Saturday, 9 February 2013

ਧਰਤੀ ਰੁੱਖਾਂ ਨਾਲ ਸਜਾਈਏ - ਭੂਪਿੰਦਰ ਮਟੌਰਵਾਲਾ




ਆ ਵੇ ਅਰਜਣਾ, ਆ ਵੇ ਸਰਬਣਾ, ਲੋਕਾਂ ਤਾਈਂ ਜਗਾਈਏ।
ਦੂਰ ਦੂਰ ਤੱਕ ਰੁੱਖ ਨਾ ਦਿੱਸਦੇ, ਰਲ਼ ਕੇ ਨਵੇਂ ਲਗਾਈਏ।
ਰੁੱਖਾਂ ਨਾਲ ਏ ਸੋਂਹਦੀ ਧਰਤੀ, ਸਭ ਨੂੰ ਇਹ ਸਮਝਾਈਏ।
ਆਪਣੀ ਧਰਤੀ ਨੂੰ, ਰੁੱਖਾਂ ਨਾਲ ਸਜਾਈਏ।

ਨਿੰਮ, ਬਰੋਟੇ ਰਹੇ ਨਾ ਪਿੱਪਲ, ਨਾ ਦਿਸਦੀ ਕਿਤੇ ਟਾਹਲੀ।
ਅੰਬ, ਜਮੋਏ, ਜਾਮਣ, ਕਿੱਕਰੋਂ, ਧਰਤੀ ਹੋ ਗਈ ਖ਼ਾਲੀ।
ਜੰਡ, ਨਸੂੜਾ ਨਾ ਸੁਹੰਝਣ, ਕਿੱਥੋਂ ਤੂਤਣੀਆਂ ਖਾਈਏ।
ਆਪਣੀ ਧਰਤੀ ਨੂੰ…

ਕਾਂ, ਕਬੂਤਰ, ਕੋਇਲਾਂ, ਚਿੜੀਆਂ, ਤੋਤੇ ਨਜ਼ਰ ਨਾ ਆਂਦੇ।
ਨੀਲ ਕੰਠ ਤੇ ਚੱਕੀਰਾਹਾ, ਮੋਰ ਨੇ ਮੁੱਕਦੇ ਜਾਂਦੇ।
ਘੁੱਗੀਆਂ ਅਤੇ ਗੁਟਾਰਾਂ, ਇੱਲ੍ਹਾਂ, ਬੰਬੀਹੇ ਮੋੜ ਲਿਆਈਏ।
ਆਪਣੀ ਧਰਤੀ ਨੂੰ…

ਰੁੱਖ ਬੜੇ ਉਪਕਾਰੀ ਹੋਵਣ, ਸਭ ਨੂੰ ਸੁੱਖ ਪੁਚਾਂਦੇ।
ਰੁੱਖ ਹੋਵਣ ਤਾਂ ਕੁਦਰਤ ਹੱਸਦੀ, ਇਹ ਦਰਵੇਸ਼ ਕਹਾਂਦੇ।
ਰੁੱਖਾਂ ਨਾਲ ਹੀ ਠੰਢੀਆਂ ਛਾਵਾਂ, ਰੱਬ ਦਾ ਸ਼ੁਕਰ ਮਨਾਈਏ।
ਆਪਣੀ ਧਰਤੀ ਨੂੰ…

ਸੰਭਲ, ਸੰਭਾਲ ਸਮੇਂ ਨੂੰ ਲੋਕਾ, ਬਣ ਸਮੇਂ ਦਾ ਹਾਣੀ।
ਵਾਤਾਵਰਣ ਪਲੀਤ ਹੋ ਗਿਆ, ਗੰਧਲ ਗਿਆ ਏ ਪਾਣੀ।
ਮਟੌਰਵਾਲਿਆ ਤੂੰ ਵੀ, ਆਜਾ, ਸਾਂਝ ਰੁੱਖਾਂ ਨਾਲ ਪਾਈਏ।
ਆਪਣੀ ਧਰਤੀ ਨੂੰ, ਰੁੱਖਾਂ ਨਾਲ ਸਜਾਈਏ।
ਆਪਣੀ ਧਰਤੀ ਨੂੰ…

No comments:

Post a Comment