ਅੱਖਰਾਂ ਵਿੱਚ ਸਮੁੰਦਰ ਰੱਖਾਂ - ਬਾਬਾ ਨਜ਼ਮੀ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।
ਧੂੜਾਂ ਨਾਲ ਕਦੇ ਨਈਂ ਮਰਨਾ ਸ਼ੀਸ਼ੇ ਦੇ ਲਿਸ਼ਕਾਰੇ ਨੇ,
ਜਿੰਨੀ ਮਰਜ਼ੀ ਤਿੱਖੀ ਬੋਲੇ, ਉਰਦੂ ਬਾਲ ਪੰਜਾਬੀ ਦਾ।
ਲੋਕੀਂ ਮੰਗ ਮੰਗਾ ਕੇ ਆਪਣਾ ਬੋਹਲ ਬਣਾ ਕੇ ਬਹਿ ਗਏ ਨੇ,
ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ।
ਜਿਹੜੇ ਆਖਣ ਵਿੱਚ ਪੰਜਾਬੀ ਵੁਹਸਤ ਨਹੀਂ, ਤਹਿਜ਼ੀਬ ਨਹੀਂ,
ਪੜ੍ਹ ਕੇ ਵੇਖਣ 'ਵਾਰਸ', 'ਬੁਲ੍ਹਾ', 'ਬਾਹੂ', 'ਲਾਲ' ਪੰਜਾਬੀ ਦਾ।
ਤਨ ਦਾ ਮਾਸ ਖਵਾ ਦੇਂਦਾ ਏ ਜਿਹੜਾ ਇਸ ਨੂੰ ਪਿਆਰ ਕਰੇ,
ਕੋੲ ਵੀ ਜਬਰੀ ਕਰ ਨਈਂ ਸਕਦਾ ਵਿੰਗਾ ਵਾਲ ਪੰਜਾਬੀ ਦਾ।
ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕੰਮੀਂ ਜਿੰਨੀ ਵੇਖ ਰਿਹਾਂ,
ਦੇਸ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ।
ਗਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤੱਕ ਲਹਿਣਾ ਨਹੀਂ,
ਓਨਾ ਚਿਰ ਤੇ ਹੋ ਨਈਂ ਸਕਦਾ, ਹੱਕ ਬਹਾਲ ਪੰਜਾਬੀ ਦਾ।
ਹੱਥ ਹਜ਼ਾਰਾਂ ਵਧ ਕੇ 'ਬਾਬਾ' ਘੁੱਟ ਦੇਂਦੇ ਨੇ ਮੇਰਾ ਮੂੰਹ,
ਪਰ੍ਹਿਆ ਦੇ ਵਿੱਚ ਜਦ ਵੀ ਚੁੱਕਣਾ ਕੋਈ ਸਵਾਲ ਪੰਜਾਬੀ ਦਾ।
No comments:
Post a Comment