ਮੇਰਾ ਖੋਜ ਮਿਟਾਵਣ ਵਾਲੇ - ਸਾਇਦ ਇਮਰਾਨ ਸਮਰ
Mera Khoj Mitavan Wale - Sayed Imran Samar
ਮੇਰਾ ਖੋਜ ਮਿਟਾਵਣ ਵਾਲੇ
ਕੱਲਿਆਂ ਛੱਡ ਕੇ ਜਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ,
ਸੁਪਨੇ ਭਾਂਬੜ ਲਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |
ਰਾਹਾਂ ਦੇ ਵਿਚ ਰੋਲਣ ਵਾਲੇ,
ਜ਼ੁਲਮ ਦੇ ਕੱਪੜ ਤੋਲਣ ਵਾਲੇ !
ਜਿਉਂਦਿਆਂ ਮਾਰ ਮੁਕਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |
ਪੀ ਪੀ ਰੱਤ ਜਿਗਰ ਦੀ ਜਿਹੜੇ,
ਆਪਣਾ ਰੂਪ ਸੰਵਾਰੀ ਗਏ !
ਐਡਾ ਜ਼ੁਲਮ ਕਮਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |
ਯੂਸਫ਼ ਨਾਲ ਭਰਾਵਾਂ ਕੀਤੀ,
ਹੋਰ ਕਿਸੇ ਕ਼ੀਹ ਕਰਨੀ ਸੀ !
ਖੂਹ ਦੇ ਵਿਚ ਵਗਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਨੇ ਸਨ |
ਬੁੱਲਿਆਂ ਉੱਤੋਂ ਹਾਸੇ ਖੋਹ ਕੇ,
ਅੱਖਾਂ ਵਿੱਚੋਂ ਅੱਥਰੂ ਵੀ !
ਦਿਲ ਦਾ ਮੰਦਰ ਢਾਹਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |
ਏਸੇ ਲਈ ਤੇ ਅੱਧੀ ਰਾਤੀਂ,
ਆ ਗਏ ਖੁੱਲੇ ਬੂਹੇ !
ਮੇਰੇ ਖ਼ਾਬ ਚੁਰਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |
ਕਾਤਲ ਯਾਦਾਂ, ਕਾਲੀਆਂ ਸੋਚਾਂ,
ਭੇਜ ਕੇ ਮੈਨੂੰ ਸਮਰ !
ਮੇਰਾ ਖੋਜ ਮਿਟਾਵਣ ਵਾਲੇ
ਗੈਰ ਤੇ ਨਹੀਂ ਸਨ ਆਪਣੇ ਸਨ |
No comments:
Post a Comment