Friday, 7 November 2014

ਦੁੱਖ - ਅਵਤਾਰ ਸਿੰਘ ਮੰਗਾ 
Dukh Avtar Singh Manga

ਉਮਰ ਬਾਲੜੀ ਮੈ ਵਿਆਈ,
ਮਾਪਿਆ ਦਿੱਤੀ ਘਰੋ ਵਿਦਾੲੀ,
ਨਿੱਕੀ ਉਮਰ ਸਮਝ ਨਾ ਕਾਈ,
ਚੰਦਰਾ ਵਿਚੋਲਾ, ਰੱਖ ਗਿਆ ਓਹਲਾ,
ਛੇਤੀ ਤੋਰਕੇ ਮੇਰਾ ਡੋਲਾ,
ਗਲ ਫਾਹਾ ਪਾਗਿਆ ਸੀ,
ਭੁੱਖੇ-ਨੰਗੇ ਦੇ ਲੜ, ਜਾਲਿਮ ਮੈਨੂੰ ਲਾਗਿਆ ਸੀ!!

ਸਿਰ ਦਾ ਸਾਂਈ ਜੋ ਕਮਾਏ,
ਦਾਰੂ ਉੱਤੇ ਖਰਚੀ ਜਾਏ,
ਨਿੱਤ ਸ਼ਾਮ ਨੂੰ ਪੀਕੇ ਆਏ,
ਰੱਖਦੀ ਓਹਲਾ, ਨਾ ਡਰਦੀ ਬੋਲਾਂ,
ਕੀਹਦੇ ਨਾਲ ਦੁੱਖ ਸੁੱਖ ਫੋਲਾਂ,
ਕਰਮਾਂ ਨੂੰ ਰੋਦੀ ਆਂ,
ਪਿਆਰ ਦੇ ਬਦਲੇ ਮਾਹੀ ਤੋ ਕੁੱਟ ਖਾਕੇ ਸੌਦੀ ਆਂ !!

ਹਾੜੀ ਸਾਉਣੀ ਮੈ ਕਮਾਵਾਂ,
ਚੁਗਕੇ ਸਿੱਟੇ ਘਰੇ ਲਿਆਵਾਂ,
ਵਿੱਚ ਭੜੋਲੇ ਦਾਣੇ ਪਾਵਾਂ,
ਜੋ ਵੀ ਸਰਦਾ, ਸੋਚਾਂ ਮੈ ਘਰਦਾ,
ਇਹ ਕਦਰ ਮੇਰੀ ਨੀ ਕਰਦਾ,
ਮੰਦੇ ਬੋਲ ਸਣਾਉਦਾਂ ਏ,
ਹਰ ਪਲ ਲੋਕਾਂ ਸਾਹਮਣੇ ਮੈਨੂੰ ਬੁਰੀ ਬਣਾਉਦਾਂ ਏ.!!

ਰੀਝਾਂ ਮੇਰੀਆਂ ਮਿੱਟੀ ਰਲੀਆਂ,
ਮਿੱਟੀ ਜੰਮੀਆਂ ਮਿੱਟੀ ਪਲੀਆਂ,
ਮੁੱਛ ਲਈਆਂ ਕਿਸੇ ਖਿੜੀਆਂ ਕਲੀਆਂ,
ਚਾਂਅ ਅਧੂਰੇ, ਹੋਣ ਨਾ ਪੂਰੇ,
ਜੇ ਕੁੱਝ ਮੰਗਾਂ ਅੱਗੋ ਘੂਰੇ,
ਡਰਦੀ ਚੁੱਪ ਵੱਟ ਲੈਨੀ ਆਂ,
ਤੂੰ ਕੀ ਜਾਣੇ "ਮੰਗੇ"ਮੈ ਕਿੰਨੇ ਦੁੱਖ ਸਹਿੰਨੀ ਆਂ!!

No comments:

Post a Comment