ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ - ਸੁਰਜੀਤ ਗੱਗ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ
ਏਥੇ ਵਿਹਲੜ ਰੱਜ ਕੇ ਖਾਂਦੇ ਨੇ, ਤੇ ਕੰਮੀਂ ਭੁੱਖੇ ਮਰਦੇ ਨੇ.....
ਮਿਹਨਤ ਦੀ ਰੁੱਖੀ-ਮਿੱਸੀ ਹੈ, ਉਹ ਵੀ ਸ਼ੁਕਰਾਨਾ ਰੱਬ ਦਾ ਏ
ਮੈਨੂੰ ਤਾਂ ਹਰ ਇੱਕ ਸ਼ਖਸ਼ ਏਥੇ ਬੀਮਾਰ ਹੋ ਗਿਆ ਲੱਗਦਾ ਏ
ਬੰਦੇ ਭੁੱਖ ਦੇ ਨਾਲ ਕਲਪਦੇ ਨੇ, ਤੇ ਕੁੱਤੇ ਬਿਸਕੁੱਟ ਚਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
ਇਨ੍ਹਾਂ ਤੁਰਦੀਆਂ ਫਿਰਦੀਆਂ ਲਾਸ਼ਾਂ ਦਾ, ਕੋਈ ਸੀਮਿਤ ਪਤਾ ਟਿਕਾਣਾ ਨਹੀਂ
ਇਹ ਰੋਜ਼ ਸਫਰ ਤੇ ਰਹਿੰਦੇ ਨੇ, ਪਰ ਹੁੰਦਾ ਕਿਤੇ ਵੀ ਜਾਣਾ ਨਹੀਂ
ਤੜਕੇ ਉੱਠ ਲਾਸ਼ਾਂ ਢੋਂਦੇ ਨੇ, ਜੋ ਰੋਜ਼ ਆਥਣੇ ਮਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
ਕਿਤੇ ਐਤਵਾਰ ਦੀ ਛੁੱਟੀ ਨਾ ਹੋ ਜਾਵੇ ਸੋਚਾਂ ਦੂਰ ਦੀਆਂ
ਭਲਾ ਕੀ ਹਸਰਤਾਂ ਹੁੰਦੀਆਂ ਨੇ, ਇੱਟਾਂ ਪੱਥਦੇ ਮਜ਼ਦੂਰ ਦੀਆਂ
ਅੱਜ ਮਿਲ ਗਈ ਕੱਲ ਦਾ ਪਤਾ ਨਹੀਂ, ਮੌਸਮ ਵਿਗੜਨ ਤੋਂ ਡਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
ਸਭ ਕੁੱਝ ਲੁਟਾ ਕੇ ਵੀ ਅਪਣਾ, ਇੱਜ਼ਤ ਦੀ ਰੋਟੀ ਖਾਂਦੇ ਨੇ
ਇਹ ਕੋਣ ਨੇ ਜਿਹੜੇ ਹੁਣ ਤੀਕਰ, ਇਮਾਨਦਾਰੀ ਨੇ ਮਾਂਜੇ ਨੇ
ਰੱਬ ਡਰਦਿਆਂ ਤਾਈਂ ਡਰਾਉਂਦਾ ਏ, ਇਹ ਡਰਦੇ ਰੱਬ-ਰੱਬ ਕਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
ਭੁੱਖਾਂ ਨਾਲ ਰਿਸ਼ਤਾ ਉਮਰਾਂ ਦਾ, ਕੀ ਜਾਨਣ ਚਾਅ-ਉਮੰਗਾਂ ਨੂੰ
ਪੱਲੂ ਨਾਲ ਢੱਕ ਕੇ ਸਾਰਦੀਆਂ, ਜੋ ਘਸੇ ਬਲਾਊਜ 'ਚੋਂ ਅੰਗਾਂ ਨੂੰ
ਸੁਭਾਗ ਨਾ ਮਿਲਿਆ ਚੁੰਮਣ ਦਾ, ਇਨ੍ਹਾਂ ਦੀ ਵੀਣ੍ਹੀ ਵੰਗਾਂ ਨੂੰ
ਪਹਿਚਾਣ ਨਾ ਮੈਲ਼ੀਆਂ ਨਜ਼ਰਾਂ ਦੀ, ਨਾ ਜਾਨਣ ਸ਼ਰਮਾਂ-ਸੰਗਾਂ ਨੂੰ
ਕੋਈ ਪਤਾ ਕਰੋ ਕਿਉਂ ਹਾਰ ਮੰਨੀ, ਇਨ੍ਹਾਂ ਬਿਨਾਂ ਲੜੇ ਹੀ ਜੰਗਾਂ ਨੂੰ
ਇਨ੍ਹਾਂ ਦੇ ਧੁਆਂਖੇ ਹੋਠਾਂ ਤੇ, ਕਿਉਂ ਗੀਤ ਵੀ ਆ-ਆ ਸੜਦੇ ਨੇ......
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
ਉਦੋਂ ਖਤਰਾ ਹੁੰਦਾ ਲੋਕਾਂ ਨੂੰ, ਜਦੋਂ ਸੰਸਦ ਵਿੱਚ ਸਿਰ ਜੁੜਦੇ ਨੇ
ਉਹ ਕਿਹੜੀ ਬੋਰੀ ਰਹਿ ਗਈ ਏ, ਜਿੱਥੋਂ ਅਜੇ ਵੀ ਦਾਣੇ ਕਿਰਦੇ ਨੇ
ਕਿਵੇਂ ਲੁੱਟਣਾ-ਕੁੱਟਣਾ ਲੋਕਾਂ ਨੂੰ, ਰਹਿਬਰ ਸਕੀਮਾਂ ਘੜਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
ਤਾਂ ਲੱਤਾਂ ਹੀ ਕਟਵਾ ਲਈਆਂ, ਇਨ੍ਹਾਂ ਨੇ ਚਾਦਰ ਵੇਖੀ ਜਾਂ
ਮੈਂ ਪੜ੍ਹ ਕੇ ਕਿੰਝ ਮੁਟਿਆਰ ਹੁੰਦੀ, ਮੈਂ ਕੌਮ ਕਬੀਲਿਓਂ ਛੇਕੀ ਹਾਂ
ਕੁੱਝ ਗੱਗ ਜਿਹੇ ਬਹੁਤੇ ਪੜ੍ਹ ਗਏ ਜੋ, ਸਾਡੇ ਰਾਹੀਂ ਕੰਡੇ ਧਰਦੇ ਨੇ
ਮੇਰੇ ਦੇਸ਼ ਦੇ ਲੋਕ ਅਜੀਬ ਜਿਹੇ, ਪੱਥਰਾਂ ਦੀ ਪੂਜਾ ਕਰਦੇ ਨੇ.......
No comments:
Post a Comment