Sunday, 28 July 2013

ਸਮਿਆਂ ਅਸੀਂ ਬਦਲਾਂਗੇ ਤੇਰੀ ਤੋਰ - ਸੁਰਜੀਤ ਗਿੱਲ ਘੋਲੀਆ [ਮੋਗਾ]

ਸਮਿਆਂ ਅਸੀਂ ਬਦਲਾਂਗੇ ਤੇਰੀ ਤੋਰ - ਸੁਰਜੀਤ ਗਿੱਲ ਘੋਲੀਆ [ਮੋਗਾ]


ਵਾਹ ਵੇ ਗਲੋਟਿਆ ਮਨ ਦਿਆ ਖੋਟਿਆ,ਹੈ ਤੂੰ ਹੀ ਸਾਡਾ ਚੋਰ ,
ਸਾਡਾ ਰੰਗ ਸੀ ਚਿੱਟਾ ਬਰਫ਼ ਵਾਂਗ ,ਸਾਡਾ ਰੂਪ ਸੀ ਨਵਾਂ ਨਕੋਰ।

ਤੂੰ ਖੋਹ ਲਿਆ ਸਾਡਾ ਰੰਗ ਰੂਪ ,ਹੈ ਚੱਲ ਗਿਆ ਤੇਰਾ ਜੋਰ ,
ਜੀਵੇ ਸਾਨੂੰ ਕੱਤਣ ਵਾਲੀ ,ਨਹੀਂ ਭੋਰਾ ਦਿਲ ਦੀ ਕਮਜ਼ੋਰ।

ਅਸੀਂ ਨਹੀਂ ਸਮਿਆਂ ਤੈਥੋਂ ਹਾਰਦੇ ਭਾਵੇਂ ਕਰਲੈ ਯਤਨ ਕਰੋੜ ,
ਜੋ ਡਰ ਹਥਿਆਰ ਨੇ ਸੁੱਟਦੇ .ਓਹੋ ਹੋਵਣਗੇ ਕੋਈ ਹੋਰ।

ਸਾਨੂੰ ਗੁੜਤੀ ਲੜਕੇ ਮਰਨ ਦੀ ਅਸੀਂ ਬਦਲਾਂਗੇ ਤੇਰੀ ਤੋਰ ,
ਜੋ ਆਪ ਕਾਲ ਤੋਂ ਮੁਕਤ ਹੈ ,ਸਾਡੀ ਉਸਦੇ ਹਥ ਹੈ ਡੋਰ।

ਅਸੀਂ ਮੰਨਦੇ ਤੂੰ ਬਲਵਾਨ ਹੈਂ ,ਪਰ ਨਹੀਂ ਸਰਵ ਸ਼ਕਤੀਮਾਨ ,
ਸਾਡੇ ਸਿਰਜਨਹਾਰੇ ਨੇ ਬਖਸ਼ਿਆ ,ਸਾਨੂੰ ਵੀ ਸਵੈ ਮਾਣ।

ਅਸੀਂ ਹਾਰਨਾ ਨਹੀਂ ਜਾਣਦੇ,ਨਹੀਂ ਜਿੱਤ ਤੋਂ ਉਰੇ ਮੁਕਾਮ ,
ਜਦੋਂ ਰਾਹ ਮੰਜ਼ਿਲ ਦੇ ਪੈ ਗਏ,ਸਾਡੇ ਕਦਮ ਓਹੋ ਚੁਮੇੰਗੀ ਆਣ,

ਅਸੀਂ ਵਾਂਗ ਪਤੰਗੇ ਹਾਂ ਜਾਣਦੇ ਹੋਣਾ ਲਾਟ ਲਈ ਕੁਰਬਾਨ ,
ਅਸੀਂ ਰੁਖ ਇਤਹਾਸ ਦਾ ਮੋੜਦੇ ,ਏਹੇ ਜਾਣੇ ਕੁੱਲ ਜਹਾਨ।

ਮੁੜ ਪੈਰ ਪਿਛੇ ਨਹੀਂ ਖਿਚਦੇ ਦੇ ਦੇਈਏ ਜਿਥੇ ਜਬਾਨ ,
ਜੋ ਰਹਿੰਦੇ ਚੜਦੀ ਕਲਾ ਵਿਚ ਓਸ ਬਾਪੂ ਦੀ ਸੰਤਾਨ।

ਸਮਿਆਂ ਹੁਣ ਤਾਂ ਸਾਨੂੰ ਸਮਝ ਜਾ ਕਿਸ ਮਿੱਟੀ ਦੇ ਇਨਸਾਨ ,
ਓਹਦੇ ਜਿੱਤ ਕਦਮਾਂ ਨੂੰ ਚੁੰਮਦੀ ਹੁੰਦਾ ਜਿਸਦਾ ਲਕਸ਼ ਮਹਾਨ।

ਭਾਵੇਂ ਸਮਿਆਂ ਤੈਥੋਂ ਹਾਰ ਜਾਈਏ ਸਾਡੀ ਹੋਵੇਗੀ ਵਖਰੀ ਸ਼ਾਨ ,
ਹੋ ਜੂ ਅੰਕਿਤ ਵਿਚ ਇਤਹਾਸ ਦੇ ਜੂਝ ਮਰਾਂਗੇ ਵਿਚ ਮੈਦਾਨ,
ਘੋਲੀਆ ਆਖਰੀ ਸਾਹਾਂ ਤੱਕ ਲੜਾਂਗੇ ਅਸੀਂ ਜਿੰਦਗੀ ਦਾ ਘਮਸਾਨ ॥

Saturday, 27 July 2013

ਡਾ ਕਵਲਜੀਤ ਸਿੰਘ ਤੇਜ

ਡਾ ਕਵਲਜੀਤ ਸਿੰਘ ਤੇਜ


ਗਿਦੜਾਂ ਮਿਲ ਕੇ ਮਤਾ ਪਕਾਇਆ,
ਕੁਤਿਆਂ ਵਖਤ ਅਸਾਂ ਨੂੰ ਪਾਇਆ,
ਸ਼ਾਨ ਨਾਲ ਸਾਨੂੰ ਖੜਨ ਨਹੀਂ ਦਿੰਦੇ,
ਪਿੰਡ ਵਿਚ ਸਾਨੂ ਵੜਨ ਨਹੀਂ ਦਿੰਦੇ,
ਜਦ ਕੋਈ ਪਿੰਡ ਦੇ ਕੋਲ ਵੀ ਜਾਂਦਾ,
ਲੱਤ ਪੜਵਾ ਕੇ ਘਰ ਨੂੰ ਆਂਦਾ,
ਕਹਿੰਦੇ ਇਹ ਹੈ ਪਿੰਡ ਅਸਾਡਾ,
ਭੱਜ ਜੋ ਨਹੀਂ ਤੇ ਲਥ ਜੁ ਮਾਂਜਾ,
ਭਲਿਓ...ਬਹੁਤ ਪਰੇਸ਼ਾਨੀ ਹੋਈ,
ਬਾਜ ਨਾ ਆਵੇ ਕੁੱਤਾ ਕੋਈ,
ਇੰਨਾ ਨੂੰ ਦਸ ਕਿੰਜ ਸਮਝਾਈਏ,
ਕਿੰਜ ਇਨਾ ਨੂੰ ਰੋਕਾ ਲਾਈਏ,
ਗਿਦੜਾਂ ਮਿਲ ਕੇ ਕਰੀ ਵੀਚਾਰ,
ਕੁੱਤੇ ਕਰਨੇ ਤਾਰੋ ਤਾਰ,
ਇਕ ਕਹੇ ਮਿਲ ਕਰ ਦੋ ਹੱਲੇ ,
ਇਕ ਕਹਿੰਦਾ ਇੰਨਾ ਦੇ ਕਖ ਨਹੀਂ ਪੱਲੇ,
ਇੱਕ ਕਹੇ, ਚਲ ਛੱਡੋ ਯਾਰੋ ,
ਝਗੜਾ ਕਾਹਤੋਂ , ਗੱਲੀਂ ਬਾਤੀਂ ਸਾਰੋ,
ਇੱਕ ਗਿੱਦੜ ਗਾਂਧੀ ਦਾ ਚੇਲਾ,
ਅਹਿੰਸਾ ਨਾਲ ਜਿਹਦਾ ਪੱਕਾ ਮੇਲਾ,
ਕਹਿੰਦਾ ਕਰ ਦੋ ਭੁਖ ਹੜਤਾਲ,
ਚਲਾ ਕੇ ਚਰਖੇ ਚਲੋ ਚਾਲ,
ਬਾਕੀ ਕਹਿੰਦੇ ਕਮਲਾ ਹੋਇਆਂ,
ਹੋਸ਼ ਕਰ ਚ੍ਬਲਾ, ਅਣਖ ਪਹਿਚਾਨ,
ਅੱਗੇ ਨਹੀਓਂ ਖਾਣ ਨੂੰ ਲਭਦਾ,
ਜੋ ਲਭਦਾ, ਕੁੱਤੇ ਲੈ ਜਾਨ,
ਅਸਾਂ ਵੀ ਲਾਣੀ ਪੂਰੀ ਤਾਣੀ,
ਕਰਨ ਨਾ ਦੇਣੀ ਕੁੱਤੇ ਖਾਣੀ,
ਸੁਨ ਕੇ ਗਿਦੜਾਂ ਨੂੰ ਰੋਹ ਚੜਿਆ,
ਓਏ ਗੱਲੀਂ ਬਾਤੀਂ ਕੱਦ ਕੋਈ ਝੜਿਆ,
ਭੋੰਕ੍ਨ ਦੇ ਇਹ ਮਾਹਰ ਨੇ ਪੂਰੇ,
ਇਲਾਜ ਇਹਨਾ ਦਾ ਸ਼ਿਤਰ ਚਾਰ,
ਸੁਣ ਤਕਰੀਰ ਦਿਲ ਗਿਦੜਾਂ ਧੜਕੇ,
ਮੁਛਾਂ ਕੁੰਡੀਆਂ ਡੋਲੇ ਫੜਕੇ,
ਇਹ ਕੀ ਆਪਣੇ ਆਪ ਨੂੰ ਸਮਝਣ,
ਹਿੰਮਤ ਕੀ ਏ ਮੁਹਰੇ ਖੜ ਜਾਨ,
ਮਿਲ ਕੇ ਆਜੋ ਹਲ੍ਲਾ ਕਰੀਏ,
ਇਕ ਇਕ ਕੁਤੇ ਨੂੰ ਵੱਡ ਧਰੀਏ,
ਕਠੇ ਹੋਈਏ , ਤਾਂ ਰਾਜ ਅਸਾਡਾ,
ਕੁਤਿਆਂ ਨਾਲ ਲਈਏ ਅੱਜ ਆਢਾ,
ਕੁਤਿਆਂ ਨੂੰ ਕ੍ਕੱਡ ਪਿੰਡੋਂ ਸੁਟੀਏ,
ਆਜੋ ਮਿਲ ਕੇ ਧੂੜਾਂ ਪੱਟੀਏ,
ਸੁਣ ਕੇ ਗਿਦੜਾਂ ਲਾਏ ਜੈਕਾਰੋ,
ਕੁਤੇ ਮਾਰੋ ,ਕੁਤੇ ਮਾਰੋ .....
ਯੁਧ ਨੀਤੀ ਦੀ ਖਿਚੀ ਤਿਆਰੀ,
ਫੋਜ ਇਕਠੀ ਕੀਤੀ ਭਾਰੀ,
ਇਕ ਕਹਿੰਦਾ ਜਰਨੈਲ ਬਨਾਵੋ,
ਹਥ ਵਿਚ ਉਦੇ ਕਮਾਂਡ ਫੜਾਵੋ,
ਇਕ ਗਿਦੜ ਨੂੰ ਅੱਗੇ ਕਰਕੇ,
ਓਹਦੀ ਜਿਮੇਵਾਰੀ ਲਾਵੋ,
ਗਿਦੜਾਂ ਵਿਚੋਂ ਗਿਦੜ ਕਢਿਆ,
ਫੂਕਾਂ ਦੇ ਅਸਮਾਨੀ ਛਡਿਆ,
ਕਹਿੰਦੇ ਤੇਰੇ ਤੋਂ ਨੇ ਆਸਾਂ,
ਤੂੰ ਹੈਂ ਗਿਦੜਾਂ ਦਾ ਸਰਦਾਰ,
ਭੂਤਲ ਹੋ ਕੇ ਗਿਦੜ ਖੜਿਆ,
ਅੱਜ ਜੋ ਕੁਤਾ ਹਥ ਤੇ ਚੜਿਆ,
ਬਚ ਕੇ ਨਾ ਓਹ ਕੀਤੇ ਵੀ ਜਾਵੇ,
ਪਿੰਡ ਵਿਚ ਫਿਰ ਓਹ ਪੈਰ ਨਾ ਪਾਵੇ,
ਰਲ ਕੇ ਆਪਾਂ ਵਡਣੇ ਕੁੱਤੇ,
ਕੁਤਿਆਂ ਦੇ ਸਿਰ ਮਾਰਨੇ ਜੁੱਤੇ,

ਫਿਰ ਗਿਦੜਾਂ ਨੇ ਜੋਸ਼ ਨਾਲ ਸੋਚਿਆ ਕੇ ਹੁਣ ਜਰਨੈਲ ਬਣ ਗਿਆ , ਹੂਕ ਕੋਈ ਨਿਸ਼ਾਨੀ ਵੀ ਜਰਨੈਲ ਦੇ ਹੋਣੀ ਚਾਹੀਦੀ ਹੈ ਤਾਂ ਕੇ ਦੂਰੋਂ ਹੀ ਜਰਨੈਲ ਆਉਂਦਾ ਦਿਸੇ , ਸੋ ਓਹਨਾ ਕੀ ਸਕੀਮ ਲਾਈ:

ਫਖਰ ਅਸਾਡਾ, ਜਰਨੈਲ ਲਸਾਨੀ,
ਜਰਨੈਲ ਦੇ ਬੰਨੋ ਇਕ ਨਿਸ਼ਾਨੀ,
ਯੁਧ ਮੈਦਾਨੇ ਦੂਰੋਂ ਦਿਸੇ,
ਸਾਡੀ ਫੋਜ ਦੀ ਮੁਖ ਨਿਸ਼ਾਨੀ,
ਇਕ ਗਿਦੜ ਛੱਜ ਚਕ ਲਿਆਇਆ,
ਜਰਨੈਲ ਦੀ ਪਿਠ ਤੇ ਬੰਨ ਸਜਾਇਆ,
ਕਹਿੰਦੇ ਮਾਣ ਨਾਲ ਤੂੰ ਹੈ ਯੋਧਾ,
ਤੇਰੇ ਪਿਛੇ ਹੈ ਜਰਨੈਲੀ,
ਕੁਤਿਆਂ ਨੂੰ ਵੀ ਭਿਣਕ ਪੈ ਗਈ,
ਗਿਦੜਾਂ ਦੀ ਅੱਜ ਮੱਤ ਬਹਿ ਗਈ,
ਗਿਦੜ ਆਉਂਦੇ ਕਰਨ ਨੂੰ ਹੱਲਾ,
ਢਾਹ ਲੋ ਮਿਲ ਕੇ ਕੱਲਾ ਕੱਲਾ,
ਗਿਦੜ ਸੈਨਾ ਪਿੰਡ ਵਿਚ ਆਈ,
ਜਰਨੈਲ ਅੱਗੇ ਜਰਨੈਲੀ ਲਾਈ,
ਮਾਰ ਲਲਕਾਰਾ ਆ ਜੋ ਕੁਤਿਓ,
ਯੋਧੇ ਦੇਖੋ ਆ ਕੇ ਸੁਤਿਓ,
ਇਕ ਦੋ ਕੁੱਤੇ ਆਉਂਦਿਆਂ ਢਾਹੇ,
ਗਿਦੜਾਂ ਹੋਰ ਵੀ ਹੋਂਸਲੇ ਆਏ,
ਪਿੰਡ ਦੀ ਜਦ ਜੂਹ ਵਿਚ ਆਏ,
ਕੁਤਿਆਂ ਦੀ ਇੰਜ ਹੋਈ ਬੋਛਾੜ,
ਹਮਲਾ ਕੀਤਾ ਤਾਬੜ ਤਾੜ,
ਬਹੁੰ ਬਹੁੰ ਕਰ ਕੇ ਸਾਰੇ ਪੈ ਗਏ,
ਗਿਦੜਾਂ ਨੂੰ ਹੁਣ ਪਿਸੂ ਪੈ ਗਏ,
ਓਏ ਜਾਨ ਬਚਾ ਲੋ, ਭੱਜ ਲੋ ਸਾਰੇ,
ਕੁਝ ਗਿਦੜਾਂ ਨੇ ਕਰੀ ਪੁਕਾਰ,
ਕੁੱਤੇ ਨਿਕਲੇ ਸਾਲੇ ਧਕੜ,
ਗਿਦੜ ਹੋ ਗਏ ਰਫੂ ਚੱਕਰ,
ਕੁੱਤੇ ਮਿਲ ਜਰਨੈਲ ਨੂੰ ਪੈ ਗਏ,
ਜਰਨੈਲ ਨਾਲ ਦੋ ਸਾਥੀ ਰਹਿ ਗਏ,
ਕਮਾਦ ਦੇ ਖੇਤ ਵਿਚ ਲਾਈ ਛਾਲ,
ਛੱਜ ਅੜ ਗਿਆ ਗੰਨਿਆ ਨਾਲ,
ਨਾਲ ਦੇ ਕਹਿੰਦੇ ਰੁਕਿਆ ਕਿਓਂ ਹੈਂ,
ਜਾਨ ਬਚਾ ਲਾਈ ਮਰਦਾ ਕਿਓਂ ਹੈ,
ਕੁੱਤਿਆਂ ਤੇਰਾ ਕੀਮਾ ਕਰਨਾ,
ਵੱਡ ਕੇ ਤੇਰਾ ਕੁੱਕੜ ਧਰਨਾ,
ਬੋਲਿਆ ਖੋਲ ਕੇ ਦਿਲ ਦੇ ਤਾਰ,
ਰੋਂਦਾ ਗਿਦੜਾਂ ਦਾ ਸਰਦਾਰ,
ਮੈਂ ਤਾਂ ਭੱਜਾਂ ਡੰਡੀਓ ਡੰਡੀ,
ਇਹ ਜਰਨੈਲੀ ਨਹੀਓਂ ਭੱਜਣ ਦਿੰਦੀ,
ਮੇਰੇ ਇਹ ਨਾ ਪਿਛੋਂ ਲਥੇ,
ਹੁਣ ਮਰਨਾ ਲਿਖਿਆ ਮੇਰੇ ਮਥੇ,
ਰੋਂਦੇ ਦਾ ਮੇਰਾ ਹਿਰਦਾ ਧੜਕੇ,
ਦਿਨ ਕਲਮੁਹਾ ਚੇਤੇ ਕਰਕੇ,
ਜਿਸ ਦਿਨ ਇਹ ਜਰਨੈਲੀ ਚਕੀ,
ਆਪਣੀ ਧੋਣ ਵਡਾਈ ਪੱਕੀ,
"ਤੇਜ" ਮੱਤ ਮੇਰੀ ਹੁਣ ਲੈ ਕੇ ਜਾਇਓ,
ਜਰਨੈਲੀ ਨੂੰ ਤੁਸੀਂ ਮੁੰਹ ਨਾ ਲਾਇਓ

।।ਸ਼ਬਦਕੋਸ਼ ਦੇ ਬੂਹੇ ਤੇ।। - ਸੁਰਜੀਤ ਪਾਤਰ

।।ਸ਼ਬਦਕੋਸ਼ ਦੇ ਬੂਹੇ ਤੇ।। - ਸੁਰਜੀਤ ਪਾਤਰ


ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿਚ

ਓਏ ਆਉਣ ਦੇ ਕਵੀਆ, ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈਂ ਆਪਣੀ ਕਵਿਤਾ ਵਿਚ
ਡਿਕਸ਼ਨਰੀ ਵਿਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ, ਟਾਈਮਪੀਸ, ਰੇਡੀਓ, ਕਲਾਕ
ਐਕਸਰੇ, ਟੀ ਵੀ, ਵੀਡੀਓ, ਟੈਸਟ ਟਿਊਬ
ਇਹ ਤਾਂ ਤੇਰੀ ਕਵਿਤਾ ਵਿਚ ਵੀ ਆ ਗਏ

ਹਜ਼ੂਰ ਇਹ ਕੋਈ ਲਫਜ਼ ਥੋੜੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ ਇਨਹੇਲਰ ਅਕੁਏਰੀਅਮ
ਇਨਵਰਟਰ, ਡਿਸ਼, ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਆਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਂਵਾਂ ਸਮੇਤ
ਮੈਂ ਕਦੋਂ ਰੋਕਦਾਂ?

ਤੇ ਮੈ ਉਨਾਂ ਵਿਚੋਂ ਨਹੀਂ
ਜਿਹੜੇ
‘ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇਂ
ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਂਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓਂ
ਤਾਂ ਮੈਨੂੰ ਅਜੀਬ ਲਗਦਾ

ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓਂ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ?

ਓਏ ਕਵੀਆ ਕਮਲਿਆ
ਅਸੀਂ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜਦੇ ਬੋਲਦੇ ਨੇ
ਏਸੇ ਆਧਾਰ ਤੇ
ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ
ਇਹਨੂੰ ਫ੍ਰੀਕਿਊਸੀ ਕਹਿੰਦੇ ਨੇ
ਤੂੰ ਵਾਰਵਾਰਤਾ ਕਹਿ ਲੈ
ਜਾਂ ਕੋਈ ਹੋਰ ਲਫ਼ਜ਼ ਘੜ ਲੈ

ਤੇ ਜਾਹ
ਜਾ ਕੇ ਅਖ਼ਬਾਰਾਂ ਪੜ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ, ਰੋੜ ਤੇ ਖਿੱਲਾਂ ਖਾਣ ਦੀ ਥਾਂ
ਪੌਪਕੌਰਨ ਖਾਣੇ ਪਸੰਦ ਕਰਦੇ ਨੇ

ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ਚ ਚੜੇ ਫਿਰਦੇ ਨੇ

ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿਚ ਲੜ ਰਹੀ ਹੈ ਭਾਸ਼ਾ
ਜ਼ਿੰਦਗੀ ਤੇ ਮੌਤ ਦੀ ਲੜਾਈ
ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ:

ਲੰਘ ਆਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ

ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ
ਉਹ ਲੋਕ ਬਣਾਉਂਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿਚ
ਕਾਰਖਾਨਿਆਂ ਵਿਚ
ਵਰਕਸ਼ਾਪਾਂ ਵਿਚ
ਆਪਣੇ ਮਨਾਂ ਵਿਚ
ਆਤਮਾਵਾਂ ਵਿਚ
ਤੇ ਸਿਰਫ਼ ਭਾਸ਼ਾਂ ਨੂੰ ਬਚਾਇਆ
ਨਹੀਂ ਬਚਦੀ ਹੁੰਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖਿਆਲ
ਮਹਾ ਕਰੁਣਾ
ਕਿਸੇ ਮਹਾ ਲਹਿਰ ਦਾ
ਸਰਗੁਣ ਸਰੂਪ ਬਣਕੇ

ਕਵੀ ਨੂੰ ਯਾਦ ਆਏ ਉਹ ਲੋਕ
ਜਿਨਾਂ ਨੇ ਬੁਰੇ ਵਕਤਾਂ ਵਿਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦਿਆਂ
ਖੀਰ ਨੂੰ ਬਾਮਣੀ
ਮੂਲੀ ਨੂੰ ਕਰਾੜੀ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਿਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੇ ਬੁੱਲਿਆਂ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ

ਉਹ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖਾ ਨੂੰ ਕਾਠਗੜ
ਰੋਣ ਮਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮੁਆਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜਦੀ ਕਲਾ ਵਿਚ ਰਹਿੰਦੇ

ਉਹ ਜਿਹੜੇ ਖੂੰਡੇ ਨੂੰ ਕਾਨੂੰਗੋ
ਬੋਲੇ ਨੂੰ ਚੁਬਾਰੇ ਚੜਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇਕ ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ ਮੋਚਨੀ
ਸੂਈ ਨੂੰ ਜੋੜਮੇਲਣੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
ਸ਼ੇਰ ਦੇ ਕੰਨ
ਚੁੱਲੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਦੇ

ਜਿਨਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖਾ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ

ਕੜਕਦੀਆਂ ਧੁੱਪਾਂ ਵਿਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ

ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ

ਉਹ ਹਸਮੁਖ ਹਾਜ਼ਰਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ

ਉਨਾਂ ਦੀ ਟਕਸਾਲ ਸ਼ਬਦ ਦੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ
ਉਨਾਂ ਦੇ ਮੂੰਹੋਂ
ਟਾਪਣਾ ਨਵਾਂ ਨਾਮ ਸੁਣ ਕੇ
ਚੀਜ਼ਾਂ ਹੱਸ ਪੈਦੀਆਂ
ਪੈਰਾਂ ਦੀ ਧੂੜ ਬਣਾ ਲਈਆਂ ਜਿਨਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਕੇ ਕੱਖੋਂ ਹੌਲੇ ਕਰ ਦਿੱਤੇ
ਜਿਨਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ

ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ
ਬ੍ਰਹਿਮੰਡ ਤੱਕ ਫੈਲਾ ਦਿੱਤਾ

ਕਵੀ ਨੂੰ ਯਾਦ ਆਏ
ਅਭਿਧਾ ਲਕਸ਼ਣਾ ਵਿਅੰਜਨਾ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਆਪਣੀ ਭਾਸ਼ਾ ਬੋਲਦੇ

ਕਵੀ ਨੂੰ ਯਾਦ ਆਇਆ ਉਹ ਨਾਅਰਾ
ਮਾਂ ਬੋਲੀ ਜੇ ਭੁੱਲ ਜਾਊਗੇ
ਕੱਖਾਂ ਵਾਗੂੰ ਰੁਲ ਜਾਊਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ ਬੋਲੀ ਨੂੰ ਨਹੀਂ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ

ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
ਖ਼ਿਆਲ
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਆਪਣੇ ਜਾਇਆਂ ਦੇ ਸਹਾਰੇ

ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਜਾਵੇ
ਨਦਰ ਦੀ ਬਖਸੀਸ

ਥੀ ਜਾਣ ਤਨ ਮਨ ਤੇ ਸਬਰ ਹਰੇ।

ਪੈਂਤੀ ਅੱਖਰੀ ਗਿਆਨ - ਪਰਸ਼ੋਤਮ ਲਾਲ ਸਰੋਏ

ਪੈਂਤੀ ਅੱਖਰੀ ਗਿਆਨ - ਪਰਸ਼ੋਤਮ ਲਾਲ ਸਰੋਏ


ੳ- ਕਹੋ ਨਿਆਣਿਓ ਊੜਾ ਊਠ- ਮਾਸਟਰ ਜੀ ਊੜਾ ਊਠ।
ਆਤਮਿਕ ਪੱਖੋਂ ਕੋਈ ਜੀਵਿਤ ਨਾ ਦਿਸਦਾ, ਏਥੇ ਮਿਲਦੇ ਬਹੁਤੇ  ਭੂਤ।

ਅ- ਕਹੋ ਨਿਆਣਿਓ ਅ ਅੱਖ - ਮਾਸਟਰ ਜੀ ਐੜਾ ਅੱਖ।
ਓਏ ਸਮਾਜ ਦਾ ਅਸੀਂ ਕੀ ਏਕਾ  ਕਰਨਾ, ਹਰਾਮੀਂ ਲੀਡਰਾਂ ਨੇ ਘਰ ਵੀ ਕਰਤੇ ਵੱਖ।

ੲ- ਕਹੋ ਨਿਆਣਿਓ ੲ ਇੱਟ - ਮਾਸਟਰ ਜੀ ੲ ਇੱਟ।
ਵੋਟਾਂ \'ਤੇ ਲੋਕੀ ਵਿਕ  ਜਾਂਦੇ ਨੇ, ਜਿਧਰ ਮਿਲਦੀ ਹੋਵੇ ਸ਼ਿੱਟ।

ਸ- ਕਹੋ ਨਿਆਣਿਓ ਸ ਸਲੇਟ - ਮਾਸਟਰ ਜੀ ਸ ਸਲੇਟ।
ਦਿਲਾਂ ਦੀ ਸਾਂਝ ਹੈ ਖ਼ਤਮ  ਹੋ ਗਈ, ਵਧ ਗਈ ਅੰਗਰੇਜ਼ੀ ਵਾਲੀ ਹੇਟ।

ਹ- ਕਹੋ ਨਿਆਣਿਓ ਹ ਹਥੋੜਾ - ਮਾਸਟਰ ਜੀ ਹ ਹਥੋੜਾ।
ਬੇੜਾ ਗਰਕ ਕਰੀਏ, ਉਹਨੂੰ ਲੀਡਰ ਬਣਾਈਏ, ਜਿਹਦਾ ਨੱਕ ਹੋਵੇ ਵਾਂਗ ਪਕੌੜਾ।

ਕ- ਕਹੋ ਨਿਆਣਿਓ ਕ ਕਲਮ - ਮਾਸਟਰ ਜੀ ਕ ਕਲਮ।
ਗੁਰੂਘਰ ਜਾਣਾ ਚਾਹੇ ਭੁੱਲ ਜਾਣ ਲੋਕੀ, ਦੇਖਣਾ ਨਾ ਭੁੱਲਦੇ ਫਿਲਮ।

ਖ- ਕਹੋ ਨਿਆਣਿਓ ਖ ਖ੍ਯੰਬ - ਮਾਸਟਰ ਜੀ ਖ ਖ੍ਯੰਭ।
ਵੋਟਾਂ ਵੇਲੇ ਲਾਇਨਾਂ ਵਿਚ  ਲੱਗ ਕੇ ਵੀ, ਕਿਹੜਾ ਮਿਲਦਾ ਤੁਹਾਨੂੰ  ਅ੍ਯੰਬ।

ਗ- ਕਹੋ ਨਿਆਣਿਓ ਗ ਗੁਬਾਰਾ - ਮਾਸਟਰ ਜੀ ਗ ਗੁਬਾਰਾ।
ਲੀਡਰ ਦੀ ਕੀ ਔਕਾਤ ਗੰਦ ਪਾਵਣ ਸਮਾਜ \'ਚ- ਇਹ ਸਾਰਾ ਲੋਕਾਂ ਦਾ ਹੀ ਪੁਆੜਾ।

ਘ- ਕਹੋ ਨਿਆਣਿਓ ਘ ਘੋੜੀ - ਮਾਸਟਰ ਜੀ ਘ ਘੋੜੀ।
ਹਰਾਮੀਆਂ ਦੇ ਏਥੇ ਪੈਰ ਚੁੰਮ ਹੁੰਦੇ, ਪ੍ਰਭੂ ਨਾਮ ਦੀ ਚੜ੍ਹੇ ਕਿਹੜਾ ਪੌੜੀ।

ਙ- ਕਹੋ ਨਿਆਣਿਓ ਙ ਖ਼ਾਲ੍ਹੀ - ਮਾਸਟਰ ਜੀ ਙ ਬੇਚਾਰਾ ਤਾਂ ਰਿਹਾ ਖ਼ਾਲ੍ਹੀ ਦਾ ਖ਼ਾਲ੍ਹੀ।
ਫਿਰ ਇਸ ਙ ਬੇਚਾਰੇ ਸਿਰ ਦੋਸ਼ ਕੀ ਮੜ੍ਹੀਏ - ਭਾਰਤੀ ਲੀਡਰਾਂ ਦਾ ਤਾਂ ਪਿਓ ਵੀ ਜ਼ਾਲ੍ਹੀ।

ਚ- ਕਹੋ ਨਿਆਣਿਓ ਚ ਚੱਕੀ - ਮਾਸਟਰ ਜੀ ਚ ਹੁੰਦੀ ਏ ਚੱਕੀ।
ਘਰਵਾਲੀ ਦਾ ਦਿਲ ਰੋਟੀ ਪਕਾਉਣ ਨੂੰ ਨਾ ਕਰਦਾ, ਕਹੇ ਬਿੱਟੂ ਦੇ ਭਾਪਾ ਮੇਰੀ ਤਾਂ ਦੁਖਦੀ ਪਈ ਏ ਬੱਖੀ।

ਛ- ਕਹੋ ਨਿਆਣਿਓ ਛ ਛੱਲ - ਮਾਸਟਰ ਜੀ ਛ ਸੱਚੀ ਮੁੱਚੀ ਛੱਲ।
ਜਿਸਦਾ ਕੋਈ ਦੁਨੀਆਂ ਵਾਲਾ, ਸਕਾ ਨਾ ਹੋਵੇ, ਫਿਰ ਰੱਬ ਹੋ ਜਾਂਦਾ ਉਸਦੇ ਵੱਲ।

ਜ- ਕਹੋ ਨਿਆਣਿਓ ਜ ਜੁੱਤੀ - ਹਾਂਜੀ ਮਾਸਟਰ ਜੀ ਜ ਜੁੱਤੀ।
ਆਤਮਿਕ ਪੱਖੋਂ ਬਿਮਾਰ  ਹੋ ਕੇ, ਬਹੁਤੀ ਦੁਨੀਆਂ ਪਈ ਏ ਸੁੱਤੀ।

ਝ- ਕਹੋ ਨਿਆਣਿਓ ਝ ਝੰਡਾ - ਮਾਸਟਰ ਜੀ ਝ ਝੰਡਾ।
ਛਿੱਤਰਾਂ ਥੱਲੇ ਰੱਖੋ ਲੀਡਰਾਂ  ਨੂੰ, ਚਾਹੜੋ ਇਨ੍ਹਾਂ ਦੇ ਡੰਡਾ।

ਞ- ਕਹੋ ਨਿਆਣਿਓ ਞ ਖਾਲ੍ਹੀ - ਮਾਸਟਰ ਜੀ ਞ ਖ਼ਾਲ੍ਹੀ।
ਭਾਈ ਞ ਦੀ ਅਸੀਂ ਗੱਲ ਕੀ ਕਰੀਏ, ਇਹਦੀ ਵੀ ਕੋਈ ਹੋਵੇਗੀ ਬਾਤ ਨਿਰਾਲੀ।

ਟ- ਕਹੋ ਨਿਆਣਿਓ ਟ ਟੱਲ - ਮਾਸਟਰ ਜੀ ਟ ਟੱਲ।
ਬਈ ਕੁਝ ਕੁ ਸੋਚਣ ਕਿਹੜਾ  ਰੱਬ ਸਾਨੂੰ ਦੇਖੇ, ਜਿੰਨਾਂ ਮਰਜ਼ੀ ਦੁਨੀਆਂ ਨੂੰ ਛੱਲ।

ਠ- ਕਹੋ ਨਿਆਣਿਓ ਠ ਠੋਡੀ - ਮਾਸਟਰ ਸੀ ਠ ਠੋਡੀ।
ਗ਼ਲਤੀ ਏਥੇ ਹਰਾਮੀਂ ਕਰਦਾ, ਸ਼ਿਆਣੇ ਨੂੰ ਕਹਿਣ ਲੋਕੀ ਪੈ ਜਾ ਹਰਾਮੀਂ ਦੇ ਗੋਡੀਂ।

ਡ- ਕਹੋ ਨਿਆਣਿਓ ਡ ਡੱਡੂ - ਮਾਸਟਰ ਜੀ ਡ ਡੱਡੂ।
ਪਰਿਵਾਰਬਾਦ ਨੂੰ ਜੇ ਦੇਸ਼  \'ਚ ਮਿਲੂ ਬੜ੍ਹਾਵਾ, ਇਹ ਬੇੜਾ ਗ਼ਰਕ ਕਰ ਛੱਡੂ।

ਢ- ਕਹੋ ਨਿਆਣਿਓ ਢ ਢੇਰ - ਮਾਸਟਰ ਜੀ ਢ ਢੇਰ।
ਬੰਦਿਆ ਦੁਨੀਆਂ ਦਾ ਮੇਲਾ ਵਿਛੜ ਜਦ ਜਾਣਾ, ਇਹ ਮੁੜ ਨਾ ਆਉਣਾ ਫੇਰ।

ਣ- ਕਹੋ ਨਿਆਣਿਓ ਣ ਖ਼ਾਲ੍ਹੀ - ਮਾਸਟਰ ਜੀ ਣ ਖ਼ਾਲ੍ਹੀ।
ਸੱਚ ਦੀ ਕੋਈ ਵੀ ਸਾਰ ਨਾ ਜਾਣੇ, ਦੁਨੀਆਂ ਤਾਂ ਝੂਠਿਆਂ ਦੀ ਮਤਵਾਲੀ।

ਤ- ਕਹੋ ਨਿਆਣਿਓ ਤ ਤਾਣੀ -ਮਾਸਟਰ ਜੀ ਤ ਤਾਣੀ।
ਲੱਚਰ ਤਾਂ ਹਰ ਕੋਈ ਸੁਣਦਾ, ਕੋਈ ਕੋਈ ਸੁਣਦਾ ਪ੍ਰਭੂ ਦੀ ਬਾਣੀ।

ਥ- ਕਹੋ ਨਿਂਆਣਿਓ ਥ ਥੋੜਾ - ਮਾਸਟਰ ਜੀ ਥ ਥੋੜਾ।
ਦੁਨੀਆਂ ਦਾ ਬੁਰਾ ਹਾਲ  ਜਦ ਦੇਖੀਏ, ਕਹਿ ਦੇਈਏ ਕਿੰਨਾਂ ਆ ਗਿਆ ਲੋਹੜਾ।

ਦ- ਕਹੋ ਨਿਆਣਿਓ ਦ ਦੰਦ - ਮਾਸਟਰ ਜੀ ਦ ਦੰਦ।
ਕਲਯੁੱਗ ਜ਼ਮਾਨੇ ਦਾ ਹਾਲ  ਕੀ ਦੇਖੋ, ਏਥੇ ਚੜ੍ਹਦਾ ਨਿੱਤ ਨਵਾਂ ਚੰਦ।

ਧ- ਕਹੋ ਨਿਆਣਿਓ ਧ ਧੇਲਾ - ਮਾਸਟਰ ਜੀ ਧ ਧੇਲਾ।
ਸਾਂਝ ਦਿਲਾਂ ਦੀ ਖ਼ਤਮ ਹੋ ਗਈ, ਹੁਣ ਹੁੰਦਾ ਨਾ ਪਹਿਲਾਂ ਜਿਹਾ ਮੇਲਾ।

ਨ- ਕਹੋ ਨਿਆਣਿਓ ਨ ਨਲਕਾ - ਮਾਸਟਰ ਜੀ ਨ ਨਲਕਾ।
ਦਿਲਾਂ ਦੀ ਅਮੀਰੀ ਖ਼ਤਮ  ਹੋ ਗਈ, ਬੰਦਾ ਹੋ ਗਿਆ ਬਹੁਤ ਹੀ ਹਲਕਾ।

ਪ- ਕਹੋ ਨਿਆਣਿਓ ਪ ਪੱਗ - ਮਾਸਟਰ ਜੀ ਪ ਪੱਗ।
ਏਥੇ ਡੱਸਣ ਨੂੰ ਹਰ ਕੋਈ ਤਿਆਰ ਹੈ ਹੁੰਦਾ, ਹਰ ਵੇਲੇ ਕੱਢਦਾ ਮ੍ਯੂੰਹ  \'ਚੋਂ ਝੱਗ।

ਫ- ਕਹੋ ਨਿਆਣਿਓ ਫ ਫ਼ਕੀਰ - ਮਾਸਟਰ ਜੀ ਫ ਫ਼ਕੀਰ।
ਦਿਲਾਂ ਦੇ ਵਿਚ ਗਰੀਬੀ  ਆਈ, ਏਥੇ ਲੱਭੇ ਨਾ ਕੋਈ ਦਿਲੋਂ ਅਮੀਰ।

ਬ- ਕਹੋ ਨਿਆਣਿਓ ਬ ਬੋਤਾ - ਮਾਸਟਰ ਜੀ ਬ ਬੋਤਾ।
ਈਰਖ਼ਾ ਤੇ ਸਾੜੇ ਵੱਧ ਗਏ  ਦੁਨੀਆਂ \'ਤੇ, ਬਹੁਤਿਆਂ ਦਾ ਦਿਮਾਗ਼ ਹੋ ਗਿਆ ਖੋਤਾ।

ਭ- ਕਹੋ ਨਿਆਣਿਓ ਭ ਭੇਡ - ਮਾਸਟਰ ਜੀ ਭ ਭੇਡ।
ਪੈਸੇ ਵਾਲਿਆਂ ਦੀ ਇੱਜ਼ਤ, ਇੱਜ਼ਤ ਹੁੰਦੀ, ਗਰੀਬਾਂ ਦੀ ਇੱਜ਼ਤ ਬਣ ਗਈ ਖੇਡ।

ਮ- ਕਹੋ ਨਿਆਣਿਓ ਮ ਮੱਛੀ - ਮਾਸਟਰ ਜੀ ਮ ਮੱਛੀ।
ਮੇਹਨਤੀ ਗਰੀਬ ਦਿਨ-ਬ-ਦਿਨ  ਰਿੜਕ ਹੈ ਹੁੰਦਾ, ਏਥੇ ਸਭ ਕੁਝ ਹੋ ਗਿਆ ਲੱਸੀ।

ਯ- ਕਹੋ ਨਿਆਣਿਓ ਯ ਯਾਦ - ਮਾਸਟਰ ਜੀ ਯ ਯਾਦ।
ਸੱਚ ਤੋਂ ਕੋਹਾਂ ਦੂਰ ਭੱਜ਼ਦੀ  ਦੁਨੀਆਂ, ਤਦ ਹੀ ਹੋ ਰਹੀ ਹੈ ਬਰਬਾਦ।

ਰ- ਕਹੋ ਨਿਆਣਿਓ ਰ ਰੇਲ - ਮਾਸਟਰ ਜੀ ਰ ਰੇਲ।
ਕਿੰਜ਼ ਦੂਜੇ ਦੇ ਦੁੱਖ-ਸੁੱਖ ਦੇ ਭਾਈਬਾਲ ਬਣਨ, ਅੱਜ ਕਿਸੇ ਕੋਲ ਨਹੀਂ ਇਸ ਲਈ ਵਿਹਲ।

ਲ- ਕਹੋ ਨਿਆਣਿਓ ਲ ਲੀਲਾ - ਮਾਸਟਰ ਜੀ ਲ ਲੀਲਾ।
ਚੋਰਾਂ-ਉਚੱਕੇ , ਨਾ-ਹੱਕੇ ਮੌਜ਼ਾਂ ਲੁੱਟਣ, ਪਰ ਮੇਹਨਤੀ ਤੇ ਗਰੀਬਾਂ ਦਾ ਖ਼ਾਲ੍ਹੀ  ਪਤੀਲਾ।

ਵ- ਕਹੋ ਨਿਆਣਿਓ ਵ ਵੇਲਣਾ - ਮਾਸਟਰ ਜੀ ਵ ਵੇਲਣਾ।
ਕੁਲਯੁੱਗੀ ਇਸ ਸਮੇਂ ਦੇ ਅੰਦਰ, ਨਾ ਚਾਹੁੰਦੇ ਵੀ ਕਲਯੁਗ ਨੂੰ ਪੈਂਦਾ ਹੈ ਝੇਲਣਾ।

ੜ- ਕਹੋ ਨਿਆਣਿਓ ੜ ਖ਼ਾਲ੍ਹੀ - ਮਾਸਟਰ ਜੀ ੜ ਖ਼ਾਲ੍ਹੀ।
ਜ਼ੇਭ \'ਚੋਂ ਬੰਦੇ ਦੇ ਜਦ ਪੈਸੇ ਮੁੱਕ ਜਾਂਦੇ, ਫਿਰ ਰੁੱਸ ਜਾਂਦੀ ਘਰਵਾਲੀ।

ਪਰਸ਼ੋਤਮ ਦਿੱਤਾ ਪਾਠਕਾਂ ਨੂੰ ਇਹ  ਪੈਂਤੀ ਅੱਖਰੀ ਗਿਆਨ,
ਭੁੱਲ-ਚੁੱਕ ਕਰਨਾ ਜੇ ਹੋ ਗਈ ਮੁਆਫ਼ ਕਰਨਾ ਤੁਸੀਂ ਤੇ ਕਰਨਾ ਇਹ ਪ੍ਰਵਾਨ।

Thursday, 25 July 2013

ਕਾਵਿ-ਮਹਿਫ਼ਲ - ਸਰਬਜੀਤ ਕਰੀਮਪੁਰੀ

ਕਾਵਿ-ਮਹਿਫ਼ਲ - ਸਰਬਜੀਤ ਕਰੀਮਪੁਰੀ 


ਭੁੱਲਿਆ ਭਾਵੇਂ ਉਹ ਸਿਰਨਾਵਾਂ |
ਦਿਲ ਨੇ ਰੱਖੀਆਂ ਫਿਰ ਵੀ ਥਾਵਾਂ |
ਮਿਹਨਤ ਬਾਝੋਂ ਰੰਗ ਨਈਂ ਚੜ੍ਹਨਾ,
ਕਰ ਲੈ ਭਾਵੇਂ ਲੱਖ ਦੁਆਵਾਂ |

ਮੌਤ ਨੇ ਇਕ ਦਿਨ ਆ ਕੇ ਰਹਿਣਾ,
ਸੱਚ ਤੋਂ ਤੈਨੂੰ ਕਿੰਝ ਬਚਾਵਾਂ |
ਤੈਨੂੰ ਤੱਤੀ 'ਵਾ ਨਾ ਲੱਗੇ,
ਤੇਰੀ ਖ਼ਾਤਰ ਮੈਂ ਮਰ ਜਾਵਾਂ |

ਸੁਪਨੇ ਵਿਚ ਉਹ ਫਿਰ ਹੈ ਆਇਆ,
ਅੱਧੀ ਰਾਤੀਂ ਮੈਂ ਕੁਰਲਾਵਾਂ |
ਐਸਾ ਉਹ ਪਰਦੇਸੀ ਹੋਇਆ,
ਭੁਲਿਆ ਹੈ ਸਭ ਘਰ ਦੀਆਂ ਰਾਹਵਾਂ |

ਸ਼ਹਿਰ ਤੇਰੇ ਵਿਚ ਦੂਰ ਦੁਰਾਡੇ,
ਲੱਭਣ ਨਾ ਰੁੱਖਾਂ ਦੀਆਂ ਛਾਵਾਂ |
ਘੁੱਗੀਆਂ ਜੇਕਰ ਚੁੱਪ ਹੀ ਰਹੀਆਂ,
ਆਂਡੇ ਪੀ ਜਾਣੇ ਨੇ ਕਾਵਾਂ |

ਸਧਰਾਂ ਹੋਈਆਂ ਲੀਰਾਂ-ਲੀਰਾਂ,
ਹਾਸੇ ਮੁੱਖ 'ਤੇ ਕਿੰਝ ਸਜਾਵਾਂ |
ਪੁੱਤਾਂ ਤੋਂ ਤਾਂ ਵਾਰੀ ਜਾਵਣ,
ਧੀਆਂ ਨੂੰ ਕਿਉਂ ਕੋਸਣ ਮਾਵਾਂ |

ਮਨਫ਼ੀ ਹੋਇਆ ਪਿਆਰ ਘਰਾਂ ਵਿਚ - ਤ੍ਰੈਲੋਚਣ 'ਲੋਚੀ'

ਮਨਫ਼ੀ ਹੋਇਆ ਪਿਆਰ ਘਰਾਂ ਵਿਚ - ਤ੍ਰੈਲੋਚਣ 'ਲੋਚੀ'


ਆਇਆ ਕੀ ਬਾਜ਼ਾਰ ਘਰਾਂ ਵਿਚ |
ਮਨਫ਼ੀ ਹੋਇਆ ਪਿਆਰ ਘਰਾਂ ਵਿਚ |

ਘਰ ਵਰਗਾ ਕੁਝ ਨਜ਼ਰ ਨਾ ਆਵੇ,
ਚੱਲੇ ਕਾਰੋਬਾਰ ਘਰਾਂ ਵਿਚ |

ਕੰਧਾਂ-ਕੌਲੇ ਗਲ ਲੱਗ ਰੋਵਣ,
ਤੱਕ ਤੱਕ ਕੇ ਤਕਰਾਰ ਘਰਾਂ ਵਿਚ |

ਜੋੜ ਤੋੜ ਵਿਚ ਉਲਝ ਗਏ ਨੇ,
ਮਿਲਦੇ ਨਾ ਹੁਣ ਯਾਰ ਘਰਾਂ ਵਿਚ |

ਪਹਿਲੋਂ ਕੇਹੜਾ ਘੱਟ ਦੁਖੀ ਹਾਂ,
ਕੀ ਕਰਨੇ ਅਖ਼ਬਾਰ ਘਰਾਂ ਵਿਚ |

ਤੁਰ ਜਾ 'ਲੋਚੀ' ਦੂਰ ਕਿਤੇ ਹੁਣ,
ਮਿਲਦਾ ਨਹੀਂ ਕਰਾਰ ਘਰਾਂ ਵਿਚ |

ਆਇਆ ਕੀ ਬਾਜ਼ਾਰ ਘਰਾਂ ਵਿਚ,
ਮਨਫ਼ੀ ਹੋਇਆ ਪਿਆਰ ਘਰਾਂ ਵਿਚ |

Tuesday, 23 July 2013

ਔਰਤ ਦੀ ਕਹਾਣੀ ਲੂਣਾ ਦੀ ਜ਼ੁਬਾਨੀ (ਲੇਖ ) - ਮਨਦੀਪ ਕੌਰ (ਡਾ.) ਪਿੰਡ - ਆਸੀ ਕਲਾਂ

ਔਰਤ ਦੀ ਕਹਾਣੀ ਲੂਣਾ ਦੀ ਜ਼ੁਬਾਨੀ (ਲੇਖ ) - ਮਨਦੀਪ ਕੌਰ (ਡਾ.)  ਪਿੰਡ - ਆਸੀ ਕਲਾਂ 

ਬਚਪਨ ਵਿੱਚ ਦਾਦੇ-ਦਾਦੀ ਦੀ ਗੋਦ  ਵਿੱਚ ਬੈਠਕੇ ਜਦੋਂ ਮੈਂ ਪੂਰਨ ਭਗਤ ਦਾ ਕਿੱਸਾ ਸੁਣਿਆ ਕਰਦੀ ਸੀ ਤਾਂ ਲੂਣਾ ਦਾ ਕਿਰਦਾਰ ਇੱਕ  ਚਰਿਤਰਹੀਣ ਖਲਨਾਇਕਾ ਦੀ ਤਰ੍ਹਾਂ ਮੇਰੇ ਬਾਲ ਮਨ ਉੱਤੇ ਉਕਰਿਆ  ਗਿਆ। ਫਿਰ ਜਦੋਂ ਸਿਲੇਬਸ ਦੀਆਂ ਕਿਤਾਬਾਂ ਵਿੱਚੋਂ ਪੜ੍ਹਨ-ਸੁਨਣ ਨੂੰ ਮਿਲਿਆ ਕਿ “ਲੂਣਾ” ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਪਹਿਲੀ ਵਾਰ ਕਿਸੇ ਨੇ ਲੂਣਾ ਦਾ ਪੱਖ ਪੂਰਿਆ ਹੈ ਤਾਂ ਇਹ ਗੱਲ ਧੁਰ ਅੰਦਰ ਤੱਕ ਬੇਯਕੀਨੀ ਜਿਹੀ ਪੈਦਾ ਕਰਦੀ ਰਹਿੰਦੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਖਲਨਾਇਕਾ, ਉਹ ਵੀ ਚਰਿਤਰਹੀਣ, ਨੂੰ ਪੰਜਾਬੀ ਦੇ ਸਿਰਮੌਰ ਕਵੀ ਵੱਲੋਂ ਨਿਰਦੋਸ਼ ਸਾਬਤ ਕੀਤਾ ਗਿਆ ਹੋਵੇ ਤੇ ਸਾਡੇ ਸਮਾਜ ਨੇ ਉਸ ਰਚਨਾ ਨੂੰ ਪ੍ਰਵਾਨ ਕਰ ਲਿਆ ਹੋਵੇ।
ਅੱਜ ਤੋਂ ਦੋ ਕੁ ਵਰ੍ਹੇ ਪਹਿਲਾਂ ਜਦੋਂ ਮੇਰਾ ਖੁਦ ਦਾ ‘ਲੂਣਾ’ ਪੜ੍ਹਨ ਦਾ ਸਬੱਬ ਬਣਿਆ ਤਾਂ ਮਹਿਸੂਸ ਹੋਇਆ ਕਿ ਇਹ ਤਾਂ ਸੱਚਮੁਚ ਹੀ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਰਚਨਾ ਹੈ। ਕਿੰਨੀ ਖੂਬਸੂਰਤੀ ਨਾਲ਼ ਕਵੀ ਨੇ ਔਰਤ ਦੀ ਤਰਾਸਦੀ ਲਈ ਜ਼ਿੰਮੇਵਾਰ ਕੁਝ ਰਸਮਾਂ ਰਿਵਾਜਾਂ ਅਤੇ ਸਮਾਜਿਕ ਬੁਰਾਈਆਂ ਨੂੰ ਸਮਾਜ ਦੇ ਸਾਹਮਣੇ ਰੱਖਿਆ ਹੈ। ਬਹੁਤ ਹੀ ਕਲਾ ਅਤੇ ਸੁਹਜ ਨਾਲ਼ ਔਰਤ ਜ਼ਾਤ ਦੀ ਉਸ ਵੇਦਨਾ ਨੂੰ ਸ਼ਬਦ ਦਿੱਤੇ ਗਏ ਹਨ, ਜਿਸਨੂੰ ਕਿ ਅਕਸਰ ਉਹ ਸਮਾਜ ਦੇ ਰਸਮਾਂ-ਰਿਵਾਜਾਂ ਵਿੱਚ ਜਕੜੀ ਹੋਈ, ਬੁੱਲ੍ਹਾਂ ਤੱਕ ਲੈ ਕੇ ਆਉਣ ਤੋਂ ਡਰਦੀ ਹੈ। ਭਾਰਤ ਜਿਹੇ ਕਹਿੰਦੇ ਕਹਾਉਂਦੇ ਸੱਭਿਅਕ ਦੇਸ਼ ਵਿੱਚ ਔਰਤ ਦੀ ਕਹਾਣੀ ਨੂੰ ਲੂਣਾ ਦੇ ਪਾਤਰਾਂ ਦੇ ਮੂੰਹੋਂ ਬਾਖੂਬੀ ਬਿਆਨ ਕਰਵਾਇਆ ਗਿਆ ਹੈ।

ਕਹਾਣੀ ਦੀ ਸ਼ੁਰੂਆਤ ਪਹਾੜੀ  ਸ਼ਹਿਰ ਚੰਬੇ ਦੀਆਂ ਖੂਬਸੂਰਤ ਵਾਦੀਆਂ ਦੀ ਬਾਤ ਪਾਉਂਦਿਆਂ ਸੂਤਰਧਾਰ  ਅਤੇ ਨਟੀ ਦੇ ਰੋਮਾਂਚਿਕ ਵਾਰਤਾਲਾਪ ਤੋਂ ਹੁੰਦੀ ਹੈ। ਚੰਬੇ ਸ਼ਹਿਰ ਵਿੱਚ ਰਾਜੇ ਵਰਮਨ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੁੰਦਾ ਹੈ, ਜਿਸ ਵਿੱਚ ਕੋਟ ਸਿਆਲ ਦਾ ਰਾਜਾ ਸਲਵਾਨ, ਜੋ ਕਿ ਰਾਜੇ ਵਰਮਨ ਦਾ ਧਰਮ ਦਾ ਭਰਾ ਬਣਿਆ ਹੋਇਆ ਹੈ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਉਂਦਾ ਹੈ। ਰਾਜਾ ਸਲਵਾਨ ਉਸ ਸਮਾਗਮ ਵਿੱਚ ਆਈ ਹੋਈ ਇਕ ਸੁੰਦਰ ਤੇ ਚੰਚਲ ਸੁਭਾਅ ਦੀ ਮੁਟਿਆਰ ਦੇ ਹੁਸਨ ‘ਤੇ ਮੋਹਿਤ ਹੋ ਜਾਂਦਾ ਹੈ। ਅਗਲੀ ਸਵੇਰ ਉਹ ਆਪਣੇ ਮਨ ਦੀ ਗੱਲ ਰਾਜੇ ਵਰਮਨ ਨਾਲ਼ ਸਾਂਝੀ ਕਰਦਾ ਹੈ ਕਿ ਉਹ ਉਸ ਮੁਟਿਆਰ ਨੂੰ ਆਪਣੀ ਰਾਣੀ ਬਣਾਉਣਾ ਚਹੁੰਦਾ ਹੈ। ਵਰਮਨ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਲੂਣਾ ਨਾਮ ਦੀ ਉਹ ਕੁੜੀ ਇੱਕ ਸ਼ੂਦਰ ਦੀ ਧੀਅ ਹੈ, ਇਸ ਲਈ ਰਾਣੀ ਬਣਨ ਦੇ ਕਾਬਲ ਨਹੀਂ। ਪਰ ਜਿਵੇਂ ਕਿਵੇਂ ਸਲਵਾਨ ਉਸਨੂੰ ਆਪਣੀ ਪਹਿਲੀ ਪਤਨੀ ਇੱਛਰਾਂ ਨੂੰ ਰੂਪ ਵਿਹੂਣੀ ਦੱਸਕੇ ਅਤੇ ਮੁਹੱਬਤ ਨੂੰ ਜ਼ਾਤਾਂ-ਪਾਤਾਂ ਤੋਂ ਉੱਪਰ ਹੋਣ ਦਾ ਵਾਸਤਾ ਪਾ ਕੇ ਮਨਾ ਲੈਂਦਾ ਹੈ। ਵਰਮਨ ਤੇ ਉਸਦੀ ਪਤਨੀ ਦੀਆਂ ਕੋਸ਼ਿਸ਼ਾਂ ਨਾਲ਼ ਰਾਜਾ ਸਲਵਾਨ ਅਤੇ ਲੂਣਾ ਦਾ ਵਿਆਹ ਤੈਅ ਹੋ ਜਾਂਦਾ ਹੈ।
16-17 ਸਾਲ ਦੀ ਅੱਲ੍ਹੜ ਉਮਰ ਦੀ ਬੇਹੱਦ ਖੂਬਸੂਰਤ ਨਾਜ਼ੁਕ ਜਿਹੀ ਕੁੜੀ ਉਸਦੀ ਬਾਪ ਦੀ ਉਮਰ ਦੇ ਸਲਵਾਨ ਨਾਲ਼ ਆਪਣੇ ਬੇਜੋੜ ਵਿਆਹ ਤੋਂ ਨਾਖੁਸ਼ ਹੈ। ਗ਼ੁਰਬਤ ਦੀ ਜ਼ਿੰਦਗੀ ਜੀਅ ਰਹੇ ਉਸਦੇ ਸ਼ੂਦਰ ਬਾਪ ਬਾਰੂ ਨੂੰ ਲਾਲਚ ਜਾਂ ਫਿਰ ਮਜ਼ਬੂਰੀ ਵੱਸ ਇਸ ਰਿਸ਼ਤੇ ਲਈ ਸਹਿਮਤ ਹੋਣਾ ਹੀ ਪੈਂਦਾ ਹੈ। ਵਿਆਹ ਤੋਂ ਬਾਅਦ ਅਤੇ ਵਿਦਾਈ ਤੋਂ ਪਹਿਲਾਂ ਲੂਣਾ ਆਪਣੇ ਦਿਲ ਦਾ ਦਰਦ ਆਪਣੀ ਸਹੇਲੀ ਈਰਾ ਨਾਲ਼ ਸਾਂਝਾ ਕਰਦੀ ਹੈ।
ਹਰ ਬਾਬਲ ਵਰ ਢੂੰਡਣ ਜਾਵੇ, ਹਰ ਅਗਨੀ ਦੇ ਮੇਚ।
ਹਰ ਅੱਗ  ਹੀ ਛੱਡ ਜਾਵੇ ਸਈੳ, ਹਰ ਬਾਬਲ ਦਾ ਦੇਸ।
ਨੀਂ ਮੈਂ ਅੱਗ ਟੁਰੀ ਪ੍ਰਦੇਸ।
ਪਰ ਸਈੳ  ਮੈਂ ਕੈਸੀ ਅੱਗ ਹਾਂ ਕੈਸੇ ਮੇਰੇ ਲੇਖ।
ਜੋ ਬਾਬਲ ਵਰ ਢੂੰਡ ਲਿਆਇਆ ਸੋ ਨਾ ਆਇਆ  ਮੇਚ।
ਨੀਂ ਮੈਂ  ਅੱਗ ਟੁਰੀ ਪ੍ਰਦੇਸ।
ਈਰਾ ਉਸਨੂੰ ਸਮਝਾਉਂਦੀ ਹੈ ਕਿ ਸਾਡੇ ਸਮਾਜ ਵਿੱਚ ਔਰਤ ਵੱਲੋਂ  ਆਪਣੇ ਵਿਆਹ ਸਬੰਧੀ ਪਸੰਦ ਜਾਂ  ਨਾਪਸੰਦ ਲਈ ਜ਼ੁਬਾਨ ਖੋਲ੍ਹਣਾ  ਜਾਂ ਬਗਾਵਤ ਕਰਨਾ ਅਧਰਮ ਹੈ।
ਅੱਗ ਦਾ ਧਰਮ ਸਦਾ ਹੈ ਬਲਣਾ, ਕਦੇ ਬਗਾਵਤ ਕਰਦੀ ਨਾਹੀਂ।
ਚਾਹੇ ਪੂਜਾ ਲਈ ਕੋਈ ਬਾਲੇ, ਜਾਂ ਕੋਈ ਬਾਲੇ ਵਿੱਚ ਕੁਰਾਹੀਂ।
ਇਸਦੇ ਜਵਾਬ ਵਿੱਚ ਲੂਣਾ ਅਖੌਤੀ  ਧਰਮਾਂ ਤੇ ਰਿਵਾਜਾਂ ‘ਤੇ  ਚੋਟ ਕਰਦੀ ਹੋਈ ਕਹਿੰਦੀ ਹੈ:
ਸੁਣ ਸਖੀਏ ਨੀ ਭੈਣਾਂ ਈਰੇ,
ਭਰਮ ਦਾ ਪਿੰਡਾ  ਕਿੰਜ ਕੋਈ ਚੀਰੇ।
ਭਰਮ ਤਾਂ  ਸਾਡੇ ਧਰਮਾਂ ਜਾਏ,
ਜਿਨ੍ਹਾਂ ਸਾਡੇ ਕੂਲੇ ਪੈਰੀਂ,
ਸ਼ਰਮਾਂ ਵਾਲੇ ਸੰਗਲ ਪਾਏ,
ਜੋ ਨਾ ਸਾਥੋਂ  ਜਾਣ ਛੁਡਾਏ,
ਮਰਯਾਦਾ  ਦੇ ਕਿਲੇ ਬੱਝੀ,
ਢੋਰਾ ਵਾਕਣ ਰੂਹ ਕੁਰਲਾਏ
ਪਰ ਨਾ ਕਿੱਲੇ ਜਾਣ ਪੁਟਾਏ
ਤੇ ਇਹ ਨਿਰਸਫਲ ਯਤਨ ਅਸਾਡਾ
ਸਾਡੀ ਹੀ ਕਿਸਮਤ ਕਹਿਲਾਏ।
ਮਥੁਰੀ ਲੂਣਾ ਨੂੰ ਲਾਲਚ ਦੇ ਕੇ ਵਰਚਾਉਣਾ ਚਹੁੰਦੀ ਹੈ ਕਿ ਤੈਨੂੰ  ਹੋਰ ਕੀ ਚਾਹੀਦਾ ਹੈ ਤੈਨੂੰ  ਤਾਂ ਇਕ ਅਛੂਤ ਨੂੰ ਰਾਜੇ ਨੇ ਆਪਣੇ ਮਹਿਲਾਂ ਦੀ ਰਾਣੀ ਬਣਾ ਦਿੱਤਾ ਹੈ। ਇਸਤੇ ਲੂਣਾ ਤੜਪ ਕੇ ਕਹਿੰਦੀ ਹੈ:
ਮੈਨੂੰ ਭਿੱਟ-ਅੰਗੀ ਨੂੰ ਭਿੱਟ-ਅੰਗਾ ਵਰ ਦੇਵੋ
ਮੋੜ ਲਵੋ  ਇਹ ਫੁੱਲ ਤਲੀ ਸੂਲਾਂ ਧਰ ਦੇਵੋ
ਲੂਣਾ ਤੁਰਨ ਵੇਲੇ ਤੱਕ ਵਾਸਤੇ ਪਾਉਂਦੀ ਰਹਿੰਦੀ ਹੈ ਕਿ ਇਸ ਵਿਆਹ ਵਿੱਚ ਮੇਰੀ ਖੁਸ਼ੀ ਨਹੀਂ ਹੈ, ਮੈਨੂੰ ਚਾਹੇ ਮੇਰੀ ਜ਼ਾਤ ਦਾ ਗਰੀਬ ਵਰ ਲੱਭ ਦੇਵੋ ਪਰ ਉਹ ਮੇਰੇ ਜਜ਼ਬਾਤਾਂ ਦੇ ਹਾਣ ਦਾ ਤਾਂ ਹੋਵੇ। ਪਰ ਉਸਦੇ ਤਰਲਿਆਂ ਨੂੰ ਹਰ ਕਿਸੇ ਨੇ ਔਰਤ ਧਰਮ ਦਾ ਪਾਲਣ ਕਰਨ ਦਾ ਵਾਸਤਾ ਪਾ ਕੇ ਅਣਗੌਲਿਆਂ ਕਰ ਦਿੱਤਾ। ਬਾਰੂ ਬਾਬਲ ਨੇ ਵੀ ਆਪਣੀ ਗੁਰਬਤ ਦੀ ਬੇਵੱਸੀ ਜ਼ਾਹਰ ਕਰਕੇ ਉਸਨੂੰ ਵਿਦਾਅ ਕਰ ਦਿੱਤਾ। ਉਸਦੀ ਸਹੇਲੀ ਈਰਾ ਵੀ ਕੁਝ ਦਿਨਾਂ ਲਈ ਉਸਦੇ ਨਾਲ਼ ਸਹੁਰੇ ਘਰ ਭੇਜ ਦਿੱਤੀ ਜਾਂਦੀ ਹੈ।

ਓਧਰ ਔਰਤ ਦੇ ਦੂਜੇ ਰੂਪ ਵਿੱਚ ਇੱਛਰਾਂ ਹੈ ਜੋ ਆਪਣੇ ਪਤੀ ਦੀ ਬੇਵਫ਼ਾਈ ਦੇ ਦਰਦ ਨਾਲ਼ ਰੁੰਨ੍ਹੀ ਹੋਈ ਆਪਣੀ ਦਾਸੀ ਨਾਲ਼ ਗੱਲਾਂ ਕਰਦੀ ਹੈ।
ਜੇ ਮੈਂ  ਬਾਂਝ ਹੁੰਦੀ ਤੇ ਨਾ ਦੁੱਖ ਹੁੰਦਾ
ਉਹਦੇ ਵਿਹੜੇ  ਮੈਂ ਚਾਨਣਾ ਰੋੜਿਆ ਨੀ
ਚੰਨ ਹੁੰਦਿਆਂ  ਚੱਠ ਵਿਆਹ ਲਿਆਂਦੀ
ਮੇਰੀ ਪੀੜ  ਦਾ ਮੁੱਲ ਨਾ ਮੋੜਿਆ ਨੀ।
ਅਖੀਰ ਸੋਚ ਵਿਚਾਰ ਮਗਰੋਂ  ਇਛਰਾਂ ਆਪਣੇ ਪਤੀ ਦੀ ਬੇਵਫਾਈ ਦੇ ਜ਼ਖਮ ਉੱਤੇ ਪੁੱਤਰ ਦੇ ਮੋਹ ਦਾ ਮਲ੍ਹਮ ਲਾਉਂਦੀ ਹੋਈ ਆਪਣੇ ਮਨ ਨਾਲ਼ ਸਮਝੌਤਾ ਕਰ ਲੈਂਦੀ ਹੈ।
ਨਾਰੀ ਪਤੀ  ਦਾ ਹਿਜਰ ਤਾਂ ਸਹਿ ਸਕਦੀ
ਪਰ ਪੁੱਤ ਦਾ ਹਿਜ਼ਰ ਨਾ ਸਹਿ ਸਕੇ
ਝਿੰਝਨ ਵੇਲ  ਬੇਜੜ੍ਹੀ ਵੱਤ ਨਾਰ ਜੀਵੇ
ਪਰ ਪੱਤਿਆਂ ਬਾਝ ਨਾ ਰਹਿ ਸਕਦੀ
ਇੱਛਰਾਂ ਨਾਰੀ ਨੂੰ  ਇਕ ਬੇ-ਜੜ੍ਹੀ ਵੇਲ ਨਾਲ਼ ਸਮਾਨਤਾ ਦੇਂਦੀ ਹੈ, ਜਿਹੜੀ ਜੜ੍ਹਾਂ ਤੋਂ ਬਿਨਾ ਰਹਿ ਸਕਦੀ ਹੈ ਪਰ ਪੱਤਿਆਂ ਤੋਂ ਬਿਨ੍ਹਾਂ ਨਹੀਂ। ਇੰਝ ਮਨ ਸਮਝਾਵਾ ਕਰਦੀ ਹੋਈ, ਇਨ੍ਹਾਂ ਉਦਾਸ ਹਾਲਾਤਾਂ ਤੋਂ ਦੂਰ ਕੁਝ ਦਿਨਾਂ ਲਈ ਪੇਕੇ ਚਲੀ ਜਾਂਦੀ ਹੈ।

ਓਧਰ ਪੂਰਨ(ਸਲਵਾਨ ਅਤੇ ਇੱਛਰਾਂ ਦਾ ਪੁੱਤਰ) ਆਪਣੇ ਭੋਰੇ ‘ਚੋਂ ਨਿੱਕਲ ਕੇ ਕੁਝ ਦਿਨਾਂ ਲਈ ਲੂਣਾ ਦੇ ਮਹਿਲਾਂ ਵਿੱਚ ਠਹਿਰਿਆ ਹੋਇਆ ਹੈ। ਲੂਣਾ ਜਦੋਂ ਪੂਰਨ ਨੂੰ ਤੱਕਦੀ ਹੈ ਤਾਂ ਸੋਚਾਂ ਦੇ ਵਹਿਣ ਵਿੱਚ ਵਹਿ ਜਾਂਦੀ ਹੈ ਕਿ ਪੂਰਨ ਤਾਂ ਬਿਲਕੁਲ ਉਹੋ ਜਿਹਾ ਹੀ ਹੈ, ਜਿਹੋ ਜਿਹਾ ਹਾਣੀ ਉਸਨੇ ਆਪਣੇ ਬਾਬਲ ਦੇ ਵਿਹੜੇ ਵਿੱਚ ਰਹਿੰਦਿਆਂ ਕਲਪ ਲਿਆ ਸੀ। ਇਹ ਤਾਂ ਉਸਦੇ ਉਸ ਸੁਪਨੇ ਦਾ ਨਾਇਕ ਸੀ ਜੋ ਉਸਨੇ ਜੋਬਨ ਰੁੱਤੇ ਜਾਗਦੀ ਅੱਖ ਨਾਲ਼ ਵੇਖਿਆ ਸੀ। ਕਦੀ ਕਦਾਈਂ ਉਸਦੀ ਅਕਲ ਉਸਨੂੰ ਪੂਰਨ ਨਾਲ਼ ਬਣਦੇ ਸਮਾਜਿਕ ਰਿਸ਼ਤੇ ਦਾ ਵਾਸਤਾ ਪਾਉਂਦੀ ਹੋਈ ਉਸਨੂੰ ਵਰਜਦੀ ਵੀ ਹੈ, ਪਰ ਹਰ ਵਾਰ ਉਸਦੇ ਜਜ਼ਬਾਤਾਂ ਦਾ ਪੱਲੜਾ ਅਕਲ ਦੇ ਪੱਲੜੇ ਤੋਂ ਭਾਰਾ ਹੋ ਜਾਂਦਾ ਹੈ।
ਕੋਈ ਕੋਈ  ਪੱਤ ਅਕਲ ਦਾ ਝੜਦਾ
ਪਰ ਇਹ ਅਗਨ-ਮਿਰਗ ਨਾ ਚਰਦਾ
ਜਦ ਇਸ ਗੱਲ ਦਾ ਇਲਮ ਈਰਾ  ਨੂੰ ਹੁੰਦਾ ਹੈ ਤਾਂ ਉਹ ਲੂਣਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।
ਲੂਣਾ ਕਦੇ  ਵਿਵਰਜਿਤ ਅੱਗ ਨੂੰ
ਸੱਚ ਕਹਿੰਦੀ ਹਾਂ ਹੱਥ ਨਾ ਲਾਈਂ
ਧਰਤੀ ਦੀ ਨਾਰੀ ਨੂੰ ਵੇਖੀਂ
ਚ੍ਰਿਤਰਹੀਣ ਨਾ ਕਦੇ ਕਹਾਈਂ।
ਇਸਦੇ ਜਵਾਬ ਵਿੱਚ ਜੋ ਲੂਣਾ ਕਹਿੰਦੀ ਹੈ, ਇਸ ਵਿੱਚ ਪੂਰੀ ਕਹਾਣੀ ਦਾ ਸਾਰ ਛਿਪਿਆ ਹੋਇਆ ਹੈ
ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਮੇਰੇ ਫੁੱਲ ਕੁਮਲਾਇਆ
ਜਿਸਦਾ ਇਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ ਪੁਰਨ ਦੇ ਹਾਣ ਦੀ
ਸਈੳ ਨੀ ਮੈਂ  ਧੀ ਵਰਗੀ ਸਲਵਾਨ ਦੀ
ਮੌਕਾ ਮਿਲਣ ‘ਤੇ ਲੂਣਾ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਪੂਰਨ ਅੱਗੇ ਕਰਦੀ ਹੈ। ਕਹਾਣੀ ਦਾ ਸਭ ਤੋਂ ਖੂਬਸੂਰਤ ਪੜਾਅ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਅੱਲ੍ਹੜ ਉਮਰ ਦਾ ਪੂਰਨ ਉਸੇ  ਦੇ ਹਾਣ ਦੀ ਲੂਣਾ ਨੂੰ ਪ੍ਰੇਮ  ਅਤੇ ਵਾਸ਼ਨਾ ਵਿਚਲਾ ਅੰਤਰ ਸਮਝਾਉਂਦਾ ਹੈ। ਪੂਰਨ ਆਪਣੀ ਦਾਰਸ਼ਨਿਕ ਸੂਝ-ਬੂਝ ਨਾਲ਼ ਲੂਣਾ ਨੂੰ ਸਮਝਾਉਂਦਾ ਹੈ ਕਿ ਮੈਨੂੰ ਤੇਰੇ ਨਾਲ਼ ਹੋਈ ਨਾ-ਇਨਸਾਫ਼ੀ ਦੀ ਵਜ੍ਹਾ ਕਰਕੇ ਤੇਰੇ ਨਾਲ਼ ਹਮਦਰਦੀ ਜ਼ਰੂਰ ਹੈ, ਪਰ ਤੂੰ ਆਪਣੇ ਦੱਬੇ ਹੋਏ ਜਜ਼ਬਾਤਾਂ ਨੂੰ ਪਾਕ ਪਵਿੱਤਰ ਪ੍ਰੇਮ ਦਾ ਨਾਮ ਨਾ ਦੇ, ਮੁਹੱਬਤ ਦਾ ਨਾਮ ਨਾ ਦੇ। ਲੂਣਾ ਦੇ ਬਜ਼ਿੱਦ ਰਹਿਣ ‘ਤੇ ਕਿ ਉਹ ਉਸਨੂੰ ਪ੍ਰੇਮ ਕਰਦੀ ਹੈ, ਪੂਰਨ ਪ੍ਰੇਮ ਦੇ ਰਿਸ਼ਤੇ ਨੂੰ ਪ੍ਰਭਾਸ਼ਿਤ ਕਰਦਾ ਹੈ ਕਿ ਪ੍ਰੇਮ ਨੂੰ ਤਾਂ ਕਦੇ ਵੀ ਇਜ਼ਹਾਰ ਵਾਸਤੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਪ੍ਰੇਮ ਤਾਂ ਮਾਂ ਦੀ ਮਮਤਾ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਸੀ। ਸਗੋਂ ਮਮਤਾ ਹੀ ਤਾਂ ਪ੍ਰੇਮ ਦਾ ਸਰਵੋਤਮ ਰੂਪ ਹੈ। ਪੂਰਨ ਅਨੁਸਾਰ ਜੇਕਰ ਲੂਣਾ ਨੇ ਮਰਿਆਦਾ ਦੀ ਉਲੰਘਣਾ ਕਰਕੇ, ਆਪਣੇ ਜਜ਼ਬਾਤਾਂ ਨੂੰ ਬੁੱਲ੍ਹਾਂ ਤੱਕ ਲਿਆ ਕੇ ਜਿਸਮਾਨੀ ਮਿਲਾਪ ਦੀ ਇੱਛਾ ਸਾਹਮਣੇ ਰੱਖੀ ਹੈ ਤਾਂ ਉਹ ਪ੍ਰੇਮ ਨਾ ਹੋ ਕੇ ਵਾਸ਼ਨਾ ਹੈ।
 ਮਾਏਂ! ਮੁਹੱਬਤ ਇਕ ਦੂਜੇ ਦੇ ਰੰਗਾਂ ਦਾ ਸਤਿਕਾਰ ਹੈ ਹੁੰਦੀ.....
 ਰੰਗ ਨੇ  ਰੰਗ ਦੀ ਹੋਂਦ ਗਵਾਨੀ ਪਿਆਰ  ਨਹੀਂ ਵਿਭਚਾਰ ਹੈ ਹੁੰਦੀ......
ਪਿਆਰ ਤਾਂ  ਚੁੱਪ ਨਿਰਸ਼ਬਦ ਕਥਾ ਹੈ ਪਿਆਰ ਕਦੇ ਰੌਲਾ ਨਾਂ ਪਾਂਦਾ....
ਪਿਆਰ ਸਦਾ  ਅੰਤਰ ਵਿੱਚ ਬਲਦਾ ਬਾਹਰ ਉਸਦਾ ਸੇਕ  ਨਾ ਆਉਂਦਾ....
 ਜਦੋਂਕਿ ਲੂਣਾ  ਦੀ ਨਾ-ਬਾਲਗ ਬੁੱਧੀ ਇਸ  ਰਮਜ਼ ਨੂੰ ਸਮਝ ਨਹੀਂ ਪਾਉਂਦੀ  ਤੇ ਉਹ ਮਰਦ ਜ਼ਾਤ ਕੋਲੋਂ  ਇਸ ਇਨਕਾਰ ਦਾ ਬਦਲਾ ਪੂਰਨ  ਉੱਪਰ ਝੂਠਾ ਦੋਸ਼ ਲਗਾ ਕੇ  ਲੈਂਦੀ ਹੈ।

ਕਿਸੇ ਵੀ ਸਾਹਿਤਕ ਰਚਨਾ ਨੂੰ  ਸਾਰਥਕ ਕਹਾਉਣ ਦਾ ਹੱਕ ਤਦ ਹੀ ਹੁੰਦਾ ਹੈ, ਜਦ ਉਹ ਕੇਵਲ ਮੰਨੋਰੰਜਨ ਦਾ ਸਾਧਨ ਹੀ ਨਾ ਹੋ ਕੇ ਸਮਾਜ ਲਈ ਕੋਈ ਸੁਨੇਹਾ ਵੀ ਦਿੰਦੀ ਹੋਵੇ। ਸੋ ਸ਼ਿਵ ਨੇ ਵੀ ਲੂਣਾ ਦੀ ਵਕਾਲਤ ਕਰਦਿਆਂ ਹੋਇਆਂ ਕੁਝ ਅਜਿਹੇ ਰੂੜੀਵਾਦੀ ਸਮਾਜਿਕ ਵਰਤਾਰਿਆਂ ਨੂੰ ਸਾਡੇ ਸਾਹਮਣੇ ਰੱਖਿਆ ਹੈ ਜਿਨ੍ਹਾਂ ਨੂੰ ਕਿ ਸਮਾਜ ਦੇ ਇਜ਼ੱਤਦਾਰ ਅਤੇ ਸਮਝਦਾਰ ਵਰਗ ਨੇ ਵੀ ‘ਸੱਭਿਅਤਾ’ ਦੇ ਨਾਮ ਹੇਠ ਸਵੀਕਾਰ ਕਰ ਰੱਖਿਆ ਹੈ। ਕੁਦਰਤ ਨੇ ਔਰਤ ਅਤੇ ਮਰਦ ਦੀ ਸਿਰਜਣਾ ਇਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਹੀ ਕੀਤੀ ਹੈ। ਦੋਵੇਂ ਹੀ ਇਕ ਦੂਜੇ ਤੋਂ ਬਿਨ੍ਹਾਂ ਅਧੂਰੇ ਹਨ। ਸਾਡੇ ਸਮਾਜ ਵਿੱਚ ਇਸ ਰਿਸ਼ਤੇ ਦੀ ਪ੍ਰਵਾਨਗੀ ਲਈ ਵਿਆਹ ਦਾ ਵਿਕਲਪ ਬਣਾਇਆ ਜ਼ਰੂਰ ਗਿਆ ਹੈ, ਪ੍ਰੰਤੂ ਅਕਸਰ ਇਸਨੂੰ ਸਾਰਥਕ ਤਰੀਕੇ ਨਾਲ਼ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ। ਅੱਜ ਵੀ ਜਦੋਂ ਹਕੀਕਤ ਵਿੱਚ ਬਾਹਰਲੇ ਦੇਸ਼ ਜਾਣ ਦੇ ਲਾਲਚ ਵੱਸ ਜਾਂ ਕਿਸੇ ਮਜ਼ਬੂਰੀ ਵੱਸ ਕਿਸੇ ਮਾਸੂਮ ਲੜਕੀ ਨੂੰ ਕਿਸੇ ਬੇਜੋੜ ਵਿਆਹ ਦੇ ਬੰਧਨ ਵਿੱਚ ਬੱਝਦਾ ਦੇਖਦੀ ਹਾਂ ਤਾਂ ਲੂਣਾ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਖਲੋਂਦੀ ਹੈ। ਕਈ ਵਾਰ ਤਾਂ ਬਿਨ੍ਹਾਂ ਕਿਸੇ ਮਜ਼ਬੂਰੀ ਦੇ ਵੀ ਅਸੀਂ ਆਪਣੀਆਂ ਮਾਸੂਮ ਬੱਚੀਆਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰ ਜਾਂਦੇ ਹਾਂ। ਸ਼ਾਦੀ ਦੀ ਉਮਰ ਹੋਣ ‘ਤੇ ਲੜਕੀ ਦੇ ਮਨ ਅੰਦਰ ਆਪਣੇ ਜੀਵਨ ਸਾਥੀ ਨੂੰ ਲੈ ਕੇ ਕੁਝ ਅਰਮਾਨਾਂ ਦਾ ਹੋਣਾ ਕੋਈ ਅਸਾਧਾਰਣ ਗੱਲ ਨਹੀਂ ਹੈ। ਪਰ ਜਦੋਂ ਉਸਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਣ ਫੈਸਲਾ ਲੈਣ ਵਕਤ ਉਸਦੀ ਖਾਹਿਸ਼ ਨੂੰ ਤਰਜੀਹ ਨਾ ਦੇ ਕੇ ਕੇਵਲ ਭੌਤਿਕ ਲੋੜਾਂ ਦੀ ਪੂਰਤੀ ਕਰਦਾ ਜੀਵਨਸਾਥੀ ਨੂੜ੍ਹ ਦਿੱਤਾ ਜਾਂਦਾ ਹੈ ਤਾਂ ਅਕਸਰ ਮਜ਼ਬੂਰੀਵੱਸ ਉਹ ਆਪਣੀਆਂ ਰੀਝਾਂ ਨੂੰ ਦਬਾਅ ਕੇ ਸਹਿਮਤ ਤਾਂ ਹੋ ਹੀ ਜਾਂਦੀ ਹੈ ਪ੍ਰੰਤੂ ਭਾਵਨਾਵਾਂ ਵਗਦੇ ਪਾਣੀ ਦੀ ਨਿਆਈਂ ਹੁੰਦੀਆ ਹਨ। ਇੱਕ ਪਾਸਿਓਂ ਜਬਰੀ ਬੰਨ੍ਹ ਲਾ ਕੇ ਰੋਕਿਆ ਗਿਆ ਪਾਣੀ ਕੋਈ ਨਾ ਕੋਈ ਵਿਰਲ ਵਿੱਥ ਜਾਂ ਨਿਵਾਣ ਮਿਲਦਿਆਂ ਸਾਰ ਹੀ ਉਧਰ ਨੂੰ ਵਹਿ ਤੁਰਦਾ ਹੈ। ਕਿਤੇ ਸਾਡੇ ਵੱਲੋਂ ਜ਼ਬਰਦਸਤੀ ਠੋਸਿਆ ਗਿਆ ਫੈਸਲਾ ਸਾਡੇ ਬੱਚੇ ਦੀ ਜ਼ਿੰਦਗੀ ਦਾ ਖੌਅ ਹੀ ਨਾ ਬਣ ਜਾਵੇ। ਜੇਕਰ ਇਸ ਤਰ੍ਹਾਂ ਦੀ ਸਖਤਾਈ ਦਾ ਕਾਰਨ ਸਿਰਫ਼ ਸਮਾਜ ਦੀ ਲੋਕ ਲਾਜ ਹੀ ਹੈ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵੀ ਸਾਡੇ ਵਰਗੇ ਲੋਕਾਂ ਦਾ ਹੀ ਬਣਿਆ ਹੈ। ਹਰ ਇਨਸਾਨ ਸਮਾਜ ਦੀ ਇਕਾਈ ਹੈ ਅਤੇ ਇਸਦੇ ਕਾਇਦੇ-ਕਨੂੰਨ ਵੀ ਸਾਡੇ ਵੱਲੋਂ ਹੀ ਸਿਰਜੇ ਗਏ ਹਨ, ਜੋ ਕਿ ਵਕਤ ਦੇ ਨਾਲ਼ ਨਾਲ਼ ਅਗਾਂਹਵਧੂ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਬਹੁਤਾ ਚਿਰ ਇੱਕੋ ਥਾਂ ਖੜ੍ਹਾ ਪਾਣੀ ਬਦਬੂ ਮਾਰ ਜਾਂਦਾ ਹੈ, ਇਸੇ ਤਰ੍ਹਾਂ ਇਹ ਰਸਮਾਂ-ਰਿਵਾਜ਼ ਜੇਕਰ ਹਮੇਸ਼ਾ ਸਥਾਈ ਰਹਿਣ, ਹਾਲਾਤ ਦੇ ਅਨੁਸਾਰ ਬਦਲੇ ਨਾ ਜਾਣ ਤਾਂ ਇਹ ਵੀ ਮਨੁੱਖੀ ਜੀਵਨ ਲਈ ਸਰਾਪ ਬਣਕੇ ਰਹਿ ਜਾਂਦੇ ਹਨ।

ਇਨ੍ਹਾਂ ਸਤਰਾਂ ਦੀ ਲੇਖਿਕਾ ਦੀ ਸਮਾਜ ਨੂੰ ਏਹੀ ਅਪੀਲ ਹੈ ਕਿ ਅਗਰ ਤੁਸੀਂ ਧੀਆਂ ਨੂੰ  ਜਨਮ ਦੇਣ ਦਾ ਉਪਕਾਰ ਕੀਤਾ ਹੈ ਤਾਂ ਇੱਕ ਉਪਕਾਰ ਹੋਰ ਵੀ ਕਰੋ ਕਿ ਓਨ੍ਹਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ਼-ਨਾਲ਼ ਚੰਗੇ ਸੰਸਕਾਰ ਵੀ ਦੇਵੋ ਤੇ ਯੋਗ ਉਮਰ ਆਉਣ ‘ਤੇ ਓਨ੍ਹਾਂ ਨੂੰ ਜੀਵਨ ਸਾਥੀ ਚੁਣਨ ਦਾ ਹੱਕ ਵੀ ਦੇਵੋ। ਕਿਤੇ ਇਹ ਨਾ ਹੋਵੇ ਕਿ ਰਸਮਾਂ ਦੇ ਕਿੱਲੇ ਨਾਲ਼ ਬੱਝੀ ਸਾਡੀ ਲਾਡਲੀ ਬੇਟੀ ਕਿਸੇ ਦਿਨ ਦੋਰਾਹੇ ‘ਤੇ ਖੜ੍ਹੀ ਹੋਵੇ- ਕਿ ਜਾਂ ਤਾਂ ਈਰਾ, ਮਥੁਰਾ ਤੇ ਇੱਛਰਾਂ ਵਾਂਗ ਹੋਣੀ ਨੂੰ ਆਪਣੀ ਕਿਸਮਤ ਜਾਣ ਕੇ ਸਾਰੀ ਉਮਰ ਇਕ ਘੁਟਣ ਵਿੱਚ ਹੀ ਗੁਜ਼ਾਰ ਦੇਵੇ ਤੇ ਜਾਂ ਫਿਰ ਕਦੀ ਲੂਣਾ ਵਾਂਗ ਬਗਾਵਤ ਕਰਨ ਲਈ ਮਜ਼ਬੂਰ ਹੋ ਜਾਵੇ। ਸ਼ਾਇਦ ਲੂਣਾ ਖ਼ੁਦ ਵੀ ਏਹੀ ਚਹੁੰਦੀ ਸੀ:
ਜਦ ਲੋਕ  ਕਿਧਰੇ ਜੁੜਨਗੇ
ਜਦ ਲੋਕ  ਕਿਧਰੇ ਬਹਿਣਗੇ
ਲੂਣਾ ਨੂੰ  ਗਾਲਾਂ ਦੇਣਗੇ
ਪੂਰਨ ਨੂੰ  ਗਲ ਥੀਂ ਲਾਣਗੇ
ਸ਼ਾਇਦ ਕਿਸੇ ਸਲਵਾਨ ਸੰਗ
ਲੂਣਾ ਨਾ ਮੁੜ ਪਰਨਾਣਗੇ
ਮੇਰੇ ਜਿਹੀ ਕਿਸੇ ਧੀਅ ਦੇ
ਅਰਮਾਨ ਨਾ ਰੁਲ਼ ਜਾਣਗੇ . . .

ਦੁਬਾਰਾ ਪਾਵਾਂ - ਡਾ. ਹਰਿਭਜਨ ਸਿੰਘ


ਦੁਬਾਰਾ ਪਾਵਾਂ - ਡਾ. ਹਰਿਭਜਨ ਸਿੰਘ

ਮਾਣਸ ਜਨਮ ਦੁਬਾਰਾ ਪਾਵਾਂ
ਏਸ ਹੀ ਦੇਸ ਪੰਜਾਬ ’ਚ ਆਵਾਂ


ਵੱਢੀ-ਟੁੱਕੀ ਧਰਤੀ ਤੇ ਵੱਢੇ-ਟੁੱਕੇ ਘਰ ਵਿੱਚ
ਵੱਢੀ-ਟੁੱਕੀ ਜਾਤ ਦਾ ਮੈਂ ਅਖਵਾਵਾਂ

ਬਿਰਛ ਨਿਪੱਤਰੇ ਤੇ ਪੰਛੀ ਚੰਦਰਾ
ਉਹੀਓ ਗੀਤ ਵਿਗੋਚੇ ਦੇ ਗਾਵਾਂ

ਮਸਿਆ ਦਿਹਾੜੇ ਹਰਿ-ਸਰ ਜਾਵਾਂ
ਪੁੰਨਿਆਂ ਨੂੰ ਇਸ਼ਕ-ਝਨਾਂ ਵਿੱਚ ਨ੍ਹਾਵਾਂ

ਰੱਖ ਚੇਤੇ ਵਕ਼ਤ ਜੁਦਾਈਆਂ ਦਾ - ਸੁਰਜੀਤ ਗਿੱਲ ਘੋਲੀਆ [ਮੋਗਾ]

ਰੱਖ ਚੇਤੇ ਵਕ਼ਤ ਜੁਦਾਈਆਂ ਦਾ  - ਸੁਰਜੀਤ ਗਿੱਲ ਘੋਲੀਆ [ਮੋਗਾ]


ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,

ਉੱਡ ਉਚਾ ਅੰਬਰੀਂ ਲਖ ਵਾਰੀਂ ,
ਧਰਤੀ ਤੇ ਡਿੱਗਣੋਂ ਵੀ ਡਰਿਆ ਕਰ ,
ਤੇਰੀ ਖੁਸ਼ੀ ਮੁਬਾਰਕ ਤੈਨੂੰ ਹੈ ,
ਸਮਾਂ ਦੁਖ ਦਾ ਵੀ ਚੇਤੇ ਕਰਿਆ ਕਰ ,
ਹਰ ਵਸਲੋੰ ਬਾਅਦ ਵਿਛੋੜਾ ਹੈ 
ਬੜਾ ਦਰਦ ਇਹ ਗਲਾਂ ਭੁਲਾਈਆਂ ਦਾ ।
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,,।

ਆਇਆ ਜੱਗ ਤੇ ਲੈਕੇ ਲਖ ਖੁਸ਼ੀਆਂ ,
ਹਰ ਪਾਸੇ ਰੰਗ ਗੁਲਜ਼ਾਰਾਂ ਨੇ ,
ਪੱਤਝੜ ਦੀ ਵਾਰੀ ਵੀ ਆਉਂਦੀ ,
ਸਦਾ ਬਾਗੀਂ ਨਹੀਂ ਬਹਾਰਾਂ ਨੇ ,
ਘੜੀ ਮਾਤਮ ਦੀ ਵੀ ਆ ਜਾਂਦੀ ,
ਜਦੋਂ ਲੰਘਜੇ ਵਕ਼ਤ ਵਧਾਈਆਂ ਦਾ ।
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,,।

ਜਿਥੇ ਸੁਖ ਹੈ ਓਥੇ ਦੁਖ ਵੀ ਹੈ ,
ਏਹੇ ਇੱਕੋ ਮਾਂ ਦੇ ਜਾਏ ਨੇ ,
ਜੋ ਸਮ ਕਰ ਜਾਣੇ ਦੋਨਾ ਨੂੰ ,
ਉਸ ਭੇਦ ਜੀਵਨ ਦੇ ਪਾਏ ਨੇ ,
ਮੰਨ ਗਲ ਇੱਕ ਓੜਕ ਸਚ ਦੀ ਤੂੰ ,
ਖਹਿੜਾ ਛੱਡ ਦੇ ਤੂੰ ਮਨਆਈਆਂ ਦਾ ,
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ,,।

ਸੂਈ ਵਕ਼ਤ ਦੀ ਕਦੇ ਵੀ ਰੁਕਦੀ ਨਹੀਂ 
ਚਾਹੇ ਦੁਖ ਹੋਵੇ ਚਾਹੇ ਸੁਖ ਹੋਵੇ ,
ਘੋਲੀਆ ਰੱਬ ਦੀ ਰਜ਼ਾ ਚ ਰਾਜ਼ੀ ਜੋ ,
ਸਦਾ ਉਸਦਾ ਉੱਜਲ ਮੁਖ ਹੋਵੇ ,
ਘਰ ਰੱਬ ਦੇ ਜੈ ਜੈ ਕਾਰ ਓਹਦੀ .
ਬਣੇ ਭਾਗੀ ਓਹ ਸਭ ਵਡਿਆਈਆਂ ਦਾ ।
ਬਹੁਤਾ ਮਿਲਕੇ ਹੱਸ ਨਾ ਤੂੰ ਸੱਜਣਾ ,
ਰੱਖ ਚੇਤੇ ਵਕ਼ਤ ਜੁਦਾਈਆਂ ਦਾ ॥

Thursday, 18 July 2013

ਬੋਲ ਮਿੱਟੀ ਦੀਆ ਬਾਵਿਆ - ਸੁਰਜੀਤ ਗਿੱਲ ਘੋਲੀਆ ਕਲਾਂ [ਮੋਗਾ]


ਬੋਲ ਮਿੱਟੀ ਦੀਆ ਬਾਵਿਆ - ਸੁਰਜੀਤ ਗਿੱਲ ਘੋਲੀਆ ਕਲਾਂ [ਮੋਗਾ]

ਬੋਲ ਮਿੱਟੀ ਦੀਆ ਬਾਵਿਆ, 
ਕੈਸਾ ਰੋਗ ਅਵੱਲਾ ਲਾ ਲਿਆ ,
ਸਾਡੀ ਜਿੰਦ ਵਿਛੋੜਾ ਖਾ ਗਿਆ,
ਹੁਣ ਘਰਨੂੰ ਆਜਾ ,ਆਜਾ ਹੋ ਹੋ ,

ਦੁਨੀਆਂ ਤੇ ਲਖ ਮੌਜਾਂ ਮੇਲੇ ,
ਸਭ ਪਾਸੇ ਗੁਲਜ਼ਾਰਾਂ ,
ਬਾਝ ਤੇਰੇ ਸਾਨੂੰ ਪੱਤਝੜ ਜਾਪੇ 
ਬਾਗੀਂ ਲਖ ਬਹਾਰਾਂ ,
ਮੁੜ ਵਤਨੀ ਆਜਾ ,
ਆਜਾ ਹੋ.....ਹੁਣ ਘਰਨੂੰ ਆਜਾ ।

ਮਿੱਟੀ ਦਾ ਮੈਂ ਬਾਵਾ ਬਣਾਇਆ 
ਉੱਤੇ ਤਾਣੀ ਦਿੱਤੀ ਮੈਂ ਖੇਸੀ ,
ਦੁਨੀਆਂ ਸਾਰੀ ਹੱਸਦੀ ਵੱਸਦੀ, 
ਕੀ ਹੱਸੀਏ ਦੱਸ ਪ੍ਰਦੇਸੀ ?
ਵੇ ਮੇਰਾ ਸੋਹਣਾ ਮਾਹੀ ਆਜਾ, ਆਜਾ ਹੋ .......।

ਸਾਨੂੰ ਗਲ ਨਾਲ ਲਾ ਲੈ ਢੋਲਣਾ, 
ਸਾਡੀ ਜਿੰਦ ਨਿਮਾਣੀ ਰੋਲ੍ਹਣਾ,
ਜਦੋਂ ਤੂੰ ਮਾਹੀ ਸਾਡੇ ਕੋਲ੍ਹਨਾ, 
ਅਸੀਂ ਦੱਸ ਕੀਹਦੇ ਨਾਲ ਬੋਲਣਾ,
ਆਕੇ ਗਲ ਨਾਲ ਲਾਜਾ, 
ਆਜਾ ਹੋ ,ਆਜਾ ਹੋ .......

ਬੁਰੀ ਮਾਰ ਜੁਦਾਈਆਂ ਦੀ ,
ਛੱਡਕੇ ਨਾ ਜਾ ਸੋਹਣਿਆਂ ਵੇ ,
ਨਹੀਂ ਲੋੜ ਕਮਾਈਆਂ ਦੀ ,
ਸਾਹਾਂ ਵਿਚ ਸਮਾਜਾ ,ਆਜਾ ਹੋ ਆਜਾ ਹੋ ......

ਵੇ ਪੁੱਛ ਮਾਹੀਆ ਹਵਾਵਾਂ ਤੋਂ ,
ਅਸੀਂ ਜਿਓਂ ਨਹੀਂ ਸਕਦੇ ਬਿਨ ਤੇਰੇ ,
ਸਾਨੂੰ ਵਖ ਕਿਓਂ ਕੀਤਾ ਸਾਹਵਾਂ ਤੋਂ ,
ਸਾਨੂੰ ਮੁਖੜਾ ਦਿਖਾਜਾ ,
ਆਜਾ ਹੋ ਆਜਾ ਹੋ .....

ਬੋਲ ਮਿੱਟੀ ਦੀਆ ਬਾਵਿਆ ,
ਕੈਸਾ ਰੋਗ ਅਵੱਲਾ ਲਾ ਲਿਆ ,
ਸਾਡੀ ਜਿੰਦ ਵਿਛੋੜਾ ਖਾ ਗਿਆ ,
ਹੁਣ ਘਰਨੂੰ ਆਜਾ ,ਆਜਾ ਹੋ ॥

ਆਓ ਸਾਰੇ ਊੜਾ, ਐੜਾ ਸਿਖੀਏ

ਆਓ ਸਾਰੇ ਊੜਾ, ਐੜਾ ਸਿਖੀਏ


ਊੜਾ - ਉੱਠ ਸਵੇਰੇ ਜਾਗ
ਐੜਾ - ਆਲਸ ਨੀਂਦ ਤਿਆਗ
ਈੜੀ - ਇਸ਼ਨਾਨ ਕਰ ਪਿਆਰੇ
ਸੱਸਾ - ਸਾਫ਼ ਦੰਦ ਕਰ ਸਾਰੇ
ਹਾਹਾ - ਹੱਥ ਵਿਚ ਗੁਟਕਾ ਲੈ ਕੇ

ਕੱਕਾ - ਕਰ ਲੈ ਪਾਠ ਤੂੰ ਬਹਿ ਕੇ
ਖੱਖਾ - ਖੁਸ਼ੀ ਖੁਸ਼ੀ ਪੜ੍ਹ ਬਾਣੀ
ਗੱਗਾ - ਗਿਆਨਵਾਨ ਹੋ ਪ੍ਰਾਨੀ
ਘੱਘਾ - ਘਰ ਵਿਚ ਹੀ ਨਾ ਬਹਿ ਜੀ
ਙੰਙਾ - ਵਾਂਗ ਨਾ ਖਾਲੀ ਰਹਿ ਜੀ

ਚੱਚਾ - ਚਲ ਤੂੰ ਗੁਰੂ ਦੁਆਰੇ
ਛੱਛਾ - ਚੜ ਕੇ ਅਉਗੁਣ ਸਾਰੇ
ਜੱਜਾ - ਜਗਤ ਗੁਰੂ ਨੂੰ ਵੇਖ
ਝੱਝਾ - ਝੁੱਕ ਕੇ ਮਥਾ ਟੇਕ
ਞੰਞਾ - ਞਾਣੀ ਞਾਣ ਪਿਆਰਾ

ਟੇੰਕਾ - ਟੁੱਟੀ ਗੰਢਣਹਾਰਾ
ਠੱਠਾ - ਠੋਕਰ ਨਾ ਤੂੰ ਖਾਵੀਂ
ਡੱਡਾ - ਡੋਲ ਨਾ ਕਿਧਰੇ ਜਾਵੀਂ
ਢੱਢਾ - ਢੱਕੇ ਪੜਦੇ ਤੇਰੇ
ਣਾਣਾ - ਜਾਣੀ ਚਾਰ ਚੁਫੇਰੇ

ਤੱਤਾ - ਤਿਆਗ ਤੂੰ ਮੇਰੀ ਮੇਰੀ
ਥੱਥਾ - ਥੋੜ੍ਹੀ ਜ਼ਿੰਦਗੀ ਤੇਰੀ
ਦੱਦਾ - ਦਿਲ ਨਾ ਕਦੇ ਦੁਖਾਵੀਂ
ਧੱਧਾ - ਧਿਆਨ ਨਾਮ ਵਿਚ ਲਾਵੀਂ
ਨੰਨਾ - ਨਿੰਦਿਆ ਚੁਗਲੀ ਛਡਦੇ

ਪੱਪਾ - ਪਾਪ ਦਿਲੋਂ ਤੂੰ ਕਢਦੇ
ਫੱਫਾ - ਫੇਰ ਨੀ ਇਥੇ ਆਉਣਾ
ਬੱਬਾ - ਬਾਅਦ 'ਚ ਪਉ ਪਛਤਾਉਣਾ
ਭੱਭਾ - ਸਰਬੱਤ ਦਾ ਲੋਚੀਂ
ਮੰਮਾ - ਮਾੜਾ ਕਦੇ ਨਾ ਸੋਚੀਂ

ਯੱਯਾ- ਯਾਦ ਮੌਤ ਨੂੰ ਰਖੀਂ
ਰਾਰਾ - ਰੱਬ ਵਸਾ ਲੈ ਅਖੀਂ
ਲੱਲਾ - ਲਾਗ ਜਾ ਗੁਰਾਂ ਦੇ ਲੜ ਤੂੰ
ਵੱਵਾ - ਵਿਦਿਆ ਰੋਜ਼ ਰੋਜ਼ ਪੜ੍ਹ ਤੂੰ
ੜਾੜਾ - ਰਾੜ ਨਾ ਰਖੋ ਕੋਈ, 
ਸਭ ਦੇ ਅੰਦਰ ਮਾਲਿਕ ਜੋਈ|

Wednesday, 17 July 2013

ਮੈਂ ਹਾਂ ਪੰਜਾਬ ਬੋਲਦਾ - ਸੰਤ ਰਾਮ ਉਦਾਸੀ

ਮੈਂ ਹਾਂ ਪੰਜਾਬ ਬੋਲਦਾ - ਸੰਤ ਰਾਮ ਉਦਾਸੀ 


ਮੈਂ ਹਾਂ ਪੰਜਾਬ ਬੋਲਦਾ , 
ਸੁਚੀਆਂ ਦਾੜ੍ਹੀਆਂ ਦੇ ਨਾਂ 
ਪੀਡੀਆਂ ਗੁੱਤਾਂ ਦੇ ਨਾਂ 
ਮੈਂ ਹਾਂ ਪੰਜਾਬ ਬੋਲਦਾ

ਆਪਣੇ ਧੀ ਪੁੱਤਾਂ ਦੇ ਨਾਂ 
ਮੈਂ ਹਾਂ ਪੰਜਾਬ ਬੋਲਦਾ

ਮਾਂ ਦੀਆਂ ਦੋ ਵਗਦੀਆਂ 
ਮੇਰੇ ਪੰਜ ਧਾਰਾ ਵਗੇ
ਏਨੇ ਦੁਧਾਂ ਦੇ ਹੁੰਦਿਆਂ 
ਕਿਓਂ ਵਿਲਕਦੀ ਮਮਤਾ ਲੱਗੇ ?
ਕਾਂਜੀ ਦੇ ਬੱਦਲਾਂ ਦੇ ਨਾਂ 
ਬਦਲੀਆਂ ਰੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ 

ਵਾਰਿਸ, ਮੋਹਨ , ਕਾਦਰ , ਧਨੀ 
ਸਤਿਲੁਜ ਝਨਾਂ ਨੂੰ ਮੇਲਦੇ
ਖੇਡਦੇ ਗੀਟੇ ਰਹੇ 
ਕਿਓਂ ਨਾਲ ਸਿਰੀਆਂ ਖੇਲਦੇ ?
ਗੁੰਦਵਿਆਂ ਜਿਸਮਾਂ ਦੇ ਨਾਂ
ਫੁੱਟਦੀਆਂ ਮੁਛਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ 

ਮੇਰੇ ਪੁਤਰੋ ਸੌਂ ਜਾਓ 
ਹੁਣ ਨਾਲ ਮੌਜ ਦੇ
ਪਹਿਰੇ ਖੜੂਗਾਂ ਮੈਂ 
ਭਾਵੇਂ ਹਵਾਲੇ ਫੌਜ ਦੇ
ਹੰਭੀਆਂ ਅਦਾਲਤਾਂ ਦੇ ਨਾਂ 
ਨਾਰਦ ਦੀਆਂ ਘਤਿੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ 

ਬਹਿ ਕੇ ਪਰ੍ਹਾ ਵਿਚ ਸੁਣ ਲਵੋ 
ਵੱਡਿਓ ਨਵਾਬੀਓ!
ਤਲ਼ੀਆਂ ਤੇ ਸਿਰ ਕਿੱਦਾਂ ਟਿਕੇ , 
ਦੱਸਿਓ ਪੰਜਾਬੀਓ
ਹੀਰ ਦੀ ਚੂਰੀ ਦੇ ਨਾਂ 
ਕੈਦੋਂ ਦੀ ਲੂਤੀ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ 

ਸੂਚੀਆਂ ਦਾੜ੍ਹੀਆਂ ਦੇ ਨਾਂ 
ਪੀਡੀਆਂ ਗੁੱਤਾਂ ਦੇ ਨਾਂ 
ਮੈਂ ਹਾਂ ਪੰਜਾਬ ਬੋਲਦਾ 
ਹਾਂ !
ਮੈਂ ਹਾਂ ਪੰਜਾਬ ਬੋਲਦਾ

ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ - ਪਰਮਜੀਤ ਕੌਰ ਸਰਹਿੰਦ

ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ - ਪਰਮਜੀਤ ਕੌਰ ਸਰਹਿੰਦ


ਪਾ ਫੇਰਾ ਪ੍ਰਦੇਸਣੇ, ਨੀ ਤੀਆਂ ਆਈਆਂ,
ਕਾਹਦੀਆਂ ਤੀਆਂ, ਜੇ ਪੇਕੇ ਨਾ ਧੀਆਂ ਆਈਆਂ।
ਪਿੱਪਲ ਬਰੋਟੇ ’ਡੀਕਦੇ, ਆ ਪੀਂਘਾਂ ਪਾਵੋ,
ਜਿਨ੍ਹ ਬੀਹੀਆਂ ਤੁਸੀਂ ਖੇਡੀਆਂ, ਆ ਰੌਣਕ ਲਾਵੋ।
ਛੁੱਟੀਆਂ ਲੈ ਲਉ ਚਾਰ ਦਿਨ, ਭਾਵੇਂ ਬਿਨ ਤਨਖਾਹੀਆਂ,
ਕਾਹਦੀਆਂ ਤੀਆਂ, ਜੇ ਪੇਕੇ ਨਾ ਧੀਆਂ ਆਈਆਂ…।

ਘੱਲੋ ਸੁਨੇਹੇ ਸਖੀਆਂ ਨੂੰ, ਉਹ ਵੀ ਆ ਜਾਵਣ,
ਮਾਂ ਦੇ ਹੱਥ ਦੇ ਪੱਕੇ ਪੂੜੇ, ਖੀਰਾਂ ਖਾਵਣ।
ਕਦੇ ’ਕੱਠੀਆਂ ਹੋ ਕੇ ਬੈਠੋ ਨੀਂ, ਅੰਮੜੀ ਦੀਆਂ ਜਾਈਆਂ,
ਕਾਹਦੀਆਂ ਤੀਆਂ, ਜੇ ਪੇਕੇ ਨਾ ਧੀਆਂ ਆਈਆਂ…।

ਆ ਜਾਓ ਨੀਂ ਕਮਲੀਓ, ਨਾ ਐਦਾਂ ਮੋਹ ਤੋੜੋ।
ਬੀਤੇ ਵੇਲਿਆਂ ਨੂੰ ਜ਼ਰਾ ਕੁ ਅੱਜ ਨਾਲ ਜੋੜੋ।
ਜਦੋਂ ਸਹੁਰੇ ਜਾਂਦੀਆਂ ਰੋਂਦੀਆਂ ਸੀ, ਦੇ-ਦੇ ਕੇ ਦੁਹਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।

ਤੀਆਂ ਨੂੰ ਲੈਣ ਜੇ ਆ ਜਾਂਦਾ ਸੀ, ਕੋਈ ਪ੍ਰਾਉਣਾ,
ਤੁਸੀਂ ਗਾਲ੍ਹਾਂ ਦੇਂਦੀਆਂ ‘ਆ ਗਿਆ ਦਾਦੇ ਮੰਗਾਉਣਾ।
ਉਹ ਦਿਨ ਚੇਤੇ ਕਰਕੇ ਨੇ, ਅੱਖੀਆਂ ਭਰ ਆਈਆਂ।
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।

ਦੋ ਦਿਨ ਸੋਫੇ ਛੱਡ ਕੇ, ਪੀੜ੍ਹੇ ’ਤੇ ਬਹਿ ਜਾਇਓ,
ਖੇਤੀ ਘੁੰਮਿਓਂ ਅੜੀਓ ਨੀ ਸ਼ਾਪਿੰਗ ਭੁਲਾਇਓ
ਛੱਡ ਡਰੰਮ ਦੋਧੀ ਦਾ, ਤੱਕੋ ਮੱਝੀਆਂ ਗਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।

ਤੂੜੀ ਵਿਚ ਦੱਬੇ ਅੰਬ ਵੀ, ਅਸੀਂ ਕੱਢ ਲਿਆਈਏ,
ਮੰਜੇ ਸੂਤ ਤੇ ਵਾਣ ਦੇ, ਵਿਹੜੇ ਵਿਚ ਡਾਹੀਏ।
ਕੱਢ ਸੰਦੂਕ ’ਚੋਂ ਬੇਬੇ ਨੇ, ਦਰੀਆਂ ਫੜਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।

ਦਿਨ-ਬ-ਦਿਨ ਨੀ ਚੰਦਰੀਓ, ਤੁਸੀਂ ਘਟਦੀਆਂ ਜਾਓ,
ਮੁੱਕ ਜਾਣ ਤੋਂ ਪਹਿਲਾਂ ਪਰ ਕਦੇ ਤੀਆਂ ਮਨਾਓ।
ਲੱਭਦੇ ਫਿਰਾਂਗੇ ਧੀਆਂ ਨੂੰ ਅਸੀਂ ਵਾਂਗ ਸ਼ੁਦਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।

ਤੁਸੀਂ ਨਹੀਂ ਆਉਂਦੀਆਂ ਵੀਰ ਵਹੁਟੀਆਂ ਵੀ ਮੁੱਕ ਚੱਲੀਆਂ,
ਕਿਤੇ ਮੁੱਕ ਨਾ ਜਾਣ ਓਦਰ ਕੇ ਅੰਬੀਆਂ ਤੇ ਛੱਲੀਆਂ।
ਬਿਨ ਧੀਆਂ ਨਾ ਘਰਾਂ ਵਿਚ ਕਿਸੇ ਬਰਕਤਾਂ ਪਾਈਆਂ,
ਕਾਹਦੀਆਂ ਤੀਆਂ ਜੇ ਪੇਕੇ ਨਾ ਧੀਆਂ ਆਈਆਂ।

Thursday, 11 July 2013

ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ

ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ

ਅਜੀਤ ਸਿੰਘ ਖੜਗ ਗਿਆਨੀ (ਟਿਪਟਨ ਇੰਗਲੈਂਡ)

ਚਿੱਟੇ ਚੋਲੇ ਪਾਂਦੇ ਬਾਬੇ, ਕਾਲੇ ਕਰਮ ਕਮਾਂਦੇ ਬਾਬੇ (ਅਖੌਤੀ)।
ਮਾਇਆ ਨੂੰ ਜੋ ਕਹਿੰਦੇ ਨਾਗਣ, ਸੁੰਦਰ ਡੇਰੇ ਬਣਾਉਂਦੇ ਬਾਬੇ।

ਦੂੱਧਾਧਾਰੀ ਨੇ ਜੋ ਅਖਵਾਂਦੇ, ਪਿਸਤਾ ਬਕਰੇ ਖਾਂਦੇ ਬਾਬੇ।
ਚਾਕੂ ਚੋਰਾਂ ਤੇ ਗੁੰਡਿਆਂ ਤੋਂ, ਹਰ ਸੇਵਾ ਕਰਵਾਂਦੇ ਬਾਬੇ।

ਰਿਸ਼ਵਤਖੋਰ ਸਮਗਲਰ ਵੱਡੇ, ਸੇਵਕ ਮੁਖੀ ਬਣਾਂਦੇ ਬਾਬੇ।
ਸੁੰਦਰ ਅਲ੍ਹੜ ਮੁਟਿਆਰਾਂ ਤੋਂ, ਆਪਣੇ ਚਰਨ ਘੁਟਾਂਦੇ ਬਾਬੇ।

ਜਾਦੂ ਟੂਣੇ ਦੇ ਚੱਕਰ ਵਿਚ, ਲੋਕਾਂ ਨੂੰ ਪਾਂਦੇ ਬਾਬੇ।
ਭੋਲੇ ਭਾਲੇ ਹਰ ਬੰਦੇ ਨੂੰ, ਜਾਲ ਵਿੱਚ ਰੋਜ਼ ਫਸਾਂਦੇ ਬਾਬੇ।

ਨਸ਼ਿਆਂ ਤੇ ਲਾ ਮੁੰਡੇ ਕੁੜੀਆਂ, ਚੰਦ ਨੇ ਰੋਜ਼ ਚੜਾਂਦੇ ਬਾਬੇ।
ਸੇਠ ਜਾਂ ਲੀਡਰਾਂ ਦੇ ਘਰ, ਆਪਣਾ ਡੇਰਾ ਲਾਂਦੇ ਬਾਬੇ।

ਕਹਿੰਦੇ ਨੇ ਜੋ ਕਰੋ ਸ਼ਾਂਤੀ, ਦੰਗੇ ਉਹ ਕਰਵਾਂਦੇ ਬਾਬੇ।
ਆਪਣੇ ਇੱਕ ਇਸ਼ਾਰੇ ਉੱਤੇ, ਲੀਡਰ ਕਈ ਨਚਾਂਦੇ ਬਾਬੇ।

ਕਿਸੇ ਦੇਸ਼ ਦੇ ਸ਼ਹਿਜ਼ਾਦੇ ਵਾਂਙੂ, ਆਪਣੇ ਤਾਈ ਸਜਾਂਦੇ ਬਾਬੇ।
ਖਾ ਹਲਵਾ ਪੂਰੀ ਮੁਰਗਾ ਮੱਛੀ, ਰਾਤੀ ਰੰਗ ਰਲੀਆਂ ਮਨਾਂਦੇ ਬਾਬੇ।

ਜ਼ਰੀ ਦੀ ਜੁਤੀ ਹਾਰ-ਨੌ ਲੱਖਾ, ਇਹ ਤਿਆਗੀ ਨੇ ਪਾਂਦੇ ਬਾਬੇ
ਬਦਫੈਲੀ ਤੇ ਲੁੱਟ ਮਚਾਈ ਭਾਵੇਂ, ਫਿਰ ਵੀ ਨੇ ਅਖਵਾਂਦੇ ਬਾਬੇ (ਅਖੌਤੀ)


Sunday, 7 July 2013

ਰੋਟੀ ਅਤੇ ਭਾਸ਼ਾ - ਲਖਵਿੰਦਰ ਜੌਹਲ

ਰੋਟੀ ਅਤੇ ਭਾਸ਼ਾ - ਲਖਵਿੰਦਰ ਜੌਹਲ


ਦੋ ਹਰਫ਼ਾਂ ਤੋਂ ਰੋਟੀ ਬਣਦੀ
ਦੋ ਹਰਫ਼ਾਂ ਤੋਂ ਭਾਸ਼ਾ
ਦੋਵੇਂ ਖੋਹੀਆਂ ਜਾਣ ਜਦੋਂ ਵੀ
ਹੁੰਦੀ ਘੋਰ ਨਿਰਾਸ਼ਾ- ਮਰਦੀ ਆਸ਼ਾ
ਜੋਗੀ, ਨਾਥ, ਫ਼ਰੀਦ ਤੇ ਬੁੱਲ੍ਹਾ
ਸਮੇਂ ਸਮੇਂ ‘ਤੇ ਲੈ ਕੇ ਆਏ
ਠੰਢੀ-ਮਿੱਠੀ ‘ਵਾ ਦਾ ਬੁੱਲਾ
ਫਿਰ ਆਏ ਵਾਰਿਸ, ਸ਼ਿਵ, ਪਾਤਰ
ਗੁਰੂਆਂ, ਪੀਰਾਂ, ਸੰਤ ਫਕੀਰਾਂ
ਕੀ ਨਹੀਂ ਕੀਤਾ ਭਾਸ਼ਾ ਖਾਤਰ
ਮੈਂ ਸਿਰ ਫੜ ਕੇ ਬੈਠਾ ਸੋਚਾਂ
ਫਿਰ ਵੀ ਕਾਹਤੋਂ ਮੇਰੀ ਭਾਸ਼ਾ
ਹੋ ਨਾ ਸਕੀ ਰੋਟੀ ਜੋਗੀ- ਰਹੀ ਵਿਯੋਗੀ
ਭਾਸ਼ਾ ਦੀ ਇਸ ਹੋਣੀ ਪਿੱਛੇ
ਕੋਈ ਸਿਆਸੀ ਗੁੰਝਲ ਹੋਣੀ
ਜੋ ਮੇਰੀ ਮਮਤਾ ਦੀ ਅੱਖ ਤੋਂ
ਭਾਵੁਕਤਾ ਵੱਸ ਪਕੜ ਨਾ ਹੋਣੀ
ਮੈਂ ਕਾਇਦੇ ‘ਚੋਂ ਹਰਫ਼ ਉਠਾ ਕੇ
ਰੱਖ ਦੇਵਾਂ ਛਾਬੇ ਵਿੱਚ ਪਾ ਕੇ
ਰੋਜ਼ ਰਾਤ ਨੂੰ ਸੁੱਖਣਾ ਸੁੱਖਾਂ
ਹਰਫ਼ਾਂ ਦੀ ਰੋਟੀ ਬਣ ਜਾਵੇ-ਟੱਬਰ ਖਾਵੇ।
ਭਾਸ਼ਾ ਪੰਡਿਤ ਮੈਨੂੰ ਦੱਸਣ
ਭਾਸ਼ਾ ਦਿਲ ਦੇ ਬੋਲ ਬੋਲਦੀ
ਮਨ ਦੇ ਸਾਰੇ ਰਾਜ਼ ਖੋਲ੍ਹਦੀ
ਮੇਰੇ ਦੁੱਖ ਦੀ ਭਾਸ਼ਾ ਕਿਹੜੀ?
ਮੇਰੇ ਸੁੱਖ ਦੀ ਭਾਸ਼ਾ ਕਿਹੜੀ?
ਮੇਰੀ ਕਾਇਆ ਕਰੇ ਵਿਚਾਰ
ਮੇਰੀ ਭਾਸ਼ਾ ਕੁਝ ਨਾ ਦੱਸੇ- ਉਲਟਾ ਹੱਸੇ।
ਦੋ ਹਰਫ਼ਾਂ ਦੀ ਰੋਟੀ ਬਣਦੀ
ਦੋ ਹਰਫ਼ਾਂ ਦੀ ਭਾਸ਼ਾ
ਦੋਵੇਂ ਖੋਹੀਆਂ ਜਾਣ ਜਦੋਂ ਵੀ
ਹੁੰਦੀ ਘੋਰ ਨਿਰਾਸ਼ਾ- ਮਰਦੀ ਆਸ਼ਾ। 

Saturday, 6 July 2013

ਮੇਰੀ ਮਾਂ ਬੋਲੀ ਪੰਜਾਬੀ - ਨਿਮਰਬੀਰ ਸਿੰਘ


ਮੇਰੀ ਮਾਂ ਬੋਲੀ ਪੰਜਾਬੀ - ਨਿਮਰਬੀਰ ਸਿੰਘ


ਕਰਾਂ ਕਿੰਨੀ ਸਿਫ਼ਤ ਮਾਂ ਬੋਲੀ ਦੀ ਤੇ ਕਿੰਨਾਂ ਸਤਿਕਾਰ ਲਿਖਾਂ
ਉਹਦੇ ਲਈ ਦੁਆਵਾਂ ਨਿਕਲਦੀਆਂ ਦਿਲੋਂ ਵਾਰ-ਵਾਰ ਲਿਖਾ

ਮੇਰੀ ਹਰ ਗੱਲ ਤੇਰੇ ਤੋਂ ਸ਼ੁਰੂ ਹੋ ਤੇਰੇ ਤੇ ਮੁੱਕਦੀ ਏ
ਤੈਥੋਂ ਬਾਹਰ ਨਾਂ ਮੇਰਾ ਦਾਇਰਾ ,ਤੈਨੂੰ ਆਪਣਾਂ ਸੰਸਾਰ ਲਿਖਾਂ

ਸਭ ਕੁਛ ਹੁੰਦਿਆਂ ਹੋਇਆਂ ਵੀ ਲੋਕ ਹੱਥ ਅੱਡਦੇ ਰਹਿੰਦੇ ਨੇਂ
ਪਰ ਤੈਨੂੰ ਪਾ ਕੇ ਤਾਂ , ਮੈਂ ਖੁਦ ਨੂੰ ਸ਼ਾਹ-ਅਸਵਾਰ ਲਿਖਾਂ

ਲੱਥਣਾਂ ਨੀਂ ਤੇਰਾ ਕਰਜਾ ਸੌ ਜਨਮਾਂ ਤਾਂਈਂ ਮੇਰੇ ਤੋਂ
ਤੇਰੀ ਸਾਦਗੀ ਚ੍ ਮੋਹਿਆ ਮੈਂ ਤੇਰੀ ਰਚਨਾਂ ਬਲਿਹਾਰ ਲਿਖਾਂ

ਉਹ ਵੀ ਨੇਂ ਜੋ ਦੇਸ਼ਾ-ਵਿਦੇਸ਼ਾ ਚ੍ ਤੈਨੂੰ ਪ੍ਫ਼ੁੱਲਤ ਕਰਦੇ ਨੇਂ
ਕੁੱਝ ਤੇਰੇ ਨਾਲ ਵੀ ਮਤਰੇਇਆਂ ਵਾਲਾ ਕਰਦੇ ਵਿਹਾਰ ਲਿਖਾਂ

ਜੀਹਨੂੰ ਪਰਦੇਸੀਆਂ ਬੜਾ ਮਾਣ-ਸਤਿਕਾਰ ਬਖਸ਼ਿਆ ਏ
ਉਹ ਆਪਣੇਂ ਵਤਨੀਂ ਅੱਜ ਹੋਈ ਦਫ਼ਤਰੋਂ ਬਾਹਰ ਲਿਖਾਂ

ਤੇਰੇ ਹੀ ਕੋਲੋਂ ਲੈ ਲਫ਼ਜ ਕੁਛ ਲਿਖਣਾਂ ਸਿੱਖਿਆ ਮੈਂ
ਹੁਣ ਮੇਰਾ ਵੀ ਐ ਫ਼ਰਜ਼ ਤੇਰੇ ਲਈ ਅੱਖਰ ਚਾਰ ਲਿਖਾਂ

ਕੁੱਛ ਬਖਸ਼ੀਂ ਮੱਤ ਆਪਣੇ ਇਸ ਕਮਲੇ ਜਿਹੇ " ਨਿਮਰ " ਨੂੰ
ਤਾਂ ਜੋ ਨਫ਼ਰਤ ਭਰੀ ਦੁਨੀਆਂ ਵਿੱਚ ਥੋੜਾ ਜਿਹਾ ਪਿਆਰ ਲਿਖਾਂ|

Friday, 5 July 2013

Rishte - Kamal Kaur


Rishte - Kamal Kaur



ਪਿਓ, ਭੈਣ ,ਭਾਈ ਨਾ ਅੰਮੜੀ ਦੇ
ਹੁਣ ਰਿਸ਼ਤੇ ਰਹਿ ਗਏ ਦਮੜੀ ਦੇ

ਕੋਈ ਗੁਣਾਂ ਨੂੰ ਵਿਰਲਾ ਪੁਛਦਾ ਏ
ਵਧ ਗਾਹਕ ਨੇ ਸੋਹਣੀ ਚਮੜੀ ਦੇ


ਮੁੰਹ ਜੋਰ ਵੇਗ ਅਰਮਾਨਾਂ ਦੇ
ਮੇਰੇ ਵੱਸ ਨਹੀ ਅੱਗ ਲਗੜੀ ਦੇ

ਚੁੰਨੀਆਂ ਨੇ ਸੰਭਲ ਜਾਣਾ ਏ
ਸਜਣਾਂ ਪੇਚ ਸਾਂਭ ਲੈ ਪਗੜੀ ਦੇ

ਜਿੰਦਗੀ ਦੇ ਮੁਕਦਮੇ ਭਾਰੀ ਨੇ
ਕੱਲੇ ਸਾਹਾਂ ਤੋਂ ਨਹੀ ਝਗੜੀ ਦੇ

ਇਹ ਸਾਹ ਵੀ ਅਮਾਨਤ ਰਖ ਲੈ ਤੂੰ
ਜਾਂ ਆਸ ਕੋਈ ਫਿਰ ਤਗੜੀ ਦੇ

ਰੂਹ ਸ਼ਰਮਸ਼ਾਰ ਜਿਹੀ ਰਹਿੰਦੀ ਏ
ਕੇਹੇ ਕੰਮ ਨੇ ਦੇਹ ਨਿਕ੍ਮੜੀ ਦੇ

ਚਿੱਤ ਅੰਬਰੀ ਉਡਣਾ ਚਾਹੁੰਦਾ ਏ
ਪੈਰੀ ਪਰਬਤ ਬੰਨੇ ਖੰਭੜੀ ਦੇ

Thursday, 4 July 2013

ਜਦੋਂ ਮਾਰੋ ਝਿੜਕ ਗਰੀਬਾਂ ਨੂੰ - ਸੁਰਜੀਤ ਗਿੱਲ ਘੋਲੀਆ ਕਲਾਂ [ਮੋਗਾ]


ਜਦੋਂ ਮਾਰੋ ਝਿੜਕ ਗਰੀਬਾਂ ਨੂੰ - ਸੁਰਜੀਤ ਗਿੱਲ ਘੋਲੀਆ ਕਲਾਂ [ਮੋਗਾ]


ਜਦੋਂ ਮਾਰੋ ਝਿੜਕ ਗਰੀਬਾਂ ਨੂੰ ,ਅਸੀਂ ਦੇਈਏ ਦੋਸ਼ ਨਸੀਬਾਂ ਨੂੰ ,
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,

ਸਾਡਾ ਹਰ ਸੁਪਨਾ ਸਾਂਝਾ ਸੀ ,ਹੁਣ ਤੇਰੇ ਸੁਪਨੇ ਕਿਓਂ ਵਖ ਹੋਗੇ ,
ਸਾਡੇ ਹੰਝੂ ਵੀ ਗਏ ਬੇਗਾਨੇ ਹੋ ,ਬੇਅਰਥ ਹੀ ਪਲਕਾਂ ਰਾਹੀਂ ਚੋਗੇ ,
ਤੈਨੂੰ ਮੂੰਹੋਂ ਮਾੜਾ ਅਸੀਂ ਕਹੀਏ ਸਾਡੇ ਨਹੀਂ ਇਹ ਵੱਸ ਸੱਜਣਾ ।
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,

ਜੋ ਵਕ਼ਤ ਤੇਰੇ ਸੰਗ ਬੀਤਿਆ ਏ ਓਹ ਜਿੰਦਗੀ ਦਾ ਸੋਹਨਾ ਸਪਨਾ ਹੈ
ਓਹੋ ਵਕ਼ਤ ਨਹੀਂ ਕੋਈ ਖੋਹ ਸਕਦਾ ਓਹ ਹਰ ਪਲ ਮੇਰਾ ਆਪਣਾ ਹੈ ,
ਅਸੀਂ ਔਖੇ ਸੌਖੇ ਜਿਓਂ ਲੈਣਾ ,ਤੂੰ ਤਾਂ ਖੁਸ਼ੀਆਂ ਵਿਚ ਹੱਸ ਸੱਜਣਾ ,
ਸਾਡਾ ਦੋਸ਼ ਤਾਂ ਦਿੰਦਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,

ਅਸੀਂ ਚੰਨ ਚਾਨਣੀਆਂ ਰਾਤਾਂ ਵਿਚ ਪਾਈਆਂ ਸੀ ਬਾਤਾਂ ਪਿਆਰ ਦੀਆਂ ,
ਅਸੀਂ ਰੱਜ ਰਜ ਗਲਾਂ ਕਰਦੇ ਸੀ ਜਿੰਦਗੀ ਦੀ ਖਿੜੀ ਬਹਾਰ ਦੀਆਂ ,
ਇਹ ਕੈਸੀ ਰੁੱਤ ਬਹਾਰ ਆਈ ਸਾਡੇ ਬਾਗ ਦੇ ਝੜਗੇ ਪੱਤ ਸੱਜਣਾ ,
ਸਾਡਾ ਦੋਸ਼ ਤਾਂ ਦਿਦਾ ਦੱਸ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,

ਕਿਥੇ ਓਹੋ ਕਸਮਾਂ ਵਾਅਦੇ ਨੇ ਜਿੰਨਾਂ ਤੇ ਫੁੱਲ ਚੜਾਉਣੇ ਸੀ ,
ਬਣ ਜੀਵਨ ਸਾਥੀ ਜਿੰਦਗੀ ਵਿਚ ਉਮਰਾਂ ਦੇ ਸਾਥ ਨਿਭਾਉਣੇ ਸੀ ,
ਜੇ ਹੈ ਜੇਰਾ ਤਾਂ ਆ ਪੜਲੈ ਮੈਂ ਸਾਂਭੇ ਸਭ ਤੇਰੇ ਖਤ ਸੱਜਣਾ ,
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ, ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ,

ਸਾਡੇ ਕੀਤੇ ਕੌਲ ਕਰਾਰਾਂ ਦੇ ਚੰਨ ਤਾਰੇ ਬਣੇ ਗਵਾਹ ਸੋਹਣਿਆਂ,
ਤੂੰ ਮੁਨਕਰ ਹੋਕੇ ਕੌਲਾਂ ਤੋਂ ਨਾਂ ਪਿਆਰ ਨੂੰ ਲੀਕਾਂ ਲਾ ਸੋਹਣਿਆਂ ,
ਅਸੀਂ ਜ਼ਿਦਗੀ ਤੇਰੇ ਲੜ ਲਾਈ ਤੈਨੂੰ ਆਪਣਾ ਜਾਣਕੇ ਬਸ ਸੱਜਣਾ ।
ਜਦੋਂ ਮਾਰੋ ਝਿੜਕ ਗਰੀਬਾਂ ਨੂੰ ,ਅਸੀਂ ਦੇਈਏ ਦੋਸ਼ ਨਸੀਬਾਂ ਨੂੰ ,॥।
ਸਾਡਾ ਦੋਸ਼ ਤਾਂ ਦਿੰਦਾ ਦੱਸ ਸੱਜਣਾ ,ਫੇਰ ਜਾਂਦਾ ਮਹਿਲੀਂ ਵੱਸ ਸੱਜਣਾ ॥।