Saturday, 16 February 2013

ਮੇਰੇ ਦਾਤਿਆ - Jatinder Lasara 


ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ //

ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ //



ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜੇਸ ਤੋਂ,
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ //

ਦੇਵੀਂ ਦੁੱਖ ਸੁੱਖ ਮੇਰੇ ਲਿਖੇ ਜੋ ਨਸੀਬ ਨੇ,
ਸਹਿਣ ਦਾ ਵੀ ਬੱਲ ਬਖ਼ਸ਼ਾਈਂ ਮੇਰੇ ਦਾਤਿਆ //

ਅਮਨ-ਓਂ-ਅਮਾਨ ਹੋਵੇ ਹਰ ਕੋਨੇ ਏਸ ਦੇ,
ਰਹਿਣ-ਯੋਗ ਧਰਤੀ ਬਣਾਈਂ ਮੇਰੇ ਦਾਤਿਆ //

ਭੁੱਖਾ ਨਾ ਕੋਈ ਢਿੱਡ ਸੌਂਵੇਂ ਏਸ ਸੰਸਾਰ 'ਤੇ,
ਹਰ ਇੱਕ ਚੁੰਝ ਦਾਣਾ ਪਾਈਂ ਮੇਰੇ ਦਾਤਿਆ //

ਕਰਾਂ ਜੇ ਬੁਰਾਈ ਮੇਰਾ ਲੱਗੇ ਬੇੜਾ ਪਾਰ ਨਾ,
ਜੜ੍ਹ ਤੋਂ ਬੁਰਾਈ ਨੂੰ ਮੁਕਾਈਂ ਮੇਰੇ ਦਾਤਿਆ //

ਜਿਹਨਾਂ ਨੇ ਬਣਾਏ ਤੇਰੇ ਘਰ ਜ਼ਾਤ-ਪਾਤ ਦੇ,
ਉਹਨਾਂ ਨੂੰ ਸੁਮੱਤ ਬਖ਼ਸ਼ਾਈਂ ਮੇਰੇ ਦਾਤਿਆ //

ਦੌਲਤਾਂ 'ਤੇ ਸ਼ੌਹਰਤਾਂ ਦੀ ਭੁੱਖ ਖੋਹ ਲਸਾੜੇ ਤੋਂ,
ਇੱਕੋ ਭੁੱਖ ਪਿਆਰ ਦੀ ਲਗਾਈਂ ਮੇਰੇ ਦਾਤਿਆ //

No comments:

Post a Comment