Thursday, 28 February 2013

ਪਿਆਰ - ਕੁਲਦੀਪ ਸਿੰਘ ਨੀਲਮ 


ਇਕ ਖੂਬਸੂਰਤ ਇਹਸਾਸ ਹੈ
ਦਿਲਾਂ ਦੀ ਅਪੂਰਬ ਪਿਆਸ ਹੈ
ਪਿਆਰ
ਦੋ ਰੂਹਾਂ ਦਾ ਇਕ ਮੁੱਜਸਿਮਾਂ ਹੈ
ਰੱਬ ਦੀ ਮਹਿਰ ਦਾ ਕਰਸ਼ਮਾਂ ਹੈ
ਪਿਆਰ
ਰੱਬ ਦੀ ਇਬਾਦਤ ਹੈ
ਇੰਕ ਦੀ ਜੱਨਤ ਹੈ
ਪਿਆਰ
ਹਦਾਂ, ਧਰਮਾਂ,ਤੇ ਜਾਤਾਂ ਤੋਂ ਅਡਾਦ ਹੈ
ਪਿਆਰ ਇਕ ਨਸ਼ਾ ਤੇ ਅਨੋਖਾ ਸਵਾਦ ਹੈ
ਪਿਆਰ
ਤੇ ਕਿਸੇ ਦੀ ਮਿਹਰਬਾਨੀ ਨਹੀਂ
ਪਿਆਰ ਦਾ ਕੋਈ ਸਾਨੀ ਨਹੀਂ!
ਪਿਆਰ
ਝਰਣੇ ਵਾਂਗ ਫੁੱਟਦਾ ਤੇ ਝਰਦਾ ਏ
ਜਿਵੇਂ ਮੇਘੁਲਾ ਸਾਵਨ ਚ’ ਵਰਧਾ ਏ
ਪਿਆਰ
ਚਾਹੇ ਤਾਂ ਬੰਦੇ ਨੂੰ ਖੁਦਾ ਕਰ ਦੇ
ਰਾਣੇ ਤੋਂ ਰੰਕ ਯਾ ੰਹਨੰਾਹ ਕਰ ਦੇ
ਪਿਆਰ
“ਪਿਆਰ ਵੋ ਅਤਿਸ਼ ਹੈ ਗਾਲਿਬ
ਕਿ ਲਗਾਏ ਨ ਲਗੇ ਔਰ ਬੁਝਾਏ ਨ ਬਣੇ”
ਪਿਆਰ
ਤਿਯਾਗ, ਭਰੋਸਾ ਤੇ ਕੁਰਬਾਨੀ ਦੀ ਬੇ-ਮਿਸਾਲ ਹੈ
ਪਿਆਰ ਰੋਸਨੀ ਦੀ ਇਕ ਜਲਦੀ ਮਿੰਲ ਹੈ
ਪਿਆਰ
ਪਿਆਰ ਤੇ ਸੱਚ ਦਾ ਕਰੀਬੀ ਰਿਸ਼ਤਾ ਹੈ
ਪਿਆਰ ਪਵਿਤਰ ਹੈ ਜਿਵੇਂ ਮਾਂ ਦੀ ਮੱਮਤਾ ਹੈ
ਪਿਆਰ
ਪਿਆਰ ਸਰਬੱਤ ਦੇ ਭਲੇ ਦਾ ਨਾਮ ਹੈ
ਪਿਆਰ ਹੀ ਅਲਾਹ ਪਿਆਰ ਹੀ ਰਾਮ ਹੈ
ਪਿਆਰ
ਹੀ ਰੱਬ ਤੇ ਰੱਬ ਦਾ ਦੁਜਾ ਰੂਪ ਹੈ
ਸੱਚ ਦਾ ਸਾਰ ਤੇ ਨਿਰਗੁਣ ਸਰੂਪ ਹੈ
ਪਿਆਰ –
*“ਸਾਚ ਕਹੌਂ ਸੁਣ ਲਿਹੋ ਸਭੇ ਜਨ
ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ”

*ਦਸਵੇਂ ਪਾਤਸ਼ਾਹ
ਪਿਆਰ ਗੁਰਬਾਨੀ ਦਾ ਪੈਗਾਮ ਤੇ ਨਿਰਗੁਨ ਸਰੂਪ ਹੈ


ਅੱਖਰਾਂ ਵਿੱਚ ਸਮੁੰਦਰ ਰੱਖਾਂ - ਬਾਬਾ ਨਜ਼ਮੀ


ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।

ਧੂੜਾਂ ਨਾਲ ਕਦੇ ਨਈਂ ਮਰਨਾ ਸ਼ੀਸ਼ੇ ਦੇ ਲਿਸ਼ਕਾਰੇ ਨੇ,
ਜਿੰਨੀ ਮਰਜ਼ੀ ਤਿੱਖੀ ਬੋਲੇ, ਉਰਦੂ ਬਾਲ ਪੰਜਾਬੀ ਦਾ।

ਲੋਕੀਂ ਮੰਗ ਮੰਗਾ ਕੇ ਆਪਣਾ ਬੋਹਲ ਬਣਾ ਕੇ ਬਹਿ ਗਏ ਨੇ,
ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ।

ਜਿਹੜੇ ਆਖਣ ਵਿੱਚ ਪੰਜਾਬੀ ਵੁਹਸਤ ਨਹੀਂ, ਤਹਿਜ਼ੀਬ ਨਹੀਂ,
ਪੜ੍ਹ ਕੇ ਵੇਖਣ 'ਵਾਰਸ', 'ਬੁਲ੍ਹਾ', 'ਬਾਹੂ', 'ਲਾਲ' ਪੰਜਾਬੀ ਦਾ।

ਤਨ ਦਾ ਮਾਸ ਖਵਾ ਦੇਂਦਾ ਏ ਜਿਹੜਾ ਇਸ ਨੂੰ ਪਿਆਰ ਕਰੇ,
ਕੋੲ ਵੀ ਜਬਰੀ ਕਰ ਨਈਂ ਸਕਦਾ ਵਿੰਗਾ ਵਾਲ ਪੰਜਾਬੀ ਦਾ।

ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕੰਮੀਂ ਜਿੰਨੀ ਵੇਖ ਰਿਹਾਂ,
ਦੇਸ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ।

ਗਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤੱਕ ਲਹਿਣਾ ਨਹੀਂ,
ਓਨਾ ਚਿਰ ਤੇ ਹੋ ਨਈਂ ਸਕਦਾ, ਹੱਕ ਬਹਾਲ ਪੰਜਾਬੀ ਦਾ।

ਹੱਥ ਹਜ਼ਾਰਾਂ ਵਧ ਕੇ 'ਬਾਬਾ' ਘੁੱਟ ਦੇਂਦੇ ਨੇ ਮੇਰਾ ਮੂੰਹ,
ਪਰ੍ਹਿਆ ਦੇ ਵਿੱਚ ਜਦ ਵੀ ਚੁੱਕਣਾ ਕੋਈ ਸਵਾਲ ਪੰਜਾਬੀ ਦਾ।

Saturday, 23 February 2013


ਹਿੱਕ ਦੇ ਜ਼ੋਰ ‘ਤੇ ਗਾਉਣ ਵਾਲੇ ਗਾਇਕ - -ਬਲਬੀਰ ਸਿੰਘ ਦਿਲਦਾਰ
Karamjit Dhuri
ਜਦੋਂ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਦੇ ਰਿਕਾਰਡ ਹੋਏ ਪੰਜਾਬੀ ਗੀਤ ਸੁਣੇ ਜਾਣ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਦੇ ਗਾਇਕ ਹਿੱਕ ਦੇ ਜ਼ੋਰ ਨਾਲ ਗਾਇਆ ਕਰਦੇ ਸਨ। ਲੰਮੀ ਤੇ ਸੁਰੀਲੀ ਹੇਕ ਕਲਾਕਾਰ ਨੂੰ ਗੀਤ ਨਾਲੋਂ ਵੱਖਰੇ ਨੰਬਰ ਦੇਣ ਦਾ ਹੱਕਦਾਰ ਬਣਾਉਂਦੀ ਸੀ। ਕੁਝ ਪੰਜਾਬੀ ਗਾਇਕਾਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਪੁਰਾਣੇ ਸਮੇਂ ਵਿੱਚ ਲੰਮੀਆਂ ਹੇਕਾਂ ਲਾ ਕੇ ਆਪਣੇ ਗੀਤ ਰਿਕਾਰਡ ਕਰਵਾਏ। ਜ਼ਿਲ੍ਹਾ ਸੰਗਰੂਰ ਦੇ ਧੂਰੀ ਸ਼ਹਿਰ ਵਿੱਚ ਵਸਦੇ ਉਸਤਾਦ ਗਾਇਕ ਕਰਮਜੀਤ ਸਿੰਘ ਧੂਰੀ ਨੂੰ ਕੌਣ ਨਹੀਂ ਜਾਣਦਾ। ਆਪਣੇ ਸਮੇਂ ਦਾ ਉੱਚਕੋਟੀ ਦਾ ਇਹ ਗਾਇਕ ਲੰਮੀਆਂ ਹੇਕਾਂ ਲਾ ਕੇ ਗੀਤ ਰਿਕਾਰਡ ਕਰਵਾਉਂਦਾ ਰਿਹਾ ਹੈ। ਹੋਰ ਗੀਤਾਂ ਤੋਂ ਇਲਾਵਾ ਪ੍ਰਸਿੱਧ ਗੀਤ ‘ਮਿੱਤਰਾਂ ਦੀ ਲੂਣ ਦੀ ਡਲੀ’ ਨੂੰ ਕਰਮਜੀਤ ਧੂਰੀ ਨੇ ਅਨੋਖੀਆਂ ਅਤੇ ਸੁਰੀਲੀਆਂ ਹੇਕਾਂ ਨਾਲ ਵਿਸ਼ਵ ਪ੍ਰਸਿੱਧ ਬਣਾ ਦਿੱਤਾ। ਮੁਹੰਮਦ ਸਦੀਕ ਨੂੰ ਭਾਵੇਂ ਦੋ-ਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਸਦੀਕ ਨੇ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਕਰਵਾਏ ਹਨ। ਜੇ ਸਦੀਕ ਦੀ ਹੇਕ ਦਾ ਕਮਾਲ ਵੇਖਣਾ ਹੋਵੇ ਤਾਂ ਉਸ ਦਾ ਰਿਕਾਰਡ ਗੀਤ, ਜਿਸ ਨੂੰ ਦੀਦਾਰ ਸੰਧੂ ਨੇ ਲਿਖਿਆ ਸੀ, ‘ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ-ਗਲੀ’ ਨੂੰ ਸੁਣ ਕੇ ਵੇਖੋ।
Narinder Biba
ਮਰਹੂਮ ਗਾਇਕਾ ਨਰਿੰਦਰ ਬੀਬਾ ਨੂੰ ਜੇ ਲੰਮੀ ਹੇਕ ਦੀ ਮਲਿਕਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੀਬਾ ਦੇ ਅਨੇਕਾਂ ਗੀਤ ਲੰਮੀਆਂ ਹੇਕਾਂ ਨਾਲ ਰਿਕਾਰਡ ਹੋਏ। ਬੀਬਾ ਦਾ ਇੱਕ ਧਾਰਮਿਕ ਮੀਤ ‘ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ’ ਦੀ ਸ਼ੁਰੂਆਤੀ ਹੇਕ ਸੁਣ ਹੀ ਡੌਲੇ ਫਰਕਣ ਲੱਗ ਪੈਂਦੇ, ਕਿਉਂਕਿ ਗੀਤ ਮੈਦਾਨੇ ਜੰਗ ਵਿੱਚ ਜੂਝਣ ਲਈ ਪ੍ਰੇਰਦਾ ਹੈ। ਚਾਂਦੀ ਰਾਮ ਚਾਂਦੀ (ਮਰਹੂਮ) ਨੇ ਬਹੁਤ ਸਾਰੇ ਧਾਰਮਿਕ ਅਤੇ ਡਿਊਟ ਗੀਤਾਂ ਵਿੱਚੋਂ ਹੇਕਾਂ ਦੀ ਸਰਦਾਰੀ ਨੂੰ ਬਰਕਰਾਰ ਰੱਖਿਆ ਹੈ। ਪੱਥਰ ਦੇ ਤਵੇ ‘ਤੇ ਰਿਕਾਰਡ ਹੋਇਆ ਅਤੇ ਮਰਹੂਮ ਇੰਦਰਜੀਤ ਹਸਨਪੁਰੀ ਦਾ ਲਿਖਿਆ ਗੀਤ ‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ’ ਵਿੱਚ ਚਾਂਦੀ ਨੇ ਸ਼ੁਰੂਆਤੀ ਹੇਕ ਲਾਈ ਹੈ। ਸ਼ਾਂਤੀ ਦੇਵੀ ਨਾਲ ਰਿਕਾਰਡ ਹੋਇਆ ਇਹ ਗੀਤ, ਲੋਕ ਗੀਤਾਂ ਵਰਗਾ ਰੁਤਬਾ ਰੱਖਦਾ ਹੈ।
       ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਸਾਦੀ ਬਖਸ਼ੀ ਵੱਲੋਂ ਗਾਇਆ ਗੀਤ ‘ਦਾਤੀ ਨੂੰ ਲਵਾਦੇ ਘੁੰਗਰੂ, ਤੇਰੇ ਨਾਲ ਵੱਢੂੰਗੀ ਹਾੜ੍ਹੀ’ ਵਿੱਚ ਵੀ ਗਾਇਕ ਨੇ ਸ਼ੁਰੂਆਤੀ ਹੇਕ ਲਾਈ ਹੈ। ਹੇਕ ਤੋਂ ਬਾਅਦ ਬੀਬਾ ਜੱਸੀ ਫਲੋਰਾ ਦੀ ਆਵਾਜ਼ ਵਿੱਚ ਡਿਊਟ ਗੀਤ ਅੱਗੇ ਚੱਲਦਾ ਹੈ।
 
Lal chand Yamla Jat


ਉੱਚੀਆਂ ਸੁਰਾਂ ਅਤੇ ਅਲਗੋਜ਼ਿਆਂ ਨਾਲ ਗਾਉਣ ਵਾਲੀ ਗੁਰਮੀਤ ਬਾਵਾ ਵੀ ਲੰਮੀਆਂ ਹੇਕਾਂ ਲਾਉਣ ਦੀ ਮਾਹਿਰ ਹੈ।
ਇਸ ਗਾਇਕਾ ਦੀਆਂ ਹੇਕਾਂ ਦੀ ਕਮਾਲ ਵੇਖਣੀ ਹੋਵੇ ਤਾਂ ਉਸ ਵੱਲੋਂ ਗਾਏ ਜੁਗਨੀ, ਮਿਰਜ਼ਾ ਤੇ ਲੋਕ ਗੀਤ ਸੁਣ ਕੇ ਵੇਖੋ। ਪੰਜਾਬੀ ਗਾਇਕੀ ਦਾ ਫੱਕਰ ਗਾਇਕ ਲਾਲ ਚੰਦ ਯਮਲਾ ਜੱਟ ਆਪਣੇ ਅਨੋਖੇ ਅੰਦਾਜ਼ ਵਿੱਚ ਹੇਕ ਲਾਇਆ ਕਰਦਾ ਸੀ। ਯਮਲੇ ਦੇ ਹੋਰਨਾਂ ਗੀਤਾਂ ਤੋਂ ਇਲਾਵਾ ਉਸ ਦੇ ਗੀਤ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ’ ਅਤੇ ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ’ ਵਿੱਚ ਉਸ ਦੀਆਂ ਵਿਲੱਖਣ ਹੇਕਾਂ ਸਰੋਤੇ ਨੂੰ ਮੰਤਰ-ਮੁਗਧ ਕਰ ਦਿੰਦੀਆਂ ਹਨ। ਨਵੇਂ ਗਾਇਕਾਂ ਵਿੱਚੋਂ ਮਰਹੂਮ ਸੁਰਜੀਤ ਬਿੰਦਰਖੀਆ ਵੀ ਲੰਮੀਆਂ ਹੇਕਾਂ ਦਾ ਧਨੀ ਕਿਹਾ ਜਾ ਸਕਦਾ ਹੈ। ਉਸ ਵੱਲੋਂ ਰਿਕਾਰਡ ਗੀਤਕਾਰ ਸ਼ਮਸ਼ੇਰ ਸੰਧੂ ਦੀ ਲਿਖੀ ਕੈਸਿਟ ‘ਅੱਡੀ ਉੱਤੇ ਘੁੰਮ’ ਵਿੱਚ ਸੁਰਜੀਤ ਨੇ ਪੰਜ ਤਰਜ਼ਾਂ ਦੀ ਜੁਗਨੀ ਅੱਗੇ 28 ਸੈਕਿੰਡ ਲੰਮੀ ਹੇਕ ਲਾਈ ਸੀ। ਨਵੇਂ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਲੋਕ ਗੀਤ ਤੇ ਸੱਭਿਆਚਾਰਕ ਗੀਤ ਗਾਉਣ ਅਤੇ ਲੰਮੀਆਂ ਹੇਕਾਂ ਦੀ ਪਰੰਪਰਾ ਨੂੰ ਖਤਮ ਨਾ ਹੋਣ ਦੇਣ।
Surjit Bindrakhia
-ਬਲਬੀਰ ਸਿੰਘ ਦਿਲਦਾਰ
From Panjabtimes.co.uk

ਬਾਬਾ-ਏ-ਗ਼ਜ਼ਲ ਦੀਪਕ ਜੈਤੋਈ


ਦੀਪਕ ਜੈਤੋਈ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਸਨ। ਗ਼ਜ਼ਲ ਨੂੰ ਪੰਜਾਬੀ ਲਿਬਾਸ ਪਹਿਨਾਉਣ, ਸੰਵਾਰਨ, ਸ਼ਿੰਗਾਰਨ ਅਤੇ ਮਕਬੂਲੀਅਤ ਦਿਵਾਉਣ ਲਈ ਉਨ੍ਹਾਂ ਇਕ ਸੰਸਥਾ ਵਜੋਂ ਕਾਰਜ ਕੀਤਾ। ਆਪਣੇ ਜੀਵਨ ਦੇ ਛੇ ਦਹਾਕੇ ਉਨ੍ਹਾਂ ਮਾਂ-ਬੋਲੀ ਪੰਜਾਬੀ ਦਾ ਕਾਵਿਕ ਚਿਹਰਾ-ਮੋਹਰਾ ਨਿਖਾਰਨ ਹਿਤ ਲਾਏ। ਉਨ੍ਹਾਂ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿਚ ਇਕ ਸਾਧਾਰਨ ਪਰਿਵਾਰ ਵਿਚ ਪਿਤਾ ਇੰਦਰ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ ਕੁੱਖੋਂ 26 ਅਪ੍ਰੈਲ 1919 ਨੂੰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂਅ ਗੁਰਚਰਨ ਸਿੰਘ ਰੱਖਿਆ। ਉਨ੍ਹਾਂ ਦੇ ਪਿਤਾ ਇੰਦਰ ਸਿੰਘ ਵੀ ਕਿੱਸਾ ਕਾਵਿ ਦੇ ਕਵੀ ਸਨ। ਬੜੀ ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਅੰਦਰ ਕਾਵਿਕ ਕਿਰਨ ਫੁੱਟੀ ਅਤੇ ਉਨ੍ਹਾਂ ਤੀਜੀ ਜਮਾਤ ਵਿਚ ਪੜ੍ਹਦਿਆਂ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿਚ ਸੀ। ਇਹ ਚਿੱਠੀ ਹੀ ਉਨ੍ਹਾਂ ਦੀ ਸ਼ਾਇਰੀ ਦਾ ਆਗ਼ਾਜ਼ ਬਣੀ। ਬਾਅਦ ਵਿਚ ਉਨ੍ਹਾਂ ਹਰਬੰਸ ਲਾਲ 'ਮੁਜਰਮ ਦਸੂਹੀ' ਨੂੰ ਆਪਣਾ ਉਸਤਾਦ ਧਾਰ ਲਿਆ ਅਤੇ ਉਨ੍ਹਾਂ ਪਾਸੋਂ ਗ਼ਜ਼ਲ ਸਿਨਫ਼ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕੀਤਾ। ਉਸਤਾਦ ਮੁਜਰਮ ਦਸੂਹੀ ਨੇ ਉਨ੍ਹਾਂ ਨੂੰ ਆਪਣਾ ਜਾਨਸ਼ੀਨ ਬਣਾ ਕੇ ਪੰਜਾਬੀ ਗ਼ਜ਼ਲ ਦੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਉੱਪਰ ਪਾਈ, ਜਿਸ ਨੂੰ ਉਨ੍ਹਾਂ ਬਾਖੂਬੀ ਨਿਭਾਇਆ ਅਤੇ ਪੰਜਾਬੀ ਕਾਵਿ-ਜਗਤ ਵਿਚ ਉਹ 'ਦੀਪਕ ਜੈਤੋਈ' ਦੇ ਨਾਂਅ ਨਾਲ ਚਰਚਿਤ ਹੋਏ।
ਅਸਲ ਵਿਚ ਜਨਾਬ ਦੀਪਕ ਜੈਤੋਈ ਨੇ ਜਦੋਂ ਗ਼ਜ਼ਲ ਖੇਤਰ ਵਿਚ ਪ੍ਰਵੇਸ਼ ਕੀਤਾ ਤਾਂ ਉਸ ਸਮੇਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ 'ਗੰਵਾਰਾਂ ਦੀ ਭਾਸ਼ਾ' ਦੱਸਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਸਿਰਫ ਉਰਦੂ ਵਿਦਵਾਨ ਹੀ ਨਹੀਂ ਸਗੋਂ ਪੰਜਾਬੀ ਦੇ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਇਹ ਅਰਬੀ 'ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਵਿਦਵਾਨਾਂ ਦੇ ਇਨ੍ਹਾਂ ਮਿਹਣਿਆਂ ਦਾ ਜਵਾਬ ਦੇਣ ਲਈ ਜੈਤੋਈ ਸਾਹਿਬ ਨੇ ਪੰਜਾਬੀ ਗ਼ਜ਼ਲ ਰਚਨਾ ਦੇ ਕਾਰਜ ਨੂੰ ਇਕ ਚੁਣੌਤੀ ਵਜੋਂ ਕਬੂਲ ਕੀਤਾ। ਉਸਤਾਦ ਦੀਪਕ ਜੈਤੋਈ ਬਹੁਤ ਹੀ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਨ੍ਹਾਂ ਨੇ ਅਨੇਕਾਂ ਲਿਖੇ। ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ ਉਨ੍ਹਾਂ ਦੁਆਰਾ ਰਚਿਤ ਗੀਤ 'ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ', 'ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ', 'ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ ਲੋਕਾਂ ਦੀ ਜ਼ਬਾਨ 'ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ। ਤੰਗੀਆਂ-ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਲ ਅੰਗ-ਸੰਗ ਰਹੀਆਂ, ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਅਜਿਹੇ ਹਾਲਾਤ ਵਿਚ ਵੀ ਉਨ੍ਹਾਂ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦੇ ਇਸ ਸੂਰਜ ਦੇ ਹਮੇਸ਼ਾ ਲਈ ਅਸਤ ਹੋਣ ਨਾਲ ਪੰਜਾਬੀ ਸ਼ਾਇਰੀ ਦੇ ਇਕ ਸੁਨਹਿਰੀ ਅਧਿਆਇ ਦਾ ਅੰਤ ਹੋ ਗਿਆ।

-ਹ. ਸ. ਮਾਨ
ਪ੍ਰਧਾਨ, ਪੰਜਾਬੀ ਸਾਹਿਤ ਸਭਾ ਜੈਤੋ (ਫ਼ਰੀਦਕੋਟ)
ਮੋ. 89684-00291
from Ajit Jalandhar 

Thursday, 21 February 2013

 ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ -  ਸੁਰਜੀਤ ਗੱਗ


ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ
ਏਥੇ ਵਿਹਲੜ ਰੱਜ ਕੇ ਖਾਂਦੇ ਨੇ, ਤੇ ਕੰਮੀਂ ਭੁੱਖੇ ਮਰਦੇ ਨੇ.....

ਮਿਹਨਤ ਦੀ ਰੁੱਖੀ-ਮਿੱਸੀ ਹੈ, ਉਹ ਵੀ ਸ਼ੁਕਰਾਨਾ ਰੱਬ ਦਾ ਏ
ਮੈਨੂੰ ਤਾਂ ਹਰ ਇੱਕ ਸ਼ਖਸ਼ ਏਥੇ ਬੀਮਾਰ ਹੋ ਗਿਆ ਲੱਗਦਾ ਏ
ਬੰਦੇ ਭੁੱਖ ਦੇ ਨਾਲ ਕਲਪਦੇ ਨੇ, ਤੇ ਕੁੱਤੇ ਬਿਸਕੁੱਟ ਚਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

ਇਨ੍ਹਾਂ ਤੁਰਦੀਆਂ ਫਿਰਦੀਆਂ ਲਾਸ਼ਾਂ ਦਾ, ਕੋਈ ਸੀਮਿਤ ਪਤਾ ਟਿਕਾਣਾ ਨਹੀਂ
ਇਹ ਰੋਜ਼ ਸਫਰ ਤੇ ਰਹਿੰਦੇ ਨੇ, ਪਰ ਹੁੰਦਾ ਕਿਤੇ ਵੀ ਜਾਣਾ ਨਹੀਂ
ਤੜਕੇ ਉੱਠ ਲਾਸ਼ਾਂ ਢੋਂਦੇ ਨੇ, ਜੋ ਰੋਜ਼ ਆਥਣੇ ਮਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

ਕਿਤੇ ਐਤਵਾਰ ਦੀ ਛੁੱਟੀ ਨਾ ਹੋ ਜਾਵੇ ਸੋਚਾਂ ਦੂਰ ਦੀਆਂ
ਭਲਾ ਕੀ ਹਸਰਤਾਂ ਹੁੰਦੀਆਂ ਨੇ, ਇੱਟਾਂ ਪੱਥਦੇ ਮਜ਼ਦੂਰ ਦੀਆਂ
ਅੱਜ ਮਿਲ ਗਈ ਕੱਲ ਦਾ ਪਤਾ ਨਹੀਂ, ਮੌਸਮ ਵਿਗੜਨ ਤੋਂ ਡਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

ਸਭ ਕੁੱਝ ਲੁਟਾ ਕੇ ਵੀ ਅਪਣਾ, ਇੱਜ਼ਤ ਦੀ ਰੋਟੀ ਖਾਂਦੇ ਨੇ
ਇਹ ਕੋਣ ਨੇ ਜਿਹੜੇ ਹੁਣ ਤੀਕਰ, ਇਮਾਨਦਾਰੀ ਨੇ ਮਾਂਜੇ ਨੇ
ਰੱਬ ਡਰਦਿਆਂ ਤਾਈਂ ਡਰਾਉਂਦਾ ਏ, ਇਹ ਡਰਦੇ ਰੱਬ-ਰੱਬ ਕਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

ਭੁੱਖਾਂ ਨਾਲ ਰਿਸ਼ਤਾ ਉਮਰਾਂ ਦਾ, ਕੀ ਜਾਨਣ ਚਾਅ-ਉਮੰਗਾਂ ਨੂੰ
ਪੱਲੂ ਨਾਲ ਢੱਕ ਕੇ ਸਾਰਦੀਆਂ, ਜੋ ਘਸੇ ਬਲਾਊਜ 'ਚੋਂ ਅੰਗਾਂ ਨੂੰ
ਸੁਭਾਗ ਨਾ ਮਿਲਿਆ ਚੁੰਮਣ ਦਾ, ਇਨ੍ਹਾਂ ਦੀ ਵੀਣ੍ਹੀ ਵੰਗਾਂ ਨੂੰ
ਪਹਿਚਾਣ ਨਾ ਮੈਲ਼ੀਆਂ ਨਜ਼ਰਾਂ ਦੀ, ਨਾ ਜਾਨਣ ਸ਼ਰਮਾਂ-ਸੰਗਾਂ ਨੂੰ
ਕੋਈ ਪਤਾ ਕਰੋ ਕਿਉਂ ਹਾਰ ਮੰਨੀ, ਇਨ੍ਹਾਂ ਬਿਨਾਂ ਲੜੇ ਹੀ ਜੰਗਾਂ ਨੂੰ
ਇਨ੍ਹਾਂ ਦੇ ਧੁਆਂਖੇ ਹੋਠਾਂ ਤੇ, ਕਿਉਂ ਗੀਤ ਵੀ ਆ-ਆ ਸੜਦੇ ਨੇ......
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

ਉਦੋਂ ਖਤਰਾ ਹੁੰਦਾ ਲੋਕਾਂ ਨੂੰ, ਜਦੋਂ ਸੰਸਦ ਵਿੱਚ ਸਿਰ ਜੁੜਦੇ ਨੇ
ਉਹ ਕਿਹੜੀ ਬੋਰੀ ਰਹਿ ਗਈ ਏ, ਜਿੱਥੋਂ ਅਜੇ ਵੀ ਦਾਣੇ ਕਿਰਦੇ ਨੇ
ਕਿਵੇਂ ਲੁੱਟਣਾ-ਕੁੱਟਣਾ ਲੋਕਾਂ ਨੂੰ, ਰਹਿਬਰ ਸਕੀਮਾਂ ਘੜਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

ਤਾਂ ਲੱਤਾਂ ਹੀ ਕਟਵਾ ਲਈਆਂ, ਇਨ੍ਹਾਂ ਨੇ ਚਾਦਰ ਵੇਖੀ ਜਾਂ
ਮੈਂ ਪੜ੍ਹ ਕੇ ਕਿੰਝ ਮੁਟਿਆਰ ਹੁੰਦੀ, ਮੈਂ ਕੌਮ ਕਬੀਲਿਓਂ ਛੇਕੀ ਹਾਂ
ਕੁੱਝ ਗੱਗ ਜਿਹੇ ਬਹੁਤੇ ਪੜ੍ਹ ਗਏ ਜੋ, ਸਾਡੇ ਰਾਹੀਂ ਕੰਡੇ ਧਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......

Monday, 18 February 2013


ਔਰਤਾਂ ਤੇ ਅਸ਼ਲੀਲ ਗੀਤ ਬਣਾਉਣੇ ਬੰਦ ਕਰੋ - ਪ੍ਰੀਤ ਬਰਤੀਆ


ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ।
"ਮਿੱਤਰਾਂ ਦੀ ਅੱਖ ਅੱਜ ਲਾਲ ਆ ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨੀ",,,,,
"ਕੁੜੀਆਂ ਤੇ ਬੱਸਾਂ ਯਾਰੋ ਆਉਦੀਆਂ ਰਹਿਣੀਆਂ".....
"ਜਿੰਨੇ ਗ਼ਲ ਦੀ ਤੇਰੇ ਮਣਕੇ ਨੀ ਉਨੇ ਤੇਰੇ ਯਾਰ ਵੈਰਨੇ".....
"ਨੀ ਛੱਡ ਪਹਿਲੇ ਨੂੰ ਮੈਂ ਲੈ ਕੇ ਜਾਵਾਂ L.A ਨੂੰ".... ..
"ਜਿਹਨੇ ਮੇਰਾ ਦਿਲ ਲੁੱਟਿਆ ਜਿਹਨੇ ਮੈਨੂੰ ਮਾਰ ਸੁੱਟਿਆ"....
"ਰੰਨ ਬੋਤਲ ਵਰਗੀ"......
ਇਹ ਸਭ ਗਾਣੇ ਸੱਭਿਆਚਾਰ ਦੀ ਕੀ ਤਰਜ਼ਮਾਨੀ ਕਰਦੇ ਹਨ?..... ਕੀ ਕੁੜੀਆ ਸਿਰਫ ਮਾਸ਼ੂਕ ਬਣਨ ਜੋਗੀਆ ਹੀ ਨੇ?.....ਕੀ ਕੁੜੀਆ ਸਿਰਫ ਧੋਖੇਬਾਜ਼ ਬੇਵਫਾ ਹੀ ਨੇ?.....ਬੱਸਾ ਨਾਲ ਕੁੜੀਆਂ ਦੀ ਤੁਲਨਾ ਕਰਦੇ ਨੇ.....ਜੇ ਕੁੜੀਆਂ ਇਹਨਾਂ ਗਾਉਣ ਵਾਲਿਆਂ ਦੀ ਤੇ ਲਿਖਣ ਵਾਲਿਆਂ ਦੀ ਤੁਲਨਾ ਰਿਕਸ਼ੇ ਨਾਲ ਕਰਨ ਫੇਰ......ਕਿਉਕਿ ਪੰਜਾਬ ਵਿੱਚ ਰਿਕਸ਼ਿਆਂ ਦੀ ਗਿਣਤੀ ਕੁਝ ਜਿਆਦਾ ਹੈ.......ਮੈਨੂੰ ਸਭ ਤੋਂ ਗੁੱਸਾ ਇਸ ਗੱਲ ਦਾ ਹੈ ਕਿ ਅੱਜ ਤੱਕ ਕਿਸੇ ਵੀ ਗੀਤਕਾਰ ਨੇ ਸੱਚਾਈ ਲਿਖਣ ਦੀ ਕੋਸ਼ਿਸ਼ ਨਹੀ ਕੀਤੀ, ਨਾ ਹੀ ਗਾਉਣ ਵਾਲਿਆ ਨੇ ..
ਚਾਰ, ਪੰਜ ਗਾਇਕ ਨੇ ਜੋ ਸੱਚਾਈ ਬਿਆਨ ਕਰਦੇ ਨੇ, ਬਾਕੀ ਤੇ ਪੰਜਾਬ ਵਿੱਚ ਫੁਕਰੇ ਗਾਇਕ ਇੱਕਠੇ ਹੋਏ ਨੇ....ਜਦੋ ਇਹ ਫੁਕਰੇ ਗਾਇਕ T.V ਤੇ Interview ਦੇਣ ਆਉਦੇ ਨੇ.   .ਆਪਣੇ ਮੂੰਹੋ ਮੀਆਂ ਮਿੱਠੂ ਬਣੇ ਫਿਰਦੇ ਨੇ......ਕਹਿਣਗੇ ਅਸੀ ਸੱਭਿਆਚਾਰ ਦੀ ਸੇਵਾ ਕਰ ਰਹੇ ਆ.......ਅੱਜ ਤੱਕ ਜਿੰਨੇ ਵੀ ਡਿਊਟ ਐਲਬਮ ਆਈਆਂ ਮਾਰਕੀਟ ਵਿੱਚ ਉਹ ਸਾਰੇ ਗੀਤ ਇੱਕ MALE WRITER ਦੇ ਲਿਖੇ ਹੋਏ ਗਾਏ ਗਏ ਨੇ......ਇਹਨਾਂ ਗੀਤਾਂ ਵਿੱਚ ਇੱਕ ਵੀ ਗੀਤ ਕਿਸੇ FEMALE WRITER ਦਾ ਨਹੀ.......ਇਹ ਸਾਰੇ ਗੀਤ ਕੁੜੀਆਂ ਦੀਆਂ ਭਾਵਨਾਵਾਂ ਤੋ ਸੱਖਣੇ ਹਨ.....ਕੁੜੀਆਂ 24 ਘੰਟੇ ਮੁੰਡਿਆਂ ਬਾਰੇ ਨਹੀ ਸੋਚਦੀਆਂ ਤੇ ਨਾ ਹੀ ਮੁੰਡਿਆਂ ਵਾਂਗ ਕਾਲਜਾਂ ਨੂੰ ਆਸ਼ਿਕੀ ਦਾ ਅੱਡਾ ਸਮਝਦੀਆ,,....ਮਾਂ ਬਾਪ ਲਈ ਕੁਰਬਾਨ ਹੋਣਾ ਜਾਣਦੀਆਂ ਹਨ......ਕੁੜੀਆਂ ਤੇ ਗੰਦੇ ਮਜ਼ਾਕ ਤੇ ਟਿੱਪਣੀ ਕਰਨ ਵਾਲੇ ਤੇ ਘਟੀਆਂ ਗਾਣੇ ਗਾਉਣ ਵਾਲੇ ਇੱਕ ਵਾਰ ਆਪਣੇ ਦਿਮਾਗ ਨਾਲ ਸੋਚਣ ਕਿ ਉਹ ਇੱਕ ਮਾਂ ਜੋ ਕਿ ਇੱਕ ਔਰਤ ਦੇ ਜਾਏ ਹਨ.....ਉਹ ਜੋ ਕਰ ਰਹੇ ਹਨ ਕੀ ਉਹ ਠੀਕ ਹੈ?.....
ਆਪਣੇ ਗਾਲੀ ਗਲੋਚ ਵਿੱਚ ਮਾਂ ਭੈਣ ਦੀਆਂ ਗਾਲਾਂ ਦਾ ਇਸਤੇਮਾਲ ਨਾ ਕਰੋ.....ਤੁਹਾਡੇ ਝਗੜਿਆਂ ਵਿੱਚ ਮਾਂਵਾਂ ਧੀਆਂ ਦਾ ਕੀ ਕਸੂਰ?
ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਦਿਨ ਕਟੀ ਕਰਦੀਆਂ ਮਰਦਾਂ ਦੀ ਹਵਸ ਪੂਰੀ ਕਰਦੀਆਂ ਹਨ। ......
ਪਰ ਅਜੋਕੇ ਕਮੀਨੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ | ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ ਜਾਂ ਭੈਣ ਨਜ਼ਰ ਆਉਂਦੀ ਹੋਵੇ ਤਾਂ ਇਹ ਲੜਕੀਆਂ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ।
ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ ।
ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ ।
ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ | ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ | ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ | ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ,ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ | ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ । ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ | ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ।
ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ । ਔਰਤਾਂ ਨੂੰ ਸਨਮਾਣ ਦਿਉ.....ਪ੍ਰੀਤ ਬਰਤੀਆ 17 Aug 2011

ਛੱਲਾ 

ਪਹਿਲਾਂ ਕੁਝ ਲਫਜ਼ ਛੱਲੇ ਬਾਰੇ.....ਗੁਰਦਾਸ ਮਾਨ ਜੀ ਵਲੋਂ ।।।।
ਛੱਲਾ ਸਾਂਦਲ ਬਾਰ ਦੇ ਇੱਕ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ ਹੈ।
ਛੱਲਾ!!!!!!!! ਇੱਕ ਮਾਮੂਲੀ ਜਿਹਾ ਗਹਿਣਾ ਪਰ ਮੁਹੱਬਤ ਬਣ ਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ। ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ, ਪਿੱਤਲ ਦਾ ਹੋਵੇ ਯਾਂ ਲੋਹੇ ਦਾ,,,, ਦੇਣ ਵਾਲੇ ਦੀ ਨੀਤ, ਪ੍ਰੀਤ ਤੇ ਉਸਦੀ ਪ੍ਰਤੀਤ ਦੀ ਯਾਦ ਦਿਲਾਂਉਦਾ ਹੈ। ਸੁਣਦੇ ਸਾਂ ਢਾਕੇ ਦੀ ਮਲਮਲ ਬਹੁਤ ਮਾਹੀਨ ਔਰ ਬਾਰੀਕ ਹੋਇਆ ਕਰਦੀ ਸੀ ਤੇ ਉਸਦਾ ਪੂਰੇ ਦਾ ਪੂਰਾ ਥਾਣ ਇੱਕ ਛੱਲੇ ਦੇ ਵਿੱਚ ਦੀ ਨਿਕਲ ਜਾਂਦਾ ਸੀ ਪਰ ਕੁਰਬਾਨ ਜਾਈਏ ਉਸ ਸ਼ਾਇਰ ਦੇ ਜਿਸਨੇਂ ਪੰਜਾਬ ਦੇ ਸਾਰੇ ਸੱਭਿਆਚਾਰ ਨੂੰ, ਪੰਜਾਬੀ ਅਦਬ ਨੂੰ, ਪੰਜਾਬੀ ਮਾਂ-ਬੋਲੀ ਦੀ ਮਿਠਾਸ ਨੂੰ ਇੱਕ ਛੱਲੇ ਵਿੱਚ ਦੀ ਪਰੋਇਆ। ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਉਹਨਾਂ ਸਾਰੇ ਆਸ਼ਕਾ ਦੇ ਨਾਂਅ ਜਿੰਨ੍ਹਾਂ ਨੇ ਛੱਲੇ ਵਿੱਚ ਆਪਣਾ ਦਿਲ ਜਡ਼੍ਹ ਕੇ ਰੱਖਿਆ। ਪਾਕ ਮੁਹੱਬਤ ਦੀ ਨਿਸ਼ਾਨੀ------------ ਛੱਲਾ
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ....
ਮੁਠੀ ਬੰਦ ਰਹੇ ਤਾ ਕਿਸਮਤ ਹੈ.....
ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....
ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ....
ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ....
ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ....

ਛੱਲੇ ਦੀ ਦਾਸਤਾਨ


ਕੌਣ ਸੀ ਇਹ ਛੱਲਾ ??.

ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ | ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ......
ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ' ਕਦੇ  ਛੱਲਾ ਨਾ ਗੁਣਗੁਨਾਇਆ ਹੋਵੇ | ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ?
ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???
''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ |
ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ |ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ |
ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ|ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ 'ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ |
ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ |
ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਤਾ ਸਾਰੇ ਬੇੜੀ 'ਚ ਸਵਾਰ ਹੋਕੇ ਦਰਿਆ 'ਚ ਚਲੇ ਗਏ | ਛੱਲਾ ਚਲਾ ਤਾਂ ਗਿਆ | ਲੇਕਿਨ ਕਦੇ ਵਾਪਿਸ ਨਹੀ ਮੁੜਿਆ |
ਸਤਲੁਜ ਤੇ ਬਿਆਸ 'ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ
ਗਾਉਂਦਾ ਫਿਰਦਾ ਰਹਿੰਦਾ...''
'' ਛੱਲਾ ਮੁੜਕੇ ਨਹੀ ਆਇਆ,
ਰੋਣਾ ਉਮਰਾਂ ਦਾ ਪਾਇਆ,
ਮੱਲਿਆ ਮੁਲਕ ਪਰਾਇਆ ....
ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,....
''ਗੱਲ ਸੁਣ ਛੱਲਿਆ ਕਾਵਾਂ,
ਮਾਵਾਂ ਠੰਡੀਆਂ ਛਾਵਾਂ......''
ਜੱਲਾ ਪਾਣੀ ਚ' ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ? ਤਾਂ ਜੱਲਾ ਕਹਿੰਦਾ......
'' ਛੱਲਾ ਨੌ-ਨੌ ਖੇਵੇ,
ਪੁੱਤਰ ਮਿੱਠੜੇ ਮੇਵੇ,
ਅੱਲਾ ਸਭ ਨੂੰ ਦੇਵੇ....
ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ''
''ਛੱਲਾ ਬੇੜੀ ਦਾ ਪੂਰ ਏ,
ਵਤਨ ਮਾਹੀਏ ਦਾ ਦੂਰ ਏ,
ਜਾਣਾ ਪਹਿਲੇ ਪੂਰ ਏ.........''
ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ 'ਚ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ |
ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ) ਚਲਾ ਗਿਆ | ਅਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ 'ਚ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ |
ਅੱਜ ਵੀ ਗੁਜਰਾਤ (ਪਾਕਿਸਤਾਨ) 'ਚ ਉਸਦੀ ਸਮਾਧੀ ਬਣੀ ਹੋਈ ਹੈ.......

Saturday, 16 February 2013

ਗਮਲੇ ਦੇ ਵਿੱਚ ਕਣਕਾਂ ਲਾਈ ਬੈਠੇ ਹਾਂ - ਜਤਿੰਦਰ ਲਸਾੜਾ

ਪਿੰਡਾਂ ਦੀ ਇੰਝ ਯਾਦ ਸਮਾਈ ਬੈਠੇ ਹਾਂ ॥
ਗਮਲੇ ਦੇ ਵਿੱਚ ਕਣਕਾਂ ਲਾਈ ਬੈਠੇ ਹਾਂ ॥

ਸਾਂਭ ਕੇ ਚੰਦ ਖਿਡੌਣੇ, ਲਾ ਕੇ ਤਸਵੀਰਾਂ,

ਕਹਿੰਦੇ ਸਭਿਆਚਾਰ ਬਚਾਈ ਬੈਠੇ ਹਾਂ !!

ਬਰਫ਼ਾਂ ਵਰਗੇ ਮੌਸਮ ਵਿੱਚ ਤਨਹਾਈ ਦੇ,

ਯਾਦਾਂ ਦੀ ਇੱਕ ਭੱਠ ਮਘਾਈ ਬੈਠੇ ਹਾਂ ॥ 

ਭਰਮ ਜਿਹਾ ਹੈ ਸਭ ਕੁੱਝ ਹੈ ਅਨਕੂਲ ਜਿਹਾ,

ਕੰਡਿਆਂ ਵਰਗੀ ਸੇਜ ਸਜਾਈ ਬੈਠੇ ਹਾਂ ॥

ਵੇਚ ਜ਼ਮੀਰਾਂ, ਇੱਜਤਾਂ ਅਤੇ ਵਫ਼ਾਵਾਂ ਸਭ,

ਲੱਪ ਕੁ ਡਾਲਰ ਜੇਬ੍ਹ 'ਚ ਪਾਈ ਬੈਠੇ ਹਾਂ ॥

ਕਦੋਂ ਲਸਾੜੇ ਮਿਟਣਾ ਨੇਰ੍ਹ ਨਸੀਬਾਂ ਦਾ,

ਆਸਾਂ ਦਾ ਇੱਕ ਦੀਪ ਜਗਾਈ ਬੈਠੇ ਹਾਂ ॥

 23 ਮਾਰਚ ਦੇ ਸ਼ਹੀਦਾਂ ਦੇ ਨਾਂ - Jatinder Lasara


* 23 ਮਾਰਚ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਸਮੂਹ ਸ਼ਹੀਦਾਂ ਦੇ ਨਾਂ
ਜੋ ਮਾਨਵਤਾ, ਮਜਲੂਮਾਂ ਅਤੇ ਹੱਕ-ਸੱਚ ਲਈ ਕੁਰਬਾਨੀਆਂ ਦੇ ਗਏ ॥

ਸੁੱਚੀ ਨਿੱਖਰੀ ਸੋਚ ਕਦੇ ਮਰਿਆ ਨਹੀਂ ਕਰਦੀ ॥
ਕਾਤਿਲ ਅਤੇ ਸ਼ੈਤਾਨਾਂ ਤੋਂ ਡਰਿਆ ਨਹੀਂ ਕਰਦੀ ॥

ਸਿਦਕਾਂ ਵਾਲੇ ਹੱਸ ਰੱਸਾ ਫਾਂਸੀ ਦਾ ਚੁੰਮਦੇ ਨੇ,
ਸੋਚ ਪਵਿੱਤਰ, ਸੂਲੀ ਤੋਂ ਡਰਿਆ ਨਹੀਂ ਕਰਦੀ ॥

ਜ਼ਾਤ ਧਰਮ 'ਤੇ ਊਚ ਨੀਚ ਬੰਦੇ ਨੇ ਉੱਪਜੇ ਨੇ,
ਕੁੱਦਰਤ ਕੋਈ ਭੇਦ ਭਾਵ ਕਰਿਆ ਨਹੀਂ ਕਰਦੀ ॥

ਨਫਰਤ ਵਾਲੇ ਲੋਕ ਕਦੇ ਵੀ ਜਿੱਤ ਨਹੀਂ ਸਕਦੇ,
ਪਿਆਰਾਂ ਵਾਲੀ ਸਾਂਝ ਕਦੇ ਹਰਿਆ ਨਹੀਂ ਕਰਦੀ ॥

ਮਜਲੂਮਾਂ ਦੇ ਸਬਰ ਦਾ ਭਾਂਡਾ ਟੁਟਣ ਵਾਲਾ ਹੈ,
ਭੁੱਖ-ਲਾਚਾਰੀ ਜ਼ੁਲਮ ਸਦਾ ਜ਼ਰਿਆ ਨਹੀਂ ਕਰਦੀ ॥

ਮੇਰੇ ਦਾਤਿਆ - Jatinder Lasara 


ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ //

ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ //



ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜੇਸ ਤੋਂ,
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ //

ਦੇਵੀਂ ਦੁੱਖ ਸੁੱਖ ਮੇਰੇ ਲਿਖੇ ਜੋ ਨਸੀਬ ਨੇ,
ਸਹਿਣ ਦਾ ਵੀ ਬੱਲ ਬਖ਼ਸ਼ਾਈਂ ਮੇਰੇ ਦਾਤਿਆ //

ਅਮਨ-ਓਂ-ਅਮਾਨ ਹੋਵੇ ਹਰ ਕੋਨੇ ਏਸ ਦੇ,
ਰਹਿਣ-ਯੋਗ ਧਰਤੀ ਬਣਾਈਂ ਮੇਰੇ ਦਾਤਿਆ //

ਭੁੱਖਾ ਨਾ ਕੋਈ ਢਿੱਡ ਸੌਂਵੇਂ ਏਸ ਸੰਸਾਰ 'ਤੇ,
ਹਰ ਇੱਕ ਚੁੰਝ ਦਾਣਾ ਪਾਈਂ ਮੇਰੇ ਦਾਤਿਆ //

ਕਰਾਂ ਜੇ ਬੁਰਾਈ ਮੇਰਾ ਲੱਗੇ ਬੇੜਾ ਪਾਰ ਨਾ,
ਜੜ੍ਹ ਤੋਂ ਬੁਰਾਈ ਨੂੰ ਮੁਕਾਈਂ ਮੇਰੇ ਦਾਤਿਆ //

ਜਿਹਨਾਂ ਨੇ ਬਣਾਏ ਤੇਰੇ ਘਰ ਜ਼ਾਤ-ਪਾਤ ਦੇ,
ਉਹਨਾਂ ਨੂੰ ਸੁਮੱਤ ਬਖ਼ਸ਼ਾਈਂ ਮੇਰੇ ਦਾਤਿਆ //

ਦੌਲਤਾਂ 'ਤੇ ਸ਼ੌਹਰਤਾਂ ਦੀ ਭੁੱਖ ਖੋਹ ਲਸਾੜੇ ਤੋਂ,
ਇੱਕੋ ਭੁੱਖ ਪਿਆਰ ਦੀ ਲਗਾਈਂ ਮੇਰੇ ਦਾਤਿਆ //

Thursday, 14 February 2013


ਬੋਲੀ ਦੇਸ ਪੰਜਾਬ ਦੀ - ਲਾਭ ਸਿੰਘ ਸੰਧੂ

ਮੈਂ ਬੋਲੀ ਦੇਸ ਪੰਜਾਬ ਦੀ, ਮੇਰੀ ਚਰਚਾ ਵਿੱਚ ਜਹਾਨ।
ਮੈਨੂੰ ਗੋਦ ਖਿਡਾਇਆ ਜੋਗੀਆਂ, ਜਿਹੜੇ ਦਰ-ਦਰ ਅਲਖ ਜਗਾਣ।

ਮੈਨੂੰ ਲੋਰੀ ਦਿੱਤੀ ਫ਼ਰੀਦ ਨੇ, ਅਤੇ ਬੁੱਲੇ, ਬਾਹੂ ਸੁਲਤਾਨ।
ਮੈਨੂੰ ਅਰਸ਼ ਚੜ੍ਹਾਇਆ ਫ਼ਰਸ਼ ਤੋਂ, ਫੇਰ ਦਸ ਗੁਰੂ ਸਾਹਿਬਾਨ।

ਮੈਨੂੰ ਗੁਰ-ਗੱਦੀ ਸੀ ਬਖਸ਼ਤੀ, ਲਿਖ ਗੁਰੂ ਗ੍ਰੰਥ ਮਹਾਨ।
ਅੱਖੀਂ ਵੇਖ ਦਮੋਦਰ ਬੋਲਿਆ, ਹੀਰ ਬਣ ਗਈ ਓਦੋਂ ਰਕਾਨ।

ਪੀਲੂ, ਵਾਰਸ, ਸ਼ਾਹ ਹੁਸੈਨ ਤੇ ਮੇਰਾ ਹਾਸ਼ਮ, ਕਾਦਰ ਮਾਣ।
ਮੇਰੇ ਹਾਲ਼ੀ-ਪਾਲ਼ੀ ਲ਼ਾਡਲ਼ੇ, ਖੇਤੀਂ ਗੀਤ ਸ਼ੌਂਕ ਨਾਲ ਗਾਣ।

ਢੱਡ ਸਰੰਗੀ, ਤੂੰਬੀਆਂ, ਅਲਗੋਜ਼ੇ ਕਈ ਵਜਾਣ।
ਸਾਜੋਂ ਬਿਨਾਂ ਕਵੀਸ਼ਰ ਗੱਜਦੇ, ਤੇ ਰੱਖਦੇ ਮੇਰਾ ਮਾਣ।

ਮੇਰੇ ਪੈਂਤੀ ਅੱਖਰ, ਲਗ-ਮਾਤਰਾਂ, ਏਨ੍ਹਾਂ ਵਿੱਚ ਹੈ ਏਨੀ ਜਾਨ।
ਮੇਰਾ ਸ਼ਬਦ ਭੰਡਾਰ ਭਰਪੂਰ ਹੈ, ਮੈਂ ਖੋਜ ਲਿਖਾਂ ਵਿਗਿਆਨ।

ਮੇਰੇ ਨਾਵਲ, ਨਾਟਕ, ਕਹਾਣੀਆਂ, ਸੋਹਣੇ ਲੇਖ ਅਕਲ ਦੀ ਖਾਣ।
ਮੇਰੇ ਗ਼ਜ਼ਲਾਂ, ਗੀਤ, ਰੁਬਾਈਆਂ, ਵਾਰਾਂ ਕਵਿਤਾ ਵਿੱਚ ਤੂਫ਼ਾਨ।

ਮੇਰੇ ਗੀਤਾਂ ਨੂੰ ਰੰਗ ਬਖਸ਼ਦੇ, ਸੰਧੂ, ਸਿੱਧੂ, ਔਲਖ, ਮਾਨ।
ਮੇਰੀ ਚੜ੍ਹਦੀ ਕਲਾ ਨੂੰ ਵੇਖ ਕੇ, ਅੱਜ ਦੁਨੀਆਂ ਹੋਈ ਹੈਰਾਨ।

ਸੁਣੋ ਨਵੇਂ ਯੁੱਗ ਦੇ ਪਾੜ੍ਹਿਓ, ਕਿਉਂ ਲੱਗ ਪਏ ਮੈਨੂੰ ਭੁਲਾਣ।
ਜਾਗੋ ਕਿਰਤੀ ਪੁੱਤ ਪੰਜਾਬੀਓ, ਵੇ ਮੈਂ ਥੋਡੀ ਅਣਖ ਤੇ ਆਨ


Saturday, 9 February 2013

ਰੁੱਖ ਤੇ ਮਨੁੱਖ... - ਮਦਨ ਬੰਗੜ


ਰੁੱਖ ਤੇ ਮਨੁੱਖ ਰਹੇ ਸਦਾ ਹਾਣੋ-ਹਾਣੀ,
ਸਦੀਆਂ ਪੁਰਾਣੀ ਇਨ੍ਹਾਂ ਦੋਹਾਂ ਦੀ ਕਹਾਣੀ।

ਕੰਮ ਆਵੇ ਰੁੱਖ ਬੰਦਾ ਜੰਮਦਾ ਜਾਂ ਮਰਦਾ,
ਰੁੱਖਾਂ ਤੋਂ ਬਗੈਰ ਸਾਡਾ ਕਦੇ ਵੀ ਨਾ ਸਰਦਾ,

ਭਰਦੇ ਨੇ ਦੋਵੇਂ ਇਕ ਦੂਜੇ ਦਾ ਹੈ ਪਾਣੀ।
ਰੁੱਖ ਤੇ ਮਨੁੱਖ ਰਹੇ ਸਦਾ ਹਾਣੋ-ਹਾਣੀ।

ਸਾਰਿਆਂ ਨੂੰ ਵੰਡਦਾ ਹੈ ਫਲ-ਫੁੱਲ, ਛਾਵਾਂ,
ਆਲ੍ਹਣੇ ਬਣਾਏ ਇਸ 'ਤੇ ਚਿੜੀਆਂ ਤੇ ਕਾਵਾਂ,

ਰੁੱਖਾਂ ਨੇ ਨਾ ਇਥੇ ਕਦੇ ਕੀਤੀ ਵੰਡ ਕਾਣੀ,
ਰੁੱਖ ਤੇ ਮਨੁੱਖ ਰਹੇ ਸਦਾ ਹਾਣੋ-ਹਾਣੀ।

ਅੱਜ ਦਾ ਮਨੁੱਖ ਤੋੜੀ ਬੈਠਾ ਅੱਜ ਯਾਰੀ,
ਨਿੱਤ ਦਿਨ ਫੇਰਦਾ ਹੈ ਰੁੱਖਾਂ ਉੱਤੇ ਆਰੀ,

ਰੁੱਖਾਂ ਦੀ ਮਨੁੱਖ ਨੇ ਕਦਰ ਨਾ ਜਾਣੀ।
ਰੁੱਖ ਤੇ ਮਨੁੱਖ ਰਹੇ ਸਦਾ ਹਾਣੋ-ਹਾਣੀ।

ਆਓ ਸਤਿਕਾਰ ਆਪਾਂ ਰੁੱਖਾਂ ਦਾ ਵੀ ਕਰਾਂਗੇ,
ਰੁੱਖਾਂ ਤੋਂ ਬਗੈਰ ਆਪਾਂ ਸਾਹ ਕਿਵੇਂ ਭਰਾਂਗੇ,

ਸਾਰਿਆਂ ਦੀ ਲੋੜ ਰੁੱਖ, ਰਾਜਾ ਹੈ ਜਾਂ ਰਾਣੀ।
ਰੁੱਖ ਤੇ ਮਨੁੱਖ ਰਹੇ ਸਦਾ ਹਾਣੋ-ਹਾਣੀ।
ਸਦੀਆਂ ਪੁਰਾਣੀ ਇਨ੍ਹਾਂ ਦੋਹਾਂ ਦੀ ਕਹਾਣੀ।

ਧਰਤੀ ਰੁੱਖਾਂ ਨਾਲ ਸਜਾਈਏ - ਭੂਪਿੰਦਰ ਮਟੌਰਵਾਲਾ




ਆ ਵੇ ਅਰਜਣਾ, ਆ ਵੇ ਸਰਬਣਾ, ਲੋਕਾਂ ਤਾਈਂ ਜਗਾਈਏ।
ਦੂਰ ਦੂਰ ਤੱਕ ਰੁੱਖ ਨਾ ਦਿੱਸਦੇ, ਰਲ਼ ਕੇ ਨਵੇਂ ਲਗਾਈਏ।
ਰੁੱਖਾਂ ਨਾਲ ਏ ਸੋਂਹਦੀ ਧਰਤੀ, ਸਭ ਨੂੰ ਇਹ ਸਮਝਾਈਏ।
ਆਪਣੀ ਧਰਤੀ ਨੂੰ, ਰੁੱਖਾਂ ਨਾਲ ਸਜਾਈਏ।

ਨਿੰਮ, ਬਰੋਟੇ ਰਹੇ ਨਾ ਪਿੱਪਲ, ਨਾ ਦਿਸਦੀ ਕਿਤੇ ਟਾਹਲੀ।
ਅੰਬ, ਜਮੋਏ, ਜਾਮਣ, ਕਿੱਕਰੋਂ, ਧਰਤੀ ਹੋ ਗਈ ਖ਼ਾਲੀ।
ਜੰਡ, ਨਸੂੜਾ ਨਾ ਸੁਹੰਝਣ, ਕਿੱਥੋਂ ਤੂਤਣੀਆਂ ਖਾਈਏ।
ਆਪਣੀ ਧਰਤੀ ਨੂੰ…

ਕਾਂ, ਕਬੂਤਰ, ਕੋਇਲਾਂ, ਚਿੜੀਆਂ, ਤੋਤੇ ਨਜ਼ਰ ਨਾ ਆਂਦੇ।
ਨੀਲ ਕੰਠ ਤੇ ਚੱਕੀਰਾਹਾ, ਮੋਰ ਨੇ ਮੁੱਕਦੇ ਜਾਂਦੇ।
ਘੁੱਗੀਆਂ ਅਤੇ ਗੁਟਾਰਾਂ, ਇੱਲ੍ਹਾਂ, ਬੰਬੀਹੇ ਮੋੜ ਲਿਆਈਏ।
ਆਪਣੀ ਧਰਤੀ ਨੂੰ…

ਰੁੱਖ ਬੜੇ ਉਪਕਾਰੀ ਹੋਵਣ, ਸਭ ਨੂੰ ਸੁੱਖ ਪੁਚਾਂਦੇ।
ਰੁੱਖ ਹੋਵਣ ਤਾਂ ਕੁਦਰਤ ਹੱਸਦੀ, ਇਹ ਦਰਵੇਸ਼ ਕਹਾਂਦੇ।
ਰੁੱਖਾਂ ਨਾਲ ਹੀ ਠੰਢੀਆਂ ਛਾਵਾਂ, ਰੱਬ ਦਾ ਸ਼ੁਕਰ ਮਨਾਈਏ।
ਆਪਣੀ ਧਰਤੀ ਨੂੰ…

ਸੰਭਲ, ਸੰਭਾਲ ਸਮੇਂ ਨੂੰ ਲੋਕਾ, ਬਣ ਸਮੇਂ ਦਾ ਹਾਣੀ।
ਵਾਤਾਵਰਣ ਪਲੀਤ ਹੋ ਗਿਆ, ਗੰਧਲ ਗਿਆ ਏ ਪਾਣੀ।
ਮਟੌਰਵਾਲਿਆ ਤੂੰ ਵੀ, ਆਜਾ, ਸਾਂਝ ਰੁੱਖਾਂ ਨਾਲ ਪਾਈਏ।
ਆਪਣੀ ਧਰਤੀ ਨੂੰ, ਰੁੱਖਾਂ ਨਾਲ ਸਜਾਈਏ।
ਆਪਣੀ ਧਰਤੀ ਨੂੰ…

Friday, 8 February 2013

ਗੀਤ - ਪ੍ਰਦੀਪ ਕੁਮਾਰ ਮੀਨੀਆ


ਭਾਰਤ ਦੀ ਫੁੱਲਵਾੜੀ ਦੇ ਵਿੱਚ ਖਿੜਿਆ ਫੁੱਲ ਗੁਲਾਬ ਦਾ।
ਜੋ ਸਭ ਨੂੰ ਸੋਹਣਾ ਲੱਗੇ ਕੀ ਕਹਿਣਾ ਦੇਸ ਪੰਜਾਬ ਦਾ।
ਰੱਬ ਵਲੋਂ ਹੀ ਮਹਿਕ ਏਸ ਦੇ ਵਿੱਚ ਸਮਾਈ ਹੈ।
ਖਹਿ ਕੇ ਆਉਂਦੀ ਪੌਣ ਜਿਹੜੀ ਤਾਂ ਹੀ ਨਸ਼ਿਆਈ ਹੈ।
ਬੁੱਲਿਆਂ ਨੂੰ ਵੀ ਹੋਇਆ ਲੱਗੇ ਨਸ਼ਾ ਸ਼ਰਾਬ ਦਾ।
ਜੋ ਸਭ ਨੂੰ ਸੋਹਣਾ ਲੱਗੇ ਕੀ ਕਹਿਣਾ..........।

ਸਾਰਿਆਂ ਤੋਂ ਵੱਧ ਸੁੰਦਰ ਇਹੀ ਚੀਜ਼ ਬਗੀਚੇ ਦੀ।
ਹੋਈ ਸ਼ਿਕਾਰ ਜੋ ਰਹਿੰਦੀ ਜਿਹੜੀ ਸਦਾ ਸਰੀਕੇ ਦੀ।
ਰਾਸ ਨਾ ਆਵੇ ਹੋਰਾਂ ਨੂੰ ਇਹ ਰੁਤਬਾ ਨਵਾਬ ਦਾ।
ਜੋ ਸਭ ਨੂੰ ਸੋਹਣਾ ਲੱਗੇ ਕੀ ਕਹਿਣਾ..........।

ਧੱਕੇਸ਼ਾਹੀਆਂ ਜ਼ਰ ਲੈਂਦਾ ਪਰ ਨਹੀਂ ਕੁਮਲਾਉਂਦਾ ਹੈ।
ਸ਼ਾਨ ਤਿਰੰਗੇ ਦੀ ਨੂੰ ਇਹੇ ਹੋਰ ਵਧਾਉਂਦਾ ਹੈ।
ਮੋਢੀ ਬਣ ਕੇ ਰਿਹਾ ਸ਼ੁਰੂ ਤੋਂ ਇਨਕਲਾਬ ਦਾ।
ਜੋ ਸਭ ਨੂੰ ਸੋਹਣਾ ਲੱਗੇ ਕੀ ਕਹਿਣਾ..........।

ਜਿੰਦ ਜਾਨ ਤੋਂ ਪਿਆਰਾ ਇਹੇ ਕੁੱਲ ਪੰਜਾਬੀ ਨੂੰ।
ਆਂਚ ਆਉਣ ਨਾ ਦੇਣ ਜੋ ਇਹਦੀ ਠਾਠ ਨਵਾਬੀ ਨੂੰ।
ਸਾਰੇ ਹੀ ਸਿਰ ਉ¤ਚਾ ਚੱਕਦੇ ਏਸ ਜਨਾਬ ਦਾ।
ਜੋ ਸਭ ਨੂੰ ਸੋਹਣਾ ਲੱਗੇ ਕੀ ਕਹਿਣਾ..........।

ਪ੍ਰਦੀਪ ਕੁਮਾਰ ਮੀਨੀਆ, ਟਾਂਗਿਆਂ ਵਾਲੀ ਗਲੀ, ਮੋਗਾ

ਸੱਚੀ ਗੱਲ - ਪ੍ਰਦੀਪ ਕੁਮਾਰ ਮੀਨੀਆਂ


ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ। 
ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।
ਇਕ ਵਾਰੀ ਲੰਘ ਜੇ ਦੁਬਾਰਾ ਆਉਂਦਾ ਨਾ, 
ਸਮਾਂ 'ਨੀ ਗਵਾਉਣਾ ਇਹ ਬੇਕਾਰ ਚਾਹੀਦਾ।
ਕੀ ਪਤਾ ਕਦੋਂ ਵਾਰ ਕਰ ਜਾਣਾ ਏ, 
ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ।
ਚੱਜ ਨਾਲ ਪਲ ਜੇ ਬਥੇਰਾ ਇਕ ਹੀ, 
ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ।
ਜਿੰਦਗੀ 'ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ,
ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ।
ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ,
ਛੱਡਣਾ 'ਨੀ ਸੁੰਨਾ ਘਰ ਬਾਰ ਚਾਹੀਦਾ।
ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ, 
ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ।
ਸੱਚੀ ਗੱਲ ਰਹੇ ਪ੍ਰਦੀਪ ਲਿਖਦਾ, 
ਇਹਦੇ ਉੱਤੇ ਕਰਨਾ ਵਿਚਾਰ ਚਾਹੀਦਾ।

- ਪ੍ਰਦੀਪ ਕੁਮਾਰ ਮੀਨੀਆਂ, ਟਾਂਗਿਆਂ ਵਾਲੀ ਗਲੀ. ਮੋਗਾ

Tuesday, 5 February 2013

ਪਾਕਿਸਤਾਨ ਦੀ ਵਾਰ - ਅਫਜਲ ਸਾਹਿਰ 


ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ

ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ

ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ
ਫੇਰ ਉਸਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ

ਅਸੀਂ ਪਾਕ ਪਲੀਤੇ ਪਾਣੀਆਂ ਚ ਰਿਝਦੇ ਜਾਈਏ
ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਝਦੇ ਜਾਈਏ

ਕੋਈ ਨੇਜੇ ਉੱਤੇ ਸੱਚ ਵੀ ਏਥੇ ਨੀ ਪਚਣਾ
ਭਾਂਵੇਂ ਈਸਾ ਮੁੜ ਕੇ ਆ ਜਾਏ ਏਥੇ ਨੀ ਬਚਣਾ

ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ

ਚੰਗਾ ਈ ਸੀ ਪੁੱਤਰਾ ਜੇ ਦੇਸ ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲਿਆ ਸਾਡੇ ਬਾਬੇ ਕਹਿੰਦੇ

ਸਾਨੂੰ ਸੱਜਾ ਹੱਥ ਵਖਾ ਕੇ ਮਾਰੀ ਸੂ ਖੱਬੀ
ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜਖ ਲੱਭੀ

ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਬਣ ਗਏ ਫਾਹੀਆਂ
ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਹੀਆਂ

ਅਸੀਂ ਵਿਲਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ
ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਘੁੱਟਣ ਲੱਗ ਪਏ

ਨਈਂ ਖਾਣ ਪੀਣ ਨੂੰ ਲੱਭਦਾ ਸਾਰਾ ਘਰ ਝਸਾਇਐ
ਅਖੇ ਬੋਤਲ ਚੋਂ ਨਹੀਂ ਪੀਵਣਾ ਇਹ ਦਮ ਕਰਵਾਇਐ

ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ
ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ

ਜਦ ਸ਼ੀਸ਼ੇ ਮੂਹਰੇ ਆ ਗਏ ਬਣ ਅਫਲਾਤੂਨੀ
ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ

ਅਸੀਂ ਖੜੇ ਖੜੋਤੇ ਕੰਬ ਗਏ ਪਰਛਾਵੇਂ ਬਦਲੇ
ਸਾਡੇ ਆਪਣੇ ਪਟਵਾਰੀਆਂ ਸਾਡੇ ਨਾਂਵੇਂ ਬਦਲੇ

ਸਾਨੂੰ ਸੁਰਤ ਨਾ ਹੋਈ ਹੋਵਂਦੇ ਕਿੰਝ ਘਾਟੇ ਵਾਧੇ
ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ

ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ
ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ

ਸਾਡਾ ਗੰਨਾ ਮਿੱਲ ਨੇ ਪੀੜਿਆ ਰਹੁ ਰੱਤੀ ਨਿਕਲੀ
ਉਸ ਰੱਤ ਚੋਂ ਪੱਗਾਂ ਵਾਲੇਆਂ ਦੀ ਪੱਤੀ ਨਿਕਲੀ

ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ
ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਬਹਿ ਗਈ

ਕਿੰਝ ਆਖਾਂ ਸਾਹ ਦੀਏ ਮੰਡੀਏ ਕਿੰਝ ਮੰਦਾ ਹੁੰਦਾ
ਮੈਂ ਰੱਬ ਨਾਲ ਦੁਖੜੇ ਫੋਲਦਾ ਜੇ ਬੰਦਾ ਹੁੰਦਾ
ਮੈਂ ਰੱਬ ਨਾਲ ਦੁਖੜੇ ਫੋਲਦਾ ਜੇ ਬੰਦਾ ਹੁੰਦਾ ....