ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ? - Jatinder Lasara
ਲਹੂ ਦਾ ਰੰਗ ਇੱਕੋ ਹੈ, ਦਿਲਾਂ ਦਾ ਪਿਆਰ ਇੱਕੋ ਹੈ ॥
ਕਿ ਸੂਰਜ ਚੰਦ 'ਤੇ ਧਰਤੀ, ਹਵਾ ਦੀ ਧਾਰ ਇੱਕੋ ਹੈ ॥
ਅਸਾਡੇ ਰੋਣ ਸਾਂਝੇ ਨੇ, ਅਸਾਡੇ ਹੰਝ ਸਾਂਝੇ ਨੇ,
ਅਸਾਡੇ ਚਾਅ ਅਤੇ ਹਾਸੇ , ਦੀ ਵੀ ਟਣਕਾਰ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਕਿ ਤਾਰ ਇੱਕੋ ਹੈ ?
ਅਸਾਡੀ ਭੁੱਖ ਸਾਂਝੀ ਹੈ, ਅਸਾਡੀ ਪਿਆਸ ਇੱਕੋ ਹੈ ॥
ਅਸਾਡੇ ਖ਼ਾਬ ਸਾਂਝੇ ਨੇ, ਅਸਾਡੀ ਆਸ ਇੱਕੋ ਹੈ ॥
ਜਦੋਂ ਕੋਈ ਠੇਸ ਲਗਦੀ ਹੈ, ਦਰਦ ਕਿਸ ਨੂੰ ਨਹੀਂ ਹੁੰਦਾ?
ਅਸਾਡੇ ਹੱਡ ਇੱਕੋ ਨੇ, ਅਸਾਡਾ ਮਾਸ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਅਹਿਸਾਸ ਇੱਕੋ ਹੈ ?
ਮਨੁਖ ਦਾ ਜਨਮ ਸਾਂਝਾ ਹੈ, ਮਨੁਖ ਦੀ ਮੌਤ ਇੱਕੋ ਹੈ ॥
ਹਰਿਕ ਅੰਦਰ ਕੋਈ ਵਸਦੀ, ਇਲਾਹੀ ਜੋਤ ਇੱਕੋ ਹੈ ॥
ਹਵਾ ਦੇ ਗੀਤ ਸਾਂਝੇ ਨੇ, ਤੇ ਜਲ-ਸੰਗੀਤ ਸਾਂਝੇ ਨੇ,
ਧੁਨੀ ਦੀ ਚਰਨ-ਸੀਮਾ ਦਾ, ਵੀ ਤੇ ਸਰੋਤ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਹਰਿਜੋਤ ਇੱਕੋ ਹੈ ?
ਵਿਸ਼ਵ ਦੀ ਹੱਦ ਸਾਂਝੀ ਹੈ, ਅਤੇ ਕਾਇਨਾਤ ਇੱਕੋ ਹੈ ॥
ਅਸਾਡੇ ਦਿਨ ਵੀ ਸਾਂਝੇ ਨੇ, ਅਸਾਡੀ ਰਾਤ ਇੱਕੋ ਹੈ ॥
ਜਦੋਂ ਫੁੱਲ ਮਹਿਕ ਵੰਡਦੇ ਨੇ, ਕਦੋਂ ਕਰ ਜ਼ਾਤ ਪੁਛਦੇ ਨੇ ?
ਅਸਾਡੀ ਧੁੱਪ-ਛਾਂ ਇੱਕੋ, ਅਤੇ ਪ੍ਰਭਾਤ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਰਬ ਜ਼ਾਤ ਇੱਕੋ ਹੈ ?
ਮੇਰਾ ਪੰਜਾਬ ਸਾਂਝਾ ਹੈ, 'ਤੇ ਭਾਰਤ ਯਾਰ ਇੱਕੋ ਹੈ ॥
ਇਹ ਸਾਰੀ ਧਰਤ ਸਾਂਝੀ ਹੈ, ਅਤੇ ਸੰਸਾਰ ਇੱਕੋ ਹੈ ॥
ਜਦੋਂ ਬਾਰਿਸ਼ ਬਰਸਦੀ ਹੈ, ਜਦੋਂ ਤਾਰੇ ਚਮਕਦੇ ਨੇ,
ਇਹ ਕੁਦਰਤ ਭੇਦ ਨਾ ਕਰਦੀ, ਸਦਾ ਵਿਵਹਾਰ ਇੱਕੋ ਹੈ ॥
ਹੈ ਕਿਉਂ ਫਿਰ ਜ਼ਾਤ ਦਾ ਰੌਲ਼ਾ, ਜਦੋਂ ਸੰਸਾਰ ਇੱਕੋ ਹੈ ?
No comments:
Post a Comment