ਮੈਂ ਬੋਲੀ ਦੇਸ ਪੰਜਾਬ ਦੀ, ਮੇਰੀ ਚਰਚਾ ਵਿੱਚ ਜਹਾਨ।
ਮੈਨੂੰ ਗੋਦ ਖਿਡਾਇਆ ਜੋਗੀਆਂ, ਜਿਹੜੇ ਦਰ-ਦਰ ਅਲਖ ਜਗਾਣ।
ਮੈਨੂੰ ਲੋਰੀ ਦਿੱਤੀ ਫ਼ਰੀਦ ਨੇ, ਅਤੇ ਬੁੱਲੇ, ਬਾਹੂ ਸੁਲਤਾਨ।
ਮੈਨੂੰ ਅਰਸ਼ ਚੜ੍ਹਾਇਆ ਫ਼ਰਸ਼ ਤੋਂ, ਫੇਰ ਦਸ ਗੁਰੂ ਸਾਹਿਬਾਨ।
ਮੈਨੂੰ ਗੁਰ-ਗੱਦੀ ਸੀ ਬਖਸ਼ਤੀ, ਲਿਖ ਗੁਰੂ ਗ੍ਰੰਥ ਮਹਾਨ।
ਅੱਖੀਂ ਵੇਖ ਦਮੋਦਰ ਬੋਲਿਆ, ਹੀਰ ਬਣ ਗਈ ਓਦੋਂ ਰਕਾਨ।
ਪੀਲੂ, ਵਾਰਸ, ਸ਼ਾਹ ਹੁਸੈਨ ਤੇ ਮੇਰਾ ਹਾਸ਼ਮ, ਕਾਦਰ ਮਾਣ।
ਮੇਰੇ ਹਾਲ਼ੀ-ਪਾਲ਼ੀ ਲ਼ਾਡਲ਼ੇ, ਖੇਤੀਂ ਗੀਤ ਸ਼ੌਂਕ ਨਾਲ ਗਾਣ।
ਢੱਡ ਸਰੰਗੀ, ਤੂੰਬੀਆਂ, ਅਲਗੋਜ਼ੇ ਕਈ ਵਜਾਣ।
ਸਾਜੋਂ ਬਿਨਾਂ ਕਵੀਸ਼ਰ ਗੱਜਦੇ, ਤੇ ਰੱਖਦੇ ਮੇਰਾ ਮਾਣ।
ਮੇਰੇ ਪੈਂਤੀ ਅੱਖਰ, ਲਗ-ਮਾਤਰਾਂ, ਏਨ੍ਹਾਂ ਵਿੱਚ ਹੈ ਏਨੀ ਜਾਨ।
ਮੇਰਾ ਸ਼ਬਦ ਭੰਡਾਰ ਭਰਪੂਰ ਹੈ, ਮੈਂ ਖੋਜ ਲਿਖਾਂ ਵਿਗਿਆਨ।
ਮੇਰੇ ਨਾਵਲ, ਨਾਟਕ, ਕਹਾਣੀਆਂ, ਸੋਹਣੇ ਲੇਖ ਅਕਲ ਦੀ ਖਾਣ।
ਮੇਰੇ ਗ਼ਜ਼ਲਾਂ, ਗੀਤ, ਰੁਬਾਈਆਂ, ਵਾਰਾਂ ਕਵਿਤਾ ਵਿੱਚ ਤੂਫ਼ਾਨ।
ਮੇਰੇ ਗੀਤਾਂ ਨੂੰ ਰੰਗ ਬਖਸ਼ਦੇ, ਸੰਧੂ, ਸਿੱਧੂ, ਔਲਖ, ਮਾਨ।
ਮੇਰੀ ਚੜ੍ਹਦੀ ਕਲਾ ਨੂੰ ਵੇਖ ਕੇ, ਅੱਜ ਦੁਨੀਆਂ ਹੋਈ ਹੈਰਾਨ।
ਸੁਣੋ ਨਵੇਂ ਯੁੱਗ ਦੇ ਪਾੜ੍ਹਿਓ, ਕਿਉਂ ਲੱਗ ਪਏ ਮੈਨੂੰ ਭੁਲਾਣ।
ਜਾਗੋ ਕਿਰਤੀ ਪੁੱਤ ਪੰਜਾਬੀਓ, ਵੇ ਮੈਂ ਥੋਡੀ ਅਣਖ ਤੇ ਆਨ
No comments:
Post a Comment