Friday, 7 November 2014

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ - ਅਮਨਦੀਪ ਸਿੰਘ ਟੱਲੇਵਾਲੀਆ (ਡਾ.)
Dharam De Thekedaran - Dr. Amandeep Singh Tallewalia

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ 
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ ਹੈ
ਪਰ, ਉਹਦੀ ਆਖੀ ਹੋਈ ਗੱਲ ਨੂੰ ਦਿਲ ’ਚੋਂ ਅਸੀਂ ਭੁਲਾ ਛੱਡਿਆ ਹੈ
ਮੂਰਤੀਆਂ ਦੀ ਪੂਜਾ ਕਰਦੇ ਕਿਧਰੇ ਪੱਥਰ ਨਾ ਬਣ ਜਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਜੀਵਨ ਜਾਚ ਸਿਖਾਉਂਦੀ ਬਾਣੀ ਇਹ ਕੋਈ ਮੰਤਰ ਜਾਪ ਨਹੀਂ ਹੈ 
ਜੋ ਬਾਣੀ ਨੂੰ ਵੇਚ ਰਹੇ ਨੇ ਇਸ ਤੋਂ ਵੱਡਾ ਪਾਪ ਨਹੀਂ ਹੈ 
ਬਾਣੀ ਪੜ੍ਹੀਏ, ਸੁਣੀਏ, ਗਾਈਏ ਪਰ ਬਾਣੀ ’ਤੇ ਅਮਲ ਕਮਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਚਿੱਟ ਕੱਪੜੀਏ, ਚੋਲਿਆਂ ਵਾਲੇ ਇਹ ਨਾਨਕ ਦੇ ਕੁਝ ਨਹੀਂ ਲੱਗਦੇ
ਭੋਲੇ-ਭਾਲੇ ਲੋਕਾਂ ਨੂੰ ਜੋ ਸੁਰਗ ਦਾ ਲਾਰਾ ਲਾ ਕੇ ਠੱਗਦੇ
ਨਾਨਕ ਦੇ ਵਾਰਿਸ ਨੇ ਕਿਰਤੀ ਇਸ ਗੱਲ ਨੂੰ ਨਾ ਝੁਠਲਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਕਿਰਤ ਕਰੇਂਦਾ, ਵੰਡ ਕੇ ਛਕਦਾ ਜਿਹੜਾ ਨਾਮ ਧਿਆਉਂਦਾ ਏ
‘ਟੱਲੇਵਾਲੀਆ’ ਉਹ ਅਸਲੀ ਸਿੱਖ ਗੁਰੂ ਨਾਨਕ ਨੂੰ ਭਾਉਂਦਾ ਏ 
ਗੁਰੂ ਦੀ ਸਿੱਖਿਆ ਉਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ 
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

No comments:

Post a Comment