ਵਗਦੀ ਏ ਰਾਵੀ... (ਕੁਝ ਬੋਲੀਆਂ ) - ਡਾ. ਲੋਕ ਰਾਜ
ਵਗਦੀ ਏ ਰਾਵੀ ਵਿਚ ਫੁੱਲ ਵੇ ਗੁਲਾਬ ਦਾ
ਡੋਬਿਆ ਸਿਆਸਤਾਂ ਨੇ ਬੇੜਾ ਵੇ ਪੰਜਾਬ ਦਾ
ਵਗਦੀ ਏ ਰਾਵੀ ਵਿਚ ਸੁੱਟੀਆਂ ਗਨੇਰੀਆਂ
ਭੁੱਲੀਆਂ ਨਾ ਯਾਦਾਂ ਓ ਲਾਹੌਰ ਕਦੇ ਤੇਰੀਆਂ
ਵਗਦੀ ਏ ਰਾਵੀ ਪਾਣੀ ਕੰਢੇ ਤੱਕ ਆ ਗਿਆ
ਚੌਧਰ ਦਾ ਭੁੱਖਾ ਲੀਕ ਵਾਘੇ ਵਾਲੀ ਪਾ ਗਿਆ
ਵਗਦੀ ਏ ਰਾਵੀ ਵਿਚ ਪਰਨਾ ਨਿਚੋੜਿਆ
ਮਜ੍ਹਬਾਂ ਨੇ ਭਾਈ ਕੋਲੋਂ ਭਾਈ ਨੂੰ ਵਿਛੋੜਿਆ
ਵਗਦੀ ਏ ਰਾਵੀ ਉੱਤੋਂ ਝੁੱਲੀਆਂ ਹਨੇਰੀਆਂ
ਛੁੱਟੀਆਂ ਲਾਹੌਰੋਂ ਅੰਬਰਸਰ ਦੀਆਂ ਫੇਰੀਆਂ
ਵਗਦੀ ਏ ਰਾਵੀ, ਪਰ ਤਰਸੇ ਚਨਾਬ ਨੂੰ
ਲੱਗੀ ਕੋਈ ਨਿਗ੍ਹਾ ਬੜੀ ਚੰਦਰੀ ਪੰਜਾਬ ਨੂੰ
ਵਗਦੀ ਏ ਰਾਵੀ ਮੇਰਾ ਚੇਤਾ ਪਿਛੇ ਭੌਂ ਗਿਆ
ਸ਼ਾਂਤੀ ਦਾ ਪੁੰਜ ਇਹਦੇ ਪਾਣੀਆਂ 'ਚ ਸੌਂ ਗਿਆ
No comments:
Post a Comment