Monday, 17 November 2014

ਰੰਗਲਾ ਪੰਜਾਬ', ਹੋਇਆ 'ਗੰਧਲਾ ਪੰਜਾਬ' - ਸੁਰਿੰਦਰ ਸਿੰਘ ਖ਼ਾਲਸਾ 


ਸੀ ਧਰਤੀ ਪੰਜ ਦਰਿਆਵਾਂ ਦੀ, 
ਛਿੰਝਾਂ ਮੇਲਿਆਂ ਨੂੰ ਊਡੀਕਦੇ ਚਾਵਾਂ ਦੀ ।
ਪੰਜਾਂ ਨੂੰ ਵਿਛੋੜਤਾ ਅਖੌਤੀ ਅਜਾਦੀ ਨੇ, 
ਦਿੱਤਾ ਲੰਗੜਾ ਕਰ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ... ।

ਏਥੋਂ ਦੇ ਲੋਕ ਬੜੇ ਹੀ ਰੰਗੀਲੇ ਨੇ, 
ਪਹਿਲਾਂ ਸੀ ਅਣਖੀਲੇ, ਹੁਣ ਨਸ਼ੀਲੇ ਨੇ।
ਹੁਣ ਤਾਂ ਨਿੱਤ ਹੀ ਮਹਿਫਲਾਂ ਲੱਗਦੀਆਂ ਨੇ,
 ਹਰ ਮਹਿਫਲ 'ਚ ਚੱਲੇ ਸ਼ਰਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..।

ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਏ, 
ਜਿਸ ਵਿਚ ਜ਼ਹਿਰ ਹੀ ਜ਼ਹਿਰ ਵੱਗਦਾ ਏ ।
ਅਫੀਮ ਤੇ ਭੁੱਕੀ ਪਿੰਡ-ਪਿੰਡ ਵਿਕਦੀ ਏ, 
ਹਰ ਨੁੱਕੜ ਤੇ ਵਿਕੇ ਸ਼ਰਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ...।

ਗਭਰੂਆਂ ਜੀਵਨ ਨਸ਼ਿਆਂ 'ਚ ਗਵਾਇਆ ਏ, 
ਸਮੈਕ ਤੇ ਹਿਰੋਇਨ ਦਾ ਵੀ ਚੱਸਕਾ ਲਾਇਆ ਏ ।
ਬਲੈਕੀਏ ਰੱਜ ਕੇ ਨੋਟ ਕਮਾਉਂਦੇ ਨੇ, 
ਘਰਾਂ ਦੇ ਘਰ ਹੋ ਰਹੇ ਬਰਬਾਦ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ....।

ਪੈ ਰਹੇ ਘਰ-ਘਰ ਵੈਣ ਸਿਆਪੇ ਨੇ, 
ਗਭਰੂ ਮਰਦੇ ਤੇ ਰੁਲਦੇ ਮਾਪੇ ਨੇ,
ਨਸ਼ਿਆਂ ਵਿਚ ਜਵਾਨੀਆਂ ਮਰ ਰਹੀਆਂ, 
ਦੇਖ-ਦੇਖ ਕੇ ਝੂੱਠੇ ਖੁਆਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ.....।

ਨੌਂ ਜਵਾਨ ਮਾਰੇ ਬੇ-ਰੋਜ਼ਗਾਰੀ ਦੇ, 
ਸਰਕਾਰਾਂ ਦੀ ਮਾੜੀ ਕਾਰਗੁਜਾਰੀ ਦੇ।
ਕੋਰਸ ਕਰਕੇ ਵੀ ਨੌਕਰੀ ਮਿਲਦੀ ਨਹੀਂ, 
ਭੱਟਕ ਕੇ ਕਰਦੇ ਫਿਰ ਅਪਰਾਧ, 
ਰੰਗਲਾ ਪੰਜਾਬ ਹੋਇਆਂ ਗੰਧਲਾ ਪੰਜਾਬ....।

ਕਿਸਾਨ ਨਿੱਤ ਹੀ ਫਾਹੇ ਲੈ ਮਰਦੇ ਨੇ, 
ਹਾਕਮ ਧਿਆਨ ਨਾ ਭੋਰਾ ਧਰਦੇ ਨੇ।
ਕੁਝ ਸਪਰੇਆਂ ਕਰਦੇ ਮਰ ਜਾਂਦੇ, 
ਕੁੱਝ ਨੂੰ ਕਰਜ਼ਿਆਂ ਕੀਤਾ ਬਰਬਾਦ, 
ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ....।

ਏਥੇ ਭੇਖੀਆਂ ਜ਼ਾਲ ਬਿਛਾਇਆ ਏ, 
ਠੱਗਾਂ ਬਾਣਾ ਸਾਧਾਂ ਦਾ ਪਾਇਆ ਏ ।
ਜਣਾਂ-ਖਣਾਂ ਹੀ 'ਬਾਬਾ' ਬਣ ਬੈਠਾ, 
ਥਾਂ-ਥਾਂ 'ਡੇਰੇ' ਕਰਕੇ ਅਬਾਦ, 
ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ ....।

ਇਕ ਗੰਦ ਗਵਈਆਂ ਪਾਇਆ ਏ, 
ਜਿਹਨਾਂ ਰੱਜ ਕੇ ਮੰਦਾ ਗਾਇਆ ਏ । 
ਸਭਿਆਚਾਰ ਦੀ ਜੱਖਣਾ ਪੁੱਟ ਸੁੱਟੀ, 
ਫਿਰ ਵੀ ਕਹਿੰਦੇ ਨੇ ਗਾਉਂਦਾ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..।

ਮਾਂ ਬੋਲੀ ਨਾਲ ਗੱਦਾਰੀ ਕਰਦੇ ਨੇ, 
ਪੰਜਾਬੀ ਹੋ ਕੇ ਵੀ ਜੋ ਬੋਲਣੋ ਡਰਦੇ ਨੇ ।
ਕਾਗਜ਼ਾਂ 'ਚ ਹੋਰ ਲਿਖਾਉਂਦੇ ਨੇ, 
ਉਂਝ ਕਹਿੰਦੇ ਨੇ ਸਾਡਾ ਹੀ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..........।

No comments:

Post a Comment