Monday, 24 November 2014

ਗ਼ਜ਼ਲ - ਰਾਮ ਸਿੰਘ ਭੀਖੀ

ਕੀ ਹੋਇਆ ਜੇ ਵਾਟ ਲਮੇਰੀ ।
ਤੁਰਿਆ ਚਲ ਤੂੰ ਨਾਲ ਦਲੇਰੀ ।
ਮੁਸ਼ਕਿਲ ਹੋ ਜਾਂਦਾ ਹੈ ਜੀਣਾ ,
ਬਹਿ ਜਾਂਦੇ ਜੋ ਢਾਹ ਕੇ ਢੇਰੀ ।
ਸਭ ਕੁਝ ਜਗ ਤੇ ਹੀ ਰਹਿ ਜਾਣਾ ,
ਕਰਦਾ ਕਿਉਂ ਏਂ ਮੇਰੀ-ਮੇਰੀ ।

ਦੀਪ ਜਗਾ ਕੇ ਰੱਖੀ ਹਰਦਮ ,
ਝੁਲਦੀ ਭਾਵੇਂ ਤੇਜ਼ ਹਨੇਰੀ ।
ਈਮਾਨ ਬਚਾ ਕੇ ਰੱਖੀਂ ਤੂੰ ,
ਦੌਲਤ ਮਿਲਜੂ ਹੋਰ ਵਥੇਰੀ ।
ਸਦਕੇ ਜਾਵਾਂ ਵੱਟੇ ਖਾਅ ਕੇ ,
ਮਿੱਠੇ ਮੇਵੇ ਦਿੰਦੀ ਬੇਰੀ ।

ਆਇਆ ਕੋਣ ਹੈ ਸਾਡੇ ਵਿਹੜੇ ,
ਵਿੰਚ ਹਵਾਵਾਂ ਮਹਿਕ ਖਿਲੇਰੀ ।
ਹਿਜਰ ਜਿਦੇ ਵਿੱਚ ਕੋਲੇ ਹੋਇਆ, 
ਉਸਨੇ ਬਾਤ ਨਾ ਪੁਛਣੀ ਤੇਰੀ ।
ਛੱਡ ਦਿਲਾ ਹੁਣ ਭੁਲ ਜਾ ਉਸਨੂੰ,
ਪਉਣੀ ਨਹੀਂਉ ਉਸ ਨੇ ਫੇਰੀ ।
ਹਾਸਿਆ ਦਾ ਘੋਟਨਾ  - ਪ੍ਰੀਤਮ ਦਾਸ ਠਾਕੁਰ ਦੀ ਹਾਸਰਸ ਕਵਿਤਾ

ਇਕ ਦਿਨ ਇਕ ਭੰਗੀ ਦਾ ਖੋਤਾ ਬੰਨ ਪੈ ਕੇ ਸੀ ਮਰਿਆ,
ਗੰਧਰਵ ਸੇਨ ਸੀ ਨਾਮ ਉਸਨੇ ਉਸ ਖੋਤੇ ਦਾ ਧਰਿਆ ,

ਏਨਾ ਓਹਨੇ ਸੋਗ ਮਨਾਇਆ ਫੂਹੜੀ ਓਹਦੀ ਪਾਈ,
ਨਾਈ ਸੱਦ ਕੇ ਉਸੇ ਵੇਲੇ ਦਾਹੜੀ ਮੁਛ ਮੁਨਾਈ,

ਬਾਜ਼ਾਰ ਗਿਆ ਤੇ ਚੋੰਕੀਦਾਰ ਨੇ ਓਹਨੂੰ ਹਾਲ ਪੁਛਾਇਆ,
ਗੰਧਰਵ ਸੇਨ ਕਰ ਗਿਆ ਚਲਾਨਾ ਭੰਗੀ ਆਖ ਸੁਣਾਇਆ ,

ਸੁਣਦੇ ਸਾਰ ਹੀ ਚੋੰਕੀਦਾਰ ਨੇ ਦਾੜੀ ਮੁਛ ਮੁਨਾਈ ,
ਕੱਦੂ ਵਰਗਾ ਸਿਰ ਬਣਵਾ ਲਿਆ ਦੇਰ ਨਾ ਰਤੀ ਲਾਈ,

ਚੋੰਕੀਦਾਰ ਗਿਆ ਜਾਂ ਥਾਣੇ ਸਾਰੇ ਪੁਛਣ ਲੱਗੇ ,
ਮੂੰਹ ਸਿਰ ਦੀ ਤੂੰ ਕੀ ਸਫਾਈ ਇਹ ਕੀ ਭਾਣੇ ਵੱਗੇ ,

ਤੁਹਾਨੂੰ ਪਤਾ ਨਹੀ ਹੈ ਲੱਗਾ ਕੇ ਗੰਧਰਵ ਸੇਨ ਹੈ ਮਰਿਆ ,
ਸਰਕਾਰੀ ਤੁਸੀਂ ਮੁਲਾਜਮ ਹੋ ਕੇ ਸੋਗ ਜਰਾ ਨਾ ਕਰਇਆ ,

ਨਾਈ ਬੁਲਾ ਕੇ ਉਸੇ ਵੇਲੇ ਭੱਦਨ ਓਹਨਾ ਕਰਾਏ,
ਸੁੰਬਰੀ ਹੋਈ ਸੜਕ ਦੇ ਵਾਂਗੂ ਸਾਰਿਆ ਮੂੰਹ ਬਣਵਾਏ ,

ਇਸੇ ਤਰਹ ਸਾਰਿਆ ਉਤੇ ਏਹੋ ਹਾਲਤ ਬੀਤੀ,
ਸਾਰਿਆ ਦਾੜੀ ਮੁਛ ਮੁੰਨਾ ਲਈ ਤਾੜ ਕਿਸੇ ਨਾ ਕੀਤੀ ,

ਰਾਜੇ ਅਤੇ ਵਜੀਰ ਦੋਹਾ ਨੇ ਭਦਨ ਖੂਬ ਕਰਾਇਆ ,
ਗੰਧਰਵ ਸੇਨ ਦੇ ਮਰਨ ਦਾ ਓਹਨਾ ਨੇ ਡਾਢਾ ਸੋਗ ਮਨਾਇਆ ,

ਰਾਣੀ ਨੇ ਰਾਜੇ ਨੂ ਪੁਛਿਆ ਇਹ ਕੀ ਹਾਲ ਬਣਾਇਆ ,
ਕੀਹਦੇ ਸੋਗ ਦੇ ਵਿਚ ਤੁਸਾਂ ਨੇ ਦਾੜੀ ਮੁਛ ਮਨਾਈ ,

ਰਾਜਾ ਕਹਿੰਦਾ ਰਾਣੀ ਤਾਈ ਗੰਧਰਵ ਸੇਨ ਹੈ ਮਰਿਆ ,
ਸਾਰੇ ਸ਼ਹਿਰ ਦੇ ਲੋਕਾਂ ਨੇ ਹੈ ਸੋਗ ਉਸਦਾ ਕਰਿਆ ,

ਕਿਹੜੇ ਦੇਸ਼ ਦਾ ਰਾਜਾ ਹੈ ਸਨ ਗੰਧਰਵ ਸੇਨ ਜੀ ਰਾਏ ,
ਜਿਹਦੇ ਮਰਨੇ ਉਪਰ ਸਾਰਿਆ ਭਦਨ ਹੇਣ ਕਰਾਏ ,

ਰਾਜਾ ਕਹਿੰਦਾ ਰਾਣੀ ਤਾਈ ਕਲ ਨੂੰ ਪੁਛ ਕੇ ਆਉ ,
ਸਾਰਾ ਹਾਲ ਪੁਛ ਕੇ ਓਹਦਾ ਤੇਨੂੰ ਫੇਰ ਸੁਨਾਉ ,

ਇਸੇ ਤਰਾਂ ਸੋਚ ਦੇ ਅੰਦਰ ਰਾਜੇ ਰਾਤ ਲੰਘਾਈ,
ਸਵੇਰੇ ਉਠ ਕੇ ਦਰਬਾਰ ਚ ਆਇਆ ,ਦੇਰ ਰਤਾ ਨਾ ਲਾਈ,

ਸੱਦ ਲਏ ਰਾਜੇ ਕੁੱਲ ਮੁਲਾਜਮ ਜਿੰਨੇ ਹੈ ਸਨ ਸਾਰੇ,
ਗੰਧਰਵ ਸੇਨ ਜੀ ਕੋਣ ਬਸ਼ਰ ਸਨ ਰਾਜਾ ਮੂੰਹੋ ਪੁਕਾਰੇ ,

ਵਜ਼ੀਰ ਪੁਛਦਾ ਥਾਨੇਦਾਰ ਤੋ ਥਾਨੇਦਾਰ ਚੁਪ ਕੀਤਾ
ਦੋ ਮਿੰਟਾ ਵਿਚ ਥਾਨੇਦਾਰ ਨੇ ਚੋੰਕੀਦਾਰ ਸੱਦ ਲੀਤਾ ,

ਚੋੰਕੀਦਾਰ ਨੂੰ ਥਾਨੇਦਾਰ ਨੇ ਸਭਾ ਦੇ ਬੁਲਾਇਆ,
ਚੋੰਕੀਦਾਰ ਫਿਰ ਉਸ ਭੰਗੀ ਨੂੰ ਆਪਣੇ ਨਾਲ ਲੈ ਆਇਆ ,

ਚੋੰਕੀਦਾਰ ਤੋ ਪੁਛਿਆ ਰਾਜੇ ਚੋੰਕੀਦਾਰ ਘਬਰਾਇਆ ,
ਭੰਗੀ ਵੱਲ ਇਸ਼ਾਰਾ ਕਰਕੇ ਆਪਣਾ ਲੜ ਛੁਡਵਾਇਆ ,

ਰਾਜਾ ਸਭਾ ਵਿਚ ਪੁਛਣ ਲੱਗਾ ਭੰਗੀ ਤਾਈ ਬੁਲਾ ਕੇ ,
ਭੰਗੀ ਲੱਗਾ ਰੋਣ ਵਿਚਾਰਾ ਸਭਾ ਦੇ ਅੰਦਰ ਆ ਕੇ .

ਰੋਂਦਾ ਰੋਂਦਾ ਕੋਲ ਰਾਜੇ ਦੇ ਭੰਗੀ ਆਂ ਖਲੋਤਾ ,
ਹਥ ਜੋੜ ਕੇ ਆਖਣ ਲੱਗਾ ਜੀ ਮੇਰਾ ਸੀ ਓਹ ਖੋਤਾ ,

"ਠਾਕੁਰ " ਦੇਸ਼ ਮੇਰੇ ਦੇ ਭਾਇਓ, ਨਜ਼ਮ ਨਾ ਕਦੇ ਭੁਲਾਇਓ.
ਇਕ ਦੂਜੇ ਦੇ ਪਿਛੇ ਲੱਗ ਕੇ ਮੂੰਹ ਸਿਰ ਨਾ ਮੁਨਵਾਇਓ
ਗ਼ਜ਼ਲ – ਓਂਕਾਰਪ੍ਰੀਤ ਸਿੰਘ

ਆਪਾ ਚੁੱਪ ਕਰਾਈਦਾ
ਤਾਂ ਇਕ ਬੋਲ ਉਗਾਈਦਾ


ਚਿਤ ਲਾ ਕੇ ਚਿਤ ਚਿਤਰੀਦਾ
ਤਾਂ ਸ਼ਾਇਰ ਅਖਵਾਈਦਾ


ਦਰਦ ‘ਚ ਦਰਦੀ ਅਜ਼ਮਾ ਕੇ
ਹੋਰ ਨੀ ਦਰਦ ਵਧਾਈਦਾ


ਸ਼ਾਮੀਂ ਘਰ ਨਾ ਮੁੜ ਹੋਵੇ
ਏਨੀ ਦੂਰ ਨਈਂ ਜਾਈਦਾ


ਹੱਥ ਏਧਰ ਮੁਖ ਓਧਰ ਨੂੰ
ਇਓਂ ਨਈਂ ਜਾਮ ਫੜਾਈਦਾ


ਪ੍ਰੀਤ ਝਨਾਂ ਨੂੰ ਤਰਨ ਲਈ
ਡੁੱਬਣਾ ਆਉਣਾ ਚਾਹੀਦਾ

Monday, 17 November 2014

ਰੰਗਲਾ ਪੰਜਾਬ', ਹੋਇਆ 'ਗੰਧਲਾ ਪੰਜਾਬ' - ਸੁਰਿੰਦਰ ਸਿੰਘ ਖ਼ਾਲਸਾ 


ਸੀ ਧਰਤੀ ਪੰਜ ਦਰਿਆਵਾਂ ਦੀ, 
ਛਿੰਝਾਂ ਮੇਲਿਆਂ ਨੂੰ ਊਡੀਕਦੇ ਚਾਵਾਂ ਦੀ ।
ਪੰਜਾਂ ਨੂੰ ਵਿਛੋੜਤਾ ਅਖੌਤੀ ਅਜਾਦੀ ਨੇ, 
ਦਿੱਤਾ ਲੰਗੜਾ ਕਰ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ... ।

ਏਥੋਂ ਦੇ ਲੋਕ ਬੜੇ ਹੀ ਰੰਗੀਲੇ ਨੇ, 
ਪਹਿਲਾਂ ਸੀ ਅਣਖੀਲੇ, ਹੁਣ ਨਸ਼ੀਲੇ ਨੇ।
ਹੁਣ ਤਾਂ ਨਿੱਤ ਹੀ ਮਹਿਫਲਾਂ ਲੱਗਦੀਆਂ ਨੇ,
 ਹਰ ਮਹਿਫਲ 'ਚ ਚੱਲੇ ਸ਼ਰਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..।

ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਏ, 
ਜਿਸ ਵਿਚ ਜ਼ਹਿਰ ਹੀ ਜ਼ਹਿਰ ਵੱਗਦਾ ਏ ।
ਅਫੀਮ ਤੇ ਭੁੱਕੀ ਪਿੰਡ-ਪਿੰਡ ਵਿਕਦੀ ਏ, 
ਹਰ ਨੁੱਕੜ ਤੇ ਵਿਕੇ ਸ਼ਰਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ...।

ਗਭਰੂਆਂ ਜੀਵਨ ਨਸ਼ਿਆਂ 'ਚ ਗਵਾਇਆ ਏ, 
ਸਮੈਕ ਤੇ ਹਿਰੋਇਨ ਦਾ ਵੀ ਚੱਸਕਾ ਲਾਇਆ ਏ ।
ਬਲੈਕੀਏ ਰੱਜ ਕੇ ਨੋਟ ਕਮਾਉਂਦੇ ਨੇ, 
ਘਰਾਂ ਦੇ ਘਰ ਹੋ ਰਹੇ ਬਰਬਾਦ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ....।

ਪੈ ਰਹੇ ਘਰ-ਘਰ ਵੈਣ ਸਿਆਪੇ ਨੇ, 
ਗਭਰੂ ਮਰਦੇ ਤੇ ਰੁਲਦੇ ਮਾਪੇ ਨੇ,
ਨਸ਼ਿਆਂ ਵਿਚ ਜਵਾਨੀਆਂ ਮਰ ਰਹੀਆਂ, 
ਦੇਖ-ਦੇਖ ਕੇ ਝੂੱਠੇ ਖੁਆਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ.....।

ਨੌਂ ਜਵਾਨ ਮਾਰੇ ਬੇ-ਰੋਜ਼ਗਾਰੀ ਦੇ, 
ਸਰਕਾਰਾਂ ਦੀ ਮਾੜੀ ਕਾਰਗੁਜਾਰੀ ਦੇ।
ਕੋਰਸ ਕਰਕੇ ਵੀ ਨੌਕਰੀ ਮਿਲਦੀ ਨਹੀਂ, 
ਭੱਟਕ ਕੇ ਕਰਦੇ ਫਿਰ ਅਪਰਾਧ, 
ਰੰਗਲਾ ਪੰਜਾਬ ਹੋਇਆਂ ਗੰਧਲਾ ਪੰਜਾਬ....।

ਕਿਸਾਨ ਨਿੱਤ ਹੀ ਫਾਹੇ ਲੈ ਮਰਦੇ ਨੇ, 
ਹਾਕਮ ਧਿਆਨ ਨਾ ਭੋਰਾ ਧਰਦੇ ਨੇ।
ਕੁਝ ਸਪਰੇਆਂ ਕਰਦੇ ਮਰ ਜਾਂਦੇ, 
ਕੁੱਝ ਨੂੰ ਕਰਜ਼ਿਆਂ ਕੀਤਾ ਬਰਬਾਦ, 
ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ....।

ਏਥੇ ਭੇਖੀਆਂ ਜ਼ਾਲ ਬਿਛਾਇਆ ਏ, 
ਠੱਗਾਂ ਬਾਣਾ ਸਾਧਾਂ ਦਾ ਪਾਇਆ ਏ ।
ਜਣਾਂ-ਖਣਾਂ ਹੀ 'ਬਾਬਾ' ਬਣ ਬੈਠਾ, 
ਥਾਂ-ਥਾਂ 'ਡੇਰੇ' ਕਰਕੇ ਅਬਾਦ, 
ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ ....।

ਇਕ ਗੰਦ ਗਵਈਆਂ ਪਾਇਆ ਏ, 
ਜਿਹਨਾਂ ਰੱਜ ਕੇ ਮੰਦਾ ਗਾਇਆ ਏ । 
ਸਭਿਆਚਾਰ ਦੀ ਜੱਖਣਾ ਪੁੱਟ ਸੁੱਟੀ, 
ਫਿਰ ਵੀ ਕਹਿੰਦੇ ਨੇ ਗਾਉਂਦਾ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..।

ਮਾਂ ਬੋਲੀ ਨਾਲ ਗੱਦਾਰੀ ਕਰਦੇ ਨੇ, 
ਪੰਜਾਬੀ ਹੋ ਕੇ ਵੀ ਜੋ ਬੋਲਣੋ ਡਰਦੇ ਨੇ ।
ਕਾਗਜ਼ਾਂ 'ਚ ਹੋਰ ਲਿਖਾਉਂਦੇ ਨੇ, 
ਉਂਝ ਕਹਿੰਦੇ ਨੇ ਸਾਡਾ ਹੀ ਪੰਜਾਬ, 
ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ..........।

Wednesday, 12 November 2014

ਸੁਰਜੀਤ ਮੰਡ 
ਮਿਲਣ-ਗਿਲਣ ਵੀ ਸਾਡੇ ਵਿਹੜੇ ਆਇਆ ਕਰ।
ਵੋਟਾਂ ਖਾਤਰ ਹੀ ਨਾ ਗੇੜਾ ਲਾਇਆ ਕਰ।

ਹਰ ਵੇਲੇ ਹੀ ਮੱਥਾ ਘੁੱਟੀ ਰੱਖੇਂ ਤੂੰ,
ਕੋਲ ਕਿਸੇ ਦੇ ਅਪਣਾ ਦਰਦ ਸੁਣਾਇਆ ਕਰ।

ਹਾਸੇ, ਖੁਸ਼ੀਆਂ ਤਾਹੀਂ ਘਰ ਵਿੱਚ ਰਹਿਣਗੀਆਂ,
ਨਿੱਤ ਦਿਹਾੜੇ ਨਾ ਤੂੰ ਝੱਜੂ ਪਾਇਆ ਕਰ।

ਤੇਰੀ ਪੀੜਾ ਫਿਰ ਤੈਨੂੰ ਭੁੱਲ ਜਾਵੇਗੀ,
ਥੋੜ੍ਹੀ-ਥੋੜ੍ਹੀ ਸਭ ਦੀ ਪੀੜ ਵੰਡਾਇਆ ਕਰ।

ਬੈਠ ਲਵੀਂ ਕੁਝ ਵਕਤ ਬਜ਼ੁਰਗਾਂ ਕੋਲੇ ਤੂੰ,
ਨਿੱਕੇ ਬੱਚੇ ਨੂੰ ਵੀ ਕੋਲ ਬਿਠਾਇਆ ਕਰ।

ਸਬਰ ਪਿਆਲਾ ਲੋਕਾਂ ਦਾ ਭਰ ਜਾਵੇ ਨਾ,
ਹਰ ਵਾਰੀ ਨਾ ਨੇਤਾ, ਲਾਰਾ ਲਾਇਆ ਕਰ।

ਦਰਦ-ਵਿਹੂਣੇ ਲੋਕਾਂ ਕੋਲੇ ਭੋਰਾ ਵੀ,
ਭੁੱਲ ਕੇ ਤੂੰ ਨਾ ਆਪਣਾ ਜ਼ਖਮ ਦਿਖਾਇਆ ਕਰ।

Saturday, 8 November 2014


ਧੀਆਂ-ਧਿਆਣੀਆਂ ਦੇ ਨਾਮ - ਗੁਰਿੰਦਰ ਕੌਰ
Dheeyan Dhiyanian De Naam - Gurinder Kaur

ਮੈਨੂੰ ਮਾਨ ਹੈ ਕੇ
ਮੈਂ ਧੀ ਹਾਂ
ਮਾਪਿਆਂ ਦੀ ਦੁਲਾਰੀ ਹਾਂ
ਪੁਤਰਾਂ ਨਾਲੋਂ ਪਿਆਰੀ ਹਾਂ
ਘਰ ਵਿਚ ਰੋਣਕ ਲਗਾਈ ਏ
ਮਾਪਿਆਂ ਦੀ ਇਜ਼ਤ ਵਧਾਈ ਏ ....

ਮੈਨੂੰ ਗਰਵ ਹੈ ਕੇ
ਮੈਂ ਭੈਣ ਹਾਂ ਵੀਰਾਂ ਦੇ ਦਿਲ ਵਿਚ ਵਸਦੀ ਹਾਂ
ਓਹਨਾ ਦੇ ਹਾਸਿਆਂ ਵਿਚ ਹਸਦੀ ਹਾਂ
ਵੀਰਾਂ ਦੇ ਦੁਖ ਵੰਡਾਉਂਦੀ ਹਾਂ ,,
ਸਾਰੀ ਜ਼ਿੰਦਗੀ ਏਹ ਰਿਸ਼ਤਾ ਨਿਭਾਉਂਦੀ ਹਾਂ ....

ਮੈਨੂੰ ਖੁਸ਼ੀ ਹੈ ਕੇ
ਮੈਂ ਦੋਸਤ ਹਾਂ
ਏਸ ਦੋਸਤੀ ਨੂੰ ਦਿਲੋਂ ਨਿਭਾਉਂਦੀ ਹਾਂ ,,
ਹਰ ਵਾਦਾ ਪੂਰ ਚੜਾਉਂਦੀ ਹਾਂ
ਜੇ ਕੋਈ ਗਲਤ ਸੋਚੇ ਇਸ ਰਿਸ਼ਤਾ ਲਈ
ਫੇਰ ਓਹਨੂੰ ਸਬਕ ਸਿਖਾਉਂਦੀ ਹਾਂ .....

ਮੈਨੂੰ ਨਾਜ਼ ਹੈ ਕੇ
ਮੈਂ ਪਤਨੀ ਹਾਂ
ਮੇਰੇ ਮਾਪੇ ਮੈਨੂੰ ਤੋਰ ਦਿੰਦੇ ,,
ਇਕ ਨਵਾਂ ਹੀ ਰਿਸ਼ਤਾ ਜੋੜ ਦਿੰਦੇ
ਇਸ ਰਿਸ਼ਤੇ ਨੂੰ ਦਿਲੋਂ ਨਿਭਾਵਾਂ ਮੈਂ
ਹਥ ਫੜਕੇ ਤੁਰਦੀ ਜਾਵਾਂ ਮੈਂ ....

ਮੈਨੂੰ ਫ਼ਕਰ ਹੈ ਕੇ
ਮੈਂ ਮਾਂ ਹਾਂ
ਮੇਰੀ ਜ਼ਿੰਦਗੀ ਦੀ ਮਾਲਾ ਦੇ ਮੋਤੀ ਨੇ
ਮੇਰੇ ਬਚੇ ਮੇਰੇ ਨੈਣਾਂ ਦੀ ਜੋਤੀ ਨੇ
ਹਥ ਫੜਕੇ ਤੁਰਨਾ ਸਿਖਾਉਂਦੀ ਹਾਂ
ਏਹਨਾ ਨੂੰ ਦੇਖ ਦੇਖ ਕੇ ਜਯੋਂਦੀ ਹਨ ....

ਮੈਨੂੰ ਮਾਨ ਹੈ ਕੇ
ਮੈਂ ਦਾਦੀ ਹਾਂ ਜ਼ਿੰਦਗੀ ਦੇ ਏਸ ਪੜਾਵ
ਤੇ ਮੈਂ ਆਪਣਾ ਬਚਪਨ ਮੁੜ ਜ੍ਯੋੰਦੀ ਹਾਂ
ਜ਼ਿੰਦਗੀ ਦੇ ਤਜ਼ਰਬੇ ਦਸਦੀ ਹਾਂ ਤੇ
ਬਚਿਆਂ ਨੂੰ ਕਹਾਣੀਆਂ ਸੁਣਾਉਂਦੀ ਹਾਂ ...

ਜ਼ਿੰਦਗੀ ਦੀ ਹਰ ਇਕ ਮੁਸ਼ਕਿਲ ਨੂੰ
ਮੈਂ ਹਸਕੇ ਜਿੱਤ ਦਿਖਾਉਂਦੀ ਹਾਂ
ਪਤਾ ਨਹੀ ਫੇਰ ਵੀ ਕਯੋਂ
ਮੈਂ ਕਮਜ਼ੋਰ ਅਖਵਾਉਂਦੀ ਹਾਂ ???

ਮੈਂ ਪੁਛੇਆ ਆਪਣੀ ਮਾਂ ਕੋਲੋਂ
"ਪੁਤਰਾਂ ਵਾਂਗੂ ਤੰਗ ਨਾ ਕਰੀਏ
ਘਰ ਤੇਰੇ ਲਯੀ ਖ਼ਪ ਖ਼ਪ ਮਰੀਏ
ਫੇਰ ਵੀ ਧੀਆਂ ਕਹਾਉਣ ਨਿਕ੍ਮਿਆਂ
ਮਾਏ ਨੀ ਅਸੀਂ ਝੀੜਕਾ ਖਾਨ ਨੂੰ ਜਾਮਿਆਂ ........"

ਅਗੋਂ ਮਾਂ ਨੇ ਪਤਾ ਕੀ ਜਵਾਬ ਦਿਤਾ ???
ਮਾਂ ਨੇ ਕਿਹਾ
" ਧੀਏ ਤੂੰ ਤਾਂ ਅਸਾਡਾ ਮਾਨ ਹੈ ,,
ਸਾਡਾ ਵਜੂਦ ਏਂ ਸਾਡੀ ਪੇਹ੍ਚਾਨ ਹੈ ...
ਕਮਲੇ ਨੇ ਓਹ ਲੋਕ
ਜੋ ਤੇਰੀ ਕਦਰ ਨਹੀਂ ਕਰਦੇ ,,
ਤੂੰ ਤਾਂ ਜਗ ਜਨਨੀ ਤੇ
ਬਹਾਦਰੀ ਦਾ ਪਰਤੀਕ ਹੈ ......."

ਮਾਂ ਕਦੇ ਝੂਠ ਨਹੀਂ ਬੋਲਦੀ ,
, ਏਹਨਾ ਲੋਕਾਂ ਵਾਂਗ ਕਦੇ ਕੁਫ਼ਰ ਨਹੀਂ ਤੋਲਦੀ .....
ਸੋ ਹੁਣ ਕਦੇ ਮੈਨੂੰ ਕਮਜੋਰ ਜਾਂ ਮਜਬੂਰ ਨਾ ਕਿਹੋ ,
, ਕਯੋਂ ਕੀ ਮੈਂ ਚੁਪ ਨਹੀਂ ਰਹਾਂਗੀ ...
ਹੁਣ ਸਬਰ ਨਹੀਂ ਰਿਹਾ ,,
ਕੇ ਆਪਣੇ ਲਯੀ ਕੁਝ ਗਲਤ ਸੁਣ ਸਕਾਂਗੀ ਮੈਂ ....
ਤੇ ਨਾ ਹੀ ਹਿਮਤ ਹੈ ਬਚੀ
ਕੇ ਸੁਣਕੇ ਚੁਪ ਰਹ ਸਕਾਂਗੀ ਮੈਂ ...

ਸੋ ਸਮਾਜ ਦੇ ਠੇਕੇਦਾਰੋ
ਪੇਹਲਾਂ ਤੋਲੋ ਤੇ ਫੇਰ ਬੋਲੋ ਕਯੋਂ ਕੀ
ਪਿਛੋਂ ਪਛਤਾਉਣ ਦਾ ਮੌਕਾ ਨਹੀ ਮਿਲਣਾ ,,
ਅਸਾਡੇ ਦਿਲ ਨੇ ਪਥਰ ਹੋ ਜਾਣਾ
ਤੇ ਮੁੜ ਫੁੱਲਾਂ ਵਾਂਗ ਵੀ ਨਹੀਂ ਖਿਲਣਾ ....

ਔਰਤ ਫੁੱਲਾਂ ਵਾਂਗੂ ਕੋਮਲ ਹੈ ,
, ਏਹਨੂੰ ਪਥਰ ਨਾ ਬਨਾਓ ਦੋਸਤੋ
.... ਏਹਨੇ ਹਰ ਰਿਸ਼ਤਾ ਹੈ ਨਿਭਾ ਲੈਣਾ ,
, ਤੁਸੀਂ ਬਸ ਏਹਦਾ ਮਾਨ ਵਧਾਓ ਦੋਸਤੋ ....
ਏਹਦੀ ਕਦਰ ਹੀ ਪਾਓ ਦੋਸਤੋ .....
ਏਹਨੂੰ ਪੈਰ ਦੀ ਜੁੱਤੀ ਨਾ ਬਨਾਓ ਦੋਸਤੋ ....
ਏਹਦਾ ਦਿਲ ਨਾ ਦੁਖਾਓ ਦੋਸਤੋ ....


'ਮਾਂ-ਬੋਲੀ' -ਆਸ਼ਿਕ ਲਾਹੌਰ
Maa boli - Aashiq Lahore

ਇਸ ਵਿੱਚ ਪੜ ਤੂੰ, 
ਇਸ ਵਿੱਚ ਲਿਖ ਤੂੰ, 
ਇਸ ਵਿੱਚ ਕਰ ਤਕਰੀਰਾਂ ।
'ਮਾਂ-ਬੋਲੀ' ਦਾ ਪੱਲਾ ਫੜ ਲੈ, 
ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, 
ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨਾਂ ਦੇ ਡੁੱਬੀਆਂ, 
ਮਹੁਰਾ ਖਾਧਾ ਹੀਰਾਂ ।

ਸਾਥੋਂ ਚੜਦੀ ਧਰਤੀ ਖੁੱਸੀ, 
ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, 
ਪੱਗ ਵੀ ਲੀਰਾਂ ਲੀਰਾਂ ।

ਸਾਨੂੰ ਡੁਸਕਣ ਵੀ ਨਾ ਦਿੰਦੇ, 
ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, 
ਛਣਕਨ ਨਾ ਜ਼ੰਜੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, 
ਏਥੋਂ ਤੁਰਦੇ ਹੋਏ,
ਥੋੜੇ ਉੱਲੂ-ਬਾਟੇ ਰਹਿ ਗਏ, 
ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, 
ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 
'ਆਸ਼ਿਕ' ਇਹ ਤਕਸੀਰਾਂ ।

ਬਾਣੀ ਤੇ ਅਸੀਂ - Preet Ladhar
Bani Te Asin -

ਬੜਾ ਗੁਰੂਆਂ ਨੇ ਸਮਝਾਇਆ ਏ,
ਬਾਣੀ ਵਿੱਚ ਏਹੋ ਸਿਖਾਇਆ ਏ,

ਅਸੀਂ ਸਾਰੇ ਇੱਕ ਸਮਾਨ ਹਾਂ,
ਇੱਕੋ ਪਿਓ  ਦੀ ਸੰਤਾਨ ਹਾਂ,

ਕੋਈ ਜਾਤ-ਪਾਤ ਨਾਂ ਏਥੇ ਹੈ,
ਇਹ ਤਾਂ ਬੱਸ ਭਰਮ-ਭੁਲੇਖੇ ਹੈ,

ਪਰ ਸਾਨੂੰ ਸਮਝ ਨਾਂ ਆਉਣੀਂ ਏਂ,
ਅਸੀਂ ਏਹੋ ਰੌਲ਼ੀ ਪਾਉਣੀਂ ਏਂ,

ਸਾਡੀ ਵੱਖਰੀ ਜਾਤ-ਬਰਾਦਰੀ ਏ,
ਨਈਂ ਸਾਡੀ ਕੋਈ ਬਰਾਬਰੀ ਏ,

ਸਾਨੂੰ ਜਾਤ-ਪਾਤ ਜਦ ਹੀ ਦਿਸਣਾਂ,
ਫਿਰ ਬੰਦੇ 'ਚੋਂ ਬੰਦਾ ਕੀ ਦਿਸਣਾਂ,

ਨੈਣਾਂ 'ਚੋਂ ਨੀਰ ਏ ਚੋਅ ਪੈਂਦਾ,
ਜਦ ਪ੍ਰੀਤ ਇਹ ਸੋਚਣ ਏ ਬਹਿੰਦਾ,

ਕਿ ਬਾਣੀਂ ਤਾਂ ਅਸੀਂ ਪੜ੍ਹਦੇ ਹਾਂ,
ਫਿਰ ਅਮਲ ਕਿਓਂ ਨਈਂ ਕਰਦੇ ਹਾਂ ?



ਗ਼ਜ਼ਲ - ਰਾਕੇਸ਼ ਤੇਜਪਾਲ 'ਜਾਨੀ'
Ghazal - Rakesh Tejpal 'Jani'

ਐਸੇ ਵੀ ਕੁਝ ਯਾਰ ਰਹੇ ਨੇ
ਦੋ ਧਾਰੀ ਤਲਵਾਰ ਰਹੇ ਨੇ

ਚੁੱਪ ਚਪੀਤੇ ਆ ਖੁਭਦੇ ਸਨ
ਬੁੱਕਲ ਵਿੱਚ ਕਟਾਰ ਰਹੇ ਨੇ

ਨਜ਼ਰ ਮਿਰੇ ਤੇ ਏਦਾਂ ਰੱਖਣ
ਜਿੱਦਾਂ ਝਾਕ ਸ਼ਿਕਾਰ ਰਹੇ ਨੇ

ਲੋੜ ਸਮੇਂ ਨਾ ਨਜ਼ਰੀ ਪੈਂਦੇ
ਪੈਸੇ ਦੀ ਦਰਕਾਰ ਰਹੇ ਨੇ

ਮੇਰੇ ਘਰ ਨੂੰ ਲੁੱਟਣ ਵਾਲੇ
ਮੇਰੇ ਘਰ ਹਥਿਆਰ ਰਹੇ ਨੇ

ਦਿਨ ਮੇਰੇ ਕੀ ਮਾੜੇ ਆਏ
ਮੁੱਢੋਂ ਭੁਲ ਦਿਲਦਾਰ ਰਹੇ ਨੇ

ਜੋ ਕਲ ਕਹਿੰਦੇ ਸਨ ਬਾਊ ਜੀ
ਉਹ ਹੀ ਅਜ ਦੁਤਕਾਰ ਰਹੇ ਨੇ

ਤੂੰਬੇ ਨੂੰ ਉਹ ਤੋੜ ਗਏ ਨੇ
ਜੋ ਤੂੰਬੇ ਦੀ ਤਾਰ ਰਹੇ ਨੇ

'ਜਾਨੀ' ਦੋਸਤ ਦੁਸ਼ਮਣ ਬਣਕੇ
ਵੱਖਰਾ ਅਕਸ ਉਭਾਰ ਰਹੇ ਨੇ

Friday, 7 November 2014

ਨਾਨਕ - ਅਮਰ 'ਸੂਫ਼ੀ' 
Nanak - Amar Sufi 

ਤੇਰਾਂ ਤੇਰਾਂ ਤੋਲੇ ਨਾਨਕ.
ਸੱਚੀ ਬਾਣੀ ਬੋਲੇ ਨਾਨਕ. 

ਬਾਬਰ ਵਰਗੇ ਜਾਬਰ ਅੱਗੇ, 
ਉਸਦੇ ਪਾਜ ਫਰੋਲੇ ਨਾਨਕ.

ਸੱਚੇ ਮਾਰਗ ਉੱਤੇ ਚੱਲੇ, 
ਭੋਰਾ ਭਰ, ਨਾ ਡੋਲੇ ਨਾਨਕ.

ਰਾਜੇ ਸ਼ੀਂਹ, ਮੁਕੱਦਮ ਕੁੱਤੇ, 
ਆਖ ਸੁਣਾਏ ਢੋਲੇ ਨਾਨਕ.

ਬਾਲਾ ਤੇ ਮਰਦਾਨਾ ਸਾਥੀ,
ਚਾਰੇ ਕੂਟ ਫਰੋਲੇ ਨਾਨਕ. 

ਬਣ 'ਗੇ ਨੇ ਦਰਗਾਹੀ ਬਾਣੀ,
ਬੋਲੇ ਜਿਹੜੇ, ਬੋਲੇ ਨਾਨਕ. 

ਸੱਚੀ ਆਖ ਸੁਣਾਈ ਮੂੰਹ 'ਤੇ,
ਨਾ ਥਿੜਕੇ ਨਾ ਡੋਲੇ ਨਾਨਕ. 

ਸੱਚੇ ਸੁੱਚੇ ਮੁੱਲਾਂ ਖਾਤਰ,
ਤਕੜੇ ਹੋ ਕੇ ਬੋਲੇ ਨਾਨਕ. 

ਸਾਵਾਂ ਕਿੰਝ ਸਮਾਜ ਬਣੇਗਾ,
ਢੰਗ ਨਿਰਾਲੇ ਟੋਲੇ ਨਾਨਕ. 

ਤੇਰੇ ਨਾਂ 'ਤੇ ਲੁੱਟ ਮਚਾਈ,
ਪਾ ਕੇ ਸਾਧਾਂ ਚੋਲੇ ਨਾਨਕ. 

ਅਪਣਾ ਸੀਸ ਝੁਕਾਉਂਦੇ ਤੈਨੂੰ, 
'ਸੂਫ਼ੀ' ਵਰਗੇ ਗੋਲੇ ਨਾਨਕ. 
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ - ਅਮਨਦੀਪ ਸਿੰਘ ਟੱਲੇਵਾਲੀਆ (ਡਾ.)
Dharam De Thekedaran - Dr. Amandeep Singh Tallewalia

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ 
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ ਹੈ
ਪਰ, ਉਹਦੀ ਆਖੀ ਹੋਈ ਗੱਲ ਨੂੰ ਦਿਲ ’ਚੋਂ ਅਸੀਂ ਭੁਲਾ ਛੱਡਿਆ ਹੈ
ਮੂਰਤੀਆਂ ਦੀ ਪੂਜਾ ਕਰਦੇ ਕਿਧਰੇ ਪੱਥਰ ਨਾ ਬਣ ਜਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਜੀਵਨ ਜਾਚ ਸਿਖਾਉਂਦੀ ਬਾਣੀ ਇਹ ਕੋਈ ਮੰਤਰ ਜਾਪ ਨਹੀਂ ਹੈ 
ਜੋ ਬਾਣੀ ਨੂੰ ਵੇਚ ਰਹੇ ਨੇ ਇਸ ਤੋਂ ਵੱਡਾ ਪਾਪ ਨਹੀਂ ਹੈ 
ਬਾਣੀ ਪੜ੍ਹੀਏ, ਸੁਣੀਏ, ਗਾਈਏ ਪਰ ਬਾਣੀ ’ਤੇ ਅਮਲ ਕਮਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਚਿੱਟ ਕੱਪੜੀਏ, ਚੋਲਿਆਂ ਵਾਲੇ ਇਹ ਨਾਨਕ ਦੇ ਕੁਝ ਨਹੀਂ ਲੱਗਦੇ
ਭੋਲੇ-ਭਾਲੇ ਲੋਕਾਂ ਨੂੰ ਜੋ ਸੁਰਗ ਦਾ ਲਾਰਾ ਲਾ ਕੇ ਠੱਗਦੇ
ਨਾਨਕ ਦੇ ਵਾਰਿਸ ਨੇ ਕਿਰਤੀ ਇਸ ਗੱਲ ਨੂੰ ਨਾ ਝੁਠਲਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਕਿਰਤ ਕਰੇਂਦਾ, ਵੰਡ ਕੇ ਛਕਦਾ ਜਿਹੜਾ ਨਾਮ ਧਿਆਉਂਦਾ ਏ
‘ਟੱਲੇਵਾਲੀਆ’ ਉਹ ਅਸਲੀ ਸਿੱਖ ਗੁਰੂ ਨਾਨਕ ਨੂੰ ਭਾਉਂਦਾ ਏ 
ਗੁਰੂ ਦੀ ਸਿੱਖਿਆ ਉਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ 
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।
ਮੇਰਾ ਖੋਜ ਮਿਟਾਵਣ ਵਾਲੇ - ਸਾਇਦ ਇਮਰਾਨ ਸਮਰ 
Mera Khoj Mitavan Wale - Sayed Imran Samar

ਮੇਰਾ ਖੋਜ ਮਿਟਾਵਣ ਵਾਲੇ
ਕੱਲਿਆਂ ਛੱਡ ਕੇ ਜਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ,
ਸੁਪਨੇ ਭਾਂਬੜ ਲਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |

ਰਾਹਾਂ ਦੇ ਵਿਚ ਰੋਲਣ ਵਾਲੇ, 
ਜ਼ੁਲਮ ਦੇ ਕੱਪੜ ਤੋਲਣ ਵਾਲੇ !
ਜਿਉਂਦਿਆਂ ਮਾਰ ਮੁਕਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |

ਪੀ ਪੀ ਰੱਤ ਜਿਗਰ ਦੀ ਜਿਹੜੇ, 
ਆਪਣਾ ਰੂਪ ਸੰਵਾਰੀ ਗਏ !
ਐਡਾ ਜ਼ੁਲਮ ਕਮਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |

ਯੂਸਫ਼ ਨਾਲ ਭਰਾਵਾਂ ਕੀਤੀ,
ਹੋਰ ਕਿਸੇ ਕ਼ੀਹ ਕਰਨੀ ਸੀ !
ਖੂਹ ਦੇ ਵਿਚ ਵਗਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਨੇ ਸਨ |

ਬੁੱਲਿਆਂ ਉੱਤੋਂ ਹਾਸੇ ਖੋਹ ਕੇ,
ਅੱਖਾਂ ਵਿੱਚੋਂ ਅੱਥਰੂ ਵੀ !
ਦਿਲ ਦਾ ਮੰਦਰ ਢਾਹਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |

ਏਸੇ ਲਈ ਤੇ ਅੱਧੀ ਰਾਤੀਂ,
ਆ ਗਏ ਖੁੱਲੇ ਬੂਹੇ !
ਮੇਰੇ ਖ਼ਾਬ ਚੁਰਾਵਣ ਵਾਲੇ,
ਗੈਰ ਤੇ ਨਹੀਂ ਸਨ ਆਪਣੇ ਸਨ |

ਕਾਤਲ ਯਾਦਾਂ, ਕਾਲੀਆਂ ਸੋਚਾਂ, 
ਭੇਜ ਕੇ ਮੈਨੂੰ ਸਮਰ !
ਮੇਰਾ ਖੋਜ ਮਿਟਾਵਣ ਵਾਲੇ 
ਗੈਰ ਤੇ ਨਹੀਂ ਸਨ ਆਪਣੇ ਸਨ |
ਦੁੱਖ - ਅਵਤਾਰ ਸਿੰਘ ਮੰਗਾ 
Dukh Avtar Singh Manga

ਉਮਰ ਬਾਲੜੀ ਮੈ ਵਿਆਈ,
ਮਾਪਿਆ ਦਿੱਤੀ ਘਰੋ ਵਿਦਾੲੀ,
ਨਿੱਕੀ ਉਮਰ ਸਮਝ ਨਾ ਕਾਈ,
ਚੰਦਰਾ ਵਿਚੋਲਾ, ਰੱਖ ਗਿਆ ਓਹਲਾ,
ਛੇਤੀ ਤੋਰਕੇ ਮੇਰਾ ਡੋਲਾ,
ਗਲ ਫਾਹਾ ਪਾਗਿਆ ਸੀ,
ਭੁੱਖੇ-ਨੰਗੇ ਦੇ ਲੜ, ਜਾਲਿਮ ਮੈਨੂੰ ਲਾਗਿਆ ਸੀ!!

ਸਿਰ ਦਾ ਸਾਂਈ ਜੋ ਕਮਾਏ,
ਦਾਰੂ ਉੱਤੇ ਖਰਚੀ ਜਾਏ,
ਨਿੱਤ ਸ਼ਾਮ ਨੂੰ ਪੀਕੇ ਆਏ,
ਰੱਖਦੀ ਓਹਲਾ, ਨਾ ਡਰਦੀ ਬੋਲਾਂ,
ਕੀਹਦੇ ਨਾਲ ਦੁੱਖ ਸੁੱਖ ਫੋਲਾਂ,
ਕਰਮਾਂ ਨੂੰ ਰੋਦੀ ਆਂ,
ਪਿਆਰ ਦੇ ਬਦਲੇ ਮਾਹੀ ਤੋ ਕੁੱਟ ਖਾਕੇ ਸੌਦੀ ਆਂ !!

ਹਾੜੀ ਸਾਉਣੀ ਮੈ ਕਮਾਵਾਂ,
ਚੁਗਕੇ ਸਿੱਟੇ ਘਰੇ ਲਿਆਵਾਂ,
ਵਿੱਚ ਭੜੋਲੇ ਦਾਣੇ ਪਾਵਾਂ,
ਜੋ ਵੀ ਸਰਦਾ, ਸੋਚਾਂ ਮੈ ਘਰਦਾ,
ਇਹ ਕਦਰ ਮੇਰੀ ਨੀ ਕਰਦਾ,
ਮੰਦੇ ਬੋਲ ਸਣਾਉਦਾਂ ਏ,
ਹਰ ਪਲ ਲੋਕਾਂ ਸਾਹਮਣੇ ਮੈਨੂੰ ਬੁਰੀ ਬਣਾਉਦਾਂ ਏ.!!

ਰੀਝਾਂ ਮੇਰੀਆਂ ਮਿੱਟੀ ਰਲੀਆਂ,
ਮਿੱਟੀ ਜੰਮੀਆਂ ਮਿੱਟੀ ਪਲੀਆਂ,
ਮੁੱਛ ਲਈਆਂ ਕਿਸੇ ਖਿੜੀਆਂ ਕਲੀਆਂ,
ਚਾਂਅ ਅਧੂਰੇ, ਹੋਣ ਨਾ ਪੂਰੇ,
ਜੇ ਕੁੱਝ ਮੰਗਾਂ ਅੱਗੋ ਘੂਰੇ,
ਡਰਦੀ ਚੁੱਪ ਵੱਟ ਲੈਨੀ ਆਂ,
ਤੂੰ ਕੀ ਜਾਣੇ "ਮੰਗੇ"ਮੈ ਕਿੰਨੇ ਦੁੱਖ ਸਹਿੰਨੀ ਆਂ!!

Saturday, 1 November 2014

 ਵਿਅੰਗ ਗ਼ਜ਼ਲ - ਅਮਰ ਸੂਫੀ 
Viang Ghazal - Amar Sufi

ਗੱਲ ਸੁਣ ਇਧਰ ਆ ਭਾਈਆ।ਕੰਮ 'ਚ ਹੱਥ ਵੰਡਾ ਭਾਈਆ।

ਰੋਟੀ ਲਾਹੁਣ ਤੋਂ ਮੈਂ ਬੈਠੀ,ਚੱਲ ਤੰਦੂਰ ਤਪਾ ਭਾਈਆ।

ਭੱਜੀਂ-ਭੱਜੀਂ ਕਰ ਦਿੱਤਾ ਹੈ,ਮਹਿੰ ਦਾ ਫੋਸ ਹਟਾ ਭਾਈਆ।

ਧੋ ਕੇ ਰੱਖੇ ਹੋਏ ਨੇ ਮੈਂ,ਕੱਪੜੇ ਸੁਕਣੇ ਪਾ ਭਾਈਆ।

ਜੇਕਰ ਚਾਹ ਤੂੰ ਪੀਣੀ ਹੈ,ਹੱਥੀਂ ਆਪ ਬਣਾ ਭਾਈਆ।

ਲੰਗਰ ਲਾਹ ਕੇ ਵੀ ਰੱਖ ਦਿੱਤੈ,ਖਾਣਾ ਹੈ ਤਾਂ ਖਾ ਭਾਈਆ।

ਘਰ ਦੇ ਕਿੰਨੇ ਕੰਮ ਪਏ ਨੇ,ਹੱਥੋ ਹੱਥ ਮੁਕਾ ਭਾਈਆ।

ਵੇਲਾ ਹੋ ਗਿਐ ਛੁੱਟੀ ਦਾ,ਗੁੱਡੂ ਨੂੰ ਲੈ ਆ ਭਾਈਆ।

ਅੱਜ ਅਪਣਾ ਬੀਰੂ ਨਈਂ ਆਇਆ,ਝਾੜੂ ਪੋਚਾ ਲਾ ਭਾਈਆ।

ਜਿੰਨੀ ਦੇਰ ਪ੍ਰਾਹੁਣੇ ਬੈਠਣ,ਛੱਤ ਉਤੇ ਚੜ੍ਹ ਜਾ ਭਾਈਆ।

ਕੱਪੜਿਆਂ ਨੂੰ ਕਰਦੇ 'ਲੋਹਾ',ਦੇਵੀਂ ਨਾ ਕਿਤੇ ਮਚਾ ਭਾਈਆ।

ਚੱਕੀ ਵੱਲੇ ਜਾ ਭਾਈਆ,ਆਟਾ ਵੀ ਚੁੱਕ ਲਿਆ ਭਾਈਆ।

ਘੋਨੇ ਕੇ ਮੁੰਡੇ ਦਾ ਮੰਗਣੈਜਾਹ, ਸ਼ਗਨ ਦੇ ਆ ਭਾਈਆ।

ਸਾਰਾ ਦਿਨ ਤੂੰ ਵਿਹਲਾ ਰਹਿੰਦੈਂ,ਮੁੰਨੇ ਤਾਈਂ ਖਿਡਾ ਭਾਈਆ।

ਡੰਗਰ ਵੱਛੇ ਦੇ ਕੋਲੇ ਤੂੰ,ਅਪਣਾ ਮੰਜਾ ਡਾਹ ਭਾਈਆ।

ਨੂੰਹ ਦੀ ਚੌਧਰ ਚੱਲੇ 'ਸੂਫ਼ੀ',ਨਿਵ ਕੇ ਵਕਤ ਟਪਾ ਭਾਈਆ।