Saturday, 23 February 2013


ਹਿੱਕ ਦੇ ਜ਼ੋਰ ‘ਤੇ ਗਾਉਣ ਵਾਲੇ ਗਾਇਕ - -ਬਲਬੀਰ ਸਿੰਘ ਦਿਲਦਾਰ
Karamjit Dhuri
ਜਦੋਂ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਦੇ ਰਿਕਾਰਡ ਹੋਏ ਪੰਜਾਬੀ ਗੀਤ ਸੁਣੇ ਜਾਣ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਦੇ ਗਾਇਕ ਹਿੱਕ ਦੇ ਜ਼ੋਰ ਨਾਲ ਗਾਇਆ ਕਰਦੇ ਸਨ। ਲੰਮੀ ਤੇ ਸੁਰੀਲੀ ਹੇਕ ਕਲਾਕਾਰ ਨੂੰ ਗੀਤ ਨਾਲੋਂ ਵੱਖਰੇ ਨੰਬਰ ਦੇਣ ਦਾ ਹੱਕਦਾਰ ਬਣਾਉਂਦੀ ਸੀ। ਕੁਝ ਪੰਜਾਬੀ ਗਾਇਕਾਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਪੁਰਾਣੇ ਸਮੇਂ ਵਿੱਚ ਲੰਮੀਆਂ ਹੇਕਾਂ ਲਾ ਕੇ ਆਪਣੇ ਗੀਤ ਰਿਕਾਰਡ ਕਰਵਾਏ। ਜ਼ਿਲ੍ਹਾ ਸੰਗਰੂਰ ਦੇ ਧੂਰੀ ਸ਼ਹਿਰ ਵਿੱਚ ਵਸਦੇ ਉਸਤਾਦ ਗਾਇਕ ਕਰਮਜੀਤ ਸਿੰਘ ਧੂਰੀ ਨੂੰ ਕੌਣ ਨਹੀਂ ਜਾਣਦਾ। ਆਪਣੇ ਸਮੇਂ ਦਾ ਉੱਚਕੋਟੀ ਦਾ ਇਹ ਗਾਇਕ ਲੰਮੀਆਂ ਹੇਕਾਂ ਲਾ ਕੇ ਗੀਤ ਰਿਕਾਰਡ ਕਰਵਾਉਂਦਾ ਰਿਹਾ ਹੈ। ਹੋਰ ਗੀਤਾਂ ਤੋਂ ਇਲਾਵਾ ਪ੍ਰਸਿੱਧ ਗੀਤ ‘ਮਿੱਤਰਾਂ ਦੀ ਲੂਣ ਦੀ ਡਲੀ’ ਨੂੰ ਕਰਮਜੀਤ ਧੂਰੀ ਨੇ ਅਨੋਖੀਆਂ ਅਤੇ ਸੁਰੀਲੀਆਂ ਹੇਕਾਂ ਨਾਲ ਵਿਸ਼ਵ ਪ੍ਰਸਿੱਧ ਬਣਾ ਦਿੱਤਾ। ਮੁਹੰਮਦ ਸਦੀਕ ਨੂੰ ਭਾਵੇਂ ਦੋ-ਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਸਦੀਕ ਨੇ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਕਰਵਾਏ ਹਨ। ਜੇ ਸਦੀਕ ਦੀ ਹੇਕ ਦਾ ਕਮਾਲ ਵੇਖਣਾ ਹੋਵੇ ਤਾਂ ਉਸ ਦਾ ਰਿਕਾਰਡ ਗੀਤ, ਜਿਸ ਨੂੰ ਦੀਦਾਰ ਸੰਧੂ ਨੇ ਲਿਖਿਆ ਸੀ, ‘ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ-ਗਲੀ’ ਨੂੰ ਸੁਣ ਕੇ ਵੇਖੋ।
Narinder Biba
ਮਰਹੂਮ ਗਾਇਕਾ ਨਰਿੰਦਰ ਬੀਬਾ ਨੂੰ ਜੇ ਲੰਮੀ ਹੇਕ ਦੀ ਮਲਿਕਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੀਬਾ ਦੇ ਅਨੇਕਾਂ ਗੀਤ ਲੰਮੀਆਂ ਹੇਕਾਂ ਨਾਲ ਰਿਕਾਰਡ ਹੋਏ। ਬੀਬਾ ਦਾ ਇੱਕ ਧਾਰਮਿਕ ਮੀਤ ‘ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ’ ਦੀ ਸ਼ੁਰੂਆਤੀ ਹੇਕ ਸੁਣ ਹੀ ਡੌਲੇ ਫਰਕਣ ਲੱਗ ਪੈਂਦੇ, ਕਿਉਂਕਿ ਗੀਤ ਮੈਦਾਨੇ ਜੰਗ ਵਿੱਚ ਜੂਝਣ ਲਈ ਪ੍ਰੇਰਦਾ ਹੈ। ਚਾਂਦੀ ਰਾਮ ਚਾਂਦੀ (ਮਰਹੂਮ) ਨੇ ਬਹੁਤ ਸਾਰੇ ਧਾਰਮਿਕ ਅਤੇ ਡਿਊਟ ਗੀਤਾਂ ਵਿੱਚੋਂ ਹੇਕਾਂ ਦੀ ਸਰਦਾਰੀ ਨੂੰ ਬਰਕਰਾਰ ਰੱਖਿਆ ਹੈ। ਪੱਥਰ ਦੇ ਤਵੇ ‘ਤੇ ਰਿਕਾਰਡ ਹੋਇਆ ਅਤੇ ਮਰਹੂਮ ਇੰਦਰਜੀਤ ਹਸਨਪੁਰੀ ਦਾ ਲਿਖਿਆ ਗੀਤ ‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ’ ਵਿੱਚ ਚਾਂਦੀ ਨੇ ਸ਼ੁਰੂਆਤੀ ਹੇਕ ਲਾਈ ਹੈ। ਸ਼ਾਂਤੀ ਦੇਵੀ ਨਾਲ ਰਿਕਾਰਡ ਹੋਇਆ ਇਹ ਗੀਤ, ਲੋਕ ਗੀਤਾਂ ਵਰਗਾ ਰੁਤਬਾ ਰੱਖਦਾ ਹੈ।
       ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਸਾਦੀ ਬਖਸ਼ੀ ਵੱਲੋਂ ਗਾਇਆ ਗੀਤ ‘ਦਾਤੀ ਨੂੰ ਲਵਾਦੇ ਘੁੰਗਰੂ, ਤੇਰੇ ਨਾਲ ਵੱਢੂੰਗੀ ਹਾੜ੍ਹੀ’ ਵਿੱਚ ਵੀ ਗਾਇਕ ਨੇ ਸ਼ੁਰੂਆਤੀ ਹੇਕ ਲਾਈ ਹੈ। ਹੇਕ ਤੋਂ ਬਾਅਦ ਬੀਬਾ ਜੱਸੀ ਫਲੋਰਾ ਦੀ ਆਵਾਜ਼ ਵਿੱਚ ਡਿਊਟ ਗੀਤ ਅੱਗੇ ਚੱਲਦਾ ਹੈ।
 
Lal chand Yamla Jat


ਉੱਚੀਆਂ ਸੁਰਾਂ ਅਤੇ ਅਲਗੋਜ਼ਿਆਂ ਨਾਲ ਗਾਉਣ ਵਾਲੀ ਗੁਰਮੀਤ ਬਾਵਾ ਵੀ ਲੰਮੀਆਂ ਹੇਕਾਂ ਲਾਉਣ ਦੀ ਮਾਹਿਰ ਹੈ।
ਇਸ ਗਾਇਕਾ ਦੀਆਂ ਹੇਕਾਂ ਦੀ ਕਮਾਲ ਵੇਖਣੀ ਹੋਵੇ ਤਾਂ ਉਸ ਵੱਲੋਂ ਗਾਏ ਜੁਗਨੀ, ਮਿਰਜ਼ਾ ਤੇ ਲੋਕ ਗੀਤ ਸੁਣ ਕੇ ਵੇਖੋ। ਪੰਜਾਬੀ ਗਾਇਕੀ ਦਾ ਫੱਕਰ ਗਾਇਕ ਲਾਲ ਚੰਦ ਯਮਲਾ ਜੱਟ ਆਪਣੇ ਅਨੋਖੇ ਅੰਦਾਜ਼ ਵਿੱਚ ਹੇਕ ਲਾਇਆ ਕਰਦਾ ਸੀ। ਯਮਲੇ ਦੇ ਹੋਰਨਾਂ ਗੀਤਾਂ ਤੋਂ ਇਲਾਵਾ ਉਸ ਦੇ ਗੀਤ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ’ ਅਤੇ ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ’ ਵਿੱਚ ਉਸ ਦੀਆਂ ਵਿਲੱਖਣ ਹੇਕਾਂ ਸਰੋਤੇ ਨੂੰ ਮੰਤਰ-ਮੁਗਧ ਕਰ ਦਿੰਦੀਆਂ ਹਨ। ਨਵੇਂ ਗਾਇਕਾਂ ਵਿੱਚੋਂ ਮਰਹੂਮ ਸੁਰਜੀਤ ਬਿੰਦਰਖੀਆ ਵੀ ਲੰਮੀਆਂ ਹੇਕਾਂ ਦਾ ਧਨੀ ਕਿਹਾ ਜਾ ਸਕਦਾ ਹੈ। ਉਸ ਵੱਲੋਂ ਰਿਕਾਰਡ ਗੀਤਕਾਰ ਸ਼ਮਸ਼ੇਰ ਸੰਧੂ ਦੀ ਲਿਖੀ ਕੈਸਿਟ ‘ਅੱਡੀ ਉੱਤੇ ਘੁੰਮ’ ਵਿੱਚ ਸੁਰਜੀਤ ਨੇ ਪੰਜ ਤਰਜ਼ਾਂ ਦੀ ਜੁਗਨੀ ਅੱਗੇ 28 ਸੈਕਿੰਡ ਲੰਮੀ ਹੇਕ ਲਾਈ ਸੀ। ਨਵੇਂ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਲੋਕ ਗੀਤ ਤੇ ਸੱਭਿਆਚਾਰਕ ਗੀਤ ਗਾਉਣ ਅਤੇ ਲੰਮੀਆਂ ਹੇਕਾਂ ਦੀ ਪਰੰਪਰਾ ਨੂੰ ਖਤਮ ਨਾ ਹੋਣ ਦੇਣ।
Surjit Bindrakhia
-ਬਲਬੀਰ ਸਿੰਘ ਦਿਲਦਾਰ
From Panjabtimes.co.uk

No comments:

Post a Comment