Saturday, 16 February 2013

ਗਮਲੇ ਦੇ ਵਿੱਚ ਕਣਕਾਂ ਲਾਈ ਬੈਠੇ ਹਾਂ - ਜਤਿੰਦਰ ਲਸਾੜਾ

ਪਿੰਡਾਂ ਦੀ ਇੰਝ ਯਾਦ ਸਮਾਈ ਬੈਠੇ ਹਾਂ ॥
ਗਮਲੇ ਦੇ ਵਿੱਚ ਕਣਕਾਂ ਲਾਈ ਬੈਠੇ ਹਾਂ ॥

ਸਾਂਭ ਕੇ ਚੰਦ ਖਿਡੌਣੇ, ਲਾ ਕੇ ਤਸਵੀਰਾਂ,

ਕਹਿੰਦੇ ਸਭਿਆਚਾਰ ਬਚਾਈ ਬੈਠੇ ਹਾਂ !!

ਬਰਫ਼ਾਂ ਵਰਗੇ ਮੌਸਮ ਵਿੱਚ ਤਨਹਾਈ ਦੇ,

ਯਾਦਾਂ ਦੀ ਇੱਕ ਭੱਠ ਮਘਾਈ ਬੈਠੇ ਹਾਂ ॥ 

ਭਰਮ ਜਿਹਾ ਹੈ ਸਭ ਕੁੱਝ ਹੈ ਅਨਕੂਲ ਜਿਹਾ,

ਕੰਡਿਆਂ ਵਰਗੀ ਸੇਜ ਸਜਾਈ ਬੈਠੇ ਹਾਂ ॥

ਵੇਚ ਜ਼ਮੀਰਾਂ, ਇੱਜਤਾਂ ਅਤੇ ਵਫ਼ਾਵਾਂ ਸਭ,

ਲੱਪ ਕੁ ਡਾਲਰ ਜੇਬ੍ਹ 'ਚ ਪਾਈ ਬੈਠੇ ਹਾਂ ॥

ਕਦੋਂ ਲਸਾੜੇ ਮਿਟਣਾ ਨੇਰ੍ਹ ਨਸੀਬਾਂ ਦਾ,

ਆਸਾਂ ਦਾ ਇੱਕ ਦੀਪ ਜਗਾਈ ਬੈਠੇ ਹਾਂ ॥

No comments:

Post a Comment