Monday, 29 December 2014

ਗ਼ਜ਼ਲ - ਸੁਰਜੀਤ ਮੰਡ

ਮਿਲਣ-ਗਿਲਣ ਵੀ ਸਾਡੇ ਵਿਹੜੇ ਆਇਆ ਕਰ।
ਵੋਟਾਂ ਖਾਤਰ ਹੀ ਨਾ ਗੇੜਾ ਲਾਇਆ ਕਰ।

ਹਰ ਵੇਲੇ ਹੀ ਮੱਥਾ ਘੁੱਟੀ ਰੱਖੇਂ ਤੂੰ,
ਕੋਲ ਕਿਸੇ ਦੇ ਅਪਣਾ ਦਰਦ ਸੁਣਾਇਆ ਕਰ।

ਹਾਸੇ, ਖੁਸ਼ੀਆਂ ਤਾਹੀਂ ਘਰ ਵਿੱਚ ਰਹਿਣਗੀਆਂ,
ਨਿੱਤ ਦਿਹਾੜੇ ਨਾ ਤੂੰ ਝੱਜੂ ਪਾਇਆ ਕਰ।

ਤੇਰੀ ਪੀੜਾ ਫਿਰ ਤੈਨੂੰ ਭੁੱਲ ਜਾਵੇਗੀ,
ਥੋੜ੍ਹੀ-ਥੋੜ੍ਹੀ ਸਭ ਦੀ ਪੀੜ ਵੰਡਾਇਆ ਕਰ।

ਬੈਠ ਲਵੀਂ ਕੁਝ ਵਕਤ ਬਜ਼ੁਰਗਾਂ ਕੋਲੇ ਤੂੰ,
ਨਿੱਕੇ ਬੱਚੇ ਨੂੰ ਵੀ ਕੋਲ ਬਿਠਾਇਆ ਕਰ।

ਸਬਰ ਪਿਆਲਾ ਲੋਕਾਂ ਦਾ ਭਰ ਜਾਵੇ ਨਾ,
ਹਰ ਵਾਰੀ ਨਾ ਨੇਤਾ, ਲਾਰਾ ਲਾਇਆ ਕਰ।

ਦਰਦ-ਵਿਹੂਣੇ ਲੋਕਾਂ ਕੋਲੇ ਭੋਰਾ ਵੀ,
ਭੁੱਲ ਕੇ ਤੂੰ ਨਾ ਆਪਣਾ ਜ਼ਖਮ ਦਿਖਾਇਆ ਕਰ।

Saturday, 27 December 2014

ਮਾਂ ਬੋਲੀ ਪੰਜਾਬੀ ਦੀ ਪੁਕਾਰ - ਪਰਮਜੀਤ ਸਿੰਘ ਨਿੱਕੇ ਘੁੰਮਣ

ਮੈਂ ਹਾਂ ਬੋਲੀ ਪੰਜ ਦਰਿਆਵਾਂ ਦੀ
ਨਾਂ ਮੇਰਾ ਪੰਜਾਬੀ।
ਕਰਮਾਂ ਵਾਲੇ ਵੇਲੇ ਵਿੱਚ ਸੀ
ਮੇਰੀ ਸਾਨ ਨਵਾਬੀ।

ਆਇਆ ਸੀ ਇੱਕ ਬਾਬਾ ਨਾਨਕ
ਨਾਲ ਸੀ ਇੱਕ ਰਬਾਬੀ।
ਭੱਟਾਂ, ਭਗਤਾਂ ਰਚ ਲਈ ਬਾਣੀ
‘ਗੁਰਦਾਸ’ ਬਣਾਈ ‘ਚਾਬੀ’।
ਪੂਰਨ, ਮੋਹਨ, ਸ਼ਿਵ ਤੇ ਪ੍ਰੀਤਮ
ਬੀਜੇ ਫੁੱਲ ਗੁਲਾਬੀ।

ਪਾਸ਼, ਭਗਤ ਤੇ ਪਾਤਰ ਨੇ ਵੀ
ਬਲੀ ਚਿਣਗ ਮਤਾਬੀ।
ਮੈਂ ਹੀ ਹਾਂ ਮਲਵਈ ਤੇ ਮਾਝੀ
(ਹੈ) ਮੇਰਾ ਨਾਂ ਦੁਆਬੀ।

ਕੁਝ ਅੰਗ ਸੀ ‘ਸੰਤਾਲੀ’ ਵੱਢੇ
ਕੀਤੀ ਪੱਤ ਖਰਾਬੀ।
ਭੁੱਲ ਗਏ ਹੁਣ ਮੈਨੂੰ, ਢਿੱਡੋਂ ਜਾਏ,
‘ਗਿਟਪਿਟ’ ਕਰਨ ਇਹ ‘ਸਾਹਬੀ’
ਮੇਰੇ ਬੱਚਿਓ! ਜਾਗੋ, ਹੁਣ ਤਾਂ
ਮੋੜੇ ‘ਪਰ-ਸੁਰਖਾਬੀ’
ਹੁਣ ਵੀ ਜੇ ਕਦਰ ਨਾ ਪਾਈ
ਦਿਓਗੇ ਕੀ ਜਵਾਬੀ?

ਦਰ ਸਾਈਂ ਦੇ ਫਿਟਕਾਂ ਪੈ ਸਨ
(ਜੇ) ਰੁਲ੍ਹ ਗਈ ਮਾਂ ਪੰਜਾਬੀ।
ਉਠੋ ਪੁੱਤਰੋ! ਕਸ ਲਓ ਕਮਰਾਂ
ਧਰ ਦਿਓ ਪੈਰ ਰਕਾਬੀਂ।
ਦੱਸੋ ਸਾਰੇ ਜੱਗ ਦੇ ਤਾਈਂ
ਮੇਰੀ ਸ਼ਾਨ ਨਵਾਬੀ।
ਸਾਂਝਾ ਪੰਜਾਬ - ਡਾ. ਰਮੇਸ਼ ਰੰਗੀਲਾ

ਮੈਂ ਸਾਂਝਾ ਪੰਜਾਬ ਬੋਲਦਾਂ, ਮੈਂ ਸਾਂਝਾ ਪੰਜਾਬ
ਯਮਨਾ ਤੋਂ ਸਿੰਧ ਤੱਕ ਮੈਂ ਪਿਆ ਸੁਗੰਧੀਆਂ ਘੋਲਦਾ…।

ਰਿਸ਼ੀਆਂ, ਮੁਨੀਆਂ, ਗੁਰੂਆਂ ਮੈਨੂੰ ਲਿਪੀਆਂ ਨਾਲ ਸਿੰਗਾਰਿਆ
ਨਾਥਾਂ ਜੋਗੀਆਂ ਮੱਥਾ ਮੇਰਾ ਸਾਹਿਤ ਨਾਲ ਸ਼ਿੰਗਾਰਿਆ

ਵਾਰਿਸ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਨੂੰ ਫਿਰਦਾ ਮੈਂ ਟੋਲਦਾ…।
ਮੇਰਾ ਤਾਂ ਉਹ ਖੂਨ ਨਹੀਂ ਸੀ, ਜਿਸ ਨੇ ਮੈਨੂੰ ਵੰਡਿਆ

ਆਪੋ ਵਿੱਚ ਥੋਨੂੰ ਕਤਲ ਕਰਾ ਕੇ ਕੁਝ ਨੂੰ ਸੂਲੀ ਟੰਗਿਆ
ਸੰਨ ਸੰਤਾਲੀ ਤੋਂ ਅੱਜ ਤੱਕ ਮੈਂ ਪਿਆ ਹੰਝੂ ਡੋਲ੍ਹਦਾ…।

ਆਸ ਕਰਦਾਂ ਮੈਂ ਪੰਜਾਬੀ ਫੇਰ ‘ਕੱਠੇ ਬਹਿਣਗੇ
ਰਾਮ ਰਹੀਮ ਇੱਕ ਤੇ ਨਾਨਕ ਨੂੰ ਸਾਂਝਾ ਕਹਿਣਗੇ

ਮੈਂ ਮੁਹੱਬਤਾਂ ਦੀ ਵਾਰਸੋ ਪਿਆ ਕਿਤਾਬ ਖੋਲ੍ਹਦਾ…।
ਨੇਤਾਵਾਂ ਨਕਸ਼ਾ ਜੋ ਬਣਾਇਆ ਇਹ ਮੈਨੂੰ ਪ੍ਰਵਾਨ ਨਹੀਂ

ਮਾਂ ਬੋਲੀ ਨੂੰ ਬੋਲੋ ਜੋ ਨਾ ਬਣਦਾ ਉਹ ਮਹਾਨ ਨਹੀਂ
ਮੈਂ ‘ਰੰਗੀਲੇ’ ਤੋੋਂ ਏਕਤਾ ਦੀ ਆਸ ਪਿਆ ਟੋਲਦਾ…।

Friday, 26 December 2014

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ :
*** ਲਾਲਾਂ ਦੀ ਕੁਰਬਾਨੀ *** -  ਰਾਕੇਸ਼ ਵਰਮਾ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ,ਧੰਨ ਪਰਿਵਾਰ ਜੀ ਤੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਮੈਂ ਪੜ੍ਹਿਐ ਵਿੱਚ ਇਤਹਾਸ, 1704 ਦਾ ਸਾਕਾ ,
6-7 ਪੋਹ ਦੀ ਕਾਲੀ ਰਾਤ ਦਾ ਓਹ ਖੂਨੀ ਵਾਅਕਾ !
ਕਿਲਾ ਆਨੰਦਗੜ੍ਹ ਵੱਲ ਨੂੰ ਲੱਖਾਂ ਮੁਗਲ ਚੜ੍ਹ ਆਏ ,
ਤੁਸੀਂ ਹੁਕਮ ਸਿੰਘਾਂ ਦਾ ਮੰਨ ਕੇ ਉਥੋਂ ਚਾਲੇ ਪਾਏ !
ਰਾਹ ਵਿਚ ਆਈ ਮੁਗਲਾਂ ਦੀ ਹਰ ਧੌਣ ਉਡਾਉਂਦੇ ,
ਚਾਰੇ ਸਾਹਿਬਜਾਦੇ ਤੁਰ ਪਏ , ਜੈਕਾਰੇ ਲਾਉਂਦੇ ...!!
ਤੇਰੀਆਂ ਪੈੜਾਂ ਉੱਤੇ ਤੁਰਦਿਆਂ ਓਹਨਾ ਤੋੜਿਆ ਘੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਜਦੋਂ ਕੀਰਤਪੁਰ ਨੂੰ ਲੰਘ ਕੇ ਸਰਸਾ ਵੱਲ ਆਏ ,
ਉਦੋਂ ਸੱਚੇ ਪਾਤਸ਼ਾਹ ਹੋਣੀ ਨੇ ਨਵੇਂ ਰੰਗ ਵਿਖਾਏ !
ਕਾਲੀ- ਬੋਲੀ- ਰਾਤ ਨਦੀ ਦਾ ਜਲ ਬਰਫੀਲਾ ,
ਪਾਰ ਕਰਨ ਦਾ ਐਪਰ ਨਾ ਕੋਈ ਬਣੇ ਵਸੀਲਾ !
ਛੋਟੇ ਸਾਹਿਬਜ਼ਾਦਿਆਂ ਫੇਰ ਵੀ ਦਮ ਦਿਖਾਇਆ ,
ਫੜ੍ਹ ਦਾਦੀ ਦਾ ਪੱਲਾ ਇੱਕ ਜੈਕਾਰਾ ਲਾਇਆ ...!!
ਵਿੱਛੜ ਗਿਆ ਪਰਿਵਾਰ ਤੇ ਹੋਇਆ ਦੁੱਖ ਘਨੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਵਿਚ ਗੜ੍ਹੀ ਚਮਕੌਰ ਦੇ ਤੁਸੀਂ ਕੀਤਾ ਵਾਸਾ ,
ਚਾਲੀ ਸਿੰਘਾਂ ਦੀ ਫੌਜ਼ ਨੂੰ ਦਿੱਤਾ ਧਰਵਾਸਾ !
ਮੁਗਲਾਂ ਨੇ ਜਦੋਂ ਰਾਤ ਨੂੰ ਆਣ ਤਰਥੱਲ ਮਚਾਇਆ ,
ਤੁਸੀਂ ਸਿੰਘਾਂ ਨੂੰ ਵੰਡ ਢਾਣੀਆਂ ਵਿੱਚ ਪਹਿਰਾ ਲਾਇਆ !
ਸਾਹਿਬਜ਼ਾਦੇ ਅਜੀਤ ਸਿਓਂ ਨੇ ਇਓਂ ਤੇਗ ਚਲਾਈ ,
ਮੁਗਲਾਂ ਦੇ ਕਰ ਡੱਕਰੇ ਮੌਤ ਨੂੰ ਫਤਿਹ ਬੁਲਾਈ ...!!!
ਜਿੰਦ ਕੌਮ ਦੇ ਲੇਖੇ ਲਾ ਗਿਆ ਫ਼ਰਜੰਦ ਵਡੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਵੱਡੇ ਵੀਰ ਤੇ ਵਰਤਿਆ ਵੇਖ ਕੁਦਰਤ ਦਾ ਭਾਣਾ ,
ਜੁਝਾਰ ਸਿੰਘ ਵੀ ਤੁਰ ਪਿਆ ਕੱਸ ਜੰਗੀ ਬਾਣਾ !
ਓਹਦੀ ਘੋੜੀ ਰੋਹ ਵਿਚ ਆਣ ਕੇ, ਜਿੱਧਰ ਨੂੰ ਜਾਵੇ ,
ਜੁਝਾਰ ਸਿੰਘ ਦਾ ਨੇਜਾ ਇੱਕ ਸਿਰ ਟੰਗ ਲਿਆਵੇ !
ਤੇਰੇ ਥਾਪੇ ਸਿੰਘਾਂ ਪਿਆਰਿਆਂ, ਵੀ ਜ਼ੌਹਰ ਵਿਖਾਇਆ ,
ਓਹਨਾ ਪਾਰ ਬੁਲਾ ਕੇ ਮੁਗਲਾਂ ਨੂੰ ਜੈਕਾਰਾ ਲਾਇਆ ..!!
ਅਜੀਤ ਵਾਂਗ ਹੀ ਜੂਝਿਆ, ਪੁੱਤ ਜੁਝਾਰ ਵੀ ਤੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ , ਸਿਰ ਝੁਕਦਾ ਮੇਰਾ ..!!

ਓਧਰ ਬੈਠੀ ਠੰਡੇ ਬੁਰਜ਼ ਵਿਚ ਪਈ ਬਾਤਾਂ ਪਾਵੇ ,
ਮਾਤਾ ਗੁਜਰੀ ਪੋਤਰਿਆਂ ਦਾ ਦਿਲ ਬਹਿਲਾਵੇ !
ਦਾਦੀ ਦੀ ਬੁੱਕਲ ਵਿਚ ਬੈਠੇ ਭੁੱਖਣ – ਭਾਣੇ,
ਦੋ ਜ਼ਹਾਨ ਦੇ ਵਾਲੀ ਦੇ , ਦੋ ਬਾਲ ਅੰਞਾਣੇ !
ਜੋਰਾਵਰ ਤੇ ਫਤਿਹ ਸਿੰਘ ਨਾ ਭੋਰਾ ਘਬਰਾਵਣ,
ਜਿਓਂ ਜਿਓਂ ਵਧ ਦੀ ਠੰਡ ਪਏ ਜੈਕਾਰੇ ਲਾਵਣ.. !
ਸਬਰ-ਸਿਦਕ ਦੇ ਨਾਲ ,ਦੋਹਾਂ ਦਾ ਦਗਦਾ ਚਿਹਰਾ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਵੱਖ ਵੱਖ ਦਿੱਤੇ ਲਾਲਚ ਤੇ ਬਹੁਤੇਰਾ ਧਮਕਾਇਆ ,
ਪਰ ਨਾ ਜੋਰਾਵਰ ਨਾ ਫਤਿਹ ਸਿੰਘ ਨੇ ਸੀਸ ਝੁਕਾਇਆ !
ਸੂਬਾ ਸਰਹੰਦ ਨੇ ਤਿੰਨ ਦਿਨ ਕੂੜ- ਕਚਿਹਰੀ ਲਾਈ ,
ਅਤੇ ਸਾਹਿਬਜ਼ਾਦਿਆਂ ਲਈ ਮੌਤ ਦੀ ਸਜਾ ਸੁਣਾਈ !
ਮਲੇਰਕੋਟੀਏ ਨਵਾਬ ਮਾਰਿਆ ਹਾਅ ਦਾ ਨਾਅਰਾ,
ਤੇਰੇ ਪੁੱਤਰਾਂ ਨੇ ਦੀਵਾਰ ‘ਚੋ ਛੱਡਿਆ ਜੈਕਾਰਾ ..!!
ਸਿਰ ਦਿੱਤਾ ਈਨ ਨਾ ਮੰਨੀ, ਧੰਨ ਬਾਲਾਂ ਦਾ ਜੇਰਾ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਤੇਰੇ ਚਾਰੋਂ ਸਾਹਿਬਜਾਦੇ ਇੰਝ ਸ਼ਹੀਦੀ ਪਾ ਗਏ ,
ਦਸਮ ਪਿਤਾ ਓਹ ਜੱਗ ‘ਚ ਤੇਰਾ ਨਾ ਰੁਸ਼ਨਾ ਗਏ !
ਆਓ ਓਹਨਾ ਦੇ ਜੀਵਨ ਤੋਂ ਕੁਝ ਸਿਖਿਆ ਖੱਟੀਏ ,
ਜੇ ਦੇਣੀ ਪਏ ਕੁਰਬਾਨੀ ਕਦੇ ਨਾ ਪਾਸਾ ਵੱਟੀਏ !
ਦਸਮ ਪਿਤਾ ਦੇ ਪੁੱਤਰਾਂ ਨੂੰ ਆਦਰਸ਼ ਬਣਾਈਏ ,
ਆਓ ਇੱਕ ਵਾਰ ਗੱਜ ਕੇ ਫਿਰ ਫਤਿਹ ਬੁਲਾਈਏ ..!!
ਪੁੱਤ ਵਾਰ ਪਿਤਾ ਨੇ ਉਚਰਿਆ ‘ਭਾਣਾ ਮੀਠਾ ਲਾਗੇ ਤੇਰਾ’,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

Wednesday, 24 December 2014


ਗ਼ਜ਼ਲ - ਧਨਵੰਤ ਸਿੰਘ ਗੁਰਾਇਆ

ਕਰ ਕਰਕੇ ਕੌਲ ਕਰਾਰ, ਮੁਕਰਨਾ ਠੀਕ ਨਹੀਂ।
ਲਾਕੇ ਤੋੜ ਨਿਭਾਈਏ, ਵਰਨਾ ਠੀਕ ਨਹੀਂ।

ਜਿ ਭਰੋਸਾ ਹੈਨੀ ਕਚਿਆਂ ਘੜਿਆਂ ਦੇ ਉੱਤੇ
ਤੂੰ ਰਹਿ ਕੰਢੇ ਤੇ ਬੈਠਾ, ਤਰਨਾ ਠੀਕ ਨਹੀਂ।

ਰੱਖੇਗਾਂ ਵਿਸ਼ਵਾਸ ਮਲਾਹ ਦੇ ਉੱਪਰ ਜੇਕਰ 
ਬੇੜੀ ਹੋਵੇਗੀ ਪਾਰ ਕਿ ਡਰਨਾ ਠੀਕ ਨਹੀਂ।

ਹਕ ਅਪਣੇ ਦੀ ਖ਼ਾਤਿਰ ਤਾਂ ਲੜਨਾ ਬਣਦਾ ਹੈ
ਜੇ ਹੋਵੇ ਧੱਕੇ-ਸ਼ਾਹੀ , ਜਰਨਾ ਠੀਕ ਨਹੀਂ।

ਖਾਲੀ ਨੇ ਜਾਮ ਜਿਨਾਂ ਦੇ ਤਕ ਲੈ ਓਧਰ ਵੀ 
ਉੱਤੋਂ ਤਕ ਭਰਿਆਂ ਨੂੰ ਹੀ ਭਰਨਾ ਠੀਕ ਨਹੀਂ।

ਆਕੇ ਆਖੋ ਜੋ ਵੀ ਕਹਿਣਾ ਇ ਪਰ੍ਹੇ ਦੇ ਵਿਚ 
ਓਹਲੇ ਓਹਲੇ ਤਾਂ ਗੱਲਾਂ ਕਰਨਾ ਠੀਕ ਨਹੀਂ।

ਰੁੱਖ -  ਨਿਸ਼ਾਨ ਸਿੰਘ ਰਾਠੌਰ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕਦੇ ਧਰਤੀ ਤੇ ਹਰਿਆਲੀ ਸੀ
ਸੂਰਜ ਦੀ ਮੱਠੀ ਲਾਲੀ ਸੀ
ਜਦ ਜੰਗਲਾਂ ਵਿੱਚ ਤੂੰ ਆ ਵੜਿਆ
ਤੇ’ਹੱਥ ਕੁਹਾੜਾ ਤੂੰ ਫੜਿਆ
ਅੱਖੀਆਂ ਤੋਂ ਅੱਥਰੂ ਵਹਿੰਦੇ ਨੇ
ਜਦ ਕੋਈ ਵੀ ਸਾਥੀ ਮਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕਦੇ ਪੰਛੀ ਪਾਉਂਦੇ ਬਾਤਾਂ ਸੀ
ਕਦੇ ਲੰਮੀਆਂ ਹੁੰਦੀਆਂ ਰਾਤਾਂ ਸੀ
ਕੀ ਗੱਲ ਕਰਾਂ ਮੈਂ ਰਾਤਾਂ ਦੀ
ਮੁੱਕ ਗਈ ਕਹਾਣੀ ਬਾਤਾਂ ਦੀ
ਚੰਨ ਵੀ ਦੁਹਾਈ ਪਾਉਂਦਾ ਏ
ਤੂੰ ਕੀ ਕਰਦੈਂ ਤੂੰ ਕੀ ਕਰਦੈਂ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕੱਟ ਕੱਟ ਵਿਛਾਈਆਂ ਲਾਸ਼ਾਂ ਨੇ
ਪਰ ਦਿਲ ਵਿੱਚ ਸਾਡੇ ਆਸਾਂ ਨੇ
ਆਸਾਂ ਨਾ ਕਿੱਧਰੇ ਟੁੱਟ ਜਾਵਣ
ਇਹੋ ਰੱਬ ਅੱਗੇ ਅਰਦਾਸਾਂ ਨੇ
ਕਿਤੇ ਤੈਨੂੰ ਵੀ ਸੋਝੀ ਆ ਜਾਵੇ
ਅਰਦਾਸ ਕਰਾਂ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਪੰਜਾਬੀਏ – ਓਮਕਾਰ ਸੂਦ ਬਹੋਨਾ

ਸਾਡੇ ਦਿਲਾਂ ਵਿਚ ਤੂੰ ਹੀ ਤੂੰ ਨੀ ਪੰਜਾਬੀਏ!
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਜਿਹੜੇ ਤੈਥੋਂ ਬੇਮੁਖ ਹੋਏ ਦੁੱਖ ਪਾਉਣਗੇ।
ਅੱਖਾਂ ’ਚ ਘਸੁੰਨ ਦੇ ਕੇ ਇਕ ਦਿਨ ਰੋਣਗੇ।
ਉਨ੍ਹਾਂ ਦੀ ਨਾ ਮਿਲੂ ਕਦੇ ਸੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਡਰ ਤੈਨੂੰ ਕਾਹਦਾ ਤੂੰ ਤਾਂ ਸਾਡੇ ਨੈਣੀ ਵੱਸਦੀ।
ਸਾਡੀ ਪਛਾਣ ਸਾਰੀ ਦੁਨੀਆਂ ਨੂੰ ਦੱਸਦੀ।
ਸਾਰੀ ਦੁਨੀਆਂ ਏ ਤੇਰੀ ਜੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਤੇਰਿਆਂ ਸਾਹਾਂ ਦੇ ਵਿਚ ਸਾਹ ਸਾਡੇ ਵੱਸਦੇ।
ਤੇਰੀ ਖੁਸ਼ਹਾਲੀ ਵੇਖ ਅਸੀਂ ਸਾਰੇ ਨੱਚਦੇ।
ਤੇਰੇ ਵੈਰੀਆਂ ਨੂੰ ਨੈਣਾਂ ਧੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ  ਰੂਹ ਨੀ ਪੰਜਾਬੀਏ!!…

ਦੇਸ ਪੰਜਾਬ, ਹਰਿਆਣਾ, ਸਾਰਾ ਦੇਸ ਨੀ।
ਵੱਸਦੀ ਰਵ੍ਹੇਂਗੀ ਵਿਚ ਦੇਸ-ਪ੍ਰਦੇਸ ਨੀ।
ਗ਼ੈਰ ਕਿੰਨੇ ਪੁੱਟ ਲੈਣ ਖੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!…

ਲਾਡਲੇ ਪੰਜਾਬੀ ਸਦਾ ਸੱਚੇ ਦਿਲੋਂ ਨਾਲ ਨੀ।
ਤੈਨੂੰ ਜਿਨ੍ਹਾਂ ਰੱਖਣਾ ਏ ਦਿਲਾਂ ’ਚ ਸੰਭਾਲ ਨੀ।
ਵੈਰੀਆਂ ਦੇ ਦਿਲ ਦੇਣੇ ਲੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!…

Tuesday, 23 December 2014

ਦੋਹੇ ਫੇਸ-ਬੁੱਕ • ਅਮਰ ਸੂਫ਼ੀ

ਗਲ ਸੁਣ ਭੈਣੇ ਮੇਰੀਏ, ਸੁਣੀਂ, ਸੁਣਾਵਾਂ ਗੱਲ |
ਹਾਂ ਡਾਢੀ ਤਕਲੀਫ਼ ਵਿਚ, ਲੱਭੇ ਨਾ ਕੋਈ ਹੱਲ |

ਸੌਾਕਣ ਮੇਰੀ ਜੰਮ ਪਈ, ਚੰਦਰੀ ਫੇਸ-ਬੁੱਕ |
ਸਾਰਾ ਦਿਨ ਰਹੇ ਲੱਗਿਆ, ਬੂਥੀ ਗਈ ਹੈ ਸੁੱਕ |

ਬੈਠਾ ਰਹਿੰਦਾ ਏਦਾਂ ਜਿਉਾ ਭਾਈ ਲਾਵੇ ਰੌਲ |
'ਵਾਜ਼ਾਂ ਮਾਰ ਕੇ ਹੰਭ ਗਈ, ਗੱਲ ਰਿਹਾ ਨਾ ਗ਼ੌਲ |

ਜਿਸ ਬਣਾਈ ਚੰਦਰੀ, ਪਿੱਟਾਂ ਉਸ ਦੇ ਪੁੱਤ |
ਕਹਿੰਦਾ ਹੈ ਵਿਗਿਆਨ ਦੀ, ਖੋਜ ਬੜੀ ਅਦਭੁੱਤ |

ਸਾਰਾ ਦਿਨ ਰਹੇ ਵਿਹਲਾ, ਕਰਦਾ ਨਾ ਕੋਈ ਕੰਮ |
ਲੈਪਟੌਪ ਜਿਹਾ ਲੈ ਕੇ, ਇਕ ਥਾਂ ਬਹਿਜੇ ਜੰਮ |

ਕਿਸੇ ਕੁੜੀ ਦੇ ਨਾਲ ਉਹ, ਕਰਦਾ ਰਹਿੰਦਾ ਚੈਟ |
ਲਿਖਦੈ ਅੰਗਰੇਜ਼ੀ ਵਿਚ ਉਹ, ਇਜ਼, ਦਿਸ ਜਾਂ ਦੈਟ |

ਸਾਰਾ ਦਿਨ ਹੀ 'ਚੂਹੇ' 'ਤੇ, ਰੱਖੀਂ ਰੱਖੇ ਹੱਥ |
ਅੰਦਰ ਵੜ ਕੇ ਬਹਿ ਰਹੇ, ਸੁੰਨੀ ਦਿਸਦੀ ਸੱਥ |

ਆਪੇ ਹੱਸੀ ਜਾਂਵਦਾ, ਕਈ ਤਸਵੀਰਾਂ ਤੱਕ |
ਮੈਂ ਤਾਂ ਭੈਣੇ ਮੇਰੀਏ, ਗਈ ਹਾਂ ਇਸ ਤੋਂ ਅੱਕ |

ਲੈਪਟੌਪ ਨੂੰ ਦਿਲ ਕਰੇ, ਲਾ ਦੇਵਾਂ ਮੈਂ ਅੱਗ |
ਸੋਚ ਲਵਾਂ ਫਿਰ ਆਪ ਹੀ, ਕੀ ਆਖੂਗਾ ਜੱਗ |

ਸੌਣ ਪੈਣ ਦੇ ਵੇਲੇ ਵੀ, ਖੋਲ੍ਹੀ ਰੱਖੇ ਨੈੱਟ |
ਜਾਦੂ-ਮੰਤਰ ਦਸ ਕੋਈ, ਕਰਾਂ ਏਸ ਨੂੰ ਸੈੱਟ |

ਤੂੰ ਦਸ ਭੈਣੇ ਮੇਰੀਏ! ਇਸ ਦਾ ਕੋਈ ਹੱਲ |
ਢਿੱਡ 'ਚ ਰੱਖੀਂ, ਕਰੀਂ ਨਾ 'ਸੂਫ਼ੀ' ਕੋਲੇ ਗੱਲ |

Thursday, 11 December 2014

ਕੋਈ ਪਤਾ ਨਹੀਂ -  ਜਗਜੀਤ ਸਿੰਘ ਪਿਆਸਾ 
Koyi Pata Nahi - Jagjit Singh Piasa

ਕੋਈ ਪਤਾ ਨਹੀਂ ਕਿਸ ਬੰਦੇ ਨੇ , ਕਿੱਥੇ ਰਹਿਣਾ ਬਹਿਣਾ ਹੈ |
ਕਿਸ ਨੂੰ ਖੁਸ਼ੀਆਂ ਦੇਣੀਆਂ ਨੇ , ਤੇ ਕਿਸ ਦੇ ਗਮ ਨੂੰ ਸਹਿਣਾ ਹੈ |

ਚਿੱਤ ਹਲੀਮੀ ਰੱਖ ਸੱਜਣਾ , ਜੇ ਤੂੰ ਰੱਬ ਨੂੰ ਪਾਉਣਾ ਹੈ ,
ਉਹੀਉ "ਅੰਗਦ" ਬਣ ਸਕਦਾ ਹੈ ,ਜਿਸ ਦੇ ਅੰਦਰ "ਲਹਿਣਾ" ਹੈ |

ਮਿਸ਼ਰੀ ਵਰਗੇ ਬੋਲ ਸਦਾ , ਪਿਆਰ ਦੀ ਤੱਕੜੀ ਤੋਲ ਸਦਾ , 
ਚੁੰਨੀ ਸਿਰ ਤੇ ਅੱਖ ਹਯਾ , ਇਹ ਔਰਤ ਦਾ ਗਹਿਣਾ ਹੈ |

ਉਮਰਾਂ ਦੀਆਂ ਰੱਖ ਮੁਨਿਆਦਾਂ ,ਜਿਹੜੇ ਮਹਿਲ ਉਸਾਰੇੰ ਤੂੰ ,
ਅਗਲੇ ਪਲ ਦੀ ਖਬਰ ਨਾ ਤੈਨੂੰ , ਤੂੰ ਵੀ ਆਖਿਰ ਢਹਿਣਾ ਹੈ |

Tuesday, 2 December 2014

Satnam Singh Boparai

ਹੁਣ ਸਮਝ ਆਇਆ 'ਫ਼ਸਾਨਾ ਪਿਆਰ ਦਾ,
ਦਿਲ ਮੇਰਾ ਬਸ ਸੀ ਨਿਸ਼ਾਨਾ ਯਾਰ ਦਾ !!


ਇਸ ਅਦਾ ਨਾਲ, ਉਹ ਮੈਨੂੰ ਆਪਣਾ ਕਹੇ,
ਕਿ ਭੇਦ ਨਾ ਪਾਵਾਂ ਉਸਦੇ ਇਜਹਾਰ ਦਾ !!


ਹਉਕਾ ਬਣ ਕੇ ਰਹਿ ਗਈ ਹਰ ਆਰਜੂ,
ਇਹ ਕਰਿਸ਼ਮਾ ਹੈ ਉਹਦੇ ਇਕਰਾਰ ਦਾ!!


ਮੈਂ ਫ਼ਕ਼ਤ ਤਸਵੀਰ ਬਣ ਕੇ ਰਹਿ ਗਿਆਂ,
ਸ਼ਹਿਰ ਵਿੱਚ ਚਰਚਾ ਹੈ ਬਸ ਫ਼ਨਕਾਰ ਦਾ!!


ਉਮਰ ਭਰ ਦੇ ਗਮ ਉਹ ਝੋਲੀ ਪਾ ਗਿਆ,
ਇਹ ਕਰਮ ਹੋਇਆ, ਮੇਰੇ ਦਿਲਦਾਰ ਦਾ !!


ਹਾਸਿਲ ਮੇਰੇ ਸਫ਼ਰ ਦਾ........ ਰਸਤੇ ਰਹੇ,
ਸ਼ੌਕ ਆਪਣੇ ਤੋਂ .........ਰਿਹਾਂ ਖੁਦ ਹਾਰਦਾ !!

Monday, 1 December 2014

ਗ਼ਜ਼ਲ - ਕਮਰ ਉਜ਼ ਜਮਾਂ
Ghazal - Qamar Uz Zaman

ਸੱਚੇ ਝੂਠ ਮੁਕਾ ਜਾਂਦੇ ਨੇਂ
ਸ਼ੀਸ਼ੇ ਪੱਥਰ ਖਾ ਜਾਂਦੇ ਨੇਂ

ਜਿਹੜੇ ਪਹਿਲੋਂ ਕਾਅਬਾ ਕਹਿੰਦੇ 
ਓਹੋ ਮੁੱਖ ਪਰਤਾ ਜਾਂਦੇ ਨੇਂ

ਦਿਲ ਦੇ ਟੋਟੇ ਚੁਗਦਾ ਰਹਿਣਾਂ
ਗੁਜੀਆਂ ਸੱਟਾਂ ਲਾ ਜਾਂਦੇ ਨੇਂ

ਜਿੱਥੇ ਹੱਥ ਵਿਖਾ ਬਹਿਨਾਂ ਵਾਂ
ਓਹੋ ਹੱਥ ਵਿਖਾ ਜਾਂਦੇ ਨੇਂ

ਜੀਂਦੇ ਦੀ ਕੋਈ ਸਾਰ ਨਹੀਂ ਪੁੱਛਦਾ
ਮੋਏ ਚੇਤੇ ਆ ਜਾਂਦੇ ਨੇਂ

ਹੰਝੂ ਮੈਨੂੰ ਕੁੱਝ ਨਹੀਂ ਕਹਿੰਦੇ
ਅੱਖਾਂ ਨੂੰ ਤੜਪਾ ਜਾਂਦੇ ਨੇਂ

ਯਾਰ ਕਮਰ ਜੀ ਜਾਂਦੀ ਵਾਰੀ
ਮੂੰਹ ਨੂੰ ਜੰਦਰੇ ਲਾ ਜਾਂਦੇ ਨੇਂ

Monday, 24 November 2014

ਗ਼ਜ਼ਲ - ਰਾਮ ਸਿੰਘ ਭੀਖੀ

ਕੀ ਹੋਇਆ ਜੇ ਵਾਟ ਲਮੇਰੀ ।
ਤੁਰਿਆ ਚਲ ਤੂੰ ਨਾਲ ਦਲੇਰੀ ।
ਮੁਸ਼ਕਿਲ ਹੋ ਜਾਂਦਾ ਹੈ ਜੀਣਾ ,
ਬਹਿ ਜਾਂਦੇ ਜੋ ਢਾਹ ਕੇ ਢੇਰੀ ।
ਸਭ ਕੁਝ ਜਗ ਤੇ ਹੀ ਰਹਿ ਜਾਣਾ ,
ਕਰਦਾ ਕਿਉਂ ਏਂ ਮੇਰੀ-ਮੇਰੀ ।

ਦੀਪ ਜਗਾ ਕੇ ਰੱਖੀ ਹਰਦਮ ,
ਝੁਲਦੀ ਭਾਵੇਂ ਤੇਜ਼ ਹਨੇਰੀ ।
ਈਮਾਨ ਬਚਾ ਕੇ ਰੱਖੀਂ ਤੂੰ ,
ਦੌਲਤ ਮਿਲਜੂ ਹੋਰ ਵਥੇਰੀ ।
ਸਦਕੇ ਜਾਵਾਂ ਵੱਟੇ ਖਾਅ ਕੇ ,
ਮਿੱਠੇ ਮੇਵੇ ਦਿੰਦੀ ਬੇਰੀ ।

ਆਇਆ ਕੋਣ ਹੈ ਸਾਡੇ ਵਿਹੜੇ ,
ਵਿੰਚ ਹਵਾਵਾਂ ਮਹਿਕ ਖਿਲੇਰੀ ।
ਹਿਜਰ ਜਿਦੇ ਵਿੱਚ ਕੋਲੇ ਹੋਇਆ, 
ਉਸਨੇ ਬਾਤ ਨਾ ਪੁਛਣੀ ਤੇਰੀ ।
ਛੱਡ ਦਿਲਾ ਹੁਣ ਭੁਲ ਜਾ ਉਸਨੂੰ,
ਪਉਣੀ ਨਹੀਂਉ ਉਸ ਨੇ ਫੇਰੀ ।
ਹਾਸਿਆ ਦਾ ਘੋਟਨਾ  - ਪ੍ਰੀਤਮ ਦਾਸ ਠਾਕੁਰ ਦੀ ਹਾਸਰਸ ਕਵਿਤਾ

ਇਕ ਦਿਨ ਇਕ ਭੰਗੀ ਦਾ ਖੋਤਾ ਬੰਨ ਪੈ ਕੇ ਸੀ ਮਰਿਆ,
ਗੰਧਰਵ ਸੇਨ ਸੀ ਨਾਮ ਉਸਨੇ ਉਸ ਖੋਤੇ ਦਾ ਧਰਿਆ ,

ਏਨਾ ਓਹਨੇ ਸੋਗ ਮਨਾਇਆ ਫੂਹੜੀ ਓਹਦੀ ਪਾਈ,
ਨਾਈ ਸੱਦ ਕੇ ਉਸੇ ਵੇਲੇ ਦਾਹੜੀ ਮੁਛ ਮੁਨਾਈ,

ਬਾਜ਼ਾਰ ਗਿਆ ਤੇ ਚੋੰਕੀਦਾਰ ਨੇ ਓਹਨੂੰ ਹਾਲ ਪੁਛਾਇਆ,
ਗੰਧਰਵ ਸੇਨ ਕਰ ਗਿਆ ਚਲਾਨਾ ਭੰਗੀ ਆਖ ਸੁਣਾਇਆ ,

ਸੁਣਦੇ ਸਾਰ ਹੀ ਚੋੰਕੀਦਾਰ ਨੇ ਦਾੜੀ ਮੁਛ ਮੁਨਾਈ ,
ਕੱਦੂ ਵਰਗਾ ਸਿਰ ਬਣਵਾ ਲਿਆ ਦੇਰ ਨਾ ਰਤੀ ਲਾਈ,

ਚੋੰਕੀਦਾਰ ਗਿਆ ਜਾਂ ਥਾਣੇ ਸਾਰੇ ਪੁਛਣ ਲੱਗੇ ,
ਮੂੰਹ ਸਿਰ ਦੀ ਤੂੰ ਕੀ ਸਫਾਈ ਇਹ ਕੀ ਭਾਣੇ ਵੱਗੇ ,

ਤੁਹਾਨੂੰ ਪਤਾ ਨਹੀ ਹੈ ਲੱਗਾ ਕੇ ਗੰਧਰਵ ਸੇਨ ਹੈ ਮਰਿਆ ,
ਸਰਕਾਰੀ ਤੁਸੀਂ ਮੁਲਾਜਮ ਹੋ ਕੇ ਸੋਗ ਜਰਾ ਨਾ ਕਰਇਆ ,

ਨਾਈ ਬੁਲਾ ਕੇ ਉਸੇ ਵੇਲੇ ਭੱਦਨ ਓਹਨਾ ਕਰਾਏ,
ਸੁੰਬਰੀ ਹੋਈ ਸੜਕ ਦੇ ਵਾਂਗੂ ਸਾਰਿਆ ਮੂੰਹ ਬਣਵਾਏ ,

ਇਸੇ ਤਰਹ ਸਾਰਿਆ ਉਤੇ ਏਹੋ ਹਾਲਤ ਬੀਤੀ,
ਸਾਰਿਆ ਦਾੜੀ ਮੁਛ ਮੁੰਨਾ ਲਈ ਤਾੜ ਕਿਸੇ ਨਾ ਕੀਤੀ ,

ਰਾਜੇ ਅਤੇ ਵਜੀਰ ਦੋਹਾ ਨੇ ਭਦਨ ਖੂਬ ਕਰਾਇਆ ,
ਗੰਧਰਵ ਸੇਨ ਦੇ ਮਰਨ ਦਾ ਓਹਨਾ ਨੇ ਡਾਢਾ ਸੋਗ ਮਨਾਇਆ ,

ਰਾਣੀ ਨੇ ਰਾਜੇ ਨੂ ਪੁਛਿਆ ਇਹ ਕੀ ਹਾਲ ਬਣਾਇਆ ,
ਕੀਹਦੇ ਸੋਗ ਦੇ ਵਿਚ ਤੁਸਾਂ ਨੇ ਦਾੜੀ ਮੁਛ ਮਨਾਈ ,

ਰਾਜਾ ਕਹਿੰਦਾ ਰਾਣੀ ਤਾਈ ਗੰਧਰਵ ਸੇਨ ਹੈ ਮਰਿਆ ,
ਸਾਰੇ ਸ਼ਹਿਰ ਦੇ ਲੋਕਾਂ ਨੇ ਹੈ ਸੋਗ ਉਸਦਾ ਕਰਿਆ ,

ਕਿਹੜੇ ਦੇਸ਼ ਦਾ ਰਾਜਾ ਹੈ ਸਨ ਗੰਧਰਵ ਸੇਨ ਜੀ ਰਾਏ ,
ਜਿਹਦੇ ਮਰਨੇ ਉਪਰ ਸਾਰਿਆ ਭਦਨ ਹੇਣ ਕਰਾਏ ,

ਰਾਜਾ ਕਹਿੰਦਾ ਰਾਣੀ ਤਾਈ ਕਲ ਨੂੰ ਪੁਛ ਕੇ ਆਉ ,
ਸਾਰਾ ਹਾਲ ਪੁਛ ਕੇ ਓਹਦਾ ਤੇਨੂੰ ਫੇਰ ਸੁਨਾਉ ,

ਇਸੇ ਤਰਾਂ ਸੋਚ ਦੇ ਅੰਦਰ ਰਾਜੇ ਰਾਤ ਲੰਘਾਈ,
ਸਵੇਰੇ ਉਠ ਕੇ ਦਰਬਾਰ ਚ ਆਇਆ ,ਦੇਰ ਰਤਾ ਨਾ ਲਾਈ,

ਸੱਦ ਲਏ ਰਾਜੇ ਕੁੱਲ ਮੁਲਾਜਮ ਜਿੰਨੇ ਹੈ ਸਨ ਸਾਰੇ,
ਗੰਧਰਵ ਸੇਨ ਜੀ ਕੋਣ ਬਸ਼ਰ ਸਨ ਰਾਜਾ ਮੂੰਹੋ ਪੁਕਾਰੇ ,

ਵਜ਼ੀਰ ਪੁਛਦਾ ਥਾਨੇਦਾਰ ਤੋ ਥਾਨੇਦਾਰ ਚੁਪ ਕੀਤਾ
ਦੋ ਮਿੰਟਾ ਵਿਚ ਥਾਨੇਦਾਰ ਨੇ ਚੋੰਕੀਦਾਰ ਸੱਦ ਲੀਤਾ ,

ਚੋੰਕੀਦਾਰ ਨੂੰ ਥਾਨੇਦਾਰ ਨੇ ਸਭਾ ਦੇ ਬੁਲਾਇਆ,
ਚੋੰਕੀਦਾਰ ਫਿਰ ਉਸ ਭੰਗੀ ਨੂੰ ਆਪਣੇ ਨਾਲ ਲੈ ਆਇਆ ,

ਚੋੰਕੀਦਾਰ ਤੋ ਪੁਛਿਆ ਰਾਜੇ ਚੋੰਕੀਦਾਰ ਘਬਰਾਇਆ ,
ਭੰਗੀ ਵੱਲ ਇਸ਼ਾਰਾ ਕਰਕੇ ਆਪਣਾ ਲੜ ਛੁਡਵਾਇਆ ,

ਰਾਜਾ ਸਭਾ ਵਿਚ ਪੁਛਣ ਲੱਗਾ ਭੰਗੀ ਤਾਈ ਬੁਲਾ ਕੇ ,
ਭੰਗੀ ਲੱਗਾ ਰੋਣ ਵਿਚਾਰਾ ਸਭਾ ਦੇ ਅੰਦਰ ਆ ਕੇ .

ਰੋਂਦਾ ਰੋਂਦਾ ਕੋਲ ਰਾਜੇ ਦੇ ਭੰਗੀ ਆਂ ਖਲੋਤਾ ,
ਹਥ ਜੋੜ ਕੇ ਆਖਣ ਲੱਗਾ ਜੀ ਮੇਰਾ ਸੀ ਓਹ ਖੋਤਾ ,

"ਠਾਕੁਰ " ਦੇਸ਼ ਮੇਰੇ ਦੇ ਭਾਇਓ, ਨਜ਼ਮ ਨਾ ਕਦੇ ਭੁਲਾਇਓ.
ਇਕ ਦੂਜੇ ਦੇ ਪਿਛੇ ਲੱਗ ਕੇ ਮੂੰਹ ਸਿਰ ਨਾ ਮੁਨਵਾਇਓ
ਗ਼ਜ਼ਲ – ਓਂਕਾਰਪ੍ਰੀਤ ਸਿੰਘ

ਆਪਾ ਚੁੱਪ ਕਰਾਈਦਾ
ਤਾਂ ਇਕ ਬੋਲ ਉਗਾਈਦਾ


ਚਿਤ ਲਾ ਕੇ ਚਿਤ ਚਿਤਰੀਦਾ
ਤਾਂ ਸ਼ਾਇਰ ਅਖਵਾਈਦਾ


ਦਰਦ ‘ਚ ਦਰਦੀ ਅਜ਼ਮਾ ਕੇ
ਹੋਰ ਨੀ ਦਰਦ ਵਧਾਈਦਾ


ਸ਼ਾਮੀਂ ਘਰ ਨਾ ਮੁੜ ਹੋਵੇ
ਏਨੀ ਦੂਰ ਨਈਂ ਜਾਈਦਾ


ਹੱਥ ਏਧਰ ਮੁਖ ਓਧਰ ਨੂੰ
ਇਓਂ ਨਈਂ ਜਾਮ ਫੜਾਈਦਾ


ਪ੍ਰੀਤ ਝਨਾਂ ਨੂੰ ਤਰਨ ਲਈ
ਡੁੱਬਣਾ ਆਉਣਾ ਚਾਹੀਦਾ

Monday, 17 November 2014

ਰੰਗਲਾ ਪੰਜਾਬ', ਹੋਇਆ 'ਗੰਧਲਾ ਪੰਜਾਬ' - ਸੁਰਿੰਦਰ ਸਿੰਘ ਖ਼ਾਲਸਾ 


ਸੀ ਧਰਤੀ ਪੰਜ ਦਰਿਆਵਾਂ ਦੀ, 
ਛਿੰਝਾਂ ਮੇਲਿਆਂ ਨੂੰ ਊਡੀਕਦੇ ਚਾਵਾਂ ਦੀ ।
ਪੰਜਾਂ ਨੂੰ ਵਿਛੋੜਤਾ ਅਖੌਤੀ ਅਜਾਦੀ ਨੇ, 
ਦਿੱਤਾ ਲੰਗੜਾ ਕਰ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ... ।

ਏਥੋਂ ਦੇ ਲੋਕ ਬੜੇ ਹੀ ਰੰਗੀਲੇ ਨੇ, 
ਪਹਿਲਾਂ ਸੀ ਅਣਖੀਲੇ, ਹੁਣ ਨਸ਼ੀਲੇ ਨੇ।
ਹੁਣ ਤਾਂ ਨਿੱਤ ਹੀ ਮਹਿਫਲਾਂ ਲੱਗਦੀਆਂ ਨੇ,
 ਹਰ ਮਹਿਫਲ 'ਚ ਚੱਲੇ ਸ਼ਰਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..।

ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਏ, 
ਜਿਸ ਵਿਚ ਜ਼ਹਿਰ ਹੀ ਜ਼ਹਿਰ ਵੱਗਦਾ ਏ ।
ਅਫੀਮ ਤੇ ਭੁੱਕੀ ਪਿੰਡ-ਪਿੰਡ ਵਿਕਦੀ ਏ, 
ਹਰ ਨੁੱਕੜ ਤੇ ਵਿਕੇ ਸ਼ਰਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ...।

ਗਭਰੂਆਂ ਜੀਵਨ ਨਸ਼ਿਆਂ 'ਚ ਗਵਾਇਆ ਏ, 
ਸਮੈਕ ਤੇ ਹਿਰੋਇਨ ਦਾ ਵੀ ਚੱਸਕਾ ਲਾਇਆ ਏ ।
ਬਲੈਕੀਏ ਰੱਜ ਕੇ ਨੋਟ ਕਮਾਉਂਦੇ ਨੇ, 
ਘਰਾਂ ਦੇ ਘਰ ਹੋ ਰਹੇ ਬਰਬਾਦ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ....।

ਪੈ ਰਹੇ ਘਰ-ਘਰ ਵੈਣ ਸਿਆਪੇ ਨੇ, 
ਗਭਰੂ ਮਰਦੇ ਤੇ ਰੁਲਦੇ ਮਾਪੇ ਨੇ,
ਨਸ਼ਿਆਂ ਵਿਚ ਜਵਾਨੀਆਂ ਮਰ ਰਹੀਆਂ, 
ਦੇਖ-ਦੇਖ ਕੇ ਝੂੱਠੇ ਖੁਆਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ.....।

ਨੌਂ ਜਵਾਨ ਮਾਰੇ ਬੇ-ਰੋਜ਼ਗਾਰੀ ਦੇ, 
ਸਰਕਾਰਾਂ ਦੀ ਮਾੜੀ ਕਾਰਗੁਜਾਰੀ ਦੇ।
ਕੋਰਸ ਕਰਕੇ ਵੀ ਨੌਕਰੀ ਮਿਲਦੀ ਨਹੀਂ, 
ਭੱਟਕ ਕੇ ਕਰਦੇ ਫਿਰ ਅਪਰਾਧ, 
ਰੰਗਲਾ ਪੰਜਾਬ ਹੋਇਆਂ ਗੰਧਲਾ ਪੰਜਾਬ....।

ਕਿਸਾਨ ਨਿੱਤ ਹੀ ਫਾਹੇ ਲੈ ਮਰਦੇ ਨੇ, 
ਹਾਕਮ ਧਿਆਨ ਨਾ ਭੋਰਾ ਧਰਦੇ ਨੇ।
ਕੁਝ ਸਪਰੇਆਂ ਕਰਦੇ ਮਰ ਜਾਂਦੇ, 
ਕੁੱਝ ਨੂੰ ਕਰਜ਼ਿਆਂ ਕੀਤਾ ਬਰਬਾਦ, 
ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ....।

ਏਥੇ ਭੇਖੀਆਂ ਜ਼ਾਲ ਬਿਛਾਇਆ ਏ, 
ਠੱਗਾਂ ਬਾਣਾ ਸਾਧਾਂ ਦਾ ਪਾਇਆ ਏ ।
ਜਣਾਂ-ਖਣਾਂ ਹੀ 'ਬਾਬਾ' ਬਣ ਬੈਠਾ, 
ਥਾਂ-ਥਾਂ 'ਡੇਰੇ' ਕਰਕੇ ਅਬਾਦ, 
ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ ....।

ਇਕ ਗੰਦ ਗਵਈਆਂ ਪਾਇਆ ਏ, 
ਜਿਹਨਾਂ ਰੱਜ ਕੇ ਮੰਦਾ ਗਾਇਆ ਏ । 
ਸਭਿਆਚਾਰ ਦੀ ਜੱਖਣਾ ਪੁੱਟ ਸੁੱਟੀ, 
ਫਿਰ ਵੀ ਕਹਿੰਦੇ ਨੇ ਗਾਉਂਦਾ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..।

ਮਾਂ ਬੋਲੀ ਨਾਲ ਗੱਦਾਰੀ ਕਰਦੇ ਨੇ, 
ਪੰਜਾਬੀ ਹੋ ਕੇ ਵੀ ਜੋ ਬੋਲਣੋ ਡਰਦੇ ਨੇ ।
ਕਾਗਜ਼ਾਂ 'ਚ ਹੋਰ ਲਿਖਾਉਂਦੇ ਨੇ, 
ਉਂਝ ਕਹਿੰਦੇ ਨੇ ਸਾਡਾ ਹੀ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..........।

Wednesday, 12 November 2014

ਸੁਰਜੀਤ ਮੰਡ 
ਮਿਲਣ-ਗਿਲਣ ਵੀ ਸਾਡੇ ਵਿਹੜੇ ਆਇਆ ਕਰ।
ਵੋਟਾਂ ਖਾਤਰ ਹੀ ਨਾ ਗੇੜਾ ਲਾਇਆ ਕਰ।

ਹਰ ਵੇਲੇ ਹੀ ਮੱਥਾ ਘੁੱਟੀ ਰੱਖੇਂ ਤੂੰ,
ਕੋਲ ਕਿਸੇ ਦੇ ਅਪਣਾ ਦਰਦ ਸੁਣਾਇਆ ਕਰ।

ਹਾਸੇ, ਖੁਸ਼ੀਆਂ ਤਾਹੀਂ ਘਰ ਵਿੱਚ ਰਹਿਣਗੀਆਂ,
ਨਿੱਤ ਦਿਹਾੜੇ ਨਾ ਤੂੰ ਝੱਜੂ ਪਾਇਆ ਕਰ।

ਤੇਰੀ ਪੀੜਾ ਫਿਰ ਤੈਨੂੰ ਭੁੱਲ ਜਾਵੇਗੀ,
ਥੋੜ੍ਹੀ-ਥੋੜ੍ਹੀ ਸਭ ਦੀ ਪੀੜ ਵੰਡਾਇਆ ਕਰ।

ਬੈਠ ਲਵੀਂ ਕੁਝ ਵਕਤ ਬਜ਼ੁਰਗਾਂ ਕੋਲੇ ਤੂੰ,
ਨਿੱਕੇ ਬੱਚੇ ਨੂੰ ਵੀ ਕੋਲ ਬਿਠਾਇਆ ਕਰ।

ਸਬਰ ਪਿਆਲਾ ਲੋਕਾਂ ਦਾ ਭਰ ਜਾਵੇ ਨਾ,
ਹਰ ਵਾਰੀ ਨਾ ਨੇਤਾ, ਲਾਰਾ ਲਾਇਆ ਕਰ।

ਦਰਦ-ਵਿਹੂਣੇ ਲੋਕਾਂ ਕੋਲੇ ਭੋਰਾ ਵੀ,
ਭੁੱਲ ਕੇ ਤੂੰ ਨਾ ਆਪਣਾ ਜ਼ਖਮ ਦਿਖਾਇਆ ਕਰ।

Saturday, 8 November 2014


ਧੀਆਂ-ਧਿਆਣੀਆਂ ਦੇ ਨਾਮ - ਗੁਰਿੰਦਰ ਕੌਰ
Dheeyan Dhiyanian De Naam - Gurinder Kaur

ਮੈਨੂੰ ਮਾਨ ਹੈ ਕੇ
ਮੈਂ ਧੀ ਹਾਂ
ਮਾਪਿਆਂ ਦੀ ਦੁਲਾਰੀ ਹਾਂ
ਪੁਤਰਾਂ ਨਾਲੋਂ ਪਿਆਰੀ ਹਾਂ
ਘਰ ਵਿਚ ਰੋਣਕ ਲਗਾਈ ਏ
ਮਾਪਿਆਂ ਦੀ ਇਜ਼ਤ ਵਧਾਈ ਏ ....

ਮੈਨੂੰ ਗਰਵ ਹੈ ਕੇ
ਮੈਂ ਭੈਣ ਹਾਂ ਵੀਰਾਂ ਦੇ ਦਿਲ ਵਿਚ ਵਸਦੀ ਹਾਂ
ਓਹਨਾ ਦੇ ਹਾਸਿਆਂ ਵਿਚ ਹਸਦੀ ਹਾਂ
ਵੀਰਾਂ ਦੇ ਦੁਖ ਵੰਡਾਉਂਦੀ ਹਾਂ ,,
ਸਾਰੀ ਜ਼ਿੰਦਗੀ ਏਹ ਰਿਸ਼ਤਾ ਨਿਭਾਉਂਦੀ ਹਾਂ ....

ਮੈਨੂੰ ਖੁਸ਼ੀ ਹੈ ਕੇ
ਮੈਂ ਦੋਸਤ ਹਾਂ
ਏਸ ਦੋਸਤੀ ਨੂੰ ਦਿਲੋਂ ਨਿਭਾਉਂਦੀ ਹਾਂ ,,
ਹਰ ਵਾਦਾ ਪੂਰ ਚੜਾਉਂਦੀ ਹਾਂ
ਜੇ ਕੋਈ ਗਲਤ ਸੋਚੇ ਇਸ ਰਿਸ਼ਤਾ ਲਈ
ਫੇਰ ਓਹਨੂੰ ਸਬਕ ਸਿਖਾਉਂਦੀ ਹਾਂ .....

ਮੈਨੂੰ ਨਾਜ਼ ਹੈ ਕੇ
ਮੈਂ ਪਤਨੀ ਹਾਂ
ਮੇਰੇ ਮਾਪੇ ਮੈਨੂੰ ਤੋਰ ਦਿੰਦੇ ,,
ਇਕ ਨਵਾਂ ਹੀ ਰਿਸ਼ਤਾ ਜੋੜ ਦਿੰਦੇ
ਇਸ ਰਿਸ਼ਤੇ ਨੂੰ ਦਿਲੋਂ ਨਿਭਾਵਾਂ ਮੈਂ
ਹਥ ਫੜਕੇ ਤੁਰਦੀ ਜਾਵਾਂ ਮੈਂ ....

ਮੈਨੂੰ ਫ਼ਕਰ ਹੈ ਕੇ
ਮੈਂ ਮਾਂ ਹਾਂ
ਮੇਰੀ ਜ਼ਿੰਦਗੀ ਦੀ ਮਾਲਾ ਦੇ ਮੋਤੀ ਨੇ
ਮੇਰੇ ਬਚੇ ਮੇਰੇ ਨੈਣਾਂ ਦੀ ਜੋਤੀ ਨੇ
ਹਥ ਫੜਕੇ ਤੁਰਨਾ ਸਿਖਾਉਂਦੀ ਹਾਂ
ਏਹਨਾ ਨੂੰ ਦੇਖ ਦੇਖ ਕੇ ਜਯੋਂਦੀ ਹਨ ....

ਮੈਨੂੰ ਮਾਨ ਹੈ ਕੇ
ਮੈਂ ਦਾਦੀ ਹਾਂ ਜ਼ਿੰਦਗੀ ਦੇ ਏਸ ਪੜਾਵ
ਤੇ ਮੈਂ ਆਪਣਾ ਬਚਪਨ ਮੁੜ ਜ੍ਯੋੰਦੀ ਹਾਂ
ਜ਼ਿੰਦਗੀ ਦੇ ਤਜ਼ਰਬੇ ਦਸਦੀ ਹਾਂ ਤੇ
ਬਚਿਆਂ ਨੂੰ ਕਹਾਣੀਆਂ ਸੁਣਾਉਂਦੀ ਹਾਂ ...

ਜ਼ਿੰਦਗੀ ਦੀ ਹਰ ਇਕ ਮੁਸ਼ਕਿਲ ਨੂੰ
ਮੈਂ ਹਸਕੇ ਜਿੱਤ ਦਿਖਾਉਂਦੀ ਹਾਂ
ਪਤਾ ਨਹੀ ਫੇਰ ਵੀ ਕਯੋਂ
ਮੈਂ ਕਮਜ਼ੋਰ ਅਖਵਾਉਂਦੀ ਹਾਂ ???

ਮੈਂ ਪੁਛੇਆ ਆਪਣੀ ਮਾਂ ਕੋਲੋਂ
"ਪੁਤਰਾਂ ਵਾਂਗੂ ਤੰਗ ਨਾ ਕਰੀਏ
ਘਰ ਤੇਰੇ ਲਯੀ ਖ਼ਪ ਖ਼ਪ ਮਰੀਏ
ਫੇਰ ਵੀ ਧੀਆਂ ਕਹਾਉਣ ਨਿਕ੍ਮਿਆਂ
ਮਾਏ ਨੀ ਅਸੀਂ ਝੀੜਕਾ ਖਾਨ ਨੂੰ ਜਾਮਿਆਂ ........"

ਅਗੋਂ ਮਾਂ ਨੇ ਪਤਾ ਕੀ ਜਵਾਬ ਦਿਤਾ ???
ਮਾਂ ਨੇ ਕਿਹਾ
" ਧੀਏ ਤੂੰ ਤਾਂ ਅਸਾਡਾ ਮਾਨ ਹੈ ,,
ਸਾਡਾ ਵਜੂਦ ਏਂ ਸਾਡੀ ਪੇਹ੍ਚਾਨ ਹੈ ...
ਕਮਲੇ ਨੇ ਓਹ ਲੋਕ
ਜੋ ਤੇਰੀ ਕਦਰ ਨਹੀਂ ਕਰਦੇ ,,
ਤੂੰ ਤਾਂ ਜਗ ਜਨਨੀ ਤੇ
ਬਹਾਦਰੀ ਦਾ ਪਰਤੀਕ ਹੈ ......."

ਮਾਂ ਕਦੇ ਝੂਠ ਨਹੀਂ ਬੋਲਦੀ ,
, ਏਹਨਾ ਲੋਕਾਂ ਵਾਂਗ ਕਦੇ ਕੁਫ਼ਰ ਨਹੀਂ ਤੋਲਦੀ .....
ਸੋ ਹੁਣ ਕਦੇ ਮੈਨੂੰ ਕਮਜੋਰ ਜਾਂ ਮਜਬੂਰ ਨਾ ਕਿਹੋ ,
, ਕਯੋਂ ਕੀ ਮੈਂ ਚੁਪ ਨਹੀਂ ਰਹਾਂਗੀ ...
ਹੁਣ ਸਬਰ ਨਹੀਂ ਰਿਹਾ ,,
ਕੇ ਆਪਣੇ ਲਯੀ ਕੁਝ ਗਲਤ ਸੁਣ ਸਕਾਂਗੀ ਮੈਂ ....
ਤੇ ਨਾ ਹੀ ਹਿਮਤ ਹੈ ਬਚੀ
ਕੇ ਸੁਣਕੇ ਚੁਪ ਰਹ ਸਕਾਂਗੀ ਮੈਂ ...

ਸੋ ਸਮਾਜ ਦੇ ਠੇਕੇਦਾਰੋ
ਪੇਹਲਾਂ ਤੋਲੋ ਤੇ ਫੇਰ ਬੋਲੋ ਕਯੋਂ ਕੀ
ਪਿਛੋਂ ਪਛਤਾਉਣ ਦਾ ਮੌਕਾ ਨਹੀ ਮਿਲਣਾ ,,
ਅਸਾਡੇ ਦਿਲ ਨੇ ਪਥਰ ਹੋ ਜਾਣਾ
ਤੇ ਮੁੜ ਫੁੱਲਾਂ ਵਾਂਗ ਵੀ ਨਹੀਂ ਖਿਲਣਾ ....

ਔਰਤ ਫੁੱਲਾਂ ਵਾਂਗੂ ਕੋਮਲ ਹੈ ,
, ਏਹਨੂੰ ਪਥਰ ਨਾ ਬਨਾਓ ਦੋਸਤੋ
.... ਏਹਨੇ ਹਰ ਰਿਸ਼ਤਾ ਹੈ ਨਿਭਾ ਲੈਣਾ ,
, ਤੁਸੀਂ ਬਸ ਏਹਦਾ ਮਾਨ ਵਧਾਓ ਦੋਸਤੋ ....
ਏਹਦੀ ਕਦਰ ਹੀ ਪਾਓ ਦੋਸਤੋ .....
ਏਹਨੂੰ ਪੈਰ ਦੀ ਜੁੱਤੀ ਨਾ ਬਨਾਓ ਦੋਸਤੋ ....
ਏਹਦਾ ਦਿਲ ਨਾ ਦੁਖਾਓ ਦੋਸਤੋ ....


'ਮਾਂ-ਬੋਲੀ' -ਆਸ਼ਿਕ ਲਾਹੌਰ
Maa boli - Aashiq Lahore

ਇਸ ਵਿੱਚ ਪੜ ਤੂੰ, 
ਇਸ ਵਿੱਚ ਲਿਖ ਤੂੰ, 
ਇਸ ਵਿੱਚ ਕਰ ਤਕਰੀਰਾਂ ।
'ਮਾਂ-ਬੋਲੀ' ਦਾ ਪੱਲਾ ਫੜ ਲੈ, 
ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, 
ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨਾਂ ਦੇ ਡੁੱਬੀਆਂ, 
ਮਹੁਰਾ ਖਾਧਾ ਹੀਰਾਂ ।

ਸਾਥੋਂ ਚੜਦੀ ਧਰਤੀ ਖੁੱਸੀ, 
ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, 
ਪੱਗ ਵੀ ਲੀਰਾਂ ਲੀਰਾਂ ।

ਸਾਨੂੰ ਡੁਸਕਣ ਵੀ ਨਾ ਦਿੰਦੇ, 
ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, 
ਛਣਕਨ ਨਾ ਜ਼ੰਜੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, 
ਏਥੋਂ ਤੁਰਦੇ ਹੋਏ,
ਥੋੜੇ ਉੱਲੂ-ਬਾਟੇ ਰਹਿ ਗਏ, 
ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, 
ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 
'ਆਸ਼ਿਕ' ਇਹ ਤਕਸੀਰਾਂ ।

ਬਾਣੀ ਤੇ ਅਸੀਂ - Preet Ladhar
Bani Te Asin -

ਬੜਾ ਗੁਰੂਆਂ ਨੇ ਸਮਝਾਇਆ ਏ,
ਬਾਣੀ ਵਿੱਚ ਏਹੋ ਸਿਖਾਇਆ ਏ,

ਅਸੀਂ ਸਾਰੇ ਇੱਕ ਸਮਾਨ ਹਾਂ,
ਇੱਕੋ ਪਿਓ  ਦੀ ਸੰਤਾਨ ਹਾਂ,

ਕੋਈ ਜਾਤ-ਪਾਤ ਨਾਂ ਏਥੇ ਹੈ,
ਇਹ ਤਾਂ ਬੱਸ ਭਰਮ-ਭੁਲੇਖੇ ਹੈ,

ਪਰ ਸਾਨੂੰ ਸਮਝ ਨਾਂ ਆਉਣੀਂ ਏਂ,
ਅਸੀਂ ਏਹੋ ਰੌਲ਼ੀ ਪਾਉਣੀਂ ਏਂ,

ਸਾਡੀ ਵੱਖਰੀ ਜਾਤ-ਬਰਾਦਰੀ ਏ,
ਨਈਂ ਸਾਡੀ ਕੋਈ ਬਰਾਬਰੀ ਏ,

ਸਾਨੂੰ ਜਾਤ-ਪਾਤ ਜਦ ਹੀ ਦਿਸਣਾਂ,
ਫਿਰ ਬੰਦੇ 'ਚੋਂ ਬੰਦਾ ਕੀ ਦਿਸਣਾਂ,

ਨੈਣਾਂ 'ਚੋਂ ਨੀਰ ਏ ਚੋਅ ਪੈਂਦਾ,
ਜਦ ਪ੍ਰੀਤ ਇਹ ਸੋਚਣ ਏ ਬਹਿੰਦਾ,

ਕਿ ਬਾਣੀਂ ਤਾਂ ਅਸੀਂ ਪੜ੍ਹਦੇ ਹਾਂ,
ਫਿਰ ਅਮਲ ਕਿਓਂ ਨਈਂ ਕਰਦੇ ਹਾਂ ?



ਗ਼ਜ਼ਲ - ਰਾਕੇਸ਼ ਤੇਜਪਾਲ 'ਜਾਨੀ'
Ghazal - Rakesh Tejpal 'Jani'

ਐਸੇ ਵੀ ਕੁਝ ਯਾਰ ਰਹੇ ਨੇ
ਦੋ ਧਾਰੀ ਤਲਵਾਰ ਰਹੇ ਨੇ

ਚੁੱਪ ਚਪੀਤੇ ਆ ਖੁਭਦੇ ਸਨ
ਬੁੱਕਲ ਵਿੱਚ ਕਟਾਰ ਰਹੇ ਨੇ

ਨਜ਼ਰ ਮਿਰੇ ਤੇ ਏਦਾਂ ਰੱਖਣ
ਜਿੱਦਾਂ ਝਾਕ ਸ਼ਿਕਾਰ ਰਹੇ ਨੇ

ਲੋੜ ਸਮੇਂ ਨਾ ਨਜ਼ਰੀ ਪੈਂਦੇ
ਪੈਸੇ ਦੀ ਦਰਕਾਰ ਰਹੇ ਨੇ

ਮੇਰੇ ਘਰ ਨੂੰ ਲੁੱਟਣ ਵਾਲੇ
ਮੇਰੇ ਘਰ ਹਥਿਆਰ ਰਹੇ ਨੇ

ਦਿਨ ਮੇਰੇ ਕੀ ਮਾੜੇ ਆਏ
ਮੁੱਢੋਂ ਭੁਲ ਦਿਲਦਾਰ ਰਹੇ ਨੇ

ਜੋ ਕਲ ਕਹਿੰਦੇ ਸਨ ਬਾਊ ਜੀ
ਉਹ ਹੀ ਅਜ ਦੁਤਕਾਰ ਰਹੇ ਨੇ

ਤੂੰਬੇ ਨੂੰ ਉਹ ਤੋੜ ਗਏ ਨੇ
ਜੋ ਤੂੰਬੇ ਦੀ ਤਾਰ ਰਹੇ ਨੇ

'ਜਾਨੀ' ਦੋਸਤ ਦੁਸ਼ਮਣ ਬਣਕੇ
ਵੱਖਰਾ ਅਕਸ ਉਭਾਰ ਰਹੇ ਨੇ