Monday, 27 October 2014


ਕਿਵੇਂ ਭੁੱਲਾਵਾਂ ਨੰਵਬਰ ਸੰਨ ਚੁਰਾਸੀ ਨੂੰ - ਗੁਰਜਾਪ ਸਿੰਘ 
November 84 - Gurjap Singh

ਕਿਵੇਂ ਭੁੱਲਾਵਾਂ ਨੰਵਬਰ ਸੰਨ ਚੁਰਾਸੀ ਨੂੰ, 
ਕਿਵੇਂ ਹਟਾਵਾਂ ਚਿਹਰੇ 'ਤੇ ਛਾਈ ਉਦਾਸੀ ਨੂੰ।
ਕਿਵੇਂ ਭੁੱਲਾਂ, ਅੱਥਰੂ ਡਿੱਗਦੇ ਅਜੇ ਵੀ ਨੈਣਾਂ ਦੇ, 
ਕਿਵੇਂ ਭੁੱਲਾਂ ਉਹ ਵਿਰਲਾਪ ਰੋਂਦੀਆਂ ਭੈਣਾਂ ਦੇ।

ਅੱਲੇ ਨੇ ਜਖਮ ਅਜੇ, ਆਏ ਨਾ ਖਰਿੰਡ, 
ਲੜ ਰਹੇ ਨੇ ਅਜੇ ਵੀ ਸੀਨੇ, ਵਾਂਗ ਭਰਿੰਡ।
ਆਉਂਦਾ ਹੈ ਸੇਕ ਅਜੇ ਵੀ ਬਲਦੇ ਟਾਇਰਾਂ ਦਾ, 
ਕਿਵੇਂ ਭੁਲਾਂ ਦੇਵਾਂ ਚੇਤਾ, ਉਸ ਖੂਨੀ ਕਹਿਰਾਂ ਦਾ।

ਗਵਾਚੀਆਂ ਭੈਣਾਂ ਦੀਆਂ ਚੁੰਨੀਆਂ ਅਜੇ ਨਾ ਲੱਭੀਆਂ, 
ਮਾਸੂਮਾਂ ਦੀਆਂ ਚੀਕਾਂ ਜਾਣ ਨਾ ਦਬਾਇਆਂ ਦੱਬੀਆਂ। 
ਕਿਵੇਂ ਭੁੱਲਾਂ, ਮਾਂਵਾਂ ਦੀਆਂ ਸਿਸਕੀਆਂ ਬਾਪੂਆਂ ਦੇ ਹਾੜੇ, 
ਕਾਤਲਾਂ ਦੀ ਭੀੜ ਨੇ, ਜਵਾਨ ਪੁੱਤ ਜਿਨਾਂ ਦੇ ਮਾਰੇ।

ਹਿੱਕ ਤੇ ਦੀਵਾਂ ਜੋ ਬਾਲਿਆ, ਉਹ ਜਾਣਾ ਨਾ ਬੁਝਾਇਆ, 
ਦਿੱਤਾ ਜੋ ਸਾਨੂੰ ਦੁੱਖ, ਉਹ ਸਾਥੋਂ ਜਾਣਾ ਨਾ ਭੁਲਾਇਆ।
ਤੁਹਾਡਾ ਤਾਕਤ ਦਾ ਗਰੂਰ, ਅਸੀਂ ਤੋੜਕੇ ਰਹਾਂਗੇ, 
ਪਾਈ ਜਿਹੜੀ ਭਾਜੀ, ਅਸੀਂ ਮੋੜਕੇ ਰਹਾਂਗੇ।

ਕਿਵੇਂ ਭੁੱਲਾਂ ਮੈਂ, ਕਾਤਲਾਂ ਦੀ ਭੀੜ ਦੀ ਸ਼ਰਾਰਤ ਹਾਸੀ ਨੂੰ, 
ਕਿਵੇਂ ਭੁਲਾਵਾਂ ਮੈ ਨੰਵਬਰ ਸੰਨ ਚੁਰਾਸੀ ਨੂੰ।


ਸਭਿਆਚਾਰ ਦੀਆਂ ਗੱਲਾਂ - ਕੁਲਵੰਤ ਸਿੰਘ 
Sabhiyachar Diyan Gallan - Kulwant Singh

ਮਲ ਦੰਦਾਸਾ ਬੰਤੋ ਜਦ ਮੇਲੇ ਨੂੰ ਜਾਂਦੀ ਸੀ
ਲੱਕ ਦੁਆਲੇ ਘੁੰਮਦੀ ਰਹਿੰਦੀ ਲਾਲ ਪਰਾਂਦੀ ਸੀ
ਸੱਗੀ ਫੁੱਲ ਨਾ ਦਿਸਦੇ ਚੁੰਨੀਆਂ ਸਿਰਾਂ ਤੋਂ ਲਹਿ ਗਈਆਂ
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ।

ਹੁਣ ਨਾ ਦਿਸਦੇ ਭੰੁਨਦੇ ਕਿਤੇ ਭੱਠੀ ‘ਤੇ ਦਾਣੇ ਬਈ
ਪੱਲੇ ਭਰ-ਭਰ ਲੈ ਕੇ ਜਿੱਥੇ ਜਾਂਦੇ ਨਿਆਣੇ ਬਈ
ਜੋ ਚਰਖੇ ਸਨ ਕੱਤਦੀਆਂ ਕਿੱਥੇ ਲੁਕ ਕੇ ਬਹਿ ਗਈਆਂ
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ।

ਬੋਹੜ ਪੁਰਾਣੇ ਦਿਸਣੋਂ ਰਹਿ ਗਏ ਸੱਥ ਵੀ ਮੁੱਕ ਗਏ
ਹਲਟਾਂ ਵਾਲੇ ਖੂਹ ਨਾ ਦਿਸਦੇ ਖਾਲ੍ਹੇ ਸੁੱਕ ਗਏ
ਸਣੇ ਮਧਾਣੀਆਂ ਚਾਟੀਆਂ ਕਿਧਰੇ ਛੁਪੀਆਂ ਰਹਿ ਗਈਆਂ
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ।

ਕੁੜਤੇ ਚਾਦਰੇ ਘੱਗਰੇ ਲਹਿੰਗੇ ਲੋਟਣ ਬਾਰੀ ਦਾ
ਤਿੱਲੇ ਵਾਲੀ ਜੁੱਤੀ ਦੌਰ ਗਿਆ ਫੁਲਕਾਰੀ ਦਾ
ਟੌਹਰੇ, ਸ਼ਮਲੇ ਵਾਲੀਆਂ ਪੱਗਾਂ ਅਲਵਿਦਾ ਕਹਿ ਗਈਆਂ
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ।

ਦੁੱਧ ਲਵੇਰੀ ਦਾ ਨਾ ਜੋ ਹਾਰੇ ਵਿੱਚ ਕਾਹੜੀਦਾ
ਤੱਤਾ-ਤੱਤਾ ਗੁੜ ਨਾ ਲੱਭਦਾ ਅੱਜ ਘਲਾੜੀ ਦਾ
ਮੋਰ ਤੋਤਿਆਂ ਵਾਲੀਆਂ ਵੀ ਕੰਧੋਲੀਆਂ ਢਹਿ ਗਈਆਂ
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ।

ਛੱਪੜਾਂ ਕੰਢੇ ਬੋਲਦੇ ਹੁਣ ਦਿਸਦੇ ਵੀ ਡੱਡੂ ਨਾ
‘ਕੱਠਿਆਂ ਬਹਿ ਕੇ ਵਿਆਹਾਂ ਵਿੱਚ ਕੋਈ ਵੱਟਦੇ ਲੱਡੂ ਨਾ
‘ਜੱਸਲ’ ਵਿਰਸਾ ਛੱਡ ਕੌਮਾਂ ਕਿਹੜੇ ਰਾਹੇ ਪੈ ਗਈਆਂ
ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ 

ਜਾਗੋ - ਡਾ: ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) 
Jago - Dr: Gurmeet Singh Barsal (California)

ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ।
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।

ਤੂੰ ਸੁਤਾਂ ਏਂ ਲੰਬੀਆਂ ਤਾਂਣੀ।
ਚੋਰਾਂ ਦੀ ਤੈਨੂੰ ਚੰਬੜੀ ਢਾਣੀ।
ਰਾਜ ਧਰਮ ਦਿਆਂ ਠੇਕੇਦਾਰਾਂ,
ਪਾ ਲਈ ਏ ਗਲਵਕੜੀ ਜਾਣੀ।
ਇਕ ਦੂਜੇ ਦੇ ਪੂਰਕ ਬਣਕੇ,
ਲੁਟ ਕਰਨ ਦੀ ਨੀਤੀ ਠਾਣੀ।

ਡੇਰੇਦਾਰਾਂ, ਸਾਧਾਂ, ਸੰਤਾਂ
ਚੰਗੀ ਧੁੰਮ ਮਚਾਈਆ।
ਬਈ ਹੁਣ ਜਾਗੋ ਆਈਆ।

ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ।
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।

ਨਰਕ ਸੁਰਗ ਦੀ ਕਲਪਤ ਬਾਰੀ । 
ਸਾਧਾਂ ਨੇ ਅਸਮਾਨੀ ਚ੍ਹਾੜੀ।
ਸਿਧੇ ਸਾਦੇ ਲੋਕਾਂ ਦੇ ਇਸ,
ਡਰ ਲਾਲਚ ਨੇ ਅਕਲ ਹੈ ਮਾਰੀ।
ਧਰਮ ਕਰਮ ਸਭ ਬਿਜ਼ਨਸ ਬਣਿਆਂ,
ਕੱਛਾਂ ਮਾਰੇ ਅੱਜ ਪੁਜਾਰੀ।

ਸਭ ਦੁਨੀਆਂ ਦੇ ਧਰਮਸਥਾਨੀ,
ਸੇਲ ਪਾਠਾਂ ਦੀ ਲਾਈਆ।
ਬਈ ਹੁਣ ਜਾਗੋ ਆਈਆ।

ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ।
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।

ਤੋਤੇ ਵਾਂਗੂ ਸਿਖਿਆ ਰਟਦੇ ।
ਸਮਝ ਅਮਲ ਤੋਂ ਪਾਸਾ ਵਟਦੇ।
ਗਿਣ ਮਿਣ ਕੇ ਇਹ ਰਬ ਧਿਆਂਉਦੇ,
ਕਰਮ ਕਾਂਡ ਤੋਂ ਕਦੇ ਨਾਂ ਹਟਦੇ।
ਮਜ਼ਹਬਾਂ ਵਾਲਾ ਰੌਲਾ ਪਾਕੇ,
ਜਾਂਦੇ ਧਰਮ ਦੀ ਹੀ ਜੜ ਪਟਦੇ।
ਵਹਿਮਾਂ ਭਰਮਾਂ ਅੰਧਵਿਸ਼ਵਾਸਾਂ,
ਜਿੰਦਗੀ ਨਰਕ ਬਣਾਈਆ।
ਬਈ ਹੁਣ ਜਾਗੋ ਆਈਆ।

ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ।
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।

ਉੱਠੋ ਸਿੰਘੋ ਲਾ ਜੈਕਾਰੇ।
ਸਿਖੀ ਸਭਨੂੰ ਹਾਕਾਂ ਮਾਰੇ।
ਬਾਣੀ ਗੁਰੂ ,ਗੁਰੂ ਹੈ ਬਾਣੀਂ,
ਵਿੱਚ ਬਾਣੀਂ ਦੇ ਅੰਮ੍ਰਿਤ ਸਾਰੇ।
ਗੁਰਬਾਣੀ ਦੀ ਕਸਵਟੀ ਤੇ,
ਸੁਧਰਨ ਲਈ ਇਤਿਹਾਸ ਪੁਕਾਰੇ।

ਗਿਆਂਨ ਵਿਹੂਣੇ ਸ਼ਰਧਾਵਾਨਾਂ,
ਬੜੀ ਮਿਲਾਵਟਿ ਪਾਈਆ।
ਬਈ ਹੁਣ ਜਾਗੋ ਆਈਆ।

ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ।
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।

ਗੁਰੂ ਗਰੰਥ ਦੇ ਲਗਜੋ ਚਰਨੀ।
ਬਾਣੀ ਸਿੱਖੋ ਆਪੇ ਪੜ੍ਰਨੀ।
ਗੁਰ ਸ੍ਹਿਖਆ ਨੂੰ ਸਮਝਕੇ ਆਪਣੇ,
ਜੀਵਨ ਦੇ ਵਿੱਚ ਧਾਰਨ ਕਰਨੀ।
ਅਮ੍ਰਿਤ ਰੂਪੀ ਗੁਰਬਾਣੀ ਦੀ,
ਹਰ ਸਾਹ ਦੇ ਨਾਲ ਘੁੱਟ ਹੈ ਭਰਨੀ।

ਹਰ ਬੰਦੇ ਦੀ ਜਿੰਦਗੀ ਬਾਣੀ,
ਕਰਦੀ ਦੂਣ ਸਵਾਂਈਆ।
ਬਈ ਹੁਣ ਜਾਗੋ ਆਈਆ।

ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ।
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।

ਪੰਜਾਬ  - ਜੱਸੀ ਆਸਟਰੇਲੀਆ 
Ronda Akhan Naal Panjab - Jassi Australia

ਹਾਲਤ ਬਹੁਤਿਆ ਦੀ ਦੇਖ ਕੇ ਖਰਾਬ ਆਇਆ ਹਾਂ,
ਰੋਦਾਂ ਅੱਖਾਂ ਨਾਲ਼ ਦੇਖ ਕੇ ਪੰਜਾਬ ਆਇਆ ਹਾਂ ।

ਜਿਹੜੇ ਮਿਲਦੇ ਨੇ ਰੋਜ ਹੱਥ ਜੋੜ ਜੋੜ ਕੇ ,
ਉਹੀ ਰੱਤ ਸਾਡਾ ਪੀ ਗਏ ਨਿਚੋੜ ਨਿਚੋੜ ਕੇ ,
ਦੇਖ ਹਾਕਮਾਂ ਦਾ ਇੱਦਾ ਦਾ ਹਿਸਾਬ ਆਇਆ ਹਾਂ ,
ਰੋਦਾਂ ਅੱਖਾਂ ਨਾਲ਼ ਦੇਖ ਕੇ ਪੰਜਾਬ ਆਇਆ ਹਾਂ ।

ਨਸ਼ੇ ਟੀਕਿਆ ਤੇ ਲੱਗ ਗਏ ਨੇ ਗੱਭਰੂ ਸ਼ਕੀਨ ,
ਬੱਚੇ ਛੋਟੇ ਛੋਟੇ ਲੱਗ ਗਏ ਸਮੈਕਾ ਪੀਣ ,
ਥਾਂ ਥਾਂ ਤੇ ਖੁੱਲੇ ਦੇਖ ਠੇਕੇ ਸ਼ਰਾਬ ਆਇਆ ਹਾਂ ,
ਰੋਦਾਂ ਅੱਖਾਂ ਨਾਲ਼ ਦੇਖ ਕੇ ਪੰਜਾਬ ਆਇਆ ਹਾਂ ।

ਕੋਣ ਮਾਰ ਜਾਵੇ ਕਦੋ ਕੋਈ ਰਾਤ ਬਰਾਤੇ ,
ਫੇਕ ਇੰਨਕੋਟਰਾਂ ਨੇ ਤਾਂ ਸਾਰੇ ਸਿਰੇ ਹੀ ਲਾ ਤੇ ,
ਬਦਲੇ ਚੇਹਰਿਆ ਤੇ ਦੇਖ ਕੇ ਨਕਾਬ ਆਇਆ ਹਾਂ , 
ਰੋਦਾਂ ਅੱਖਾਂ ਨਾਲ਼ ਦੇਖ ਕੇ ਪੰਜਾਬ ਆਇਆ ਹਾਂ ।

ਖੁਦਕੁਸ਼ੀ ਕਰ ਜਿੱਥੇ ਅੰਨਦਾਤੇ ਮਰ ਜਾਣ ,
ਜਾਤ ਪਾਤ ਪਿੱਛੇ ਲੱੜ , ਪਈ ਜਾਦੇ ਘਸਮਾਣ ,
ਦੇਖ ਹੰਝੂਆਂ ਦਾ ਵਗਦਾ ਚਨਾਬ ਆਇਆ ਹਾਂ ,
ਰੋਦਾਂ ਅੱਖਾਂ ਨਾਲ਼ ਦੇਖ ਕੇ ਪੰਜਾਬ ਆਇਆ ਹਾਂ ।

ਪਤਾ ਲੱਗਾ ਨਾ ਸ਼ਿਕਾਰੀਆਂ ਨੇ ਜਾਲ ਪਾ ਲਿਆ ,
ਕਿਹਦੀਆ ਨਜ਼ਰਾਂ ਨੇ ਰੰਗਲਾ ਪੰਜਾਬ ਖਾ ਲਿਆ ,
ਇਸ ਸਵਾਲ ਦਾ ਮੈ ਲੱਭਦਾ ਜਬਾਬ ਆਇਆ ਹਾਂ ,
ਰੋਦਾਂ ਅੱਖਾਂ ਨਾਲ਼ ਦੇਖ ਕੇ ਪੰਜਾਬ ਆਇਆ ਹਾਂ ।

ਮੱਸਿਆ ਦਿਸੇ ਨਾ ਮੁਕਦੀ - ਮਹਿੰਦਰ ਰਿਸ਼ਮ 

Masiya Dise Na Mukdi - Mahinder Risham

ਚੜ ਵੇ ਚੰਨਾ ਸੋਹਣਿਆ
ਤੈਨੂੰ ਅਰਘ ਚੜਾਵਾਂ
ਐਵੇਂ ਫਿਰਦੋਂ ਰੁਸਿਆ
ਤੈਨੂੰ ਹੱਸ ਮੰਨਾਵਾਂ


ਚੰਨਾ ਮੈਂ ਤੇਰੀ ਚਾਨਣੀ
ਤੇਰੇ ਨਾ ਰੁਸ਼ਨਾਵਾਂ
ਮੁਖ ਤੇਰਾ ਹੱਸਦਾ ਵੇਖ
ਮੈਂ ਖਿੜਦੀ ਜਾਵਾਂ


ਠੰਡੀਆਂ ਰਿਸ਼ਮਾਂ ਤੇਰੀਆਂ
ਮੈਂ ਹਿੱਕ ਨਾਲ ਲਾਵਾਂ
ਰੂਪ ਤੇਰੇ ਤੋਂ ਸੋਹਣਿਆ
ਮੈਂ ਸਦਕੇ ਜਾਵਾਂ


ਰੁਸ ਰੁਸ ਜਾਵੇਂ ਸੋਹਣਿਆ
ਮੈਂ ਕਿਵੇਂ ਮੰਨਾਵਾਂ
ਤੂੰ ਬਦਲਾਂ ਉਹਲੇ ਛੁੱਪਿਆ
ਕਿਥੇ ਲੱਭਦੀ ਆਵਾਂ


ਕਦ ਪੁੰਨਿਆ ਹੁਣ ਹੋਵਣੀ
ਕਿਹੜਾ ਪੀਰ ਧਿਆਵਾਂ
ਮੱਸਿਆ ਦਿਸੇ ਨਾ ਮੁਕਦੀ
ਕਿੰਝ ਚਿਤ ਠਹਿਰਾਵਾਂ


ਚੜ ਵੇ ਚੰਨਾ ਸੋਹਣਿਆ
ਤੈਨੂੰ ਅਰਘ ਚੜਾਵਾਂ
ਐਵੇਂ ਫਿਰਦੋਂ ਰੁਸਿਆ
ਤੈਨੂੰ ਹੱਸ ਮੰਨਾਵਾਂ

Friday, 24 October 2014


ਗ਼ਜ਼ਲ - ਹਰਮਨ ਸੂਫ਼ੀ ਲਹਿਰਾ
Ghazal - Harman Sufi Lehra

ਦਿਲਬਰ ਨੂੰ ਸਮਝਾਵਾਂ ਕਿੱਦਾਂ?
ਦਿਲ ਦਾ ਹਾਲ ਸੁਣਾਵਾਂ ਕਿੱਦਾਂ?
'
ਬਹੁਤ ਸਤਾਉਂਦੀ ਉਸਦੀ ਦੂਰੀ,
ਉਸਨੂੰ ਕੋਲ ਬੁਲਾਵਾਂ ਕਿੱਦਾਂ?

ਨਿੱਕੀ ਜਿੰਨੀ ਗੱਲ ਤੇ ਰੁੱਸਦਾ,
ਰੁੱਸਿਆ ਯਾਰ ਮਨਾਵਾਂ ਕਿੱਦਾਂ?

ਵਰ੍ਹਿਆਂ ਪਿੱਛੋਂ ਮਿਲਿਆ ਸੱਜਣ,
ਮੁੱਖ ਤੋਂ ਨਜ਼ਰ ਹਟਾਵਾਂ ਕਿੱਦਾਂ?

ਸਾਉਣ ਮਹੀਨੇ ਛੱਡ ਗਿਆ ਮਾਹੀ,
ਹਾਰ ਸ਼ਿੰਗਾਰ ਲਗਾਵਾਂ ਕਿੱਦਾਂ?

ਭੋਲਾ ਮਾਹੀ ਰਮਜ਼ ਨ ਸਮਝੇ,
ਦਿਲ ਦੀ ਗੱਲ ਸਮਝਾਵਾਂ ਕਿੱਦਾਂ?



ਅੱਜ ਆਖਾਂ ਮੈਂ ਸ਼ਿਵ ਸ਼ਾਇਰ ਨੂੰ - ਵੇਲ ਸਿੰਘ ਇਟਲੀ 
Shiv Shayar - Ravel Singh Italy

ਅੱਜ ਆਖਾਂ ਮੈਂ ਸ਼ਿਵ ਸ਼ਾਇਰ ਨੂੰ, ਕਿਤੇ ਫੇਰ ਬਟਾਲੇ ਆ , 
ਤੇ ਲੇ ਲੋਹੇ ਦੇ ਇੱਸ ਸ਼ਹਿਰ ਨੂੰ ਕੋਈ ਸੱਜਰਾ ਗੀਤ ਸੁਨਾ । 

ਕੋਈ ਭੱਠੀ ਵਾਲੀ ਉਡੀਕਦੀ ਫਿਰ ਪੀੜ ਪਰਾਗਾ ਪਾ । 
ਚੰਬੇ ਦੀ ਡਾਲੀ ਆਖ ਕੇ ਜ਼ਰਾ ਆ ਕੇ ਫੇਰ ਬੁਲਾ । 

ਤੇਰਾ ਸ਼ਿਕਰਾ ਯਾਰ ਉਡੀਕਦਾ ਫਿਰ ਜਿਗਰ ਦਾ ਮਾਸ ਖੁਆ ।
ਬਿਨ ਮਹਿਕੋਂ ਤੇਰੇ ਬਾਝ ਫਿਰ ਜ਼ਰਾ ਆ ਕੇ ਨਜ਼ਰ ਦੁੜਾ । 

ਅੱਜ ਕਲਮਾਂ ਵਾਲੇ ਸੌਂ ਗਏ ਫਿਰ ਆ ਕੇ ਟੁੰਬ ਜਗਾ , 
ਅੱਜ ਇਲਮਾਂ ਵਾਲੇ ਬੁੱਝ ਗਏ ਕੋਈ ਸੱਜਰੀ ਜੋਤ ਜਗਾ । 

ਅੱਜ ਗੀਤਾਂ ਵਾਲੇ ਲੁੱਟਦੇ ਕਈ ਲੱਚਰ ਗੀਤ ਬਨਾ । 
ਤੇ ਨਵੀਂ ਜਵਾਨੀ ਪੁੱਟਦੇ, ਬਿਨ ਸਿਰ ਪੈਰੇ ਹੀ ਗਾ । 

ਅੱਜ ਘਰ ਘਰ ਧੀਆਂ ਰੋਂਦੀਆਂ ਆ ਏਹਨਾਂ ਨੂੰ ਸਮਝਾ । 
ਆ ਝੂਠੇ ਇਸ਼ਕ ਤੋਂ ਮੋੜ ਲੈ ਕੋਈ ਚੰਗੇ ਰਾਹੇ ਪਾ। 

ਆ ਗੰਮ ਦੀ ਲੰਮੀ ਰਾਤ ਨੂੰ ਫਿਰ ਹਿੱਜਰਾਂ ਵਿੱਚ ਲੰਘਾ । 
ਅੱਜ ਘਰ ਘਰ ਅੱਗਾਂ ਲੱਗੀਆਂ ਤੂੰ ਆ ਕੇ ਕਿਤੇ ਬੁਝਾ । 

ਇੱਸ ਸਹਿਕ ਰਹੀ ਤਹਿਜ਼ੀਬ ਨੂੰ ਕੋਈ ਦਾਰੂ ਨਵਾਂ ਪਿਆ । 
ਅੱਜ ਘਰ ਘਰ ਥੋਹਰਾਂ ਉੱਗੀਆਂ ,ਤੇ ਅੱਗਾਂ ਦੇ ਦਰਿਆ , 

ਸੱਭ ਪਿੱਪਲ ਬੋਹੜਾਂ ਵੱਢ ਕੇ ਕਈ ਰਿਸ਼ਤੇ ਲਏ ਮੁੱਕਾ ।
ਹਰ ਪਾਸੇ ਬੱਦਲ ਜੰਗ ਦੇ ,ਤੇ ਜ਼ਹਿਰਾਂ ਭਰੀ ਹਵਾ । 

ਆ ਅਮਨਾਂ ਦੇ ਫਿਰ ਗੀਤ ਲਿਖ ਤੇ ਸੱਭ ਦੇ ਕੰਨੀ ਪਾ । 
ਫਿਰ ਲੂਣਾ ਤੇ ਸਲਵਾਨ ਨੇ ਕਈ ਰਿਸ਼ਤੇ ਲਏ ਬਨਾ । 

ਮੁੜ ਏਦਾਂ ਬਨਣ ਨਾ ਜੋੜੀਆਂ ,ਆ ਏਧਰ ਕਲਮ ਚਲਾ । 
ਕੋਈ ਇੱਛਰਾਂ ਵਰਗੀ ਮਾਂ ਜਾਂ ਕੋਈ ਪੂਰਨ ਪੁੱਤ ਲਿਆ । 

ਉਹ ਗਲ਼ ਦੀ ਮਿੱਠੀ ਹੂਕ ਨੂੰ ,ਮੁੜ ਆ ਕੇ ਫੇਰ ਸੁਨਾ । 
ਬ੍ਰਿਹੋਂ ਦਾ ਸੁਲਾਨ ਤੂੰ ਤੇਰੀ ਵੱਖਰੀ ਹਰ ਅਦਾ । 

ਫਿਰ ਦਰਦਾਂ ਭਰੀ ਆਵਾਜ਼ ਨੂੰ ਜ਼ਰਾ ਭਰ ਦੇ ਵਿੱਚ ਫਿਜ਼ਾ । 
ਅੱਜ ਆਖਾਂ ਮੈਂ ਸ਼ਿਵ ਸ਼ਾਇਰ ਨੂੰ ਕਿਤੇ ਫੇਰ ਬਟਾਲੇ ਆ । 

ਆਓ ਨੀ ਯਾਦੋ ਦਿਲ ਦੇ ਵੇਹੜੇ - ਸੁਰਜੀਤ ਸਿੰਘ ਗਿੱਲ
Aao Ni Yaado Dil De Vehde - Surjit Singh Gill Gholia

ਮੇਰੇ ਸੋਹਣੇ ਜੇ ਪਿੰਡ ਦੀਆਂ ਸੋਹਣੀਆਂ ਸੋਹਣੀਆਂ ਗਲ੍ਹੀਆਂ,
ਜਿਨਾਂ ਮੇਰੀ ਰੂਹ ਦੀਆਂ ਦਹਿਲੀਜਾਂ ਸਦਾ ਲਈ ਮੱਲੀਆਂ ।

ਮੇਰੇ ਮਨ ਤੇ ਮਣਾਂ ਮੂੰਹੀਂ ਅਹਿਸਾਨ ਹੈ ਇਸ ਮਿੱਟੀ ਦਾ ,
ਲਖਾਂ ਇਸਦੀਆਂ ਯਾਦਾਂ ਕੁਝ ਭੋਲੀਆਂ ਤੇ ਝੱਲ ਬਲੱਲੀਆਂ।

ਪੂਰਬ ਤੋਂ ਆਉਂਦੀ ਹਵਾ ਜੋ ਮੇਰੇ ਹ਼ੀ ਪਿੰਡ ਤੋਂ ਆਵੇ ,
ਇਹ ਯਾਦਾਂ ਵਿਚ ਸੰਧਾਰੇ ਮੇਰੀ ਮਿੱਟੀ ਮੇਰੇ ਵੱਲ ਘੱਲੀਆਂ ।

ਆਓ ਨੀ ਯਾਦੋ ਸਦਾ ਜੀ ਆਇਆਂ ਨੂੰ ਦਿਲ ਦੇ ਵੇਹੜੇ ,
ਸੂਰਜ ਅਸਤ ਹੋਣ ਦੇ ਨੇੜੇ ਸਮਝੋ ਸ਼ਾਮਾਂ ਪੈ ਚੱਲੀਆਂ ॥

ਉਡੀਕ - ਗੁਰਜੀਤ ਟਹਿਣਾ

Udeek - Gurjeet Tehna

ਦਿਲ ਦਾ ਕਮਰਾ ਖਾਤਿਰ ਤੇਰੀ, ਸੱਜਣਾ ਖੂਬ ਸਜਾਇਆ,
ਸਾਉਣ ਮਹੀਨਾ ਲੰਘ ਚੱਲਿਆ, ਪਰ ਤੂੰ ਨਾ ਮੁੜ ਕੇ ਆਇਆ।

ਇੱਕ ਕੰਧ ਤੇ ਪਾ ਦਿੱਤੀ ਮੈਂ ਰੀਝਾਂ ਦੀ ਫੁਲਕਾਰੀ,
ਸੇਜ ਤੇਰੀ ਤੇ ਯਾਦਾਂ ਵਾਲਾ ਅੜਿਆ ਬਾਗ ਵਿਛਾਇਆ।

ਓਸ ਕੰਧ ਤੇ ਟੰਗ ਦਿੱਤੀ ਮੈਂ ਹਿਜ਼ਰ ਤੇਰੇ ਦੀ ਫੋਟੋ,
ਲਿਖ ‘ਵਿਛੋੜਾ’ ਫੱਟੀ ਉੱਤੇ ਬੂਹੇ ਤੇ ਲਟਕਾਇਆ।

ਵਿੱਚ ਤ੍ਰਿੰਝਣਾ ਰਲ ਮਿਲ ਕੁੜੀਆਂ ਪੀਂਘਾਂ ਝੂਟਣ ਆਈਆਂ,
ਪਰ ਮੈਂ ਤੱਤੜੀ ਨੇ ਨਾਂਹੀ ਅੜਿਆ ਕੋਈ ਸ਼ਗਨ ਮਨਾਇਆ।

ਰੋ-ਰੋ ਕੇ ਮਰ ਜਾਵਣ ਲੋਕੀਂ ਆਪਣਾ ਜਦ ਕੋਈ ਮਰ ਜਾਵੇ,
ਦਿਲ ਮਰਿਆ ਤਾਂ ਅੱਖੀਆਂ ਰੋਈਆਂ ਕਿਸੇ ਨਾ ਸੋਗ ਮਨਾਇਆ।

ਆਥਣ ਉੱਗਣ ਕੰਧੀ ਕੌਲੀਂ ਲੱਗ-ਲੱਗ ਕੇ ਮੈਂ ਰੋਵਾਂ,
ਕਰਾਂ ਉਡੀਕਾਂ ਪਰ ਅੱਜ ਤੱਕ ਨਾ ਟਹਿਣੇ ਵਾਲਾ ਆਇਆ।




Thursday, 23 October 2014

ਖਜ਼ਾਨ ਸਿੰਘ
ਕੁਛ ਪਰਛਾਵੇਂ ਹਨ, ਕੁਛ ਗੀਤ ਹਨ, ਸੁਗਾਤਾਂ ਹਨ।
ਲੈ ਕੇ ਆਇਆ ਹਾਂ, ਕੁਛ ਫੁੱਲ ਹਨ, ਰਾਤਾਂ ਹਨ।

ਯਾਦ ਕਰੇਂਗੀ ਤੂੰ, ਯਾਦ ਕਰਾਂਗਾ ਮੈਂ
ਕੁਛ ਬਚੇ ਹੰਝੂ ਹਨ, ਪਿਆਰੀਆਂ ਮੁਲਾਕਾਤਾਂ ਹਨ।

ਤੇਰੇ ਨਾਲ ਪਿਆਰ ਸੀ, ਝੂਠਾ ਨਾ ਸੀ,
ਹੁਣ ਕੇਵਲ ਵਲ ਵਲੇ ਹਨ, ਗੁਜ਼ਰੀਆਂ ਬਾਤਾਂ ਹਨ।

ਘਰ ਹੈ ਸੁੰਨਸਾਨ, ਪੰਛੀ ਵੀ ਹਨ ਖਾਮੋਸ਼,
ਕਮਰੇ ‘ਚ ਮੇਰੇ ਮੈਂ ਹਾਂ, ਜਾਂ ਕੁਛ ਬਰਸਾਤਾਂ ਹਨ।

ਗਮ ਦੀ ਦਹਿਲੀਜ਼ ਹੈ, ਵਿਹੜਾ ਹੈ ਸੁੰਨਸਾਨ,
ਅੱਖਰਾਂ ਦਾ ਕੁਛ ਸ਼ੋਰ ਹੈ, ਮੇਰੀ ਕਲਮ ਤੇਰੀਆਂ ਦੁਆਤਾਂ ਹਨ।

ਦੇਖਣ ਨੂੰ ਉਹੀ ਰਾਹ, ਸੜਕ ਤੇ ਮੀਲ ਪੱਥਰ,
ਪਰਛਾਵੇਂ ਹਨ, ਧੂੜ ਹੈ, ਕੁਛ ਸੁਹਣੀਆਂ ਮੁਲਾਕਾਤਾ ਹਨ।

ਤਾਰੇ ਹਨ, ਹਨੇਰੀ ਰਾਤ ਹੈ, ਬੱਦਲ ਹੈ ਤੇ ਮੈਂ ਹਾਂ ,
ਰਾਹ ‘ਚ ਹਾਂ ‘ਕੱਲ ਮੁਕੱਲਾ, ਫਿਰ ਉਡੀਕਦੀਆਂ ਪ੍ਰਭਾਤਾਂ ਹਨ।

ਅੱਖਾਂ ‘ਚੋਂ ਨੀਰ, ਪੈਰਾਂ ‘ਚ ਛਾਲੇ, ਆਹਾਂ ਦਾ ਸੇਕ ਕੀ,
ਕੀ ਨਹੀਂ ਮੇਰੇ ਯਾਰਾ, ਸਭ ਤੇਰੀਆਂ ਹੀ ਦਾਤਾਂ ਹਨ।
ਤੀਆਂ ਸਾਉਣ ਦੀਆਂ - Amarjit Singh Dhillon

ਭੁੱਲ ਗਏ ਨੇ ਸਾਰੇ ਤੀਆਂ ਸਾਉਣ ਦੀਆਂ
ਕਿਧਰ ਗਏ ਨਜ਼ਾਰੇ, ਤੀਆਂ ਸਾਉਣ ਦੀਆਂ।

ਉੱਚੇ ਰੁੱਖਾਂ ਉੱਤੇ ਪੀਂਘਾਂ ਪਾ ਕੁੜੀਆਂ,
ਲੈਂਦੀਆਂ ਸੀ ਹੁਲਾਰੇ ਤੀਆਂ ਸਾਉਣ ਦੀਆਂ।

ਤੈਨੂੰ ਹੁਣ ਗਿੱਧਾ ਅਤੇ ਬੋਲੀਆਂ ਭੁੱਲ ਗਈਆਂ,
ਪੰਜਾਬ ਦੀਏ ਮੁਟਿਆਰੇ ਤੀਆਂ ਸਾਉਣ ਦੀਆਂ।

ਸਾਉਣ ਮਿਲਾਉਂਦਾ ਸੀ ਪੇਕੇ ਵਿੱਚ ਕੁੜੀਆ ਨੂੰ,
ਭਾਦੋਂ ਕਹਿਰ ਗੁਜ਼ਾਰੇ ਤੀਆਂ ਸਾਉਣ ਦੀਆਂ।

ਖੀਰਾਂ ਪੂੜੇ ਘਰ-ਘਰ ਦੇ ਵਿੱਚ ਪੱਕਦੇ ਸਨ,
ਦੁੱਧ ਉੱਬਲਦਾ ਹਾਰੇ ਤੀਆਂ ਸਾਉਣ ਦੀਆਂ।

ਉਹ ਮਸਤੀ ਦੇ ਦਿਨ ਕੁੜੀਆਂ ਨੂੰ ਲੱਗਦੇ ਸਨ,
ਬਿਲਕੁਲ ਤਖਤ ਹਜ਼ਾਰੇ ਤੀਆਂ ਸਾਉਣ ਦੀਆਂ।

ਲੈਣ ਤਰੌਜਾ ਆਈਂ ਵੇ ਪੰਜ ਭਾਦੋਂ ਨੂੰ,
ਹੁਣ ਨਾ ਕੋਈ ਪੁਕਾਰੇ ਤੀਆਂ ਸਾਉਣ ਦੀਆਂ।

ਢਿੱਲੋਂ ਸੱਭਿਆਚਾਰ ਸਿਮਟ ਗਿਆ ਟੀ.ਵੀ. ਵਿੱਚ,
ਭੁੱਲ ਗਏ ਨੇ ਸਾਰੇ ਤੀਆਂ ਸਾਉਣ ਦੀਆਂ।

Wednesday, 22 October 2014



ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ - ਸੁਰਜੀਤ ਸਿੰਘ ,ਘੋਲੀਆ

ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਬੇਕਸੂਰ ਪਿਤਾ ਗੁਰੂ ਅਰਜਨ ,ਜਾਲਮਾਂ ਤੱਤੀ ਤਵੀ ਬਿਠਾਏ ,
ਤਪਦੀ ਰੇਤ ਸੀਸ ਵਿਚ ਪਾਕੇ , ਜਾਲਮਾਂ ਕੀ ਕੀ ਕਹਿਰ ਕਮਾਏ ,
ਦੋ ਜਹਾਨ ਦੇ ਵਾਲੀ ਸਤਗੁਰੁ ਨਾ ਕਰਾਮਾਤਾਂ ਅਜ੍ਮਾਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਧੰਨ ਧੰਨ ਬਾਬਾ ਬੁਢਾ ਜੀ ਨੇ ਪੁੱਤਰ ਦੀ ਕੇਹੀ ਸੁਗਾਤ ਦਿੱਤੀ ,
ਮਹਾਂਬਲੀ ਯੋਧਾ ਬਹੁ ਭਾਰੀ ਮਾਤਾ ਗੰਗਾ ਜੀ ਨੂੰ ਦਾਤ ਦਿੱਤੀ ,
ਇੰਨ ਬਿੰਨ ਸਾਰੀਆਂ ਪੂਰਨ ਹੋਈਆਂ ਜੋ ਬਾਬਾ ਜੀ ਫ੍ਰ੍ਮਾਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਗੁਰੂ ਹਰਗੋਬਿੰਦ ਮੇਰੇ ਸਚੇ ਸਾਹਿਬਾਂ ਸੀ ਚੋਟ ਨਗਾਰੇ ਲਾਈ ,
ਘੋੜੇ ਤੇ ਹਥਿਆਰ ਦੇਓ ਭੇਟਾ ,ਮਾਇਆ ਦੀ ਲੋੜ ਨਾਂ ਕਾਈ ,
ਸਿਰਲਥ ਯੋਧੇ ਬਣੋ ਗੁਰੂ ਕੀਆਂ ਫੌਜਾਂ ਜੋ ਚਾਹੁੰਦੇ ਵਡਿਆਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਸ਼ਕਤੀ ਦੇ ਰਥ ਦੀ ਕਰਕੇ ਅਸਵਾਰੀ ,ਭਗਤੀ ਨੇ ਕੈਸੇ ਜੌਹਰ ਵਿਖਾਏ ,
ਗੰਢੇ ਵਾਂਗ ਸਿਰ ਫੇਹ ਦੁਸ਼ਮਨ ਦੇ ,ਐਸੇ ਜਾਲਮ ਨੂੰ ਸਬਕ ਸਿਖਾਏ ,
ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ , ਖੱਬੇ ਸੱਜੇ ਗੁਰਾਂ ਸਜਾਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਗਵਾਲੀਅਰ ਜੇਲ ਵਿਚ ਬੰਦ ਸਤਗੁਰੁ ,ਨਾ ਝੁਕੇ ਜਾਲਮ ਦੇ ਅੱਗੇ ,
ਬਵੰਜਾ ਰਾਜੇ ਕੈਦ ਸੀ ਓਥੇ ਜੋ ਲੜ ਸੀ ਗੁਰਾਂ ਦੇ ਲੱਗੇ ,
ਬੰਦੀ ਛੋੜ ਬਣੇ ਸਚੇ ਸਾਹਿਬ ,ਕੀਤੀਆਂ ਰਾਜਿਆਂ ਦੀਆਂ ਰਿਹਾਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਗੁਰਾਂ ਦੀ ਜਦੋਂ ਰਿਹਾਈ ਵਾਲੀ ,ਖਬਰ ਸ੍ਰੀ ਅਮ੍ਰਿਤਸਰ ਆਈ ,
ਖੁਸ਼ੀਆਂ ਖੇੜੇ ਹੋਏ ਚਾਰੇ ਪਾਸੇ ਹੋਈ ਖੁਸ਼ ਸੀ ਕੁੱਲ ਲੋਕਾਈ ,
ਹਰਿਮੰਦਰ ਸਾਹਬ ਦੇ ਵਿਚ ਦਿਵਾਲੀ ਹੋਈਆਂ ਜਗਮਗ ਰੁਸ਼ਨਾਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।
ਸ਼ਾਂਤੀ ਦੇ ਸੀ ਪੁੰਜ ਗੁਰੂ ਅਰਜਨ ਕੀਤੇ ਜਾਲਮਾਂ ਕੀ ਕੀ ਕਾਰੇ ,
ਲਿਖ ਨਹੀਂ ਹੁੰਦੇ ਮੇਰੇ ਕੋਲੋਂ ,ਮੇਰੀ ਕਲਮ ਵੀ ਅੱਜ ਧਾਹਾਂ ਮਾਰੇ ,
ਘੋਲੀਆ ਚੰਦੂ ਵਰਗੇ ਲੋਕਾਂ ਦੇ ਨੱਕ ਗੁਰਾਂ ਅੰਤ ਨਕੇਲਾਂ ਪਾਈਆਂ ਨੇ ।
ਸ਼ਕਤੀ ਤੇ ਭਗਤੀ ਮੇਰੇ ਸਾਹਿਬਾ ,ਤੂੰ ਇੱਕ ਕਰ ਵਿਖਾਈਆਂ ਨੇ ।

ਬੰਦੀ ਛੋੜ ਦਿਵਸ ਦੀਆਂ ਸਭ ਨੂੰ ਵਧਾਈਆਂ ਹੋਣ ,ਜੋ ਸਾਨੂੰ ਸਾਡੇ ਗੌਰਵਮਈ ਇਤਹਾਸ
ਦੀ ਯਾਦ ਕਰਵਾਉਂਦਾ ਹੈ ਤੇ ਆਤਮ ਚਿੰਤਨ ਕਰਨ ਲਈ ਪ੍ਰੇਰਦਾ ਹੈ । - ਸੁਰਜੀਤ ਸਿੰਘ ,ਘੋਲੀਆ

ਕਾਹਨੂੰ ਵੇ ਪਿਪਲਾ  -  ਨੰਦ ਲਾਲ ਨੂਰਪੁਰੀ 
Kahnu Ve Pipla - Nand Lal Nurpuri

ਕਾਹਨੂੰ ਵੇ ਪਿਪਲਾ ਖੜ ਖੜ ਲਾਈਆ
ਵੇਖ ਛਰਾਟੇ ਸੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਤੇਰੀਆਂ ਤੇ ਗੂੜ੍ਹੀਆਂ ਛਾਵਾਂ ਵੇ ਪਿਪਲਾ
ਮੈਂ ਛਾਵੇਂ ਚਰਖੀ ਡਾਹ ਲਈ
ਨਿੱਕੀਆਂ ਨਿੱਕੀਆਂ ਬੂੰਦਾਂ ਜੋ ਵਰ੍ਹੀਆਂ
ਨੈਣਾਂ ਨੇ ਛਹਬਰ ਲਾ ਲਈ
ਘਰ ਵਿਚ ਬੈਠੀ ਨੂੰ ਛੇੜਨੋਂ ਨਾ ਹਟਦੇ
ਵੈਰੀ ਹੁਲਾਰੇ ਪੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਉੱਚੇ ਤੇ ਟਿੱਲਿਓਂ ਜੋਗੀ ਜੋ ਆਇਆ
ਮਸਤੀ 'ਚ ਬੀਨ ਵਜਾ ਗਿਆ
ਚਰਖੀ ਬਿਸਰੀ ਪੂਣੀਆਂ ਉਡੀਆਂ
ਜਾਦੂ ਤੇ ਜਾਦੂ ਚਲਾ ਗਿਆ
ਹੋਣੀ ਨਨਾਣ ਨੂੰ ਪਲ ਪਲ ਸੁਝਦੇ
ਬੜੇ ਖਰੂਦ ਸਤੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਅੰਬਾਂ ਦੇ ਹੋਕੇ ਗਲੀਆਂ 'ਚ ਮਿਲਦੇ
ਬਾਗ਼ੀਂ ਕੋਇਲਾਂ ਬੋਲੀਆਂ
ਨਵੀਆਂ ਵਿਆਹੀਆਂ ਭਿੱਜੀਆਂ ਭਿੱਜੀਆਂ
ਨਿਕਲੀਆਂ ਬੰਨ੍ਹ ਬੰਨ੍ਹ ਟੋਲੀਆਂ
ਇਕਨਾਂ ਨੂੰ ਚਾ ਵਿਚ ਗਿੱਧੇ 'ਚ ਨੱਚੀਏ
ਇਕਨਾਂ ਨੂੰ ਪੀਘਾਂ ਚੜ੍ਹੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਨਾ ਮੈਂ ਡਿਠੀਆਂ ਮਸਤ ਸ਼ਰਾਬਾਂ
ਭਰ ਗਏ ਨੈਣ ਸ਼ਬਾਬ ਦੇ
ਆਪੇ ਬੁਲ੍ਹਾਂ ਦਾ ਰੰਗ ਨਿਖਰਿਆ
ਬਣ ਗਏ ਫੁਲ ਗੁਲਾਬ ਦੇ
'ਨੂਰਪੁਰੀ' ਕੋਈ ਗੀਤ ਤੇ ਦਸ ਜਾ
ਸਜਣਾਂ ਨੂੰ ਮੋੜ ਲਿਔਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

Tuesday, 21 October 2014


ਜਦੋਂ ਮੈਂ ਹਾਲੇ ਜਵਾਕ ਸੀ - ਜਰਨੈਲ ਘੋਲੀਆ 
Jadon Main Haale Jawak Si - Jarnail Gholia

ਕੁੜੀਆਂ ਮੁੰਡੇ ਜਦੋਂ ਇਕੱਠੇ ਖੇਡਦੇ ਹੁੰਦੇ ਸੀ ।
ਮੈਂ ਤੇ ਗੁੱਡੀ ਅਕਸਰ ਸਾਥੀ ਨੇੜਦੇ ਹੁੰਦੇ ਸੀ ।
ਢਿਲਕੀ ਜਿਹੀ ਨੀਕਰ ਉਹਦੇ ਹੁੰਦੀ ਫਰਾਕ ਸੀ ।
ਇਹ ਓਦੋਂ ਦੀ ਐ ਗੱਲ ਜਦੋਂ ਮੈਂ ਅਜੇ ਜਵਾਕ ਸੀ ।।

ਮਾਂਊ ਕੋਲੋਂ ਜਦ ਮੈਨੂੰ ਬੜਾ ਹੀ ਡਰ ਲੱਗਦਾ ਸੀ ।
ਧਰਮਸ਼ਾਲਾ ਖੂਹ ਵਾਲੀ ਆਪਣਾ ਹੀ ਘਰ ਲਗਦਾ ਸੀ ।
ਬੰਟਿਆਂ ਦੇ ਨਾਲ ਖੇਡਦੇ ਜਿੱਥੇ ਪਿੱਲ-ਚਟਾਕ ਸੀ ।
ਇਹ ਓਦੋਂ ਦੀ ਐ ਗੱਲ ਜਦੋਂ ਮੈਂ ਅਜੇ ਜਵਾਕ ਸੀ ।।

ਪੀਂ ਹੁੰਦੀ ਸੀ ਮੇਰੇ ਲਈ ਹਰ ਮੋਟਰ ਕਾਰ ਜਦੋਂ ।
ਛੱਪੜ ਤੇ ਵੀ ਨਹਾ ਆਉਦੇ ਸੀ ਕਈ ਕਈ ਵਾਰ ਜਦੋਂ ।
ਘਰੇ ਪਤਾ ਨਾ ਲੱਗੇ ਬਣਦੇ ਬੜੇ ਚਲਾਕ ਸੀ ।
ਇਹ ਓਦੋਂ ਦੀ ਐ ਗੱਲ ਜਦੋਂ ਮੈਂ ਅਜੇ ਜਵਾਕ ਸੀ ।।

ਰੋਜ਼ ਪਤੰਗਾਂ ਲੈ ਆਉਦੇ ਸੀ ਨਵੀਆਂ ਚਮਕਦੀਆਂ ।
ਝੱਗੇ ਨਾਲ ਹੀ ਪੂੰਝ ਲੈਦੇ ਸੀ ਨਲੀਆਂ ਲਮਕਦੀਆਂ ।
ਟਾਇਰ ਸਾਈਕਲ ਦਾ ਡੰਡੇ ਨਾਲ ਬਣਾਉਦੇ ਡਾਕ ਸੀ ।
ਇਹ ਓਦੋਂ ਦੀ ਐ ਗੱਲ ਜਦੋਂ ਮੈਂ ਅਜੇ ਜਵਾਕ ਸੀ ।।

ਧੇਲੀ ਦੀ ਲੈ ਕੇ ਚੀਜ ਸੀ ਰੂੰਘਾ ਮੰਗਦੇ ਹੱਟੀ ਤੋ ।
ਦਾਣੇ ਭੰਨਵਾਉਣ ਵੀ ਜਾਦੇ ਸਾਂ ਮਹਿਰਿਆਂ ਦੀ ਭੱਠੀ ਤੋਂ ।
ਕੁੱਟ ਖਾ ਕੇ ਦੁੱਧ ਪੀਣਾ ਨਿੱਤ ਦੀ ਮੇਰੀ ਖੁਰਾਕ ਸੀ ।
ਇਹ ਓਦੋਂ ਦੀ ਐ ਗੱਲ ਜਦੋਂ ਮੈਂ ਅਜੇ ਜਵਾਕ ਸੀ ।।

ਮੱਕੀ ਦੀ ਰੋਟੀ ਤੇ ਅੰਬ ਦਾ ਆਚਾਰ ਘਸਾ ਲੈਦਾ ।
ਪੋਪਲਾ ਜਿਹਾ ਬਣਾ ਕੇ ਭੱਜਿਆ ਜਾਂਦਾ ਈ ਖਾ ਲੈਦਾ ।
ਘੋਲੀਏ ਦਾ ਜਰਨੈਲ ਨਾ ਸੁਣਦਾ ਮਾਂ ਦੀ ਹਾਕ ਸੀ ।
ਇਹ ਓਦੋਂ ਦੀ ਐ ਗੱਲ ਜਦੋਂ ਮੈਂ ਹਾਲੇ ਜਵਾਕ ਸੀ ।।

Monday, 20 October 2014

ਗ਼ਜ਼ਲ - ਲਿਆਕਤ ਗੱਡਗੋਰ 
Ghazal - Liakat Gadgor

ਉਹਦਾ ਹੁਸਨ, ਜਮਾਲ, ਕੀ ਦੱਸਾਂ
ਰੱਬ ਦੈ ਖ਼ਾਸ ਕਮਾਲ, ਕੀ ਦੱਸਾਂ

ਵੱਖਰਾ ਨਖ਼ਰਾ ਦੁਨਿਆ ਨਾਲੋਂ
ਜੱਗ ਤੋਂ ਵੱਖਰੀ ਚਾਲ, ਕੀ ਦੱਸਾਂ

ਤੀਰ ਨਜਰ ਦਾ ਡਾਹਡਾ,ਕਾਰੀ
ਸੱਪਾਂ ਵਾਂਗੂੰ ਵਾਲ਼, ਕੀ ਦੱਸਾਂ

ਕੀ ਦੱਸਾਂ ਮੈਂ ਉਹਦਾ ਨਕਸ਼ਾ
ਦੱਸਣ ਬਹੁਤ ਮੁਹਾਲ, ਕੀ ਦੱਸਾਂ

ਉਹਦੇ ਵਰਗਾ ਦਿੱਸਿਆ ਕੋਈ ਨਹੀਂ
ਉਹਦੀ ਹੋਰ ਮਿਸਾਲ ਕੀ ਦੱਸਾਂ

ਬਾਝ ਵਸਲ ਦੇ ਕੀ ਪੁੱਛਦੇ ਓ
ਕੋਈ ਨਹੀਂ ਹੋਰ ਸਵਾਲ ਕੀ ਦੱਸਾਂ

ਗ਼ਜ਼ਲ - ਅਲੀ ਬਾਬਰ

ਮੈਂ ਨਫ਼ਰਤ ਨੂੰ ਜ਼ਮਾਨੇ ਤੋਂ ਮੁਕਾਣਾ ਏ ਤੇ ਜਾਣਾ ਏ।
ਮੁਹੱਬਤ ਦੇ ਗੁਰਾਂ ਨੂੰ ਆਜ਼ਮਾਣਾ ਏ ਤੇ ਜਾਣਾ ਏ।

ਮਰਨ ਤੋਂ ਬਾਦ ਜੰਨਤ ਦੀ ਤਲਬ ਹਰਗਿਜ਼ ਨਹੀਂ ਮੈਨੂੰ।
ਮੈਂ ਇਸ ਧਰਤੀ ਨੂੰ ਹੀ ਜੰਨਤ ਬਨਾਣਾ ਏ ਤੇ ਜਾਣਾ ਏ।

ਇਹ ਜਿਹੜੇ ਜਬਰ ਸਹਿੰਦੇ ਨੇਂ ਅਤੇ ਚੁੱਪ ਚਾਪ ਰਹਿੰਦੇ ਨੇਂ।
ਉਨ੍ਹਾਂ ਦੀ ਸੋਚ ਵਿਚ ਦੀਵਾ ਜਗਾਣਾ ਏ ਤੇ ਜਾਣਾ ਏ।

ਮੈਂ ਹੁਣ ਦੁੱਖਾਂ ਤੇ ਭੁੱਖਾਂ ਦੀ ਹਯਾਤੀ ਹੋਰ ਨਹੀਂ ਜੀਨੀ।
ਜਦੋਂ ਦੁਨੀਆ ਦੇ ਮਜ਼ਲੂਮਾਂ ਚ ਬਾਬਰ ਏਕਤਾ ਆਣੀ।

ਤੇ ਫ਼ਿਰ ਜ਼ਾਲਮ ਨੇ ਅਪਣਾ ਸਿਰ ਲੁਕਾਣਾ ਏ ਤੇ ਜਾਣਾ ਏ।
ਮੈਂ ਇਸ ਧਰਤੀ ਨੂੰ ਹੀ ਜੰਨਤ ਬਨਾਣਾ ਏ ਤੇ ਜਾਣਾ ਏ।
ਕੰਙਣ ਪੁਰ, ਪੰਜਾਬ, ਪਾਕਿਸਤਾਨ

Saturday, 18 October 2014


ਦਿਲਜਾਨੀ - ਜਗਤਾਰ ਸਿੰਘ ਭਾਈ ਰੂਪਾ 
Diljani - Jagtar Singh Bhairupar

ਖ਼ੁਦਾ ਦਾ ਵਾਸਤੈ ਅੰਮ੍ਰਿਤ ‘ਚ ਬਿਖ ਨਾ ਘੋਲ ਦਿਲਜਾਨੀ।
ਤੂੰ ਪਹਿਲਾਂ ਵਾਂਗਰਾਂ ਹੀ ਬੋਲ ਮਿੱਠੇ ਬੋਲ ਦਿਲਜਾਨੀ।

ਇਹ ਗਲੀਆਂ ਰਾਸਤੇ ਪਗਡੰਡੀਆਂ ਵਿਛੜੇ ਨਹੀਂ ਰਹਿਣੇ
ਕਿਤੇ ਤਾਂ ਮਿਲ ਹੀ ਜਾਵਣਗੇ ਹੈ ਦੁਨੀਆ ਗੋਲ ਦਿਲਜਾਨੀ।

ਕਿਸੇ ਉਸਤਾਦ ਕਾਮਿਲ ਦੀ ਕਰੇਂ ਸੁਹਬਤ ਅਗਰ ਕੁੱਝ ਦਿਨ
ਤਿਰੇ ਅਸ਼ਿਆਰ ਮਹਿਫ਼ਿਲ ਵਿੱਚ ਨਾ ਖਾਵਣ ਝੋਲ ਦਿਲਜਾਨੀ।

ਨਿਭਾ ਸਕਦਾ ਨਹੀਂ ਜੇਕਰ ਵਫ਼ਾ ਦਾ ਅਹਿਦ ਨਾ ਬੰਨ੍ਹੀ
ਖ਼ਰਾ ਹੁੰਦਾ ਨਾ ਅੱਧ-ਵਿਚਕਾਰ ਜਾਣਾ ਡੋਲ ਦਿਲਜਾਨੀ।

ਕਿਸੇ ਦੀ ਯਾਦ ਵਿੱਚ ਹੰਝੂ ਵਹਾਉਣਾ ਠੀਕ ਨਈਂ ਹੁੰਦਾ
ਤੂੰ ਇਹ ਮੋਤੀ ਇਵੇਂ ਮਿੱਟੀ ਦੇ ਵਿੱਚ ਨਾ ਰੋਲ਼ ਦਿਲਜਾਨੀ।

ਵਫ਼ਾ ਦੇ ਵਣਜ ਵਿੱਚ ਤਾਂ ਹਰ ਸਮੇਂ ਘਾਟਾ ਹੀ ਘਾਟਾ ਹੈ
ਨਾ ਵਾਜਬ ਮੁੱਲ ਮਿਲਦਾ ਹੈ ਨਾ ਪੂਰਾ ਤੋਲ ਦਿਲਜਾਨੀ।

ਤੇਰੇ ਮੁੜ ਆਉਣ ਦੀ ਆਸ਼ਾ ਵੀ ਹੁਣ ਦਮ ਤੋੜ ਚੱਲੀ ਏ
ਜੁਦਾਈ ਵਿੱਚ ਗੁਜ਼ਰ ਚੱਲਿਐ ਸਮਾ ਅਨਮੋਲ ਦਿਲਜਾਨੀ।

ਕਹੀਂ ਨਾ ਕਤਲ ਨੂੰ ਭੁੱਲਕੇ ਕਤਲ ਇਸ ਸ਼ਹਿਰ ਵਿੱਚ ਗ਼ਾਫ਼ਿਲ
ਨਹੀਂ ਤਾਂ ਕਤਲ ਹੋਵੇਂਗਾ ਮੇਰੇ ਅਣਭੋਲ ਦਿਲਜਾਨੀ।

ਯਾਰ - ਗੁਰਪਰੀਤ ਮਠਾੜੂ
Yaar - Gurpreet Matharu

ਜੱਗ  ਤੇ ਭਾਵੇਂ ਯਾਰ  ਬੜੇ  ਨੇ,
ਮਤਲਬਖੋਰ  ਗੱਦਾਰ ਬੜੇ ਨੇ।

ਸਾਂਝ ਦਿਲਾਂ ਦੀ ਵਿਰਲੇ  ਪਾਵਣ,
ਉਪਰਲੇ  ਸਰੋਕਾਰ  ਬੜੇ ਨੇ।
ਜੀਵਨ  ਜਾਚ ਸਿਖਾ ਦਿੱਤੀ ਹੈ,
ਦੁਸ਼ਮਣ  ਦੇ ਉਪਕਾਰ ਬੜੇ ਨੇ।
ਇਸ਼ਕ ਹਕੀਕੀ ਵਿਰਲੇ ਕਰਦੇ,
ਵੈਸੇ ਤਾਂ ਦਿਲਦਾਰ  ਬੜੇ ਨੇ।
ਆਸ਼ਿਕ ਕੋਈ ਬਚ ਨੀ ਸਕਿਆ,
ਹੁਸਨ  ਕੋਲ ਹਥਿਆਰ ਬੜੇ ਨੇ।
ਲੋਟੂ ਲੀਡਰ  ਦੁਖੀ  ਹੈ  ਜਨਤਾ,
ਦੁੱਖੜਿਆਂ ਦੇ  ਅੰਬਾਰ ਬੜੇ ਨੇ।
ਹੱਟੀਆਂ ਤੇ ਰੱਬ ਵੇਚਣ  ਵਾਲੇ,
ਧਰਮ ਦੇ  ਠੇਕੇਦਾਰ  ਬੜੇ  ਨੇ।
ਚੋਰਾਂ  ਨਾਲ  ਹੈ  ਭਾਈਬੰਦੀ,
ਇਹੋ ਜਹੇ ਥਾਣੇਦਾਰ ਬੜੇ ਨੇ।
ਲ਼ੱਗੀਆਂ ਨਾਲ ਨਿਭਾਉਂਦੇ ਥੋੜਹੇ,
ਡੋਬਣ ਲਈ ਇਤਬਾਰ ਬੜੇ ਨੇ।
ਮੂੰਹ ਤੇ  ਮਿੱਠੇ, ਅੰਦਰੋਂ ਖੋਟੇ,
'ਪਰੀਤ' ਦੇ ਐਸੇ ਯਾਰ ਬੜੇ ਨੇ।


ਝੂਠੇ ਲਾਰੇ - ਲਿਆਕਤ ਗੱਡਗੋਰ
Jhoothe Laare - Liakat Gadgor

ਝੂਠੇ ਲਾਰੇ ਵੇਖੇ ਨੇਂ ਮੈਂ
ਕੂੜੇ ਕਾਰੇ ਵੇਖੇ ਨੇਂ ਮੈਂ

ਯਾਰਾਂ ਪਿੱਛੇ ਮਰਦੇ ਸੀ ਜੋ
ਯਾਰਾਂ ਮਾਰੇ, ਵੇਖੇ ਨੇਂ ਮੈਂ

ਲਾਲਾਂ ਵਰਗੇ ਮੰਗਦੇ ਫਿਰਦੇ
ਬਾਲ ਵਿਚਾਰੇ ਵੇਖੇ ਨੇਂ ਮੈਂ

ਜੁਬਬਿਆਂ ਤੇ ਦਸਤਾਰਾਂ ਵਾਲੇ
ਜ਼ਰ ਤੇ ਹਾਰੇ ਵੇਖੇ ਨੇਂ ਮੈਂ

ਕੋਈ ਦਰਦੀ ਨਜ਼ਰ ਨਹੀਂ ਆਇਆ
ਪਾਸੇ ਚਾਰੇ ਵੇਖੇ ਨੇਂ ਮੈਂ

ਮੁੱਲਾਂ ਜੀ ਵੀ ਦੋ ਘੁੱਟ ਲਾ ਕੇ
ਲੈਣ ਹੁਲਾਰੇ, ਵੇਖੇ ਨੇਂ ਮੈਂ


ਝੂਠਾ ਮਾਣ - ਸੁਰਜੀਤ ਸਿੰਘ ਗਿੱਲ ਘੋਲੀਆ
Jhootha Maan - Surjit Singh Gill Gholia

ਐਂਵੇਂ ਮਾਣ ਨਾਂ ਝੂਠਾ ਕਰਿਆ ਕਰ।
ਥੋੜਾ ਰੱਬ ਤੋਂ ਸੱਜਣਾ ਡਰਿਆ ਕਰ।
ਓਹ ਜਦੋਂ ਅਰਸ਼ੋਂ ਫਰਸ਼ ਪਟਕਦਾ ਹੈ ,
ਓਹ ਵੇਲਾ ਵੀ ਚੇਤੇ ਰੱਖਿਆ ਕਰ ।
ਆਓ ਨੀ ਯਾਦੋ ਦਿਲ ਦੇ ਵੇਹੜੇ - ਸੁਰਜੀਤ ਸਿੰਘ ਗਿੱਲ
Yadaan - Surjit Singh Gill Gholia

ਮੇਰੇ ਸੋਹਣੇ ਜੇ ਪਿੰਡ ਦੀਆਂ ਸੋਹਣੀਆਂ ਸੋਹਣੀਆਂ ਗਲ੍ਹੀਆਂ,
ਜਿਨਾਂ ਮੇਰੀ ਰੂਹ ਦੀਆਂ ਦਹਿਲੀਜਾਂ ਸਦਾ ਲਈ ਮੱਲੀਆਂ ।

ਮੇਰੇ ਮਨ ਤੇ ਮਣਾਂ ਮੂੰਹੀਂ ਅਹਿਸਾਨ ਹੈ ਇਸ ਮਿੱਟੀ ਦਾ ,
ਲਖਾਂ ਇਸਦੀਆਂ ਯਾਦਾਂ ਕੁਝ ਭੋਲੀਆਂ ਤੇ ਝੱਲ ਬਲੱਲੀਆਂ।

ਪੂਰਬ ਤੋਂ ਆਉਂਦੀ ਹਵਾ ਜੋ ਮੇਰੇ ਹ਼ੀ ਪਿੰਡ ਤੋਂ ਆਵੇ ,
ਇਹ ਯਾਦਾਂ ਵਿਚ ਸੰਧਾਰੇ ਮੇਰੀ ਮਿੱਟੀ ਮੇਰੇ ਵੱਲ ਘੱਲੀਆਂ ।

ਆਓ ਨੀ ਯਾਦੋ ਸਦਾ ਜੀ ਆਇਆਂ ਨੂੰ ਦਿਲ ਦੇ ਵੇਹੜੇ ,
ਸੂਰਜ ਅਸਤ ਹੋਣ ਦੇ ਨੇੜੇ ਸਮਝੋ ਸ਼ਾਮਾਂ ਪੈ ਚੱਲੀਆਂ ॥