ਹਾਕਮ ਦੇ ਨਾਂਅ ! - ਅਮਰਦੀਪ ਸਿੰਘ ਗਿੱਲ ਘੋਲੀਆ
Hakam De Naa - Amardeep Singh Gill
ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ ,
ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,
ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,
ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ ,
ਮੈਂ ਵੀ ਕਦੇ ਉਸ ਕੋਲੋਂ ਪਰ ਪਰ ਹਾਰ ਨਹੀਂ ਮੰਨੀ
ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,
ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,
ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,
ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,
ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,
ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,
ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,
ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,
ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,
ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ
ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,
ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,
ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,
ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,
ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,
ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!
No comments:
Post a Comment