ਯਾਰ - ਗੁਰਪਰੀਤ ਮਠਾੜੂ
Yaar - Gurpreet Matharu
ਜੱਗ ਤੇ ਭਾਵੇਂ ਯਾਰ ਬੜੇ ਨੇ,
ਮਤਲਬਖੋਰ ਗੱਦਾਰ ਬੜੇ ਨੇ।
ਸਾਂਝ ਦਿਲਾਂ ਦੀ ਵਿਰਲੇ ਪਾਵਣ,
ਉਪਰਲੇ ਸਰੋਕਾਰ ਬੜੇ ਨੇ।
ਜੀਵਨ ਜਾਚ ਸਿਖਾ ਦਿੱਤੀ ਹੈ,
ਦੁਸ਼ਮਣ ਦੇ ਉਪਕਾਰ ਬੜੇ ਨੇ।
ਇਸ਼ਕ ਹਕੀਕੀ ਵਿਰਲੇ ਕਰਦੇ,
ਵੈਸੇ ਤਾਂ ਦਿਲਦਾਰ ਬੜੇ ਨੇ।
ਆਸ਼ਿਕ ਕੋਈ ਬਚ ਨੀ ਸਕਿਆ,
ਹੁਸਨ ਕੋਲ ਹਥਿਆਰ ਬੜੇ ਨੇ।
ਲੋਟੂ ਲੀਡਰ ਦੁਖੀ ਹੈ ਜਨਤਾ,
ਦੁੱਖੜਿਆਂ ਦੇ ਅੰਬਾਰ ਬੜੇ ਨੇ।
ਹੱਟੀਆਂ ਤੇ ਰੱਬ ਵੇਚਣ ਵਾਲੇ,
ਧਰਮ ਦੇ ਠੇਕੇਦਾਰ ਬੜੇ ਨੇ।
ਚੋਰਾਂ ਨਾਲ ਹੈ ਭਾਈਬੰਦੀ,
ਇਹੋ ਜਹੇ ਥਾਣੇਦਾਰ ਬੜੇ ਨੇ।
ਲ਼ੱਗੀਆਂ ਨਾਲ ਨਿਭਾਉਂਦੇ ਥੋੜਹੇ,
ਡੋਬਣ ਲਈ ਇਤਬਾਰ ਬੜੇ ਨੇ।
ਮੂੰਹ ਤੇ ਮਿੱਠੇ, ਅੰਦਰੋਂ ਖੋਟੇ,
'ਪਰੀਤ' ਦੇ ਐਸੇ ਯਾਰ ਬੜੇ ਨੇ।
No comments:
Post a Comment