਆ। ਇਸੇ ਦੌਰਾਨ ਬਾਬੂ ਰਜਬ ਅਲੀ ਖ਼ਾਂ ਕਾਫ਼ੀ ਸਮਾਂ ਬਿਮਾਰ ਰਿਹਾ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਮਾਤਾ ਜਿਉਣੀ ਬਿਮਾਰ ਪੈ ਕੇ ਚੱਲ ਵਸੀ। ਬਾਬੂ ਜੀ ਦੀ ਪਰਵਰਿਸ਼ ਉਨ੍ਹਾਂ ਦੀ ਵੱਡੀ ਭੈਣ ਭਾਗੀ ਨੇ ਕੀਤੀ ਅਤੇ ਉਨ੍ਹਾਂ ਨੂੰ ਮਾਂ ਵਾਲਾ ਮੋਹ ਅਤੇ ਭੈਣ ਵਾਲਾ ਪਿਆਰ ਦਿੱਤਾ।
ਰਜਬ ਅਲੀ ਦਾ ਫ਼ਿਰੋਜ਼ਪੁਰ ਵਜ਼ੀਫ਼ਾ ਨਾ ਲੱਗਣ 'ਤੇ ਉਹ ਉੱਥੋਂ ਸਰਟੀਫਿਕੇਟ ਲੈ ਕੇ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਦਾਖ਼ਲ ਹੋ ਗਿਆ ਅਤੇ ੧੯੧੨ ਈ ਵਿੱਚ ਦੂਜੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਬਾਬੂ ਰਜਬ ਅਲੀ ਨੇ ਪੰਜਾਬੀ ਬੋਲੀ ਦੇ ਪਿਆਰ ਪ੍ਰਤੀ ਆਪਣੀ ਦਿਲੀ ਪ੍ਰੀਤ ਅਤੇ ਆਪਣੇ ਹਮਜਮਾਤੀ ਯਾਰਾਂ-ਬੇਲੀਆਂ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ :
ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲੀਣਿਊ ਗੋਕਲ ਜੀ।
ਬਾਬੂ ਰੱਣਿਓਂ ਇੰਦਰ ਤੇ ਸੰਤੋਖ ਡਰੋਲੀ ਦਾ।
ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ।
ਜਿਸ ਤਰ੍ਹਾਂ ਪਿਤਾ ਧਮਾਲੀ ਖ਼ਾਂ ਦੀ ਗਾਉਣ ਅਤੇ ਖੇਡਾਂ ਵਿੱਚ ਰੁਚੀ ਸੀ, ਉਸੇ ਤਰ੍ਹਾਂ ਹੀ ਰਜਬ ਅਲੀ ਵਿੱਚ ਆਪਣੇ ਪਿਤਾ ਵਾਲੇ ਗੁਣ ਹੋਣੇ ਸੁਭਾਵਿਕ ਹੀ ਸਨ। ਦੌੜ, ਲੰਮੀ ਛਾਲ, ਫੁਟਬਾਲ ਅਤੇ ਕ੍ਰਿਕੇਟ ਦਾ ਉਹ ਆਪਣੇ ਜ਼ਮਾਨੇ ਦਾ ਮੰਨੇ-ਪ੍ਰਮੰਨੇ ਖਿਡਾਰੀ ਅਤੇ ਫ਼ਰੀਦਕੋਟ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸੀ। ਉਹ ਕਦੇ-ਕਦੇ ਮੈਚ ਖੇਡਣ ਲਈ ਆਪਣੇ ਸਾਥੀਆਂ ਨਾਲ ਲਈ ਜਲੰਧਰ ਜਾਂ ਪਟਿਆਲੇ ਵੀ ਜਾਂਦਾ ਸੀ। ਇਸ ਗੱਲ ਦਾ ਸੰਕੇਤ ਉਸ ਦੀ ਕਵਿਤਾ ਵਿੱਚ ਮਿਲਦਾ ਹੈ :
 ਵੇਖੇ ਕਿਲੇ ਰਿਆਸਤ ਦੇ, ਰਾਜ ਦੇ ਮੰਦਰ ਵੜੇ ਨਾ ਅੰਦਰ।
 ਕਪਤਾਨ ਟੀਮ ਦਾ ਸਾਂ, ਖੇਡਣ ਗਏ ਕ੍ਰਿਕਟ ਜਲੰਧਰ। 

ਦਸਵੀਂ ਪਾਸ ਕਰਕੇ ਉਸਨੇ ਗੁਜਰਾਤ ਦੇ ਰਸੂਲ ਸ਼ਹਿਰ ਤੋਂ ਉਵਰਸੀਅਰ ਦੀ ਟਰੇਨਿੰਗ ਲਈ। ਉੱਥੇ ਵੀ ਉਹ ਫੁਟਬਾਲ ਦਾ ਵਧੀਆ ਖਿਡਾਰੀ ਸੀ। ਉਸਨੇ ਬਹੁਤ ਸਾਰੇ ਮੈਚ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਉਵਰਸੀਅਰ ਦੇ ਇਮਤਿਹਾਨ ਵਿੱਚੋਂ ਪੰਜਵੇਂ ਨੰਬਰ ਤੇ ਆ ਕੇ ਉਹ ਇਸੇ ਸਾਲ ਹੀ ਮੁਲਤਾਨ ਨਿਯੁਕਤ ਹੋ ਗਿਆ। ਪਰ ਉਸਦੀ ਬਤੌਰ ਉਵਰਸੀਅਰ ਨਿਯੁਕਤੀ ਬੰਗਲਾ ਗੋਹਾਟੀ ਤਹਿਸੀਲ ਮਰਦਾਨ, ਜ਼ਿਲ੍ਹਾ-ਪੇਸ਼ਾਵਰ ਤੋਂ ਹੋਈ। ਉਸ ਸਮੇਂ ਵਿੱਚ ਉਸ ਨੂੰ ਤਨਖ਼ਾਹ ਤੋਂ ਇਲਾਵਾ ੨੫ ਰੁਪਏ ਵੱਖਰਾ ਭੱਤਾ ਮਿਲਦਾ ਸੀ। ਪਿਸ਼ਾਵਰ ਵਰਗਾ ਖੁਸ਼ਹਾਲ ਇਲਾਕਾ, ਸਾਹਿਤ ਦਾ ਇਸ਼ਕ, ਇੱਕ ਉੱਚਕੋਟੀ ਦਾ ਅਫ਼ਸਰ ਅਤੇ ਖੁੱਲ੍ਹੀ ਤਨਖ਼ਾਹ ਉਸ ਲਈ ਕੁਦਰਤ ਦੁਆਰਾ ਦਿੱਤੀਆਂ ਨਿਆਮਤਾਂ ਸਨ। ਇਨ੍ਹਾਂ ਆਦਿ ਦਾ ਵਰਣਨ ਉਸਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ :

 ਕਰ ਐਂਟਰੈਂਸ ਪਾਸ ਸਕੂਲੋਂ, ਓਵਰਸੀਅਰ ਬਣੇ ਰਸੂਲੋਂ।
 ਜ਼ਿਲ੍ਹੇ ਪਿਸ਼ੌਰ ਨਹਿਰ ਵਿੱਚ ਭਰਤੀ, ਦੌਲਤ ਪਾਣੀ ਵਾਂਗ ਵਰਤੀ।
 ਬਹੁਤ ਬਹਾਰਾਂ ਮਾਣੀਆਂ, ਸੁਰਖ ਮਖ਼ਮਲਾਂ ਵਰਗੇ ਫਿਰਨ ਪਠਾਣ ਪਠਾਣੀਆਂ।

ਬਾਬੂ ਰਜਬ ਅਲੀ ਨੇ ਆਪਣੀ ਨਿਯੁਕਤੀ ਵਾਲੇ ਸਥਾਨ ਤੇ ਨਰੋਏ ਸਮਾਜ ਦੀ ਸਿਰਜਣ ਦੀ ਵਿਆਖਿਆ ਬੜੇ ਸ਼ਾਨਦਾਰ ਢੰਗ ਨਾਲ ਕੀਤੀ ਹੈ। ਕਾਜੂ, ਬਦਾਮ ਅਤੇ ਖਸਖਸ ਖਵਾ ਕੇ ਪਲ਼ੇ ਪਠਾਣ ਮਾਵਾਂ ਦੇ ਪੁੱਤਰਾਂ ਦੇ ਗੁੰਦਵੇਂ ਸਰੀਰ, ਸੂਰਜ ਵਾਂਗ ਭਖਦੇ ਚਿਹਰੇ ਅਤੇ ਉੱਚੇ-ਲੰਬੇ ਕੱਦਾਂ ਦੀ ਵਿਆਖਿਆ ਆਪਣੀ ਪਲੇਠੀ ਰਚਨਾ (ਹੀਰ ਰਜਬ ਅਲੀ ੧੯੧੪ ਈ.) ਛੰਦਾਂ ਬੰਦੀ ਵਿੱਚ ਲਿਖ ਕੇ ਕੀਤਾ ਅਤੇ ਆਪਣੇ ਪਿਤਾ ਧਮਾਲੀ ਖਾਂ ਅਤੇ ਤਾਏ ਇੰਦਰ ਸਿੰਘ ਦੇ ਚੜ੍ਹੇ ਉਲਾਂਭਿਆਂ ਨੂੰ ਪੂਰਾ ਕੀਤਾ। ਇੱਕ ਹੀਰ ਲਿਖਣ ਦਾ ਅਤੇ ਦੂਜਾ ਬਾਬੂ ਬਣਨ ਦਾ।

ਬਾਬੂ ਰਜਬ ਅਲੀ ਆਪਣੇ ਸਮੇਂ ਦਾ ਪ੍ਰਸਿੱਧ ਹਰਫ਼ਨ ਮੌਲਾ ਕਵੀਸ਼ਰ ਸੀ। ਇਸ ਲਈ ਉਸ ਨੇ ਆਪਣੇ ਸਕੂਲ ਦੇ ਮੁੱਖ ਅਧਿਆਪਕ ਪੰਡਿਤ ਰਾਮ ਨਿਵਾਸ ਜੀ ਤੋਂ ਕਾਵਿ ਬੋਧ ਪ੍ਰਾਪਤ ਕੀਤਾ। ਉਸ ਨੇ ਪੰਜਾਬੀ, ਫ਼ਾਰਸੀ, ਉਰਦੂ ਤੇ ਪਿੰਗਲ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਕੀਤੀ, ਪਰ ਕਵੀਸ਼ਰੀ ਕਲਾ ਦਾ ਉਸਤਾਦ ਉਸ ਨੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ ੧੯੨੧ ਈ. ਵਿੱਚ ਵਿਧੀਪੂਰਵਕ (ਪੱਗ ਦੇ ਕੇ) ਧਾਰਨ ਕੀਤਾ। ਬਾਬੂ ਰਜਬ ਅਲੀ ਵੀ ਆਪਣੇ ਉਸਤਾਦ ਮਾਨ ਸਿੰਘ ਵਾਂਗ ਮਾਲਵੇ ਦਾ ਸਿਰਮੌਰ ਕਵੀਸ਼ਰ ਬਣਿਆ। ਉਸ ਦੀ ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾ ਤੇ ਚੰਗੀ ਪਕੜ ਸੀ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਕਵੀਸ਼ਰੀ ਕਲਾ ਦਾ ਲੋਹਾ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੀ ਮਨਵਾਇਆ। ਉਸ ਦੀ ਕਵਿਤਾ ਨੀਤੀ ਦੇ ਕਬਿੱਤ ਦੀ ਇੱਕ ਉਦਾਹਰਣ ਇਸ ਪ੍ਰਕਾਰ ਹੈ :

ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ,
ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਸ ਰੋਜ਼ ਧੱਸਦੀ,
ਮੌਤ ਜੇ ਵਿਆਹ 'ਚ ਹੋ ਜੇ, ਜੇ ਜੁਆਕ ਰਾਹ 'ਚ ਹੋ ਜੇ
ਮੀਂਹ-ਝੜੀ ਜੇ ਗਾਹ 'ਚ ਹੋ ਜੇ, ਦੁੱਖੀਂ ਜਨ ਫੱਸਦੀ।
ਸੱਪ ਜੇ ਅਸੀਲ ਹੋ ਜੇ, ਖ਼ਾਰਜ ਅਪੀਲ ਹੋ ਜੇ,
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ।

ਇਸ ਤਰ੍ਹਾਂ ਪੰਜਾਬੀ ਤੋਂ ਇਲਾਵਾ ਉਸ ਨੇ ਧਾਰਮਿਕ ਕਿੱਸਿਆਂ, ਰਮਾਇਣ, ਮਹਾਂਭਾਰਤ, ਗੁਰੂਆਂ ਦੇ ਪ੍ਰਸੰਗ ਵਿੱਚ ਵੀ ਆਪਣੀ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਇੱਕੋ ਜਿਹੇ ਢੰਗ ਨਾਲ ਕੀਤਾ ਹੈ।ਇਸਲਾਮੀ, ਪਰੰਪਰਾ ਅਨੁਸਾਰ ਉਸ ਨੇ ਚਾਰ ਵਿਆਹ ਕਰਵਾਏ ਉਸ ਦੀਆਂ ਪਤਨੀਆਂ ਭਾਗੋ, ਫਾਤਮਾ, ਰਹਿਮਤ ਬੀਬੀ ਅਤੇ ਦੌਲਤਾਂ ਸਨ। ਬਾਬੂ ਰਜਬ ਅਲੀ ਨੇ ਆਪਣੇ ਪਿਤਾ ਧਮਾਲੀ ਖਾਂ ਦੀ ਆਖ਼ਰੀ ਇੱਛਾ ਦੇ ਚਲਾਣੇ ਤੋਂ ਬਾਅਦ ਪੂਰੀ ਕਰ ਦਿੱਤੀ ਅਤੇ ਪਿੰਡ ਵਿੱਚ ਪ੍ਰਤੀ ਜੀ ਇੱਕ ਸੇਰ ਮਿਠਿਆਈ ਤੋਲ ਕੇ ਪ੍ਰਸੰਸਾ ਖੱਟੀ।
ਰਜਬ ਅਲੀ ਨੇ ਆਪਣੀ ਉਵਰਸੀਅਰ ਦੀ ਨੌਕਰੀ ਬੜੀ ਮਿਹਨਤ ਅਤੇ ਤਨਦੇਹੀ ਨਾਲ ਕੀਤੀ। ਇਸਦਾ ਜ਼ਿਕਰ ਉਸ ਨੇ ਆਪਣੇ ਸੈਂਕੜੇ ਛੰਦਾਂ ਵਿੱਚ ਕੀਤਾ ਹੈ। ਉਹ ਅੰਗਰੇਜ਼ ਸਰਕਾਰ ਦਾ ਇਮਾਨਦਾਰ ਅਫ਼ਸਰ ਹੁੰਦਾ ਹੋਇਆ ਵੀ ਆਪਣੇ ਦੇਸ਼ ਦਾ ਵਫ਼ਾਦਾਰ ਸਿਪਾਹੀ ਸੀ। ਉਸ ਦੀ ਤਰੱਕੀ ਹੋਣ ਤੋਂ ਪਹਿਲਾਂ ਹੀ ਉਸ ਦੁਆਰਾ ਲਿਖੀ ਗਈ ਦੇਸ਼-ਭਗਤੀ ਦੀ ਕਵਿਤਾ ਨੂੰ ਕਿਸੇ ਨੇ ਚੁਗ਼ਲੀ ਕਰ ਅੰਗਰੇਜ਼ਾਂ ਤੱਕ ਪੁਚਾ ਦਿੱਤਾ। ਇਸ ਕਾਰਨ ਉਸ ਦੀ ਤਰੱਕੀ ਰੋਕ ਦਿੱਤੀ ਗਈ। 

 ਕਰ ਦੂਰ ਦਵੈਤਾਂ ਨੂੰ, ਕਲਮ ਨੂੰ ਫੜ ਕੇ ਲਿਖ ਗਿਆ ਸ਼ਾਇਰੀ। 
 ਲਿਖੇ ਕਵਿਤਾ ਆਜ਼ਾਦੀ ਦੀ, ਕਿਸੇ ਨੇ ਦੇਤੀ ਖੁਫ਼ੀਆ ਡੈਰੀ।
 ਹੋਈਆਂ ਬੰਦ ਤਰੱਕੀਆਂ ਜੀ, ਚੱਕੇ ਗਏ ਨੇਰ੍ਹੇ ਗੈਸ ਜੇ ਜੱਗੇ।
 ਮੇਰੀ ਸਾਹੋ ਨੱਗਰੀ ਨੂੰ, ਕਿਸੇ ਦੀ ਚੰਦਰੀ ਨਜ਼ਰ ਨਾ ਲੱਗੇ।

ਦੇਸ਼-ਭਗਤੀ ਦੀਆਂ ਕਵਿਤਾਵਾਂ ਰਚਨ ਕਾਰਨ ਉਸ ਦੀ ਐਸ.ਡੀ.ਓ. ਦੀ ਤਰੱਕੀ ਵਾਲੀ ਮਿਸਲ ਖਾਰਜ ਕਰਕੇ ਤਰੱਕੀ ਰੋਕ ਦਿੱਤੀ ਗਈ ਤੇ ਉਸ 'ਤੇ ਤਿੱਖੀ ਨਜ਼ਰ ਰੱਖੀ ਜਾਣ ਲੱਗੀ। ਉਸ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਮੇਂ ਤੋਂ ਪਹਿਲਾਂ ਪੈਨਸ਼ਨ ਲੈ ਲਈ।ਜਦੋਂ ਦੇਸ਼ ਆਜ਼ਾਦ ਹੋ ਕੇ ਵੰਡਿਆ ਗਿਆ ਤਾਂ ਉਸ ਸਮੇਂ ਬਾਬੂ ਰਜਬ ਅਲੀ ਦੀ ਪੀੜ ਵੇਖਣ ਵਾਲੀ ਸੀ। ਉਸ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਜਾਣਾ ਪਿਆ।

 ਸੰਨ ਸਨਤਾਲੀ ਦੇਸ਼ 'ਚੋਂ ਉਜਾੜੇ ਸੀ,
 ਅੰਨ, ਜਲ ਲੈ ਗਿਆ ਖਿੱਚ ਕੇ ਉਕਾੜੇ ਸੀ।

ਉਸਨੂੰ ਚੱਕ ਨੰਬਰ ਬੱਤੀ ਉਕਾੜੇ ਤਹਿਸੀਲ ਵਿੱਚ ਚਾਲ਼ੀ ਏਕੜ ਜ਼ਮੀਨ ਅਤੇ ਘਰ ਅਲਾਟ ਹੋਏ। ਹੌਲ਼ੀ-ਹੌਲ਼ੀ ਉਸ ਦਾ ਪਰਿਵਾਰ ਵਾਹੀ ਵਿੱਚ ਚੰਗੀ ਤਰ੍ਹਾਂ ਖੁੱਭ ਚੁੱਕਾ ਸੀ ਪਰ ਬਾਬੂ ਜੀ ਦਾ ਮਨ ਅਜੇ ਵੀ ਆਪਣੇ ਪਿੰਡ ਸਾਹੋ ਕੇ ਲਈ ਤਰਸਦਾ ਸੀ।

ਭਾਗਾਂ ਵਾਲਿਆਂ ਬੰਦਿਆਂ ਨੇ ਵੇਖੇ, ਸਾਹੋ ਕੇ ਹਮਾਰੇ ਘਰ ਜੀ।
ਮਾੜੀ, ਮੱਲਕੇ, ਬੰਬੀਹੇ, ਸੇਖੇ ਤੇ ਸਿਵੀਆਂ, ਸਮਾਲਸਰ ਜੀ।
ਚੀਦਾ, ਵਾਂਦਰ, ਬੁਰਜ, ਠੱਠੀ, ਨਾਲੇ ਬਾਬੂ ਕੋਲੇ ਬਰਗਾੜੀ ਦੇ।
ਮੇਵੇ ਤੋੜ ਕੇ ਮਰੋੜ ਤੋੜ ਡਾਲੇ, ਖਿੰਡਾ ਫੁੱਲ ਫੁਲਵਾੜੀ ਦੇ।

ਉਸ ਦਾ ਸਰੀਰ ਪਾਕਿਸਤਾਨੀ ਪੰਜਾਬ ਦੇ ਚੱਕ ਨੰਬਰ ਬੱਤੀ ਵਿੱਚ ਕੈਦ ਸੀ ਪਰ ਉਸ ਦੀ ਰੂਹ ਆਪਣੇ ਪਿੰਡ ਸਾਹੋ ਕੇ ਵਿੱਚ ਵੱਸ ਰਹੀ ਸੀ। ਉਸ ਕੋਲ ਹੌਕੇ ਤੇ ਹਾਵਿਆਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।ਸਮੇਂ ਦੀ ਸਰਕਾਰ ਅਤੇ ਸਮਾਜ ਵੱਲੋਂ ਉਸਨੂੰ ਆਪਣੀ ਜਨਮ ਭੂਮੀ 'ਤੇ ਆਉਣ ਦੀ ਇਜ਼ਾਜ਼ਤ ਨਹੀਂ ਸੀ। ਉਹ ਆਪਣੇ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਨ ਲਈ ਤੜਪ ਰਿਹਾ ਸੀ। ਇਸ ਲਈ ਉਹ ਆਪਣੇ ਲੰਮੇ-ਲੰਮੇ ਖ਼ਤਾਂ ਵਿੱਚ ਆਪਣੇ ਸ਼ਾਗਿਰਦਾਂ ਨੂੰ ਸੇਧ ਦਿੰਦਾ ਰਹਿੰਦਾ। ਉਸਨੇ ਇੱਕ ਪਰਾਏ ਮੁਲਕ ਵਿੱਚ ਰਹਿੰਦਆਂ ਹੋਇਆਂ ਵੀ 'ਦਸ਼ਮੇਸ਼ ਮਹਿਮਾ' ਨਾਂ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਦਿਲੀ ਸ਼ਰਧਾਂਜਲੀ ਦੇਣ ਲਈ ਲਿਖੀ :

ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣਥੱਕਿਆਂ ਵਾਲੇ, ਕਰਨ ਹਮੇਸ਼ ਗੁਰ।
'ਬਾਬੂ ਜੀ' ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ, 'ਮੇਰੇ ਦਸਮੇਸ਼ ਗੁਰ'।

ਇਸਲਾਮ ਧਰਮ ਵਿੱਚ ਜਨਮ ਲੈ ਕੇ ਵੀ ਇਸ ਅਲਬੇਲੇ ਸ਼ਾਇਰ ਨੇ ਕੇਵਲ ਆਪਣੇ ਧਰਮ ਪ੍ਰਤੀ ਹੀ ਸ਼ਰਧਾ ਨਹੀਂ ਵਿਖਾਈ, ਸਗੋਂ ਸਰਵ-ਧਰਮ ਸਤਿਕਾਰ ਕੀਤਾ। ਇੱਕ ਪਾਸੇ ਉ@ਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 'ਪਟਨੇ ਜਰਮ, ਵਾਲੇ ਮੇਰੇ ਦਸਮੇਸ਼ ਗੁਰ' ਲਿਖ ਕੇ ਉਨ੍ਹਾਂ ਲਈ ਆਪਣੀ ਦਿਲੀ ਸ਼ਰਧਾ ਪ੍ਰਗਟ ਕੀਤੀ ਹੈ, ਦੂਜੇ ਪਾਸੇ ਉਸ ਨੇ ਮਾਤਾ ਸਰਸਵਤੀ ਦੀ ਮੰਗਲ ਕਾਮਨਾ ਕਰਕੇ ਆਪਣੀ ਕਲਮ ਲਈ ਤਾਕਤ ਮੰਗੀ ਅਤੇ ਹੱਕ ਸੱਚ ਦੀ ਲੜਾਈ ਲੜ ਰਹੇ ਮਾਸੂਮ ਪ੍ਰਹਿਲਾਦ ਭਗਤ ਦੇ ਹੱਕ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਸੱਚਾ ਸਤਿਗੁਰੂ ਮੰਨਿਆ |

ਉਸ ਦੀ ਭਾਰਤ ਆਉਣ ਦੀ ਦਿਲੀ ਤਾਂਘ ਬਰਕਾਰਾਰ ਸੀ। 1960 ਅਤੇ 1964 ਵਿੱਚ ਉਸ ਨੂੰ ਭਾਰਤ ਵਿੱਚ ਆਉਣ ਦੀ ਕੁਝ ਆਸ ਬੱਝੀ ਪਰ ਐਨ ਮੌਕੇ 'ਤੇ ਪਾਕਿਸਤਾਨ ਸਰਕਾਰ ਨੇ ਉਸ ਦੇ ਕਾਗਜ਼ਾਂ ਉੱਪਰ ਦਸਤਖ਼ਤ ਹੀ ਨਾ ਕੀਤੇ। ਅੰਤ ਵਿੱਚ ਪ੍ਰਮਾਤਮਾ ਨੇ ਉਸ ਦੀ ਪੁਕਾਰ ਸੁਣੀ ਅਤੇ 11 ਫਰਵਰੀ 1965 ਨੂੰ ਉਸ ਦੀ ਸਵਦੇਸ਼ ਵਾਪਸੀ ਦਾ ਰਾਹ ਪਾਕਿਸਤਾਨੀ ਸਰਕਾਰ ਤੋਂ ਵੀਜ਼ਾ ਮਿਲਣ ਕਰਕੇ ਪੱਧਰਾ ਹੋ ਗਿਆ। ਇੱਕ ਮਹੀਨੇ ਦਾ ਵੀਜ਼ਾ ਲੈ ਕੇ ਬਾਬੂ ਰਜਬ ਅਲੀ ਆਪਣੇ ਪੁੱਤਰਾਂ ਸਮੇਤ 15 ਮਾਰਚ 1965 ਨੂੰ ਵਾਹਗਾ ਸਰਹੱਦ ਤੇ ਪਹੁੰਚ ਗਿਆ। ਬਾਬੂ ਜੀ ਦੇ ਸ਼ਾਗਿਰਦਾਂ, ਪਿੰਡ ਵਾਸੀਆਂ ਅਤੇ ਉਸ ਦੇ ਪ੍ਰਸੰਸਕਾਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। 
ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਸਾਹਿਬ ਟੇਕ ਕੇ ਪੂਰੇ ਅਠਾਰ੍ਹਾਂ ਵਰ੍ਹਿਆਂ ਬਾਅਦ ਉਹ ਆਪਣੇ ਪਿੰਡ ਸਾਹੋ ਕੇ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਦਾ ਚਾਅ 'ਤੇ ਉਤਸ਼ਾਹ ਸਾਂਭਿਆ ਨਹੀਂ ਜਾ ਰਿਹਾ ਸੀ। ਲੋਕਾਂ ਨੇ ਸ਼੍ਰੋਮਣੀ ਕਵੀਸ਼ਰ ਦੀ ਆਰਤੀ ਉਤਾਰ ਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਤਿੰਨ ਦਿਨ ਹਰ ਇੱਕ ਘਰ ਨੇ ਆਪਣੇ ਘਰ ਦੇ ਬਨੇਰਿਆਂ 'ਤੇ ਦੀਵੇ ਬਾਲ ਕੇ ਆਪਣੇ ਮਹਿਬੂਬ ਸ਼ਾਇਰ ਦੇ ਆਪਣੇ ਪਿੰਡ ਆਉਣ ਦੀ ਖ਼ੁਸ਼ੀ ਜ਼ਾਹਿਰ ਕੀਤੀ। ਵਿਭਿੰਨ ਕਵੀਸ਼ਰੀ ਜੱਥਿਆਂ ਅਤੇ ਕਵੀਸ਼ਰਾਂ ਨੇ ਬਾਬੂ ਰਜਬ ਅਲੀ ਦੀ ਉਸਤਤ ਵਿੱਚ ਆਪਣੇ ਰਚੇ ਛੰਦ ਬੋਲੇ ਸਨ। ਇਸ ਸਮੇਂ ਬਾਬੂ ਜੀ ਨੇ ਆਪਣੀ ਮਾਤ ਭੂਮੀ ਪ੍ਰਤੀ ਆਪਣਾ ਮੋਹ ਭਿੱਜਿਆ ਭਾਸ਼ਣ ਦਿੱਤਾ। ਉਸ ਨੂੰ ਉਨ੍ਹਾਂ ਦੇ ਸ਼ਾਗਿਰਦਾਂ ਅਤੇ ਚੇਲਿਆਂ ਵੱਲੋਂ ਧਨ ਪਦਾਰਥ ਅਤੇ ਪੱਗਾਂ ਭੇਟ ਕੀਤੀਆਂ ਗਈਆਂ। ਸਾਰਾ ਧਨ ਉਸ ਨੇ ਲੰਗਰ ਲਈ ਦਾਨ ਕੀਤਾ। ਉਸਨੂੰ ਆਪਣੇ ਪਿੰਡ ਆਇਆਂ ਅਜੇ ਗਿਆਰਾਂ ਦਿਨ ਹੀ ਬੀਤੇ ਸਨ ਕਿ ਭਾਰਤ ਪਾਕਿਸਤਾਨ ਵਿਚਕਾਰ ਰਣਕੱਛ ਵਿੱਚ ਲੜਾਈ ਛਿੜ ਗਈ। ਇਸ ਕਾਰਨ ਉਸ ਨੂੰ ੨੬ ਮਾਰਚ ੧੯੬੫ ਨੂੰ ਸ਼ਾਮ ਦੇ ਪੰਜ ਵਜੇ ਸਾਹੋ ਕੇ ਪਿੰਡ ਤੋਂ ਵਿਦਾ ਹੋਕੇ ਰਾਤ ਦੇ ਨੌਂ ਵਜੇ ਚੱਕ ਨੰਬਰ ਬੱਤੀ ਪਾਕਿਸਤਾਨ ਪਹੁੰਚਣਾ ਪਿਆ। ਵੰਡ ਤੋਂ ਬਾਅਦ ਬਾਬੂ ਜੀ ਦੀ ਇਹ ਆਪਣੇ ਪਿੰਡ ਦੀ ਪਹਿਲੀ ਅਤੇ ਆਖ਼ਰੀ ਫੇਰੀ ਸੀ। ਉੇਸ ਨੂੰ ਆਪਣੇ ਪਿੰਡ ਗੁਜ਼ਾਰੇ ਇਹ ਗਿਆਰਾਂ ਦਿਨ ਸਵਰਗਾਂ ਦੀ ਕਾਇਨਾਤ ਦੀ ਤਰ੍ਹਾਂ ਮਹਿਸੂਸ ਹੋਏ ਸਨ।
ਬਾਬੂ ਰਜਬ ਅਲੀ ਦਾ ਸਮੁੱਚਾ ਜੀਵਨ ਸਾਫ਼ ਅਤੇ ਸਪਸ਼ਟ ਸੀ। ਉਸ ਦੀ ਸਿਹਤ ਪਚਾਸੀ ਵਰ੍ਹਿਆਂ ਵਿੱਚ ਵੀ ਤੰਦਰੁਸਤ ਸੀ। ਪਰ ਉਸ ਦੀ ਸੁਰਤ ਉਮਰ ਦੇ ਆਖ਼ਰੀ ਵਰ੍ਹਿਆਂ ਵਿੱਚ ਪ੍ਰਮਾਤਮਾ ਨਾਲ ਜਾ ਜੁੜਦੀ ਸੀ। ਉਸ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਬੈਂਤ 1 ਜੂਨ 1979 ਨੂੰ ਇਸ ਪ੍ਰਕਾਰ ਰਚਿਆ :
 ਰਜਬ ਅਲੀ ਤੋਂ ਰੋਜ ਉਡੀਕ ਰੱਖੀ
 ਤੈਨੂੰ ਆਪਣੀ ਮੌਤ ਦੀ ਤਾਰ ਬੀਬਾ।
ਅੰਤ 6 ਜੂਨ 1979 ਈ ਨੂੰ ਉਹ ਸ਼ਾਮ ਸਮੇਂ ਆਪਣੇ ਵਤਨ ਵਾਪਸੀ ਦੀ ਇੱਛਾ ਮਨ ਵਿੱਚ ਹੀ ਲੈ ਕੇ ਪ੍ਰਲੋਕ ਸਿਧਾਰ ਗਿਆ। ਉਸ ਵਰਗੀ ਸ਼ਖ਼ਸੀਅਤ ਬੜੀ ਮੁਸ਼ਕਿਲ ਨਾਲ ਹੀ ਕਿਸੇ ਕਾਵਿ ਸ਼ਾਇਰ ਦੀ ਹੋਵੇ। ਜਿਸ ਨੇ ਇੰਨੀ ਪਰਪੱਕਤਾ ਅਤੇ ਬੜੇ ਨੇੜਿਉਂ ਅੱਜ ਤੋਂ ਸੱਠ ਸਾਲ ਪਹਿਲਾਂ ਅਜੋਕੇ ਸਭਿਆਚਾਰ ਦੀ ਹੂ-ਬ-ਹੂ ਤਸਵੀਰਕਸ਼ੀ ਕੀਤੀ। ਉਹ ਇੱਕ ਅਫ਼ਸਰ ਹੋਣ ਦੇ  ਬਾਵਜੂਦ ਵੀ ਸਾਦੀ ਰਹਿਣੀ-ਬਹਿਣੀ ਦਾ ਸੀ। ਮਾਲਕ ਉਸ ਦੀ ਬੋਲੀ, ਪਹਿਰਾਵਾ ਅਤੇ ਦਿੱਖ ਪੰਜਾਬੀ ਸਭਿਆਚਾਰ ਦੀ ਧਾਰਨੀ ਸੀ। ਉਹ ਇਸਲਾਮ ਨਾਲ ਸੰਬੰਧਿਤ ਧਰਮ ਦਾ ਹੁੰਦਾ ਹੋਇਆ ਵੀ ਹੋਰ ਭਾਸ਼ਾਵਾਂ ਦਾ ਗਿਆਨ ਰੱਖਦਾ ਸੀ। ਸਭ ਤੋਂ ਵੱਧ ਮਾਣ ਅਤੇ ਸਤਿਕਾਰ ਉਸ ਨੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਦਿੱਤਾ ਹੈ। ਜਿਵੇਂ :

 ਆਜੋ ਜੇ ਗੁਰਮੁਖੀ ਕਿਸੇ ਨੇ ਲਿਖਣੀ, 
 ਪੜ੍ਹਨੀ ਆਸਾਨ ਤੇ ਸੁਖਾਲੀ ਲਿਖਣੀ।
 ਅੱਖਰ ਜੇ ਫਾਗ ਜਿਉਂ ਜਲੇਬੀ ਪੋਲੀ ਦੇ 
 ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ।

ਇਸ ਪ੍ਰਕਾਰ ਬਾਬੂ ਰਜਬ ਅਲੀ ਨੇ ਸਮਕਾਲੀ ਪੰਜਾਬੀ ਸਮਾਜ, ਸਭਿਆਚਾਰ ਅਤੇ ਸਭਿਆਚਾਰਕ ਰੂਪਾਂਤਰਣ ਦੀ ਪ੍ਰਮਾਣਿਕ ਤਸਵੀਰ ਪੇਸ਼ ਕੀਤੀ ਹੈ। ਉਹ ਉੱਚ-ਕੋਟੀ ਦਾ ਪਹਿਲਵਾਨ, ਖਿਡਾਰੀ, ਸਾਊ ਅਤੇ ਆਗਿਆ ਪੁੱਤਰ ਕਹਿਣੀ ਅਤੇ ਕਥਨੀ ਦਾ ਪੂਰਾ, ਜ਼ਿੰਮੇਵਾਰ ਪਿਤਾ, ਇਮਾਨਦਾਰ ਅੰਗਰੇਜ਼ ਅਫ਼ਸਰ, ਦੇਸ਼-ਭਗਤ, ਉਸਤਾਦ ਸ਼ਾਇਰ ਅਤੇ ਅਲਬੇਲੀ ਸ਼ਖ਼ਸੀਅਤ ਦਾ ਮਾਲਕ ਸੀ। ਇਸ ਗੱਲ ਦਾ ਲੋਕਾਂ ਨੂੰ ਇਲਮ ਨਹੀਂ ਹੈ ਕਿ ਉਸ ਦੇ ਜੀਵਨ ਅਤੇ ਰਚਨਾਵਾਂ ਨੂੰ ਸਾਂਭਣ ਜਾਂ ਉਸ ਦੀਆਂ ਰਚਨਾਵਾਂ ਨੂੰ ਕਿਸੇ ਯੂਨੀਵਰਸਿਟੀ ਦੇ ਸਿਲੇਬਸ ਦਾ ਭਾਗ ਨਹੀਂ ਬਣਾਇਆ ਗਿਆ। ਕਵੀਸ਼ਰੀ ਕਲਾ ਤੇ ਉੱਚ ਪੱਧਰੀ ਖੋਜ ਡਾ. ਰੁਲੀਆ ਸਿੰਘ ਨੇ ਕੀਤੀ। ਉਸ ਤੋਂ ਬਾਅਦ ਡਾ. ਅਜਮੇਰ ਸਿੰਘ ਨੇ ਮਾਲਵੇ ਦੀ ਕਵੀਸ਼ਰੀ ਕਲਾ, ਗੁਰਜੀਤ ਕੌਰ ਨੇ ਹੀਰ ਕਵੀਸ਼ਰੀ ਕਲੀਆਂ ਵਿੱਚ ਉਂਗਲਾਂ ਤੇ ਗਿਣਨ ਯੋਗ ਕੰਮ ਹੋਇਆ ਹੈ। ਬਾਬੂ ਜੀ ਦੀ ਰਚਨਾਵਲੀ ਨੂੰ ਸਾਂਭਣ ਦਾ ਅਸਲੀ ਸਿਹਰਾ ਉਨ੍ਹਾਂ ਦੇ ਸ਼ਾਗਿਰਦ ਜੱਥੇਦਾਰ ਜਗਮੇਲ ਸਿੰਘ ਬਾਜਕ ਅਤੇ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਾਬੂ ਰਜਬ ਅਲੀ ਦੀਆਂ ਕ੍ਰਿਤਾਂ ਨੂੰ ਸਾਂਭ ਕੇ ਉਨ੍ਹਾਂ ਨੂੰ ਸੰਗਮ ਪਬਲੀਕੇਸ਼ਨ, ਸਮਾਣਾ ਤੋਂ ਪ੍ਰਕਾਸ਼ਿਤ ਕਰਵਾਇਆ। ਪੰਜਾਬੀ ਸਮਾਜ-ਸਭਿਆਚਾਰ ਦੇ ਰਾਖੇ ਇਸ ਅਨਮੋਲ ਸ਼ਾਇਰ ਦੇ ਜੀਵਨ ਅਤੇ ਬਿਰਤਾਂਤ ਤੇ ਹੋਰ ਵੀ ਖੋਜ ਭਰਪੂਰ ਕੰਮ ਕੀਤਾ ਜਾ ਸਕਦਾ ਹੈ।

ਡਾ. ਜਸਪਾਲ ਸਿੰਘ ਰਿਖੀ ਫ਼ੋਨ ਨੰ: 94171-62722

ਉਮਰ - ਮੰਗੇ ਸਪਰਾਏ 

ਤੁਸੀਂ ਪਤਾ ਨਹੀਂ ਕਿਵੇਂ
ਇਹਨਾਂ ਨੂੰ ਜੀਵਨ ਦੇ
ਤਿੰਨ ਪੜਾਅ ਕਹਿ ਦਿੰਦੇ ਹੋ।
ਬਚਪਨ - ਬੇਫਿਕਰੀ
ਜਵਾਨੀ - ਮਸਤੀ
ਤੇ ਬੁਢੇਪਾ - ਭਜਨ ਬੰਦਗੀ।

ਸਾਡੀਆਂ ਤਾਂ ਤਿੰਨੇ ਉਮਰਾਂ
ਬੁਢੇਪੇ ‘ਚ ਸਿਮਟ ਜਾਂਦੀਆਂ ਹਨ।
ਜਿਨ੍ਹਾਂ ਦੇ ਅਰਥ ਹੁੰਦੇ ਨੇ
ਫਿਕਰ, ਤੌਖਲੇ ਤੇ ਸੰਸੇ।

ਅਸੀਂ ਤਾਂ
ਰੋਟੀ ਤੋਂ ਰੋਟੀ ਤੱਕ ਦੀ
ਜੂਨ ਹੰਢਾਉਂਦੇ ਹਾਂ।
ਬੁਢੇਪਾ ਹੀ ਜੰਮਦੇ ਹਾਂ।
ਬੁਢੇਪਾ ਹੀ ਜੀਂਦੇ ਹਾਂ।
ਤੇ ਖਿੱਚ ਧੂਹ ਕੇ
ਬੁਢੇਪਾ ਹੀ ਮੁਕਾਉਂਦੇ ਹਾਂ।
ਤੁਸੀਂ ਇਕ ਦੇ
ਤਿੰਨ ਕਿਵੇਂ ਬਣਾਉਂਦੇ ਹੋ।