Friday, 7 November 2014

ਨਾਨਕ - ਅਮਰ 'ਸੂਫ਼ੀ' 
Nanak - Amar Sufi 

ਤੇਰਾਂ ਤੇਰਾਂ ਤੋਲੇ ਨਾਨਕ.
ਸੱਚੀ ਬਾਣੀ ਬੋਲੇ ਨਾਨਕ. 

ਬਾਬਰ ਵਰਗੇ ਜਾਬਰ ਅੱਗੇ, 
ਉਸਦੇ ਪਾਜ ਫਰੋਲੇ ਨਾਨਕ.

ਸੱਚੇ ਮਾਰਗ ਉੱਤੇ ਚੱਲੇ, 
ਭੋਰਾ ਭਰ, ਨਾ ਡੋਲੇ ਨਾਨਕ.

ਰਾਜੇ ਸ਼ੀਂਹ, ਮੁਕੱਦਮ ਕੁੱਤੇ, 
ਆਖ ਸੁਣਾਏ ਢੋਲੇ ਨਾਨਕ.

ਬਾਲਾ ਤੇ ਮਰਦਾਨਾ ਸਾਥੀ,
ਚਾਰੇ ਕੂਟ ਫਰੋਲੇ ਨਾਨਕ. 

ਬਣ 'ਗੇ ਨੇ ਦਰਗਾਹੀ ਬਾਣੀ,
ਬੋਲੇ ਜਿਹੜੇ, ਬੋਲੇ ਨਾਨਕ. 

ਸੱਚੀ ਆਖ ਸੁਣਾਈ ਮੂੰਹ 'ਤੇ,
ਨਾ ਥਿੜਕੇ ਨਾ ਡੋਲੇ ਨਾਨਕ. 

ਸੱਚੇ ਸੁੱਚੇ ਮੁੱਲਾਂ ਖਾਤਰ,
ਤਕੜੇ ਹੋ ਕੇ ਬੋਲੇ ਨਾਨਕ. 

ਸਾਵਾਂ ਕਿੰਝ ਸਮਾਜ ਬਣੇਗਾ,
ਢੰਗ ਨਿਰਾਲੇ ਟੋਲੇ ਨਾਨਕ. 

ਤੇਰੇ ਨਾਂ 'ਤੇ ਲੁੱਟ ਮਚਾਈ,
ਪਾ ਕੇ ਸਾਧਾਂ ਚੋਲੇ ਨਾਨਕ. 

ਅਪਣਾ ਸੀਸ ਝੁਕਾਉਂਦੇ ਤੈਨੂੰ, 
'ਸੂਫ਼ੀ' ਵਰਗੇ ਗੋਲੇ ਨਾਨਕ. 

No comments:

Post a Comment