Saturday, 1 November 2014

ਫਸਾਦ – ਸ.ਸ. ਮੀਸ਼ਾ 
Fasad - S S Meesha 
ਸ਼ਹਿਰ ਕੋਈ ਵੀ ਹੋਵੇ
ਭਵੰਡੀ, ਮੇਰਠ ਜਾਂ ਨਾਗਪੁਰ
ਪੱਜ ਕੋਈ ਵੀ ਹੋਵੇ
ਮਸਜਦ ਦੇ ਗੰਬਦ ਤੋਂ ਉੱਚਾ ਵਾਜੇ ਦਾ ਸ਼ੋਰ
ਪਿੱਪਲ ਦੇ ਟਾਹਣੇ ਤੋਂ ਉੱਚਾ ਤਾਜੀਆਂ ਦਾ ਜਲੂਸ
ਗਊ ਮਾਤਾ ਦੀ ਰੱਖਿਆ
ਬੱਚਿਆਂ ਦਾ ਪਤੰਗ ਲੁੱਟਣ ਤੇ ਝਗੜਾ
ਜਾਂ ਕੋਈ ਹੋਰ
ਪਹਿਲਾਂ ਹੀ ਤਿਆਰ ਹੁੰਦੇ ਨੇ ਛੁਰੇ ਬਰਛੇ ਪਸਤੌਲ ਤੇ ਦਸਤੀ ਬੰਬ.
ਸ਼ਹਿਰ ਕੋਈ ਵੀ ਹੋਵੇ
ਪੱਜ ਕੋਈ ਵੀ ਹੋਵੇ
ਧਰਮ ਨਿਰਪਖਤਾ ਦਾ ਤਕਾਜ਼ਾ ਹੈ
ਫਿਰਕਿਆਂ ਦਾ ਨਾ ਲੈਣਾ ਠੀਕ ਨਹੀਂ
ਇੱਕੋ ਤਰ੍ਹਾਂ ਛਪਦੀ ਹੇ ਵਾਰਦਾਤ ਦੀ ਖ਼ਬਰ
ਜਿਸਨੂੰ ਪੜ੍ਹਕੇ ਦੁਖ ਹੋਣਾ
ਅੱਖਾਂ ਚੋਂ ਅੱਥਰੂ ਟਪਕਣਾ
ਜਾਂ ਖੂਨ ਖੋਲਣਾ ਤਾਂ ਕਿਤੇ ਰਿਹਾ
ਹੁਣ ਤਾਂ ਇਹਨਾਂ ਵਿਚੋਂ ਕੁਝ ਵੀ ਨਾ ਹੋਣ ਤੇ
ਸ਼ਰਮ ਵੀ ਨਹੀਂ ਆਉਂਦੀ
ਮੈਂ ਜਾਣਦਾ ਹਾਂ
ਸਰਕਾਰੀ ਅੰਕੜਿਆਂ
ਅਖ਼ਬਾਰੀ ਅੰਦਾਜ਼ਿਆਂ
ਤੇ ਮਰਨ ਵਾਲਿਆਂ ਦੀ ਅਸਲ ਗਿਣਤੀ ਵਿਚ ਕਿਨਾ ਫਰਕ ਹੁੰਦਾ ਹੈ.
ਕੁਝ ਦਿਨ ਬੇਹਿੱਸ ਜਹੀ ਬਹਿਸ ਹੋਏਗੀ
ਕਰੜੇ ਅਨੁਸਾਸ਼ਨ ਬਾਰੇ
ਨਿਰਪੱਖ ਪ੍ਰਸਾਸ਼ਨ ਬਾਰੇ
ਇੱਕ ਦੂਜੇ ਦੀ ਗੱਲ ਸਮਝਣ ਤੇ ਸਹਿਣ ਬਾਰੇ
ਮਿਲ ਜੁਲ ਕੇ ਰਹਿਣ ਬਾਰੇ.
ਅਦਾਲਤੀ ਪੜਤਾਲ ਸ਼ੁਰੂ ਹੋਣ ਤੇ
ਹੜਤਾਲ ਖੁਲ੍ਹ ਜਾਏਗੀ
ਪੜਤਾਲ ਦੀ ਰਿਪੋਟ ਲਿਖੀ ਜਾਣ ਤੀਕ
ਬਹੁਤ ਸਾਰੇ ਲੋਕਾਂ ਨੂੰ
ਕਿੰਝ ਕਦ ਹੋਈ
ਵਾਰਦਾਤ ਭੁਲ ਜਾਏਗੀ
ਉਦੋਂ ਤਕ ਹੋਰ ਬਹੁਤ ਕੁਝ ਹੋਇਆ ਹੋਏਗਾ
ਕਿਸੇ ਹੋਰ ਸ਼ਹਿਰ ਵਿਚ
ਕਿਸੇ ਹੋਰ ਪੱਜ ਹੇਠ

No comments:

Post a Comment