ਜਾਵੋ ਵੇ ਕੋਈ ਮੋੜ ਲਿਆਵੋ, ਜੀ. ਐਸ. ਪੀ. ਹਰਮਨ, ਪਾਤੜਾਂ
ਜਾਵੋ ਵੇ ਕੋਈ ਮੋੜ ਲਿਆਵੋ, ਜੀ
ਰੀਤੀ ਰਿਵਾਜ, ਮੇਰੇ ਸੱਭਿਆਚਾਰ ਨੂੰ।
ਕਿਧਰ ਗਏ ਉਹ ਬੋਹੜ ਪੁਰਾਣੇ,
ਜਿਥੇ ਕੁੜੀਆਂ ਦੀਆਂ ਡਾਰਾਂ ਪੀਂਘਾਂ ਝੂਟਦੀਆਂ।
ਕਿਧਰ ਗਏ ਉਹ ਬਾਗ-ਬਗੀਚੇ,
ਜਿਥੇ ਯਾਦ ਪ੍ਰੀਤਮ ਕਾਲੀਆਂ ਕੋਇਲਾਂ ਕੂਕਦੀਆਂ।
ਕਿਤੇ ਲੱਭਣ ਨਾ ਅੱਜ ਮੈਨੂੰ,
ਲਹਿਰੀਆ ਬੈਲ ਦਾ, ਪਰਾਂਦਾ, ਬਾਗ, ਘੱਗਰੇ ਤੇ ਫੁਲਕਾਰੀਆਂ।
ਕਿਤੇ ਲੱਭਣ ਨਾ ਅੱਜ ਮੈਨੂੰ,
ਜੋ ਅਮਰ ਨੇ ਅੱਜ ਤੱਕ ਯਾਰਾਂ ਦੀਆਂ ਯਾਰੀਆਂ।
ਗੁੱਲੀ-ਡੰਡਾ, ਲੁਕਣ-ਛੁਪਾਈ, ਫਿੰਡ-ਖੁੰਡੀ,
ਖੇਡਾਂ ਇਹ ਮੇਰੀਆਂ ਕਿਧਰ ਗਈਆਂ ਵੇ।
ਕਹਾਣੀਆਂ, ਕਿੱਸੇ, ਨਾਵਲ ਜਿਨ੍ਹਾਂ ਲਿਖੀਆਂ ਬੀੜਾਂ,
ਕਲਮਾਂ ਉਹ ਕਰਮਾਂ ਵਾਲੀਆਂ ਕਿਧਰ ਗਈਆਂ ਵੇ।
ਉਹ ਗੀਤ ਨਾ ਕੰਨੀਂ ਪੈਂਦੇ ਨੇ ਹੁਣ ਸ਼ਗਨਾਂ ਦੇ,
ਜਿਹਦੇ ਨਾਲ ਟਕੋਰਾਂ ਇਕ-ਦੂਜੇ 'ਤੇ ਹੁੰਦੀਆਂ ਸੀ।
ਨਾ ਆਸ਼ਕ ਹੁਣ ਉਹ ਦਿਸਦੇ ਨੇ,
ਜਿਹਦੇ ਸੋਹਣੇ ਤਨ 'ਤੇ ਰਾਖ ਕੰਨਾਂ ਵਿਚ ਮੁੰਦੀਆਂ ਸੀ।
ਵੇਖਣ ਨੂੰ ਦਿਲ ਕਰਦਾ ਏ ਅੱਜ,
ਮਿਰਜ਼ਾ, ਮਹੀਂਵਾਲ, ਮਜਨੂੰ, ਰਾਂਝੇ ਜਿਹੇ ਦਿਲਦਾਰ ਨੂੰ।
ਨੱਚਣ ਨੂੰ ਦਿਲ ਕਰਦਾ ਏ ਅੱਜ,
ਪਾ ਕੇ ਬੁੰਦੇ, ਡੰਡੀਆਂ, ਸੱਗੀ ਫੁੱਲ, ਪੈਡਲ ਤੇ ਰਾਣੀਹਾਰ ਨੂੰ।
ਜਾਵੋ ਵੇ ਕੋਈ ਮੋੜ ਲਿਆਵੋ,
ਰੀਤੀ ਰਿਵਾਜ ਮੇਰੇ ਸੱਭਿਆਚਾਰ ਨੂੰ।
No comments:
Post a Comment